ਬੀਬੀ ਕੁਲਵੰਤ ਕੌਰ ਸਠਿਆਲਾ, ਧਰਮਪਤਨੀ ਸ. ਮਨਮੋਹਨ ਸਿੰਘ ਸਠਿਆਲਾ, ਸਾਬਕਾ ਵਿਧਾਇਕ, ਸਾਬਕਾ ਚੇਅਰਮੈਨ ਪੀਆਰਟੀਸੀ ਅਤੇ ਸੀਨੀਅਰ ਭਾਜਪਾ ਆਗੂ, ਅਤੇ ਪ੍ਰੋ. ਡਾ. ਸਰਬਜੀਤ ਸਿੰਘ ਸਠਿਆਲਾ ਦੀ ਸਤਿਕਾਰਯੋਗ ਮਾਤਾ ਜੀ, ਦਾ 30 ਸਤੰਬਰ 2026 ਨੂੰ 76 ਸਾਲ ਦੀ ਉਮਰ ਵਿੱਚ ਕੈਲੀਫੋਰਨੀਆ, ਅਮਰੀਕਾ ਦੇ ਇੱਕ ਹਸਪਤਾਲ ਵਿਖੇ ਇਲਾਜ ਦੌਰਾਨ ਅਕਾਲ ਚਲਾਣਾ ਹੋ ਗਿਆ। ਉਨ੍ਹਾਂ ਦੇ ਵਿਛੋੜੇ ਨਾਲ ਸਠਿਆਲਾ ਪਰਿਵਾਰ, ਰਿਸ਼ਤੇਦਾਰਾਂ, ਸਨੇਹੀਆਂ ਅਤੇ ਉਨ੍ਹਾਂ ਨਾਲ ਜੁੜੇ ਸਮਾਜਿਕ ਵਰਗਾਂ ਵਿੱਚ ਡੂੰਘਾ ਸੋਗ ਪਾਇਆ ਜਾ ਰਿਹਾ ਹੈ।
ਪਰਿਵਾਰਕ ਸੂਤਰ ਪ੍ਰੋ. ਸਰਚਾਂਦ ਸਿੰਘ ਖਿਆਲਾ ਅਨੁਸਾਰ, ਬੀਬੀ ਜੀ ਦੀ ਅੰਤਿਮ ਵਿਦਾਇਗੀ (ਸਸਕਾਰ) 7 ਅਕਤੂਬਰ 2026, ਬੁੱਧਵਾਰ ਨੂੰ ਸਵੇਰੇ 11 ਵਜੇ ਤੋਂ ਦੁਪਹਿਰ 1 ਵਜੇ ਤੱਕ Shant Bhawan, 4800 E Clayton Ave, Fowler, California ਵਿਖੇ ਕੀਤਾ ਗਿਆ। ਉਪਰੰਤ ਅੰਤਿਮ ਅਰਦਾਸ ਦੁਪਹਿਰ 2 ਵਜੇ ਤੋਂ 3:30 ਵਜੇ ਤੱਕ Sikh Center of Pacific Coast, 2211 S Highland Ave, Selma, California ਵਿਖੇ ਹੋਈ।
ਪਰਿਵਾਰ ਵੱਲੋਂ ਸਾਕ-ਸੰਬੰਧੀਆਂ, ਮਿੱਤਰਾਂ ਅਤੇ ਸਨੇਹੀਆਂ ਨੂੰ ਅੰਤਿਮ ਵਿਦਾਇਗੀ ਅਤੇ ਅੰਤਿਮ ਅਰਦਾਸ ਵਿੱਚ ਸ਼ਾਮਲ ਹੋ ਕੇ ਬੀਬੀ ਕੁਲਵੰਤ ਕੌਰ ਨੂੰ ਸ਼ਰਧਾਂਜਲੀ ਭੇਟ ਕਰਨ ਦੀ ਬੇਨਤੀ ਕੀਤੀ ਗਈ ਹੈ।
ਬੀਬੀ ਕੁਲਵੰਤ ਕੌਰ ਸਠਿਆਲਾ ਦੇ ਅਕਾਲ ਚਲਾਣੇ ’ਤੇ ਸਠਿਆਲਾ ਪਰਿਵਾਰ ਨਾਲ ਦੁੱਖ ਦਾ ਪ੍ਰਗਟਾਵਾ ਕਰਨ ਵਾਲਿਆਂ ਵਿੱਚ ਭਾਜਪਾ ਪੰਜਾਬ ਦੇ ਪ੍ਰਧਾਨ ਸ. ਕੇਵਲ ਸਿੰਘ ਢਿੱਲੋਂ, ਸ. ਇਕਬਾਲ ਸਿੰਘ ਲਾਲਪੁਰਾ, ਤਰੁਣ ਚੁੱਘ ਐਮ ਪੀ, ਪ੍ਰਿੰਸੀਪਲ ਜਸਵਿੰਦਰ ਸਿੰਘ ਢਿੱਲੋਂ, ਸੁੱਚਾ ਸਿੰਘ ਛੋਟੇਪੁਰ, ਹਰਭਜਨ ਸਿੰਘ ਤੁੜ, ਦਲਜੀਤ ਸਿੰਘ ਕੋਹਲੀ ਅਤੇ ਪ੍ਰੋ. ਸਰਚਾਂਦ ਸਿੰਘ ਖਿਆਲਾ ਸਮੇਤ ਵੱਖ-ਵੱਖ ਰਾਜਨੀਤਿਕ, ਸਮਾਜਿਕ ਅਤੇ ਧਾਰਮਿਕ ਖੇਤਰਾਂ ਨਾਲ ਸਬੰਧਤ ਸ਼ਖ਼ਸੀਅਤਾਂ ਸ਼ਾਮਲ ਹਨ। ਉਨ੍ਹਾਂ ਨੇ ਬੀਬੀ ਕੁਲਵੰਤ ਕੌਰ ਦੇ ਵਿਛੋੜੇ ਨੂੰ ਪਰਿਵਾਰ ਲਈ ਵੱਡਾ ਘਾਟਾ ਦੱਸਦਿਆਂ ਸ. ਮਨਮੋਹਨ ਸਿੰਘ ਸਠਿਆਲਾ ਅਤੇ ਸਮੂਹ ਪਰਿਵਾਰ ਨਾਲ ਡੂੰਘੀ ਹਮਦਰਦੀ ਪ੍ਰਗਟ ਕੀਤੀ ਅਤੇ ਵਿਛੜੀ ਆਤਮਾ ਦੀ ਸ਼ਾਂਤੀ ਲਈ ਅਰਦਾਸ ਕੀਤੀ।
ਬੀਬੀ ਕੁਲਵੰਤ ਕੌਰ ਨੇ ਆਪਣਾ ਲੰਮਾ ਜੀਵਨ ਸਿੱਖਿਆ, ਪਰਿਵਾਰਕ ਸੰਸਕਾਰਾਂ, ਸਮਾਜ ਸੇਵਾ ਅਤੇ ਲੋਕ-ਸੇਵਾ ਦੀ ਭਾਵਨਾ ਨੂੰ ਸਮਰਪਿਤ ਕੀਤਾ। ਉਨ੍ਹਾਂ ਦੀ ਸ਼ਖ਼ਸੀਅਤ ਵਿੱਚ ਮਮਤਾ, ਸਾਦਗੀ, ਸਹਿਣਸ਼ੀਲਤਾ ਅਤੇ ਸੇਵਾ-ਭਾਵਨਾ ਦਾ ਵਿਲੱਖਣ ਸੁਮੇਲ ਸੀ।
15 ਦਸੰਬਰ 1949 ਨੂੰ ਲਖਨਊ ਕੈਂਟੋਨਮੈਂਟ ਵਿਖੇ ਫੌਜੀ ਅਫ਼ਸਰ ਮੇਜਰ ਅਜੈਬ ਸਿੰਘ ਅਤੇ ਮਾਤਾ ਬੀਬੀ ਰਣਜੀਤ ਕੌਰ ਦੇ ਘਰ ਜਨਮੀ ਬੀਬੀ ਕੁਲਵੰਤ ਕੌਰ ਦਾ ਬਚਪਨ ਪਿੰਡ ਖਜ਼ਾਨੇ ਕੋਟ, ਤਹਿਸੀਲ ਬਟਾਲਾ ਵਿਖੇ ਬੀਤਿਆ। ਉਨ੍ਹਾਂ ਨੇ ਅੰਮ੍ਰਿਤਸਰ ਦੇ ਕੈਂਬ੍ਰਿਜ ਹਾਈ ਸਕੂਲ ਤੋਂ ਸਿੱਖਿਆ ਪ੍ਰਾਪਤ ਕਰਨ ਉਪਰੰਤ ਜੇ.ਬੀ.ਟੀ., ਬੀ.ਏ., ਐੱਮ.ਏ. ਅਤੇ ਬੀ.ਐੱਡ. ਦੀਆਂ ਡਿਗਰੀਆਂ ਹਾਸਲ ਕੀਤੀਆਂ।
ਸਾਲ 1970 ਵਿੱਚ ਉਨ੍ਹਾਂ ਦਾ ਵਿਆਹ ਸਠਿਆਲਾ ਨਿਵਾਸੀ ਸ. ਮਨਮੋਹਨ ਸਿੰਘ ਸਠਿਆਲਾ ਨਾਲ ਹੋਇਆ। ਵਿਆਹ ਤੋਂ ਬਾਅਦ ਉਨ੍ਹਾਂ ਨੇ ਪਰਿਵਾਰਕ ਜ਼ਿੰਮੇਵਾਰੀਆਂ ਦੇ ਨਾਲ ਆਪਣੇ ਅਧਿਆਪਨ ਦੇ ਕਿੱਤੇ ਨੂੰ ਵੀ ਪੂਰੀ ਇਮਾਨਦਾਰੀ ਅਤੇ ਸਮਰਪਣ ਨਾਲ ਨਿਭਾਇਆ। ਮਾਲ ਰੋਡ ਸਰਕਾਰੀ ਸਕੂਲ, ਅੰਮ੍ਰਿਤਸਰ ਵਿਖੇ ਕਰੀਬ 35 ਸਾਲ ਅਧਿਆਪਕ ਵਜੋਂ ਸੇਵਾ ਨਿਭਾਉਂਦਿਆਂ ਉਨ੍ਹਾਂ ਨੇ ਅਨੇਕਾਂ ਵਿਦਿਆਰਥੀਆਂ ਦੇ ਜੀਵਨ ਨੂੰ ਸਿੱਖਿਆ ਅਤੇ ਸੰਸਕਾਰਾਂ ਨਾਲ ਰੌਸ਼ਨ ਕਰਨ ਵਿੱਚ ਯੋਗਦਾਨ ਪਾਇਆ।
ਉਨ੍ਹਾਂ ਨੇ ਆਪਣੇ ਪਤੀ ਸ. ਮਨਮੋਹਨ ਸਿੰਘ ਸਠਿਆਲਾ ਦੇ ਰਾਜਨੀਤਿਕ ਅਤੇ ਜਨਤਕ ਜੀਵਨ ਵਿੱਚ ਵੀ ਮਜ਼ਬੂਤ ਸਾਥੀ ਦੀ ਭੂਮਿਕਾ ਨਿਭਾਈ। ਸ. ਸਠਿਆਲਾ ਦੇ ਬਿਆਸ ਹਲਕੇ ਤੋਂ ਵਿਧਾਇਕ ਰਹਿਣ ਅਤੇ ਲੋਕ-ਜੀਵਨ ਵਿੱਚ ਸਰਗਰਮ ਰਹਿਣ ਦੌਰਾਨ ਬੀਬੀ ਜੀ ਨੇ ਪਰਿਵਾਰਕ ਜ਼ਿੰਮੇਵਾਰੀਆਂ ਦੇ ਨਾਲ ਸਮਾਜਿਕ ਸਰੋਕਾਰਾਂ ਨੂੰ ਵੀ ਪੂਰੀ ਤਰ੍ਹਾਂ ਨਿਭਾਇਆ।
ਉਨ੍ਹਾਂ ਦਾ ਜੀਵਨ ਇਸ ਗੱਲ ਦੀ ਪ੍ਰੇਰਕ ਮਿਸਾਲ ਰਿਹਾ ਕਿ ਸਿੱਖਿਆ ਸਿਰਫ਼ ਗਿਆਨ ਦੇਣ ਦਾ ਸਾਧਨ ਨਹੀਂ, ਸਗੋਂ ਸਮਾਜ ਅਤੇ ਆਉਣ ਵਾਲੀਆਂ ਪੀੜ੍ਹੀਆਂ ਨੂੰ ਗੜ੍ਹਨ ਦਾ ਮਾਧਿਅਮ ਵੀ ਹੈ। ਉਨ੍ਹਾਂ ਦੀ ਨਿਮਰਤਾ, ਮਿਲਾਪੜੇ ਸੁਭਾਅ ਅਤੇ ਸੇਵਾ-ਭਾਵਨਾ ਕਾਰਨ ਉਨ੍ਹਾਂ ਨੂੰ ਜਾਣਨ ਵਾਲਿਆਂ ਦੇ ਦਿਲਾਂ ਵਿੱਚ ਉਨ੍ਹਾਂ ਲਈ ਵਿਸ਼ੇਸ਼ ਸਤਿਕਾਰ ਸੀ।
ਬੀਬੀ ਕੁਲਵੰਤ ਕੌਰ ਆਪਣੇ ਪਿੱਛੇ ਇੱਕ ਪੁੱਤਰ ਅਤੇ ਦੋ ਧੀਆਂ, ਦੋ ਪੋਤਰੇ, ਤਿੰਨ ਦੋਹਤੇ ਅਤੇ ਦੋ ਦੋਹਤੀਆਂ ਛੱਡ ਗਏ ਹਨ।
