Oct 8, 2026

ਮੇਅਰ ਉਮੀਦਵਾਰ ਸੁੱਖੀ ਧਾਮੀ ਦੇ ਸਮਰਥਨ ਵਿਚ ਵਿਸ਼ਾਲ ਇਕੱਠ-

ਐਬਸਫੋਰਡ ( ਦੇ ਪ੍ਰ ਬਿ)- ਬੀਤੇ ਐਤਵਾਰ ਐਬਸਫੋਰਡ ਤੋਂ ਮੇਅਰ ਲਈ ਚੋਣ ਲੜ ਰਹੇ ਨੌਜਵਾਨ ਆਗੂ ਸੁੱਖੀ ਧਾਮੀ ਵਲੋਂ ਆਪਣੀ ਚੋਣ ਮੁਹਿੰਮ ਨੂੰ ਹੁਲਾਰਾ ਦਿੰਦਿਆਂ ਐਬਸਫੋਰਡ ਦੇ ਰਿਫਲੈਕਸ਼ਨ ਬੈਂਕੁਇਟ ਹਾਲ ਵਿਖੇ ਭਰਵੀਂ ਚੋਣ ਰੈਲੀ ਕੀਤੀ ਗਈ ਜਿਸ ਵਿਚ ਵੱਡੀ ਗਿਣਤੀ ਵਿਚ ਉਹਨਾਂ ਦਾ ਸਮਰਥਕਾਂ ਅਤੇ ਸ਼ਹਿਰ ਦੇ ਲੋਕਾਂ ਨੇ ਸ਼ਮੂਲੀਅਤ ਕੀਤੀ। ਇਸ ਮੌਕੇ ਇਕੱਠ ਨੂੰ ਸੰਬੋਧਨ ਕਰਦਿਆਂ ਸੁੱਖੀ ਧਾਮੀ ਨੇ ਸਮਾਗਮ ਵਿਚ ਪੁੱਜੀਆਂ ਅਹਿਮ ਹਸਤੀਆਂ ਅਤੇ ਸਮਰਥਕਾਂ ਦਾ ਸਵਾਗਤ ਕੀਤਾ। ਉਹਨਾਂ ਆਪਣੇ ਸੰਬੋਧਨ ਵਿਚ ਸੱਦਾ ਦਿੱਤਾ ਕਿ ਇਸ ਵਾਰ ਸਿਟੀ ਹਾਲ ਵਿਚ ਤਬਦੀਲੀ ਦਾ ਵੱਡਾ ਮੌਕਾ ਹੈ। ਸ਼ਹਿਰ ਵਾਸੀਆਂ ਨੇ ਵੇਖਿਆ ਹੈ ਕਿ ਪਿਛਲੇ ਸਮੇਂ ਦੌਰਾਨ ਸਿਟੀ ਪ੍ਰਸਾਸ਼ਨ ਨੇ ਲੋਕਾਂ ਤੋਂ ਟੈਕਸ ਤਾਂ ਇਕੱਠੇ ਕੀਤੇ ਹਨ ਪਰ ਉਹਨਾਂ ਨੂੰ ਉਹ ਸਹੂਲਤਾਂ ਨੂੰ ਦਿੱਤੀਆਂ ਜਿਸਦੇ ਉਹ ਹੱਕਦਾਰ ਹਨ। ਉਹਨਾਂ ਲੋਕਾਂ ਨੂੰ ਯਾਦ ਕਰਾਇਆ ਕਿ ਪਿਛਲੇ ਸਮੇਂ ਦੌਰਾਨ ਉਹਨਾਂ ਨੇ ਸਿਟੀ ਹਾਲ ਵਲੋਂ ਪਾਣੀ ਦੇ ਬਿੱਲਾਂ ਵਿਚ ਕੀਤੇ ਜਾ ਰਹੇ ਪ੍ਰਸਤਾਵਿਤ ਵਾਧੇ ਨੂੰ ਰੋਕਿਆ ਗਿਆ ਤੇ 231 ਮਿਲੀਅਨ ਡਾਲਰ ਬਚਾਏ ਗਏ। ਉਹਨਾਂ ਕਿਹਾ ਕਿ ਪਿਛਲੇ 15 ਸਾਲਾਂ ਤੋਂ ਸਿਟੀ ਹਾਲ ਨੇ ਲੋਕਾਂ ਦੇ ਭਖਦੇ ਮਸਲੇ ਹੱਲ ਨਹੀ ਕੀਤੇ। ਸ਼ਹਿਰ ਦੀ ਵਧਦੀ ਆਬਾਦੀ ਦੇ ਨਾਲ ਟੈਕਸ ਵਧਦੇ ਹਨ ਪਰ ਸਿਟੀ ਨੇ ਲੋਕਾਂ ਲਈ ਸਹੂਲਤਾਂ ਵਿਚ ਕੋਈ ਸੁਧਾਰ ਨਹੀ ਕੀਤਾ। ਸਾਡੇ ਭਾਈਚਾਰੇ ਦੇ ਲੋਕ ਵੱਡੀ ਗਿਣਤੀ ਵਿਚ ਟਰੱਕਿੰਗ ਇੰਡਸਟਰੀ ਵਿਚ ਹਨ। ਇਥੇ ਟਰੱਕ ਪਾਰਕਿੰਗ ਵੱਡੀ ਸਮੱਸਿਆ  ਬਣੀ ਹੋਈ ਹੈ।  ਪਾਰਕਾਂ ਵਿਚ ਬਜੁਰਗਾਂ ਲਈ ਢੁੱਕਵੇਂ ਬਾਥਰੂਮ ਅਤੇ ਸ਼ੈਲਟਰਾਂ ਦੀ ਵੱਡੀ ਘਾਟ ਹੈ। ਬੱਚਿਆਂ ਲਈ ਖੇਡ ਮੈਦਾਨਾਂ ਦਾ ਕਮੀ ਹੈ। ਸਿਟੀ ਹਾਲ ਵਿਚ ਕਾਰੋਬਾਰੀ ਲੋਕਾਂ ਦੇ ਕੰਮਾਂ ਵਿਚ ਬੇਲੋੜੀ ਦੇਰੀ ਕੀਤੀ ਜਾਂਦੀ ਹੈ। ਐਬਸਫੋਰਡ ਖੇਤੀਬਾੜੀ ਵਾਲਾ ਖੇਤਰ ਹੈ ਪਰ ਇਸ ਖੇਤਰ ਦੇ ਕਿਸਾਨਾਂ ਦੀਆਂ ਸਮੱਸਿਆਵਾਂ ਦੇ ਹੱਲ ਲਈ ਕੋਈ ਸੁਣਵਾਈ ਨਹੀ ਹੈ। ਉਹਨਾਂ ਯਾਦ ਕਰਾਇਆ ਕਿ ਐਬਸਫੋਰਡ ਸਿਟੀ ਦੇ ਮੁਕਾਬਲੇ ਦੂਸਰੇ ਗਵਾਂਡੀ ਸ਼ਹਿਰਾਂ ਵਿਚ ਵਧੇਰੇ ਤਰੱਕੀ ਹੋ ਰਹੀ ਹੈ। ਇਸਦਾ ਕਾਰਣ ਹੈ ਉਥੋਂ ਦੇ ਮੇਅਰ ਸ਼ਹਿਰ ਅਤੇ ਲੋਕਾਂ ਦੇ ਕੰਮ ਵਿਚ ਦਿਲਚਸਪੀ ਲੈਂਦੇ ਹਨ ਜਦੋਂ ਕਿ ਸਾਡੇ ਸ਼ਹਿਰ ਵਿਚ ਮੇਅਰ ਨੇ ਸਾਰਾ ਕੰਮ ਅਫਸਰਸ਼ਾਹੀ ਦੇ ਹਵਾਲੇ ਕਰ ਛੱਡਿਆ ਹੈ। ਸਿਟੀ ਕਰਮਚਾਰੀ ਆਪਣੀ ਮਨਮਰਜੀ ਕਰਦੇ ਹਨ। ਉਹਨਾਂ ਲੋਕਾਂ ਨੂੰ ਅਪੀਲ ਕੀਤੀ ਕਿ ਉਸਦਾ ਸਾਥ ਦਿਓ, ਜਿੱਤ ਉਪਰੰਤ ਸਿਟੀ ਹਾਲ ਵਿਚ ਵੱਡੇ ਸੁਧਾਰ ਕੀਤੇ ਜਾਣਗੇ। ਸ਼ਹਿਰ ਦੇ ਪਾਰਕਾਂ ਵਿਚ ਵਧੀਆ ਬਾਥਰੂਮ ਤੇ ਸ਼ੈਲਟਰ ਬਣਾਏ ਜਾਣਗੇ। ਟਰੱਕ ਪਾਰਕਿੰਗ ਦਾ ਪੱਕਾ ਹੱਲ ਕੀਤਾ ਜਾਵੇਗਾ। ਉਹਨਾਂ ਕਿਹਾ ਕਿ ਇਹ ਮੌਕਾ ਹੈ ਕਿ ਕਮਿਊਨਿਟੀ ਆਪਣਾ ਮੇਅਰ ਚੁਣੇ ਜਿਸ ਲਈ ਉਹ ਪੂਰੀ ਤਰਾਂ ਤਿਆਰ ਹਨ। ਇਸ ਮੌਕੇ ਬੀ ਸੀ ਕੰਸਰਵੇਟਿਵ ਆਗੂ ਬਰੂਸ ਬੈਨਮੈਨ ਸੰਬੋਧਨ ਕਰਦਿਆਂ ਕਿਹਾ ਕਿ ਸੁੱਖੀ ਧਾਮੀ ਉਸਦਾ ਨੇੜਲਾ ਸਾਥੀ ਤੇ ਉਸਦੇ ਭਰਾਵਾਂ ਦੇ ਸਮਾਨ ਹੈ। ਉਹ ਇਕ ਯੋਗ ਆਗੂ ਹੈ ਤੇ ਸ਼ਹਿਰ ਨੂੰ ਅਜਿਹੇ ਮੇਅਰ ਦੀ ਲੋੜ ਹੈ। ਇਸ ਮੌਕੇ ਕੌਂਸਲਰ ਉਮੀਦਵਾਰ ਜੈਗ ਸਿੱਧੂ, ਅਮਰੀਕ ਨਾਰੰਗ, ਰੂਪੀ ਕੰਡਾ, ਭਾਰਤੀ ਸੰਧੂ, ਰਾਜਵਿੰਦਰ ਸੰਧੂ, ਗੁਰਪ੍ਰੀਤ ਸਿੰਘ ਚਾਹਲ ਤੋਂ ਇਲਾਵਾ ਅਵਤਾਰ ਸਿੰਘ ਰਾਜਾ ਗਿੱਲ, ਸੋਨੀ ਸਿੱਧੂ, ਜਗਜੀਤ ਸਿੰਘ ਜੱਗੀ ਤੂਰ, ਹਰਵਿੰਦਰ ਸਿੰਘ ਤੂਰ, ਭੁਪਿੰਦਰ ਬਾਂਸਲ, ਖਾਲਸਾ ਦੀਵਾਨ ਸੁਸਾਇਟੀ ਐਬਸਫੋਰਡ ਦੇ ਪ੍ਰਧਾਨ ਰਾਜਿੰਦਰ ਸਿੰਘ ਢਿੱਲੋਂ, ਜਗਦੇਵ ਸਿੰਘ ਮੱਖਣ, ਕਲਗੀਧਰ ਦਰਬਾਰ ਦੇ ਪ੍ਰਧਾਨ ਗੁਰਜੀਤ ਸਿੰਘ, ਬਾਜ ਸਿੰਘ ਸਿੰਘ, ਗੁਰਦੇਵ ਬਰਾੜ, ਪੌਲ ਗਿੱਲ, ਜੋਧਾ ਚੱਕਰ, ਸਤਨਾਮ ਸਿੰਘ ਗਿੱਲ, ਕਸ਼ਮੀਰ ਸਿੰਘ ਧਾਲੀਵਾਲ, ਉਘਾ ਗਾਇਕ ਲੱਖਾ, ਵਿਨੇ ਵੜੈਚ, ਸ੍ਰੀਕਾਂਤ,  ਤੇ ਹੋਰ ਕਈ ਉਘੀਆਂ ਹਸਤੀਆਂ ਹਾਜ਼ਰ ਸਨ। ਆਏ ਮਹਿਮਾਨਾਂ ਤੇ ਪਤਵੰਤੇ ਸੱਜਣਾਂ ਦਾ ਮੇਅਰ ਉਮੀਦਵਾਰ ਸੁੱਖੀ ਧਾਮੀ ਦੇ ਨਾਲ ਉਹਨਾਂ ਦੇ ਪਿਤਾ ਸ ਗੁਰਮੇਲ ਸਿੰਘ ਧਾਮੀ ਨੇ ਨਿੱਘਾ ਸਵਾਗਤ ਤੇ ਧੰਨਵਾਦ ਕੀਤਾ।

Leave a Reply

Your email address will not be published. Required fields are marked *