ਐਬਸਫੋਰਡ ( ਦੇ ਪ੍ਰ ਬਿ) -ਐਬਸਫੋਰਡ ਸ਼ਹਿਰ ਦੇ ਉਘੇ ਵਕੀਲ ਅਤੇ ਯੂ ਐਫ ਵੀ ਦੇ ਇੰਸਟਰੱਕਟਰ ਅਮਰੀਕ ਨਾਰੰਗ ਵੀ ਸਿਟੀ ਕੌਂਸਲ ਲਈ ਕੌਂਸਲਰ ਉਮੀਦਵਾਰ ਵਜੋਂ ਮੈਦਾਨ ਵਿਚ ਹਨ। ਉਹਨਾਂ ਨੇ ਆਪਣੀ ਚੋਣ ਮੁਹਿੰਮ ਸ਼ੁਰੂ ਕਰਦਿਆਂ ਸਿਆਸੀ ਪਿੜ ਵਿਚ ਕੁਝ ਨਵਾਂ ਕਰਨ ਦੀ ਇੱਛਾ ਜ਼ਾਹਰ ਕੀਤੀ ਹੈ। ਉਹਨਾਂ ਦੀ ਚੋਣ ਮੁਹਿੰਮ ਵਿਚ ਉਹਨਾਂ ਨੂੰ ਸਾਬਕਾ ਵਿਧਾਇਕ ਤੇ ਮੰਤਰੀ ਮਾਈਕਲ ਡੀ ਜੌਂਗ ਅਤੇ ਐਮ ਪੀ ਬਰੈਡ ਵਿਸ ਤੇ ਕਈ ਹੋਰ ਸੰਸਥਾਵਾਂ ਦੇ ਪ੍ਰਤੀਨਿਧਾਂ ਦਾ ਸਮਰਥਨ ਹਾਸਲ ਹੈ। ਉਹਨਾਂ ਦਾ ਕਹਿਣਾ ਹੈ ਕਿ ਐਬਸਫੋਰਡ ਉਹਨਾਂ ਦਾ ਆਪਣਾ ਘਰ ਹੈ। ਉਹ ਆਪਣੇ ਪਰਿਵਾਰ ਸਮੇਤ ਇਸ ਸ਼ਹਿਰ ਪਿਛਲੇ 40 ਸਾਲਾਂ ਤੋ ਰਹਿ ਰਹੇ ਹਨ।
ਨਾਰੰਗ ਦਾ ਕਹਿਣਾ ਹੈ ਕਿ ਉਹ ਐਬਟਸਫੋਰਡ ਦੇ ਇੱਕ ਕਿਸਾਨ ਪਰਿਵਾਰ ਵਿੱਚ ਪਲੇ ਤੇ ਵੱਡੇ ਹੋਏ ਹਨ ਅਤੇ ਹੁਣ ਉਹ ਖੁਦ ਵੀ ਐਬਟਸਫੋਰਡ ਵਿੱਚ ਆਪਣੇ ਪਰਿਵਾਰ ਨਾਲ ਰਹਿ ਰਹੇ ਹਨ। ਉਨ੍ਹਾਂ ਕੋਲ ਕਾਨੂੰਨੀ ਖੇਤਰ ਵਿੱਚ 25 ਸਾਲਾਂ ਤੋਂ ਵੱਧ ਦਾ ਤਜਰਬਾ ਹੈ। ਉਨ੍ਹਾਂ ਨੂੰ ਆਮ ਸਿਵਲ ਮੁਕੱਦਮਿਆਂ, ਰੀਅਲ ਅਸਟੇਟ ਲੈਣ-ਦੇਣ, ਅਤੇ ਕਾਰਪੋਰੇਟ ਲੈਣ-ਦੇਣ (ਜਿਸ ਵਿੱਚ ਖਰੀਦ/ਵਿਕਰੀ ਸਮਝੌਤੇ, ਸ਼ੇਅਰਧਾਰਕ ਸਮਝੌਤੇ, ਭਾਈਵਾਲੀ ਸਮਝੌਤੇ, ਲੀਜ਼ ਸਮਝੌਤੇ ਅਤੇ ਵਸੀਅਤਾਂ ਆਦਿ ਤਿਆਰ ਕਰਨਾ ਸ਼ਾਮਲ ਹੈ) ਨਾਲ ਨਜਿੱਠਣ ਦਾ ਤਜਰਬਾ ਹੈ। ਉਹ ਗਲੈਡਵਿਨ ਰੋਡ ‘ਤੇ ਸਥਿਤ ‘ਗਿੱਲ ਐਂਡ ਗਿੱਲ’ ਫਰਮ ਵਿੱਚ ਕੰਮ ਕਰਦੇ ਹਨ। ਉਨ੍ਹਾਂ ਨੇ ਕਈ ਸਾਲਾਂ ਤੱਕ ਯੂਨੀਵਰਸਿਟੀ ਆਫ ਫਰੇਜਰ ਵੈਲੀ ਵਿੱਚ ਪੜ੍ਹਾਇਆ ਵੀ ਹੈ । ਉਹ ਆਪਣੇ ਕਾਰੋਬਾਰ ਦੇ ਨਾਲ ਕਈ ਸਮਾਜ ਸੇਵੀ ਸੰਸਥਾਵਾਂ ਨਾਲ ਜੁੜੇ ਹੋਏ ਹਨ। ਉਹਨਾਂ ਨੇ ‘ਫਰੇਜ਼ਰ ਵੈਲੀ ਇੰਡੋ-ਕੈਨੇਡੀਅਨ ਬਿਜ਼ਨਸ ਐਸੋਸੀਏਸ਼ਨ’, ‘ਆਰਚਵੇ ਕਮਿਊਨਿਟੀ ਸਰਵਿਸਿਜ਼’ ਅਤੇ ‘ਲਾਅ ਸੋਸਾਇਟੀ ਆਫ਼ ਬ੍ਰਿਟਿਸ਼ ਕੋਲੰਬੀਆ’ ਦੀਆਂ ਵੱਖ-ਵੱਖ ਕਮੇਟੀਆਂ ਨਾਲ ਸੇਵਾਵਾਂ ਨਿਭਾਈਆਂ ਹਨ। ਉਹ ‘ਐਬਟਸਫੋਰਡ ਪੁਲਿਸ ਬੋਰਡ’ ਦੇ ਮੌਜੂਦਾ ਮੈਂਬਰ ਵੀ ਹਨ, ਜਿੱਥੇ ਉਹ ਗਵਰਨੈਂਸ ਅਤੇ ਪਾਲਿਸੀ ਕਮੇਟੀ ਦੇ ਚੇਅਰ ਵਜੋਂ ਸੇਵਾ ਨਿਭਾ ਰਹੇ ਹਨ। ਵਲੰਟੀਅਰ ਸੇਵਾਵਾਂ ਤੋਂ ਬਾਦ ਉਹਨਾਂ ਨੇ ਹੁਣ ਸਿਟੀ ਕੌਂਸਲ ਲਈ ਲੜਨ ਦਾ ਸੋਚਿਆ ਹੈ। ਉਹਨਾਂ ਦਾ ਚੋਣ ਲੜਨ ਦਾ ਮਕਸਦ ਹੈ ਕਿ ਸਾਨੂੰ ਸਿਟੀ ਹਾਲ ਵਿੱਚ ਅਜਿਹੀ ਅਗਵਾਈ ਦੀ ਲੋੜ ਹੈ ਜੋ ਵਿਹਾਰਕ ਹੋਵੇ ਅਤੇ ਸਮੱਸਿਆਵਾਂ ਦੇ ਹੱਲ ‘ਤੇ ਕੇਂਦਰਿਤ ਹੋਵੇ – ਅਜਿਹੀ ਅਗਵਾਈ ਜੋ ਨਤੀਜੇ ਦੇਵੇ ਅਤੇ ਨਾਲ ਹੀ ਸਾਡੇ ਭਾਈਚਾਰੇ ਦੇ ਹਿੱਤਾਂ ਦੀ ਰਾਖੀ ਵੀ ਕਰੇ।
