Oct 7, 2026

● ਰੇਡੀਓ ਇੰਡੀਆ ਕਨਕਲੇਵ ਨੇ ਇਕੱਠ ਦੇ ਰਿਕਾਰਡ ਤੋੜੇ-ਬਰੈਂਡਾ ਲੌਕ ਦਾ ਆਇਰਨ ਲੇਡੀ ਦੇ ਖਿਤਾਬ ਨਾਲ ਸਨਮਾਨ-
ਸਰੀ (ਬਲਦੇਵ ਸਿੰਘ ਭੰਮ)-ਸਰੀ ਦੀਆਂ ਮਿਉਂਸੀਪਲ ਚੋਣਾਂ ਵਿੱਚ ਇਸ ਵਾਰ ਸਲੇਟਾਂ ਤੇ ਉਮੀਦਵਾਰਾਂ ਦੀ ਬਹੁਤਾਤ ਅਤੇ ਸੂਬਾਈ ਚੋਣਾਂ ਦੇ ਘੜਮੱਸ ਕਾਰਨ ਜਦੋਂ ਸਿਆਸੀ ਸਮੀਕਰਨ ਉਲਝੇ ਹੋਏ ਵਿਖਾਈ ਦੇ ਰਹੇ ਸਨ ਤਾਂ ਅਜਿਹੇ ਵਿੱਚ ਰਾਜਸੀ ਨਿਤਾਰੇ ਲਈ ਬੀਤੀ 4 ਅਕਤੂਬਰ ਦਿਨ ਐਤਵਾਰ ਦੀ ਸ਼ਾਮ ਨੂੰ ਸਾਊਥ ਏਸ਼ੀਅਨ ਭਾਈਚਾਰੇ ਦੀ ਆਵਾਜ਼ ਬਣਕੇ ਨਿੱਤਰਦੇ ਆ ਰਹੇ ਸਭ ਤੋਂ ਪੁਰਾਣੇ ਮੀਡੀਆ ਅਦਾਰਾ ‘ਰੇਡੀਓ ਇੰਡੀਆ’ ਵੱਲੋਂ ਸਥਾਨਕ ਬੰਬੇ ਬੈਂਕੁਟ ਹਾਲ ਦੇ ਦੋਨੋਂ ਹਾਲਾਂ ਵਿਚ ਇੱਕ ਵਿਸ਼ਾਲ ਸੰਮੇਲਨ ਦਾ ਆਯੋਜਨ ਕੀਤਾ ਗਿਆ। ਇਸ ਸਮਾਗਮ ਦੌਰਾਨ ਮੇਅਰ ਉਮੀਦਵਾਰ ਬਰੈਂਡਾ ਲੌਕ ਦੀ ਅਗਵਾਈ ਵਾਲੀ ਸਰੀ ਕੁਨੈਕਟ ਸਲੇਟ ਨੂੰ ਮਿਲੇ ਭਾਰੀ ਸਮਰਥਨ ਨੇ ਰਾਜਸੀ ਪੰਡਤਾਂ ਦੀਆਂ ਕਿਆਸਰਾਈਆਂ ਤੋਂ ਧੁੰਦ ਹਟਾ ਦਿੱਤੀ। ਸੰਮੇਲਨ ਦੌਰਾਨ ਸਰੀ ਦੇ ਚੋਣ ਇਤਿਹਾਸ ਚ ਪਹਿਲੀ ਵਾਰ ਇੱਕ ਵੱਡੇ ਇਕੱਠ ਨੇ ਹਾਜ਼ਰੀ ਲੁਆਕੇ ਜਿੱਥੇ ਰੇਡੀਓ ਇੰਡੀਆ ਪ੍ਰਤੀ ਆਪਣੇ ਸਨੇਹ ਨੂੰ ਸਾਬਤ ਕਰ ਵਿਖਾਇਆ ਉੱਥੇ ਬਰੈਂਡਾ ਲੌਕ ਅਤੇ ਉਨ੍ਹਾਂ ਦੀ ਟੀਮ ਦੇ ਹੌਸਲਿਆਂ ਨੂੰ ਵੀ ਨਵੀਂ ਪ੍ਰਵਾਜ਼ ਦਿੱਤੀ । ਇੱਕ ਵੱਡੇ ਇਕੱਠ ਸਦਕਾ ਸ਼ਾਮ 6 ਵਜੇ ਤੋਂ 8 ਵਜੇ ਤੱਕ ਲਈ ਉਲੀਕੇ ਇਸ ਸਮਾਗਮ ਦੀ ਸਮਾਪਤੀ ਰਾਤ 11 ਵਜੇ ਸੰਭਵ ਹੋ ਸਕੀ। ਇਸ ਮੌਕੇ ਆਪਣੇ ਸੰਬੋਧਨ ਦੌਰਾਨ ਲਿਬਰਲ ਐਮ ਪੀ  ਸੁਖ ਧਾਲੀਵਾਲ, ਐਮ ਪੀ ਗੁਰਬਖਸ਼ ਸਿੰਘ ਸੈਣੀ ਤੇ ਸਾਬਕਾ ਐਮ ਪੀ ਗੁਰਮੰਤ ਗਰੇਵਾਲ ਨੇ ਆਪਣੇ ਸੰਬੋਧਨ ਦੌਰਾਨ ਜਿਥੇ ਸਮਾਜਿਕ ਤੇ ਰਾਜਨੀਤਕ ਖੇਤਰ ਵਿੱਚ ਨਿਭਾਈ ਧੜੱਲੇਦਾਰ ਭੂਮਿਕਾ ਲਈ ਅਦਾਰਾ ‘ਰੇਡੀਓ ਇੰਡੀਆ’ ਅਤੇ ਇਸਦੇ ਮੈਨੇਜਿੰਗ ਡਾਇਰੈਕਟਰ ਮਨਿੰਦਰ ਸਿੰਘ ਗਿੱਲ ਦੀ ਸ਼ਲਾਘਾ ਕੀਤੀ ਉਥੇ ਬਤੌਰ ਮੇਅਰ ਬਰੈਂਡਾ ਲੌਕ ਦੀ ਬੀਤੇ 4 ਸਾਲਾਂ ਦੀ ਕਾਰਗੁਜ਼ਾਰੀ ਅਤੇ ਸ਼ਹਿਰ ਦੇ ਵਿਕਾਸ ਲਈ ਕੀਤੇ ਕਾਰਜਾਂ ਦੀ ਸਰਾਹਨਾ ਕਰਦਿਆਂ ਲੋਕਾਂ ਨੂੰ ਬਰੈਂਡਾ ਲੌਕ ਵਰਗੀ ਸਖਸ਼ੀਅਤ ਨੂੰ ਮੁੜ ਮੌਕਾ ਦੇਣ ਦੀ ਅਪੀਲ ਕੀਤੀ। ਉਨ੍ਹਾਂ ਕਿਹਾ ਕਿ ਲੀਡਰ ਸਿਰਫ ਉਹੀ ਨਹੀਂ ਹੁੰਦਾ ਜੋ ਜਲਦੀ ਫੈਸਲਾ ਲੈਂਦਾ ਹੋਵੇ ਸਗੋਂ ਅਸਲ ਲੀਡਰ ਉਹ ਹੁੰਦਾ ਹੈ ਜੋ ਲੋਕ ਹਿਤ ਲਈ ਚਣੌਤੀਆਂ ਨਾਲ ਜੂਝਣ ਦਾ ਜਜ਼ਬਾ ਰੱਖਦਾ ਹੋਵੇ। ਇਸ ਮੌਕੇ ਸਾਬਕਾ ਮੰਤਰੀ ਡਾ. ਗੁਲਜ਼ਾਰ ਸਿੰਘ ਚੀਮਾ ਨੇ ਆਪਣੇ ਖ਼ਰੇ ਸੁਭਾਅ ਅਨੁਸਾਰ ਕਿਹਾ ਕਿ ਪ੍ਰਵਾਸੀ ਪੰਜਾਬੀ ਭਾਈਚਾਰੇ ਨੂੰ ਅੱਗੇ ਵਧਣ ਦੀ ਰਫ਼ਤਾਰ ਕਾਇਮ ਰੱਖਦਿਆਂ ਆਪਣੀ ਵੱਖਰੀ ਪਹਿਚਾਣ ਅਤੇ ਸਵੈਮਾਨ ਨੂੰ ਵੀ ਜਿਉਂਦਾ ਰੱਖਣ ਦੀ ਲੋੜ ਹੈ। ਉਨ੍ਹਾਂ ਮੇਅਰ ਵਜੋਂ ਬਰੈਂਡਾ ਲੌਕ ਅਤੇ ਟੀਮ ਨੂੰ ਆਪਣਾ ਸਮਰਥਨ ਦਿੰਦਿਆ ਸ਼ੁਭਕਾਮਨਾਵਾਂ ਦਿੱਤੀਆਂ। ਉਹਨਾਂ ਮੇਅਰ ਬਰੈਂਡਾ ਲੌਕ ਵਲੋਂ ਛੋਹੇ ਗਏ ਕੰਮਾਂ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਸਰੀ ਸ਼ਹਿਰ ਲਈ ਉਹ ਇਕ ਬੇਹਤਰ ਆਗੂ ਹੈ ਇਸ ਲਈ ਉਸਨੂੰ ਚਾਰ ਸਾਲ ਹੋਰ ਦੇਣ ਦੀ ਲੋੜ ਹੈ।  ਰੇਡੀਓ ਦੇ ਮੈਨਜਿੰਗ ਡਾਇਰੈਕਟਰ ਮਨਿੰਦਰ ਸਿੰਘ ਗਿੱਲ ਨੇ ਸਮਾਗਮ ਚ ਪੁੱਜੀਆਂ ਹੋਰ ਨਾਮੀ ਸਖਸ਼ੀਅਤਾਂ ਦੇ ਨਾਲ-ਨਾਲ ਮੇਅਰ ਬਰੈਂਡਾ ਲੌਕ ਤੇ ਉਨ੍ਹਾਂ ਦੀ ਸਮੁੱਚੀ ਟੀਮ ਨੂੰ ਜੀ ਆਇਆਂ ਕਹਿੰਦਿਆਂ ਹਾਜ਼ਰੀਨ ਨੂੰ ਅਪੀਲ ਕੀਤੀ ਕਿ ਪਿਛਲੇ ਚਾਰ ਸਾਲਾਂ ‘ਚ ਬਰੈਂਡਾ ਲੌਕ ਤੇ ਉਨ੍ਹਾਂ ਦੀ ਟੀਮ ਵੱਲੋਂ ਸਰੀ ਦੇ ਵਿਕਾਸ ਲਈ ਸ਼ਾਨਦਾਰ ਸੇਵਾਵਾਂ ਦੇਣ ਅਤੇ ਸ਼ਹਿਰ ਦੀ ਦਿੱਖ ਸੁਧਾਰਨ ਬਦਲੇ ਦੁਬਾਰਾ ਮੌਕਾ ਦੇਣ। ਬਰੈਂਡਾ ਲੌਕ ਨੂੰ ਆਇਰਨ ਲੇਡੀ ਦਾ ਖਿਤਾਬ ਦਿੰਦਿਆਂ ਗਿੱਲ ਨੇ ਪਿਛਲੇ ਕਰੀਬ 3 ਦਹਾਕਿਆਂ ਤੋਂ ਲਟਕਦੇ ਆ ਰਹੇ ਸਰੀ ਦੇ ਵਿਕਾਸ ਕਾਰਜ ਸਿਰੇ ਲਗਾਉਣ ਲਈ ਉਨ੍ਹਾਂ ਦਾ ਧੰਨਵਾਦ ਕੀਤਾ ਤੇ ਰੇਡੀਓ ਇੰਡੀਆ ਵੱਲੋਂ ਮੁਕੰਮਲ ਸਮਰਥਨ ਦਾ ਭਰੋਸਾ ਦਿੱਤਾ।

ਇਸ ਮੌਕੇ ਸ਼ਾਇਰ ਸੁਖਬੀਰ ਸਿੰਘ ਸੰਧੂ ਦੀ ਪੁਸਤਕ ਪਾਇਲ ਵੀ ਰੀਲੀਜ਼ ਕੀਤੀ ਗਈ। ਇਸ ਮੌਕੇ ਨੂੰ ਰੀਲੀਜ ਕਰਨ ਦੀ ਰਸਮ ਮੇਅਰ ਬਰੈਂਡਾ ਲੌਕ, ਐਮ ਪੀ ਸਾਹਿਬਾਨ,ਰੇਡੀਓ ਇੰਡੀਆ ਦੀ ਟੀਮ ਅਤੇ ਕੇਂਦਰੀ ਪੰਜਾਬੀ ਲੇਖਕ ਸਭਾ ਦੇ ਅਹੁਦੇਦਾਰਾਂ ਵਲੋਂ ਨਿਭਾਈ ਗਈ।

ਅੰਤ ਵਿੱਚ ਬਰੈਂਡਾ ਲੌਕ ਨ੍ਹੇ ਆਪਣੇ ਸੰਬੋਧਨ ਦੌਰਾਨ ਰੇਡੀਓ ਇੰਡੀਆ ਅਤੇ ਮਨਿੰਦਰ ਸਿੰਘ ਗਿੱਲ ਦਾ ਵਿਸ਼ੇਸ਼  ਧੰਨਵਾਦ ਕੀਤਾ। ਉਨ੍ਹਾਂ ਕਿਹਾ ਕਿ ਬੀਤੇ ਚਾਰ ਸਾਲਾਂ ਚ ਸਿਟੀ ਨੂੰ ਲੀਹੋਂ ਲਾਹੁਣ ਲਈ ਸਿਆਸੀ ਲੋਕਾਂ ਵੱਲੋਂ ਬਹੁਤ ਯਤਨ ਹੋਏ ਪਰ ਉਨ੍ਹਾਂ ਆਪਣੀ ਟੀਮ ਅਤੇ ਸਰੀ ਵਾਸੀਆਂ ਦੀ ਮਦਦ ਨਾਲ ਇਨ੍ਹਾਂ ਚਣੌਤੀਆਂ ਦਾ ਡਟਕੇ ਮੁਕਾਬਲਾ ਕੀਤਾ ਤੇ ਵਿਕਾਸ ਵਿੱਚ ਕੋਈ ਰੁਕਾਵਟ ਨਹੀਂ ਆਉਣ ਦਿੱਤੀ। ਉਨ੍ਹਾਂ ਸਰੀ ਵਾਸੀਆਂ ਨੂੰ ਭਰੋਸਾ ਦਿੱਤਾ ਕਿ ਉਹ ਭਵਿੱਖ ਵਿਚ ਵੀ ਸਰੀ ਦੇ ਹਿਤਾਂ ਲਈ ਪਹਿਰੇਦਾਰੀ ਕਰਦੀ ਰਹੇਗੀ। ਇਸ ਮੌਕੇ ਮਨਿੰਦਰ ਸਿੰਘ ਗਿੱਲ ਦੇ ਸੱਦੇ ਤੇ ਸਮੁੱਚੀ ਹਾਜ਼ਰੀਨ ਨੇ ਖੜ੍ਹੇ ਹੋਕੇ ਬਰੈਂਡਾ ਲੌਕ ਟੀਮ ਨੂੰ ਪੂਰਨ ਸਮਰਥਨ ਦੇਣ ਦਾ ਅਹਿਦ ਲਿਆ। ਉਹਨਾਂ ਸਮਾਗਮ ਵਿਚ ਪੁੱਜੇ ਵੱਖ ਵੱਖ ਗੁਰੁਦੁਆਰਾ ਕਮੇਟੀਆਂ, ਮੰਦਿਰ ਕਮੇਟੀ, ਕੇਂਦਰੀ ਪੰਜਾਬੀ ਲੇਖਕ ਸਭਾ ਅਤੇ ਹੋਰ ਸੰਸਥਾਵਾਂ ਦੇ ਪ੍ਰਤੀਨਿਧਾਂ ਦੇ ਸਮਾਗਮ ਵਿਚ ਸ਼ਿਰਕਤ ਕਰਨ ਅਤੇ ਮੇਅਰ ਬਰੈਂਡਾ ਨੂੰ ਸਮਰਥਨ ਦੇਣ ਲਈ ਧੰਨਵਾਦ ਕੀਤਾ। ਇਸ ਮੌਕੇ ਰੇਡੀਓ ਇੰਡੀਆ ਦੇ ਸਹਿਯੋਗੀਆਂ ਅਤੇ ਮਹਿਮਾਨਾਂ ਵਿਚ ਹੋਰਨਾਂ ਤੋਂ ਇਲਾਵਾ ਸ਼ੱਬਾ ਹੁੰਦਲ, ਬੂਟਾ ਸਿੰਘ ਢਿੱਲੋਂ, ਬਲਬੀਰ ਸਿੰਘ ਪੱਡਾ, ਬਲਬੀਰ ਸਿੰਘ ਬੋਪਾਰਾਏ, ਰਣਜੀਤ ਸਿੰਘ ਵਾਲੀਆ, ਪ੍ਰੇਮ ਸਿੰਘ ਵਿਨਿੰਗ, ਗੁਰਮੀਤ ਸਿੰਘ ਧਾਲੀਵਾਲ, ਪ੍ਰਿਤਪਾਲ ਸਿੰਘ ਗਿੱਲ, ਸੁਰਜੀਤ ਸਿੰਘ ਮਾਧੋਪੁਰੀ, ਮਨਜੀਤ ਸਿੰਘ ਬਹੁਗਨ, ਹਰਜੀਤ ਸਿੰਘ ਗਿੱਲ, ਹਰਕੀਰਤ ਸਿੰਘ ਕੁਲਾਰ, ਡਾ ਜਸਵੀਰ ਸਿੰਘ ਰੋਮਾਣਾ, ਕੁਲਵੰਤ ਸਿੰਘ ਢੇਸੀ, ਜਗਮੋਹਣ ਸਿੰਘ ਅਤੇ ਵੱਡੀ ਗਿਣਤੀ ਵਿੱਚ ਮੀਡੀਆ ਨਾਲ ਸਬੰਧਿਤ ਸ਼ਖਸ਼ੀਅਤਾਂ ਵੀ ਮੌਜੂਦ ਸਨ।

Leave a Reply

Your email address will not be published. Required fields are marked *

error: Content is protected !!