ਐਬਸਫੋਰਡ (ਦੇ ਪ੍ਰ ਬਿ)- ਐਬਸਫੋਰਡ ਦੇ ਦੋ ਵਾਰ ਸਿਟੀ ਕੌਂਸਲਰ ਬਣਨ ਵਾਲੇ ਦੇਵ ਸਿੱਧੂ ਹੁਣ ਤੀਸਰੀ ਵਾਰ ਚੋਣ ਮੈਦਾਨ ਵਿਚ ਹਨ। ਦੇਵ ਸਿੱਧ ਜੋ ਕਿ ਐਬਸਫੋਰਡ ਦੇ ਦੋਭਾਸ਼ੀ ਵੀਕਲੀ ਅਖਬਾਰ ਪੰਜਾਬੀ ਪੱਤਰਕਾ ਦੇ ਜਨਰਲ ਮੈਨੇਜਰ ਵੀ ਹਨ, ਇਸ ਸ਼ਹਿਰ ਦੇ ਜੰਮਪਲ ਹਨ। ਉਹਨਾਂ ਦੇ ਪਿਤਾ ਐਂਡੀ ਸਿੱਧੂ ਪੰਜਾਬੀ ਪੱਤਰਕਾ ਦੇ ਮੁੱਖ ਸੰਪਾਦਕ ਹਨ। ਦੇਵ ਸਿੱਧੂ ਐਬਸਫੋਰਡ ਸਿਟੀ ਕੌਸਲ ਲਈ ਪਹਿਲੀ ਵਾਰ ਸਤੰਬਰ 2021 ਦੀ ਉਪ-ਚੋਣ ਵਿੱਚ ਚੁਣੇ ਗਏ ਸਨ। ਇਹ ਚੋਣ ਤਤਕਾਲੀ ਐਮ ਐਲ ਏ ਬਰੂਸ ਬੈਨਮੈਨ ਦੇ ਵਿਧਾਨ ਸਭਾ ਲਈ ਚੁਣੇ ਜਾਣ ਕਾਰਣ ਕਰਵਾਈ ਗਈ ਸੀ। ਦੇਵ ਸਿੱਧੂ ਨੇ ਇਸ ਉਪ ਚੋਣ ਦੌਰਾਨ ਕੁਲ ਨੌਂ ਉਮੀਦਵਾਰਾਂ ਦੇ ਮੁਕਾਬਲੇ 7,829 ਵੋਟਾਂ ਲੈਕੇ ਜਿੱਤ ਪ੍ਰਾਪਤ ਕੀਤੀ ਸੀ। ਇਸ ਉਪਰੰਤ ਉਹ 2022 ਵਿੱਚ 14,419 ਵੋਟਾਂ ਨਾਲ ਦੁਬਾਰਾ ਚੁਣੇ ਗਏ। ਉਹ ਸਾਰੇ ਉਮੀਦਵਾਰਾਂ ਚੋ ਵੋਟਾਂ ਲੈਣ ਵਿਚ ਟਾਪ ਤੇ ਸਨ। ਐਬਸਫੋਰਡ ਕੌਂਸਲ ਲਈ ਤੀਸਰੀ ਵਾਲ ਚੋਣ ਲੜ ਰਹੇ ਦੇਵ ਸਿੱਧੂ ਦਾ ਕਹਿਣਾ ਹੈ ਕਿ ਐਬਸਫੋਰਡ ਉਸਦਾ ਆਪਣਾ ਘਰ ਹੈ। ਇਥੋ ਦੇ ਭਾਈਚਾਰੇ ਨੇ ਉਸਨੂੰ ਬਹੁਤ ਕੁਝ ਦਿੱਤਾ ਹੈ। ਉਹ ਹੋਰ ਕਹਿੰਦੇ ਹਨ ਕਿ ਐਬਟਸਫੋਰਡ ਦੇ ਲੋਕਾਂ ਦੀ ਨੁਮਾਇੰਦਗੀ ਕਰਨਾ ਮੇਰੇ ਜੀਵਨ ਦੇ ਸਭ ਤੋਂ ਵੱਡੇ ਸਨਮਾਨਾਂ ਵਿੱਚੋਂ ਇੱਕ ਹੈ। ਮੈਂ ਸ਼ਹਿਰ ਨਿਵਾਸੀਆਂ ਤੋਂ ਉਨ੍ਹਾਂ ਦੇ ਸਮਰਥਨ ਦੀ ਮੰਗ ਕਰ ਰਿਹਾ ਹਾਂ ਤਾਂ ਜੋ ਮੈਂ ਉਨ੍ਹਾਂ ਲਈ ਅਹਿਮ ਮੁੱਦਿਆਂ ‘ਤੇ ਆਪਣਾ ਕੰਮ ਅੱਗੇ ਵਧਾਉਣਾ ਜਾਰੀ ਰੱਖ ਸਕਾਂ।
ਕੌਂਸਲ ਵਿੱਚ ਆਪਣੇ ਸਮੇਂ ਦੌਰਾਨ ਉਨ੍ਹਾਂ ਨੇ ਜ਼ਿੰਮੇਵਾਰ ਵਿਕਾਸ, ਆਵਾਜਾਈ, ਜਨਤਕ ਸੁਰੱਖਿਆ, ਬੁਨਿਆਦੀ ਢਾਂਚੇ, ਲੋਕਾਂ ਦੀ ਪਹੁੰਚ ਅਤੇ ਇਹ ਯਕੀਨੀ ਬਣਾਉਣ ‘ਤੇ ਧਿਆਨ ਕੇਂਦਰਿਤ ਕੀਤਾ ਹੈ।
ਉਹ ਵਰਤਮਾਨ ਵਿੱਚ ਸ਼ਹਿਰ ਦੀ ਵਿਕਾਸ, ਆਵਾਜਾਈ ਅਤੇ ਹੋਰ ਕੰਮਾਂ ਬਾਰੇ ਪੂਰੀ ਦਿਲਚਸਪੀ ਲੈ ਰਹੇ ਹਨ ਤੇ ਸਰਬਪੱਖੀ ਵਿਕਾਸ ਲਈ ਸਹੀ ਯੋਜਨਾਬੰਦੀ ਦੇ ਪੱਖ ਵਿਚ ਹਨ। ਸ਼ਹਿਰ ਲਈ ਉਹਨਾਂ ਦੀ ਤਰਜੀਹਾਂ ਵਿਚ ਜਨਤਕ ਸੁਰੱਖਿਆ ਸਭ ਤੋਂ ਉਪਰ ਹੈ । ਉਹ ਐਬਟਸਫੋਰਡ ਪੁਲਿਸ ਵਿਭਾਗ, ਐਬਟਸਫੋਰਡ ਫਾਇਰ ਰੈਸਕਿਊ ਸਰਵਿਸ ਅਤੇ ਫਰੰਟ-ਲਾਈਨ ਕਰਮਚਾਰੀਆਂ ਦੇ ਹਮੇਸ਼ਾ ਨਾਲ ਖੜੇ ਰਹੇ ਹਨ।
ਉਹਨਾਂ ਦਾ ਕਹਿਣਾ ਹੈ ਕਿ ਅਪਰਾਧ ਉਪਰ ਕਾਬੂ ਪਾਉਣ ਅਤੇ ਜਨਤਕ ਸੁਰੱਖਿਆ ਲਈ ਸਾਨੂੰ ਆਪਣੇ ਪੁਲਿਸ ਅਧਿਕਾਰੀਆਂ ਅਤੇ ਫਾਇਰਫਾਈਟਰਾਂ ਨੂੰ ਲੋੜੀਂਦੇ ਸਰੋਤ ਪ੍ਰਦਾਨ ਕਰਨੇ ਚਾਹੀਦੇ ਹਨ। ਸੰਗਠਿਤ ਅਪਰਾਧ ਅਤੇ ਹਿੰਸਕ ਅਪਰਾਧਾਂ ਨੂੰ ਗੰਭੀਰਤਾ ਨਾਲ ਲੈਣਾ ਦੀ ਲੋੜ ਹੈ। ਸ਼ਹਿਰ ਦੀਆਂ ਸੜਕਾਂ, ਸੀਵਰੇਜ, ਬੁਨਿਆਦੀ ਢਾਂਚੇ ਦੀ ਮਜ਼ਬੂਤੀ ਦੇ ਨਾਲ ਸਰਬਪੱਖੀ ਵਿਕਾਸ ਨੂੰ ਜਾਰੀ ਰੱਖਣ ਲਈ ਉਹ ਇੱਕ ਹੋਰ ਕਾਰਜਕਾਲ ਲਈ ਚੋਣ ਲੜ ਰਹੇ ਹਨ। ਉਹ ਐਬਟਸਫੋਰਡ ਨੂੰ ਸੁਰੱਖਿਅਤ, ਵਧੀਆ ਢੰਗ ਨਾਲ ਸੰਚਾਲਿਤ ਕਰਨ ਅਤੇ ਭਵਿੱਖ ਦੀਆਂ ਯੋਜਨਾਵਾਂ ਵਿਚ ਆਪਣਾ ਯੋਗਦਾਨ ਪਾਉਣ ਲਈ ਉਤਸੁਕ ਹਨ।
