Screenshot
ਮਿਉਂਸਪਲ ਤੇ ਸੂਬਾਈ ਚੋਣਾਂ ਦਾ ਪ੍ਰਚਾਰ ਸਮਾਂ ਇਕ ਹੋਣ ਕਾਰਣ ਭੰਬਲਭੂਸੇ ਵਾਲੀ ਸਥਿਤੀ-
ਸਰੀ ( ਦੇ ਪ੍ਰ ਬਿ)- ਬੀਸੀ ਪ੍ਰੀਮੀਅਰ ਡੇਵਿਡ ਈਬੀ ਵਲੋਂ ਸੂਬੇ ਵਿਚ 24 ਅਕਤੂਬਰ ਨੂੰ ਅਚਨਚੇਤ ਚੋਣਾਂ ਦੇ ਐਲਾਨ ਉਪਰੰਤ ਸੂਬੇ ਦੀਆਂ ਮੁੱਖ ਪਾਰਟੀਆਂ ਐਨ ਡੀ ਪੀ ਅਤੇ ਬੀਸੀ ਕੰਸਰਵੇਟਿਵ ਵਲੋਂ ਆਪਣੇ ਉਮੀਦਵਾਰਾਂ ਦੀਆਂ ਸੂਚੀਆਂ ਫਾਈਨਲ ਕਰਦਿਆਂ ਚੋਣ ਸਰਗਰਮੀਆਂ ਸ਼ੁਰੂ ਕੀਤੀਆਂ ਜਾ ਰਹੀਆਂ ਹਨ। ਮਿਊਂਸਪਲ ਚੋਣਾਂ ਜੋ ਕਿ 17 ਅਕਤੂਬਰ ਨੂੰ ਹੋ ਰਹੀਆਂ ਹਨ ਤੋਂ ਕੇਵਲ ਇਕ ਹਫਤਾ ਬਾਅਦ ਹੋ ਰਹੀਆਂ ਸੂਬਾਈ ਚੋਣਾਂ ਲਈ ਮਾਹੌਲ ਕਾਫੀ ਭੰਬਲਭੂਸੇ ਵਾਲਾ ਬਣਿਆ ਪਿਆ ਹੈ। ਭਾਵੇਂਕਿ ਪ੍ਰੀਮੀਅਰ ਡੇਵਿਡ ਈਬੀ ਇਹਨਾਂ ਚੋਣਾਂ ਨੂੰ ਅਮਰੀਕੀ ਰਾਸ਼ਟਰਪਤੀ ਟਰੰਪ ਦੇ ਮੁਕਾਬਲੇ ਲਈ ਮਜਬੂਤ ਫਤਵੇ ਦੀ ਲੋੜ ਵਜੋਂ ਦਰਸਾ ਰਹੇ ਹਨ ਪਰ ਮਿਊਂਸਪਲ ਚੋਣਾਂ ਅਤੇ ਸੂਬਾਈ ਚੋਣਾਂ ਦਾ ਪ੍ਰਚਾਰ ਸਮਾਂ ਰਲਗੱਡ ਹੋਣ ਕਾਰਣ ਉਮੀਦਵਾਰਾਂ ਦੇ ਨਾਲ ਵੋਟਰ ਵੀ ਕਾਫੀ ਪ੍ਰੇਸ਼ਾਨ ਦਿਖਾਈ ਦੇ ਰਹੇ ਹਨ।
ਸੂਬਾਈ ਚੋਣਾਂ ਲਈ ਸਰੀ ਦੀਆਂ 10 ਸੀਟਾਂ ਲਈ ਜਿਥੇ ਐਨ ਡੀ ਪੀ ਨੇ ਆਪਣੇ ਉਮੀਦਵਾਰਾਂ ਦਾ ਐਲਾਨ ਕਰ ਦਿੱਤਾ ਹੈ ਉਥੇ ਬੀਸੀ ਕੰਸਰਵੇਟਿਵ ਵਲੋਂ ਵੀ ਕੁਝ ਪੁਰਾਣ ਤੇ ਨਵੇਂ ਉਮੀਦਵਾਰਾਂ ਨੂੰ ਮੁੜ ਮੈਦਾਨ ਵਿਚ ਉਤਾਰਨ ਦਾ ਐਲਾਨ ਕੀਤਾ ਹੈ। ਐਨ ਡੀ ਪੀ ਸਰੀ-ਗਿਲਫੋਰਡ ਤੋਂ ਗੈਰੀ ਬੈੱਗ, ਸਰੀ ਫਲੀਟਵੁੱਡ ਤੋਂ ਜਗਰੂਪ ਬਰਾੜ, ਸਰੀ ਸੈਂਟਰ ਤੋਂ ਆਮਨਾ ਸ਼ਾਹ, ਸਰੀ ਨਿਊਟਨ ਤੋਂ ਜੈਸੀ ਸੁੰਨੜ, ਸਰੀ ਪੈਨੋਰਾਮਾ ਤੋਂ ਸਾਬਕਾ ਮੰਤਰੀ ਜਿੰਨੀ ਸਿਮਸ ਤੇ ਸਰੀ ਸਰਪੈਨਟਾਈਨ ਤੋਂ ਨਵਾਂ ਉਮੀਦਵਾਰ ਸਿਕੰਦਰ ਸਿੰਘ ਕੰਗ ਨੂੰ ਬਣਾਇਆ ਗਿਆ ਹੈ। ਐਨ ਡੀ ਪੀ ਦੇ ਸੀਨੀਅਰ ਆਗੂ ਤੇ ਸਾਬਕਾ ਸਪੀਕਰ ਰਾਜ ਚੌਹਾਨ ਬਰਨਬੀ ਨਿਊਵੈਸਟਮਿਨਸਟਰ, ਵੈਨਕੂਵਰ ਲੰਗਾਰਾ ਤੋਂ ਸੁਨੀਤਾ ਧੀਰ, ਬਰਨਬੀ ਈਸਟ ਤੋਂ ਰੋਹਣੀ ਅਰੋੜਾ, ਵੈਨਕੂਵਰ ਹੇਸਟਿੰਗਜ਼ ਤੋਂ ਨਿੱਕੀ ਸ਼ਰਮਾ, ਵਰਨਨ ਲੂੰਬੀ (ਕਲੋਨਾ) ਤੇਂ ਹਰਿੰਦਰ ਕੌਰ ਸੰਧੂ, ਲੈਂਗਫੋਰਡ ਹਾਈਲੈਂਡ (ਵਿਕਟੋਰੀਆ) ਤੋਂ ਰਵੀ ਪਰਮਾਰ ਮੁੜ ਮੈਦਾਨ ਵਿਚ ਉਤਾਰੇ ਗਏ ਹਨ।
ਬੀਸੀ ਕੰਸਰਵੇਟਿਵ ਦੇ ਉਮੀਦਵਾਰ- ਇਸੇ ਦੌਰਾਨ ਬੀਸੀ ਕੰਸਰਵੇਟਿ ਨੇ ਸਰੀ ਲਈ ਆਪਣੇ ਉਮੀਦਵਾਰਾਂ ਦੀ ਸੂਚੀ ਦਾ ਐਲਾਨ ਕਰਦਿਆਂ ਕਿਹਾ ਹੈ ਕਿ ਉਹਨਾਂ ਨੇ ਆਪਣੀ ਟੀਮ ਵਿੱਚ ਕਾਰੋਬਾਰ, ਸਿੱਖਿਆ ਅਤੇ ਜਨਤਕ ਸੇਵਾ ਦੇ ਖੇਤਰਾਂ ਵਿੱਚ ਦਹਾਕਿਆਂ ਦਾ ਤਜਰਬਾ ਰੱਖਣ ਵਾਲੇ ਉਮੀਦਵਾਰ ਸ਼ਾਮਿਲ ਕੀਤੇ ਹਨ ।
ਸਰੀ ਨਾਰਥ ਤੋਂ ਮਨਦੀਪ ਧਾਲੀਵਾਲ , ਸਰੀ ਸੈਂਟਰ ਤੋਂ ਜੀਸ਼ਾਨ ਵਾਹਲਾ, ਸਰੀ ਵਾਈਟਰੌਕ ਤੋਂ ਟਰੈਵਰ ਹੈਲਫੋਰਡ, ਸਰੀ ਪੈਨੋਰਾਮਾ ਤੋਂ ਬਰਾਇਨ ਟੈਪਰ ਤੋਂ ਇਲਾਵਾ ਸਰੀ ਸੈਰਪਨਟਾਈਨ ਤੋਂ ਜੈਸੀ ਸਹੋਤਾ, ਸਰੀ ਗਿਲਫੋਰਡ ਤੋਂ ਗੈਰੀ ਥਿੰਦ, ਸਰੀ ਫਲੀਟਵੁੱਡ ਤੋਂ ਗੈਰੀ ਪੁਰੇਵਾਲ, ਸਰੀ ਨਿਊਟਨ ਤੋਂ ਡਾ ਹਰਜ ਧਾਲੀਵਾਲ, ਸਰੀ ਕਲੋਵਰਡੇਲ ਤੋਂ ਨਿਕੋਲਸ ਕਾਰਟਮੈਲ ਨੂੰ ਉਮੀਦਵਾਰ ਐਲਾਨਿਆ ਗਿਆ ਹੈ।
ਇਸੇ ਦੌਰਾਨ ਲੰਬਾ ਸਮਾਂ ਸਕੂਲ ਟਰੱਸਟੀ ਰਹਿਣ ਵਾਲੇ ਤੇ ਹੁਣ ਵੀ ਸਕੂਲ ਟਰੱਸਟੀ ਵਜੋਂ ਚੋਣ ਲੜ ਰਹੇ ਗੈਰੀ ਥਿੰਦ ਨੇ ਉਹਨਾਂ ਨੂੰ ਸਰੀ ਗਿਲਫੋਰਡ ਤੋਂ ਉਮੀਦਵਾਰ ਐਲਾਨ ਜਾਣ ਤੇ ਕਿਹਾ ਹੈ ਕਿ ਅਸੀਂ ਸਰੀ ਨੂੰ ਰਹਿਣ, ਕੰਮ ਕਰਨ ਅਤੇ ਪਰਿਵਾਰ ਪਾਲਣ ਲਈ ਇੱਕ ਸ਼ਾਨਦਾਰ ਥਾਂ ਬਣਾਉਣ ਵਾਸਤੇ ਸੰਘਰਸ਼ ਕਰਾਂਗੇ। ਇਸ ਦੇ ਸਭ ਤੋਂ ਵਧੀਆ ਦਿਨ ਅਜੇ ਆਉਣੇ ਬਾਕੀ ਹਨ।” ਉਨ੍ਹਾਂ ਅੱਗੇ ਕਿਹਾ, “ਇਹ ਟੀਮ ਕਾਰੋਬਾਰ, ਸਿੱਖਿਆ, ਜਨਤਕ ਸੇਵਾ ਅਤੇ ਸਾਡੇ ਸਥਾਨਕ ਭਾਈਚਾਰੇ ਤੋਂ ਅਸਲ ਤਜਰਬਾ ਲੈ ਕੇ ਆਈ ਹੈ। ਅਸੀਂ ਆਪਣੇ ਆਗੂ, ਲੋਰਨ ਡੋਰਕਸਨ ਦੇ ਨਾਲ ਇੱਕਜੁੱਟ ਹਾਂ ਅਤੇ ਅਸੀਂ ਇਸ ਗੰਭੀਰ ਦੌਰ ਵਿੱਚ ਮਜ਼ਬੂਤ ਅਗਵਾਈ ਪ੍ਰਦਾਨ ਕਰਾਂਗੇ। ਇਸੇ ਦੌਰਾਨ ਸਰੀ ਨਾਰਥ ਤੋਂ ਮੁੜ ਚੋਣ ਲੜ ਰਹੇ ਮਨਦੀਪ ਧਾਲੀਵਾਲ ਨੇ ਕਿਹਾ ਕਿ ਪ੍ਰੀਮੀਅਰ ਡੇਵਿਡ ਈਬੀ ਦੀ ਅਗਵਾਈ ਹੇਠ, ਸਰੀ ਬੇਮਿਸਾਲ ਮਹਿੰਗਾਈ ਸੰਕਟ ਵਿੱਚੋਂ ਲੰਘ ਰਿਹਾ ਹੈ। ਪਰਿਵਾਰਾਂ ਉਪਰ ਰਾਸ਼ਨ, ਰਿਹਾਇਸ਼ ਅਤੇ ਬਾਲਣ (ਗੈਸ) ਦੀਆਂ ਕੀਮਤਾਂ ਦਾ ਭਾਰੀ ਬੋਝ ਪੈ ਰਿਹਾ ਹੈ। ਹਸਪਤਾਲਾਂ ਦੇ ਐਮਰਜੈਂਸੀ ਵਿਭਾਗ ਮਰੀਜ਼ਾਂ ਨਾਲ ਭਰੇ ਪਏ ਹਨ। ਸਰੀ ਵਿੱਚ ਪਲੇ-ਵਧੇ ਨੌਜਵਾਨ ਇੱਥੇ ਰਹਿਣ ਦਾ ਖਰਚਾ ਨਹੀਂ ਚੁੱਕ ਸਕਦੇ। ਛੋਟੇ ਕਾਰੋਬਾਰੀ ਵਧਦੀਆਂ ਲਾਗਤਾਂ ਅਤੇ ਫਿਰੌਤੀ ਤੇ ਹਿੰਸਾ ਦੀ ਲਹਿਰ ਨਾਲ ਜੂਝ ਰਹੇ ਹਨ, ਜਿਸ ਕਾਰਨ ਬਹੁਤ ਸਾਰੇ ਲੋਕ ਆਪਣੇ ਕਾਰੋਬਾਰ ਦੇ ਦਰਵਾਜ਼ੇ ਖੋਲ੍ਹਣ ਤੋਂ ਵੀ ਡਰਨ ਲੱਗੇ ਹਨ। ਬੀ.ਸੀ. ਦੀ ਕੰਜ਼ਰਵੇਟਿਵ ਪਾਰਟੀ ਸਰੀ ਲਈ ਉਹ ਬਦਲਾਅ ਲਿਆਵੇਗੀ ਜਿਸਦਾ ਇਹ ਸ਼ਹਿਰ ਹੱਕਦਾਰ ਹੈ।
ਐਨ ਡੀ ਪੀ ਵਲੋ ਐਲਾਨ ਗਏ ਉਮੀਦਵਾਰ-
ਹੋਰ ਹਲਕਿਆਂ ਤੋਂ ਐਨ ਡੀ ਪੀ ਦੇ ਪੰਜਾਬੀ ਮੂਲ ਦੇ ਉਮੀਦਵਾਰ-
ਐਨ ਡੀ ਪੀ ਦੇ ਸੀਨੀਅਰ ਆਗੂ ਤੇ ਸਾਬਕਾ ਸਪੀਕਰ ਰਾਜ ਚੌਹਾਨ ਬਰਨਬੀ ਨਿਊਵੈਸਟਮਿਨਸਟਰ, ਵੈਨਕੂਵਰ ਲੰਗਾਰਾ ਤੋਂ ਸੁਨੀਤਾ ਧੀਰ, ਵੈਨਕੂਵਰ ਹੇਸਟਿੰਗਜ਼ ਤੋਂ ਨਿੱਕੀ ਸ਼ਰਮਾ, ਬਰਨਬੀ ਈਸਟ ਤੋਂ ਰੋਹਣੀ ਅਰੋੜਾ, ਵਰਨਨ ਲੂੰਬੀ (ਕਲੋਨਾ) ਤੇਂ ਹਰਵਿੰਦਰ ਕੌਰ ਸੰਧੂ, ਲੈਂਗਫੋਰਡ ਹਾਈਲੈਂਡ (ਵਿਕਟੋਰੀਆ) ਤੋਂ ਰਵੀ ਪਰਮਾਰ ।












