ਐਡਮਿੰਟਨ ( ਬਲਵਿੰਦਰ ਬਾਲਮ)- ਕੈਨੇਡਾ ਦੀ 17 ਸਟਰੀਟ ਮੈਡੋਜ਼ ਲਾਈਬ੍ਰੇਰੀ ਦੇ ਬਾਹਰ ਰੁੱਖਾਂ ’ਤੇ ਛਾਈ ਦਿਲਕਸ਼ ਅਤੇ ਰੰਗ-ਬਰੰਗੀ ਪਤਝੜ ਦੇ ਮਾਹੌਲ ਵਿੱਚ ਪਤਝੜ ਰੁੱਤ ਸਬੰਧੀ ਇੱਕ ਸ਼ਾਨਦਾਰ ਕਵੀ ਦਰਬਾਰ ਦਾ ਆਯੋਜਨ ਕੀਤਾ ਗਿਆ। ਇਸ ਦੀ ਪ੍ਰਧਾਨਗੀ ਨਾਟਕ ਨਿਰਦੇਸ਼ਕ ਤੇ ਲੇਖਿਕਾ ਸੁਰਜੀਤ ਕੌਰ ਧਾਲੀਵਾਲ ਅਤੇ ਪ੍ਰਸਿੱਧ ਕਥਾਕਾਰ, ਕਵੀ ਤੇ ਲੇਖਕ ਦਲਬੀਰ ਸਿੰਘ ਰਿਆੜ ਨੇ ਕੀਤੀ।
ਹਾਜ਼ਰ ਕਵੀਆਂ ਤੇ ਸਾਹਿਤਕਾਰਾਂ ਨੇ ਪਤਝੜ ਦੀ ਸੁੰਦਰਤਾ ਨੂੰ ਕਵਿਤਾਵਾਂ ਰਾਹੀਂ ਬਿਆਨ ਕੀਤਾ ਅਤੇ ਖੂਬਸੂਰਤ ਰੰਗ-ਬਰੰਗੇ ਪੱਤਿਆਂ ਦੀ ਮਨੁੱਖੀ ਜ਼ਿੰਦਗੀ ਨਾਲ ਤੁਲਨਾ ਕਰਦਿਆਂ ਆਪਣੇ ਵਿਚਾਰ ਰੱਖੇ।
ਕਵੀ ਦਰਬਾਰ ਵਿੱਚ ਵੱਖ-ਵੱਖ ਕਵੀਆਂ ਨੇ ਆਪਣੀਆਂ ਕਵਿਤਾਵਾਂ ਪੇਸ਼ ਕੀਤੀਆਂ ਅਤੇ ਸਾਹਿਤਕਾਰਾਂ ਨੇ ਆਪਣੇ ਵਿਚਾਰ ਸਾਂਝੇ ਕੀਤੇ। ਸਭ ਤੋਂ ਪਹਿਲਾਂ ਬਲਵਿੰਦਰ ਬਾਲਮ ਨੇ ਆਪਣੀ ਗ਼ਜ਼ਲ ਦੇ ਕੁਝ ਸ਼ੇਅਰ ਪਤਝੜ ਨੂੰ ਮੁਖਾਤਿਬ ਕਰਕੇ ਇੰਝ ਕਹੇ—
“ਜਦੋਂ ਪਤਝੜ ਦੇ ਹੱਥੋਂ ਸੁੱਕ ਕੇ ਝੜ ਜਾਣਗੇ ਪੱਤੇ,
ਹਵਾ ਦੇ ਸਿਰ ’ਤੇ ਝੂਠਾ ਦੋਸ਼ ਫਿਰ ਮੜ੍ਹ ਜਾਣਗੇ ਪੱਤੇ।
ਹੇ ਪੰਛੀਓ! ਕਿ ਸੁੱਕੇ ਪੱਤਿਆਂ ਦੇ ਘਰ ਬਣਾਉ ਨਾ,
ਜਦੋਂ ਵੀ ਚਮਕੀਆਂ ਇਹ ਬਿਜਲੀਆਂ, ਸੜ ਜਾਣਗੇ ਪੱਤੇ।”
ਕਵੀ ਦਲਬੀਰ ਸਿੰਘ ਰਿਆੜ ਨੇ ਆਪਣੇ ਕੁਝ ਸ਼ੇਅਰ ਇੰਝ ਪੇਸ਼ ਕੀਤੇ—
“ਅਲਬਰਟਾ ਦੀ ਧਰਤੀ ਉੱਤੇ ਪਤਝੜ ਰੰਗ ਲਿਆਈ,
ਪੱਤਰ-ਪੱਤਰ ਪੀਲਾ ਹੋਇਆ, ਮੁੱਕ ਚਲੀ ਹਰਿਆਈ।
ਤੁਰ ਜਾਵਣ ਦੀ ਕਰੀ ਤਿਆਰੀ, ਜੋ ਆਏ ਬਸੰਤੀ ਰੁੱਤੇ,
ਇੱਕ-ਇੱਕ ਕਰਕੇ ਡਿੱਗਦੇ ਪਏ ਨੇ, ਇੱਕ ਦੂਜੇ ਦੇ ਉੱਤੇ।
ਚਿਹਰੇ ਉੱਤੇ ਛਾਈ ਪਲੱਤਣ, ਪਏ ਨੇ ਸਭ ਮੁਰਝਾਏ,
ਕੁਦਰਤ ਕਹਿੰਦੀ ਤੁਰਨਾ ਪੈਣਾ, ਪਤਝੜ ਰੁੱਤ ਜਦ ਆਏ।
ਕਿੰਨੇ ਸੋਹਣੇ ਲੱਗਦੇ ਸੀ, ਇਹ ਹਵਾ ਵਿੱਚ ਲਹਿਰਾਉਂਦੇ,
ਨੱਚਦੇ, ਟੱਪਦੇ, ਲੁੱਡੀਆਂ ਪਾਉਂਦੇ, ਸਭ ਦਾ ਮਨ ਪਰਚਾਉਂਦੇ।
ਮਾਲਕ ਦੀ ਹੈ ਮੌਜ ‘ਰਿਆੜਾ’, ਉਸ ਦਾ ਨਿਯਮ ਬਣਾਇਆ,
ਸਭ ਨੂੰ ਇੱਕ ਦਿਨ ਜਾਣਾ ਪੈਂਦਾ, ਜੋ ਧਰਤੀ ’ਤੇ ਆਇਆ।”
ਦੀਪਾ ਬੰਡਾਲਾ ਨੇ ਆਪਣੇ ਕੁਝ ਸ਼ੇਅਰ ਇੰਝ ਕਹੇ—
“ਜੇ ਤੂੰ ਆਪਣੀ ਜ਼ਿੱਦ ਦੀ ਪੱਕੀ,
ਅਸੀਂ ਵੀ ਜ਼ਿੱਦ ’ਤੇ ਅੜੇ ਰਹਿਣਾ ਏ।
ਪਤਝੜ ਵਿੱਚ ਪੱਤੇ ਝੜ ਕੇ ਹੀ ਰਹਿਣੇ,
ਅਸੀਂ ਰੁੱਖਾਂ ਵਾਂਗੂੰ ਖੜ੍ਹੇ ਰਹਿਣਾ ਏ।”
ਕਵੀ ਦਰਸ਼ਨ ਅਣਜਾਨ ਨੇ ਕਿਹਾ—
“ਪਤਝੜ ਦਾ ਮੌਸਮ ਵੀ ਬੜਾ ਸੁਹਾਣਾ ਹੁੰਦਾ ਐ,
ਗੂੜ੍ਹੀ ਨੀਂਦ ’ਚ ਰੁੱਖਾਂ ਨੇ ਸੌਂ ਜਾਣਾ ਹੁੰਦਾ ਐ।
ਵੱਖੋ-ਵੱਖ ਨੇ ਰੰਗ-ਢੰਗ ਸਾਰੀਆਂ ਹੀ ਰੁੱਤਾਂ ਦੇ,
ਹਰ ਰੁੱਤ ਨੇ ਆਪਣਾ ਰੰਗ ਦਿਖਾਣਾ ਹੁੰਦਾ ਐ।”
ਨਾਟਕ ਨਿਰਦੇਸ਼ਕ ਸੁਰਜੀਤ ਕੌਰ ਧਾਲੀਵਾਲ ਨੇ ਕਿਹਾ—
“ਕੌਣ ਕਹਿੰਦਾ ਪਤਝੜਾਂ ਵਿੱਚ ਸ਼ੋਰ ਹੈ,
ਇਹ ਵੀ ਤਾਂ ਬਸ ਜ਼ਿੰਦਗੀ ਦੀ ਤੋਰ ਹੈ।”
ਸਤਨਾਮ ਸਿੰਘ ਗਾਹਲੇ ਨੇ ਕਿਹਾ—
“ਪਤਝੜਾਂ ਵਿੱਚੋਂ ਹੀ ਮਿਲਦੀ ਜ਼ਿੰਦਗੀ,
ਏਸ ਦੀ ਕੁੱਖ ’ਚੋਂ ਹੀ ਖਿੜਦੀ ਹੈ ਕਲੀ।”
ਕੇਵਲ ਸਿੰਘ ਬੱਲ ਨੇ ਕਿਹਾ—
“ਬਾਗ਼ ਦੇ ਮਾਲੀ ਦਾ ਇਹ ਫ਼ੁਰਮਾਨ ਹੈ,
ਕੁਝ ਦਿਨਾਂ ਅੰਦਰ ਖ਼ਿਜ਼ਾ ਮਹਿਮਾਨ ਹੈ।”
ਮਨਜੀਤ ਸਿੰਘ ਬੱਲ ਨੇ ਕਿਹਾ—
“ਪਤਝੜਾਂ ਤੋਂ ਬਾਅਦ ਨੇ ਖੁਸ਼ਹਾਲੀਆਂ,
ਸਮਝ ਨਾ ਕਿ ਸੁੱਕ ਗਈਆਂ ਡਾਲੀਆਂ।”
ਅਜੀਤ ਸਿੰਘ ਖੰਗੂੜਾ ਨੇ ਕਿਹਾ—
“ਡੁੱਬ ਰਹੇ ਸੂਰਜ ਦੀ ਇੰਝ ਹੈ ਦਾਸਤਾਂ,
ਜਿਸ ਤਰ੍ਹਾਂ ਪਤਝੜ ਦਾ ਹੁੰਦਾ ਕਾਰਵਾਂ।”
ਕਾਰਜ ਸਿੰਘ ਔਲਖ ਨੇ ਕਿਹਾ—
“ਜ਼ਿੰਦਗਾਨੀ ਦੇ ਸਹਾਰੇ ਇਸ ਤਰ੍ਹਾਂ,
ਪਤਝੜਾਂ ਅੰਦਰ ਨਜ਼ਾਰੇ ਇਸ ਤਰ੍ਹਾਂ।”
ਪਾਰਸ ਮਹੀਨਿਆਂ ਨੇ ਪਤਝੜ ਨੂੰ ਮੁਖਾਤਿਬ ਹੁੰਦੇ ਬਾਬਾ ਫਰੀਦ ਜੀ ਦੇ ਇਸ ਸ਼ਬਦ ਦੀ ਵਿਆਖਿਆ ਕੀਤੀ—
“ਫਰੀਦਾ ਰੁਤਿ ਫਿਰੀ ਵਣੁ ਕੰਬਿਆ ਪਤ ਝੜੇ ਝੜਿ ਪਾਹਿ ॥
ਚਾਰੇ ਕੁੰਡਾ ਢੂੰਢੀਆਂ ਰਹਣੁ ਕਿਥਾਊ ਨਾਹਿ ॥੧੦੨॥”
ਹੇ ਫਰੀਦ! ਰੁੱਤ ਬਦਲ ਗਈ ਹੈ, ਜੰਗਲ ਦੇ ਰੁੱਖ ਹਿੱਲ ਰਹੇ ਹਨ ਅਤੇ ਪੱਤੇ ਝੜ ਰਹੇ ਹਨ। ਮੈਂ ਚੌਹਾਂ ਪਾਸਿਆਂ ਖੋਜ ਕੇ ਵੇਖ ਲਿਆ ਹੈ, ਪਰ ਕਿਤੇ ਵੀ ਕੋਈ ਸਦਾ ਕਾਇਮ ਰਹਿਣ ਵਾਲਾ ਟਿਕਾਣਾ ਨਹੀਂ ਮਿਲਦਾ।
ਭਾਵ: ਇੱਥੇ ਪਤਝੜ ਸਿਰਫ਼ ਕੁਦਰਤ ਦਾ ਦ੍ਰਿਸ਼ ਨਹੀਂ ਹੈ। ਬਾਬਾ ਫਰੀਦ ਜੀ ਪੱਤਿਆਂ ਦੇ ਝੜਨ ਰਾਹੀਂ ਜੀਵਨ ਦੀ ਨਾਸ਼ਮਾਨਤਾ ਸਮਝਾਉਂਦੇ ਹਨ।
* ਰੁੱਤ ਬਦਲਦੀ ਹੈ → ਜੀਵਨ ਦੀ ਅਵਸਥਾ ਬਦਲਦੀ ਹੈ।
* ਪੱਤੇ ਝੜਦੇ ਹਨ → ਸਰੀਰ ਵੀ ਇੱਕ ਦਿਨ ਢਲ ਜਾਂਦਾ ਹੈ।
* ਰੁੱਖ ਸਦਾ ਇੱਕੋ ਜਿਹਾ ਨਹੀਂ ਰਹਿੰਦਾ → ਮਨੁੱਖੀ ਜੀਵਨ ਵੀ ਸਥਿਰ ਨਹੀਂ।
* ਇਸ ਲਈ ਸੰਸਾਰ ਵਿੱਚ ਕੋਈ ਵੀ ਚੀਜ਼ ਸਦਾ ਲਈ ਟਿਕੀ ਹੋਈ ਨਹੀਂ ਹੈ।
ਕਸ਼ਮੀਰਾ ਸਿੰਘ ਨਿਰਮਾਣ ਨੇ ਗੁਰਬਾਣੀ ਦੇ ਇਸ ਸ਼ਬਦ ਦੀ ਵਿਆਖਿਆ ਕਰਦਿਆਂ ਪੱਤਿਆਂ ਦੇ ਰੁੱਖ ਨਾਲੋਂ ਝੜਨ ਦਾ ਦ੍ਰਿਸ਼ਟਾਂਤ ਪੇਸ਼ ਕੀਤਾ—
“ਪਤ੍ਰ ਭੁਰਿਜੇਣ ਝੜੀਯੰ ਨਹ ਜੜੀਅੰ ਪੇਡ ਸੰਪਤਾ ॥
ਨਾਮ ਬਿਹੂਣ ਬਿਖਮਤਾ ਨਾਨਕ ਬਹੰਤਿ ਜੋਨਿ ਬਾਸਰੋ ਰੈਣੀ ॥੮॥” (ਅੰਗ ੧੩੬੦)
ਅਰਥ: ਜਿਵੇਂ ਰੁੱਖ ਦੇ ਪੱਤੇ ਭੁਰ-ਭੁਰ ਕੇ ਝੜ ਜਾਂਦੇ ਹਨ ਅਤੇ ਮੁੜ ਰੁੱਖ ਦੀਆਂ ਸ਼ਾਖਾਂ ਨਾਲ ਜੁੜ ਨਹੀਂ ਸਕਦੇ, ਤਿਵੇਂ ਨਾਮ ਤੋਂ ਵਾਂਝੇ ਮਨੁੱਖ ਦੁੱਖ ਸਹਾਰਦੇ ਹਨ ਅਤੇ ਦਿਨ-ਰਾਤ ਜੂਨਾਂ ਵਿੱਚ ਭਟਕਦੇ ਹਨ।
ਭਾਵ: ਨਾਮ ਤੋਂ ਵਾਂਝਾ ਮਨੁੱਖ ਦੁੱਖ ਸਹਾਰਦਾ ਹੈ ਅਤੇ ਜੀਵਨ ਅਜਾਈਂ ਗਵਾ ਜਾਂਦਾ ਹੈ।
ਇਨ੍ਹਾਂ ਤੋਂ ਇਲਾਵਾ ਪਰਗਟ ਸਿੰਘ ਵਿਰਕ, ਅੰਮ੍ਰਿਤਪਾਲ ਅੰਮ੍ਰਿਤ, ਤੇਜਿੰਦਰਪਾਲ ਸਿੰਘ ਰਿਆੜ, ਕਰਨੈਲ ਸਿੰਘ ਪਰਮਾਰ, ਗੁਰਨਾਮ ਸਿੰਘ ਅਤੇ ਸੁਖਦੇਵ ਸਿੰਘ ਨੇ ਵੀ ਪਤਝੜ ਨੂੰ ਮੁਖਾਤਿਬ ਹੁੰਦਿਆਂ ਆਪਣੇ ਵਿਚਾਰ ਰੱਖੇ। ਐਡਮਿੰਟਨ ਵਿੱਚ ਇਹ ਆਪਣੀ ਕਿਸਮ ਦਾ ਪਹਿਲਾ ਪਤਝੜ ਨੂੰ ਮੁਖਾਤਿਬ ਕਵੀ ਦਰਬਾਰ ਹੈ, ਜਿਸ ਵਿੱਚ ਪਤਝੜ ਦੇ ਜ਼ਰੀਏ ਜ਼ਿੰਦਗੀ ਦੀ ਨਾਸ਼ਮਾਨਤਾ ਅਤੇ ਕੁਦਰਤ ਦੇ ਬਦਲਦੇ ਰੰਗਾਂ ਦਾ ਸੰਦੇਸ਼ ਦਿੱਤਾ ਗਿਆ।
