Oct 7, 2026

ਸਰੀ(ਜਸਵੀਰ ਸਿੰਘ ਭਲੂਰੀਆ)- ਬੀਤੇ ਦਿਨ ਸਾਹਿਤ ਸਭਾ ਸਰੀ ਦੀ ਮਹੀਨਾਵਾਰ ਮੀਟਿੰਗ ਪੰਜਾਬ ਭਵਨ ਸਰੀ ਵਿਖੇ ਹੋਈ। ਇਸ ਮੀਟਿੰਗ ਦੌਰਾਨ ਉੱਰਦੂ ਦੇ ਸੰਜੀਦਾ ਸ਼ਾਇਰ ਸ੍ਰੀ ਕ੍ਰਿਸ਼ਨ ਬੈਕਟਰ ਦਾ ਗ਼ਜ਼ਲ ਸੰਗ੍ਰਹਿ ‘ਫਾਸਲੇ’ ਲੋਕ ਅਰਪਣ ਕੀਤਾ ਗਿਆ। ਇਹ ਪੁਸਤਕ ਇੱਕੋ ਜਿਲਦ ਵਿੱਚ ਗੁਰਮੁਖੀ ਅਤੇ ਸ਼ਾਹਮੁਖੀ ਦੋ ਲਿਪੀਆਂ ਵਿੱਚ ਪ੍ਰਕਾਸ਼ਿਤ ਕੀਤੀ ਗਈ ਹੈ। ਜਿਕਰਯੋਗ ਹੈ ਕਿ ਸ੍ਰੀ ਕ੍ਰਿਸ਼ਨ ਬੈਕਟਰ ਅੰਗਰੇਜ਼ੀ,ਪੰਜਾਬੀ,ਹਿੰਦੀ ਅਤੇ ਉਡਦੂ ਚਾਰ ਭਾਸ਼ਾਵਾਂ ਦੇ ਗਿਆਤਾ ਹਨ ਅਤੇ ਉਹ ਅੰਗਰੇਜ਼ੀ ਦੇ ਲੈਕਚਰਾਰ ਸੇਵਾ-ਮੁਕਤ ਹੋਏ ਹਨ।
ਸਟੇਜ ਦੀ ਕਾਰਵਾਈ ਸ਼ੁਰੂ ਕਰਦਿਆਂ ਇੰਦਰਜੀਤ ਸਿੰਘ ਧਾਮੀ ਨੇ ਹਾਜ਼ਰ ਸਾਹਿਤਕਾਰਾਂ/ਸਰੋਤਿਆਂ ਨੂੰ ਜੀ ਆਇਆਂ ਕਿਹਾ ਅਤੇ ਮੀਟਿੰਗ ਦੀ ਰੂਪ-ਰੇਖਾ ਹਾਜ਼ਰੀਨ ਨਾਲ ਸਾਂਝੀ ਕੀਤੀ। ਉਪਰੰਤ ਪੰਜਾਬੀ ਹਾਸ-ਵਿਅੰਗ ਅਕਾਦਮੀ ਪੰਜਾਬ ਦੇ ਪ੍ਰਧਾਨ ਤੇ ਉੱਘੇ ਵਿਅੰਗਕਾਰ ਸ੍ਰੀ ਕੇ. ਐਲ.ਗਰਗ, ਹਰਜਿੰਦਰ ਸਿੰਘ ਚੀਮਾ ਉਰਫ ਠਾਣਾ ਦੇ ਸਪੁੱਤਰ ਸਤਪਾਲ ਸਿੰਘ ਚੀਮਾ ਦੇ ਬੇਵਕਤ ਅਕਾਲ ਚਲਾਣੇ ਤੇ ਸ਼ੋਕ ਸੁਨੇਹੇ ਪੇਸ਼ ਕੀਤੇ ਗਏ ਅਤੇ ਸਭਾ ਵੱਲੋਂ ਦੁੱਖ ਦਾ ਪ੍ਰਗਟਾਵਾ ਕੀਤਾ ਗਿਆ। ਇਸ ਤੋਂ ਬਾਅਦ ਰਚਨਾਵਾਂ ਦਾ ਦੌਰ ਸ਼ੁਰੂ ਹੋਇਆ ਜਿਸ ਵਿੱਚ ਹਰਜਿੰਦਰ ਸਿੰਘ (ਨਜ਼ਮ),ਗੁਰਮੀਤ ਕਾਲਕਟ(ਕਵਿਤਾ),ਜਸਵੀਰ ਭਲੂਰੀਆ (ਕੇ.ਐਲ. ਗਰਗ ਬਾਰੇ ਵਿਚਾਰ ਅਤੇ ਵਿਅੰਗ ਕਵਿਤਾ),ਸ਼ਾਨ ਗਿੱਲ (ਗ਼ਜ਼ਲ),ਡਾ: ਬਲਦੇਵ ਸਿੰਘ ਖਹਿਰਾ (ਮਿੰਨੀ ਕਹਾਣੀ),ਡਾ: ਗੁਰਮਿੰਦਰ ਕੌਰ ਸਿੱਧੂ (ਨਜ਼ਮ),ਹਰਸ਼ਰਨ ਕੌਰ (ਗ਼ਜ਼ਲ),ਮੀਨੂੰ ਬਾਵਾ(ਕ੍ਰਿਸ਼ਨ ਬੈਕਟਰ ਦੀ ਗ਼ਜ਼ਲ),ਹਰਸ਼ਰਨ ਕੌਰ(ਗ਼ਜ਼ਲ),ਗੁਰਦਰਸ਼ਨ ਬਾਦਲ (ਗ਼ਜ਼ਲ),ਨਰਿੰਦਰ ਭਾਗੀ ਨੇ(ਕ੍ਰਿਸ਼ਨ ਬੈਕਟਰ ਦੀ ਗ਼ਜ਼ਲ) ਪੇਸ਼ ਕਰਕੇ ਖੂਬ ਰੰਗ ਬੰਨ੍ਹਿਆ। ਡਾ ਦਵਿੰਦਰ ਪਾਲ ਕੌਰ, ਸ੍ਰੀ ਨਾਥ ਪ੍ਰਸਾਦ ਦਵੇਦੀ ਅਤੇ ਇੰਦਰਜੀਤ ਸਿੰਘ ਧਾਮੀ ਨੇ ਕ੍ਰਿਸ਼ਨ ਬੈਕਟਰ ਦੀ ਪੁਸਤਕ ‘ਫ਼ਾਸਲੇ’ ਉੱਪਰ ਆਪਣੇ ਬਹੁਮੁੱਲੇ ਵਿਚਾਰ ਰੱਖੇ ਸ੍ਰੀ ਬੈਕਟਰ ਦੀ ਸ਼ਾਇਰੀ ਦੀ ਖੂਬ ਤਾਰੀਫ ਕੀਤੀ। ਉਨ੍ਹਾਂ ਕਿਹਾ ਕਿ ਇਹ ਪੁਸਤਕ ਗ਼ਜ਼ਲ ਦੇ ਸਿਖਿਆਰਥੀਆਂ ਲਈ ਰਾਹਦਸੇਰਾ ਸਾਬਤ ਹੋਵੇਗੀ। ਉੱਘੇ ਸੰਗੀਤਕਾਰ ਸ੍ਰੀ ਕੇ.ਸੀ. ਨਾਇਕ ਨੇ ਸ੍ਰੀ ਕ੍ਰਿਸ਼ਨ ਬੈਕਟਰ ਦੀਆਂ ਦੋ ਗ਼ਜ਼ਲਾਂ ਗਾ ਕੇ ਸੰਗੀਤਕ ਮਹੌਲ ਸਿਰਜ ਦਿੱਤਾ। ਇਸ ਤੋਂ ਬਾਅਦ ਸਾਹਿਤ ਸਭਾ ਸਰੀ ਦੇ ਨੁਮਾਇੰਦਿਆਂ ਵੱਲੋਂ ਪੁਸਤਕ ‘ਫ਼ਾਸਲੇ’ ਲੋਕ ਅਰਪਣ ਕੀਤੀ ਗਈ ਅਤੇ ਪੰਜਾਬ ਭਵਨ ਸਰੀ ਵੱਲੋਂ ਸ੍ਰੀ ਕ੍ਰਿਸ਼ਨ ਬੈਕਟਰ ਨੂੰ ਸਨਮਾਨ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ। ਸ੍ਰੀ ਦਿਵੇਦੀ ਵੱਲੋਂ ਵੀ ਸ੍ਰੀ ਕ੍ਰਿਸ਼ਨ ਬੈਕਟਰ ਨੂੰ ਸ਼ਾਨਦਾਰ ਲੋਈ ਨਾਲ ਸਨਮਾਨਤ ਕੀਤਾ ਗਿਆ।
ਇਸ ਮੀਟਿੰਗ ਵਿੱਚ ਸ੍ਰੀ ਬੈਕਟਰ ਦੇ ਪਰਿਵਾਰ ਦੇ ਮੈਂਬਰ ਰਵੀ ਕਾਂਤਾ,ਅਲਕਾ ਬੈਕਟਰ,ਸੁਨੀਤ ਬੈਕਟਰ,ਜੇ.ਪੀ. ਚੌਹਾਨ, ਐਸ. ਪੀ. ਦਿਵੇਦੀ,ਤੋਂ ਇਲਾਵਾ ਸਵਰਨਜੀਤ ਸੰਧੂ,ਸੁਖਪ੍ਰੀਤ ਦੌਲਤ,ਸੋਨੀ ਸ਼ਰਮਾਂ,ਸੁਖਦੇਵ ਸੰਧੂ,ਕਵਿੰਦਰ ਚਾਂਦ,ਅਨਿਲ ਸੋਨੀ,ਮਨਜੀਤ ਸਿੰਘ,ਰਣਜੀਤ ਨਿੱਝਰ,ਭੁਪਿੰਦਰ ਗਿੱਲ,ਸੁੱਖ ਲੋਹਲਵੜ,ਵੀਤ ਬਾਦਸ਼ਾਹਪੁਰੀ,ਗੁਰਦੀਪ ਸਿੰਘ,ਅਮਰੀਕ ਪਲਾਹੀ,ਚਰਨਜੀਤ ਸਲ੍ਹੀਣਾ,ਹਰਚੰਦ ਸਿੰਘ ਗਿੱਲ ਅਤੇ ਅਮਰੀਕ ਸਿੰਘ ਲੇਹਲ ਤੋਂ ਇਲਾਵਾ ਹੋਰ ਵੀ ਸਾਹਿਤਕਾਰ ਹਾਜ਼ਰ ਸਨ। ਸਟੇਜ ਸਕੱਤਰ ਦੀ ਜ਼ੁੰਮੇਵਾਰੀ ਹਰ ਵਾਰ ਦੀ ਤਰ੍ਹਾਂ ਅਮਰੀਕ ਸਿੰਘ ਧਾਮੀ ਨੇ ਨਿਭਾਈ।

Leave a Reply

Your email address will not be published. Required fields are marked *

error: Content is protected !!