Oct 21, 2026

ਸਰੀ ( ਦੇ ਪ੍ਰ ਬਿ)- ਸਰੀ ਸਿਟੀ ਕੌਂਸਲ ਲਈ ਸਰੀ ਫਸਟ ਟੀਮ ਵਲੋਂ ਕੌਂਸਲਰ ਉਮੀਦਵਾਰ ਗਗਨ ਨਾਹਲ ਦੀ ਚੋਣ ਮੁਹਿੰਮ ਨੂੰ ਭਰਵਾਂ ਹੁੰਗਾਰਾ ਮਿਲ ਰਿਹਾ ਹੈ। ਉਹਨਾਂ ਦੀ ਚੋਣ ਮੁਹਿੰਮ ਵਿਚ ਸ਼ਾਮਿਲ ਉਘੇ ਬਿਜਨਸਮੈਨ ਕ੍ਰਿਪਾਲ ਸਿੰਘ ਮਾਂਗਟ ਨੇ ਦੇਸ਼ ਪ੍ਰਦੇਸ ਟਾਈਮਜ਼ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਗਗਨ ਨਾਹਲ ਜੋ ਕਿ ਪੇਸ਼ੇ ਤੋਂ ਵਕੀਲ ਹੈ, ਸਰੀ ਦਾ ਜੰਮਪਲ ਹੋਣ ਕਾਰਣ ਸਰੀ ਦੀਆਂ ਬੁਨਿਆਦੀ ਸਮੱਸਿਆਵਾਂ ਅਤੇ ਲੋੜਾਂ ਬਾਰੇ ਭਲੀ ਭਾਂਤ ਜਾਣਦਾ ਹੈ। ਉਹ ਸਰੀ ਦੇ ਲੋਕਾਂ ਦੀ ਸਮਰਪਣ ਭਾਵਨਾ ਨਾਲ ਸੇਵਾ ਕਰਨ ਅਤੇ ਸ਼ਹਿਰ ਦੇ ਸਰਬਪੱਖੀ ਵਿਕਾਸ ਦੇ ਨਾਲ ਸਿਟੀ ਹਾਲ ਵਿਚ ਯੋਗ ਪ੍ਰਤੀਨਿਧਤਾ ਲਈ ਆਪਣੇ ਲੋਕਾਂ ਦੀ ਵੋਟ ਦਾ ਹੱਕਦਾਰ ਹੈ। ਗਗਨ ਨਾਹਲ ਦੀ ਚੋਣ ਮੁਹਿੰਮ ਦੀ ਜਿੰਮੇਵਾਰੀ ਸੰਭਾਲ ਰਹੇ ਸੁਰਿੰਦਰਪਾਲ ਸਿੰਘ ਸੀ ਆਰ ਨੇ ਦੱਸਿਆ ਕਿ ਗਗਨ ਨਾਹਲ ਦੀ ਚੋਣ ਮੁਹਿੰਮ ਨੂੰ ਹੁੰਗਾਰਾ ਬਹੁਤ ਹੀ ਉਤਸ਼ਾਹਜਨਕ ਹੈ। ਇਸੇ ਦੌਰਾਨ ਗਗਨ ਨਾਹਲ ਨੇ ਸ਼ਹਿਰ ਪ੍ਰਤੀ ਸਰੀ ਫਸਟ ਦੀ ਆਗੂ ਲਿੰਡਾ ਐਨਿਸ ਦੀ ਸੋਚ ਅਤੇ ਪ੍ਰੋਗਰਾਮਾਂ ਨੂੰ ਸਾਰੀਆਂ ਸਲੇਟਾਂ ਤੋਂ ਬੇਹਤਰ ਦੱਸਿਆ। ਉਹਨਾਂ ਕਿਹਾ ਕਿ ਲਿੰਡਾ ਐਨਿਸ ਪਿਛਲੇ ਲੰਬੇ ਸਮੇਂ ਤੋਂ ਸ਼ਹਿਰ ਦੀ ਕੌਸਲਰ ਹੋਣ ਦੇ ਨਾਲ ਗੈਂਗ ਵਿਰੋਧੀ ਸੰਸਥਾ ਦੀ ਅਗਵਾਈ ਕਰਦਿਆਂ ਜਾਣਦੀ ਹੈ ਕਿ ਸ਼ਹਿਰ ਚੋਂ  ਅਪਰਾਧ ਮੁਕਤ ਕਿਵੇਂ ਕੀਤਾ ਜਾ ਸਕਦਾ ਹੈ। ਉਹਨਾਂ ਵੋਟਰਾਂ ਨੂੰ ਮੇਅਰ ਲਈ ਲਿੰਡਾ ਐਨਿਸ ਤੇ ਸਰੀ ਫਸਟੇ ਦੇ ਹੋਰ ਉਮੀਦਵਾਰਾਂ ਨੂੰ ਜਿਤਾਉਣ ਦੀ ਅਪੀਲ ਕੀਤੀ। ਇਸ ਮੌਕੇ ਉਹਨਾਂ ਨਾਲ ਸਕੂਲ ਟਰੱਸਟੀ ਲਈ ਉਮੀਦਵਾਰ ਗੁਰਲੀਨ ਚਾਹਲ ਵੀ ਹਾਜ਼ਰ ਸੀ। ਜ਼ਿਕਰਯੋਗ ਹੈ ਕਿ ਗੁਰਲੀਨ ਚਾਹਲ ਸਭ ਤੋਂ ਛੋਟੀ ਕੇਵਲ 19 ਸਾਲ ਦੀ ਉਮਰ ਵਿਚ ਸਕੂਲ ਟਰੱਸਟੀ ਦੀ ਚੋਣ ਲੜਨ ਵਾਲੀ ਮੁਟਿਆਰ ਹੈ। ਉਹ ਪੰਜਾਬ ਦੇ ਜਿਲਾ ਅੰਮ੍ਰਿਤਸਰ ਦੇ ਕਸਬਾ ਰਈਆ ਨਾਲ ਸਬੰਧਿਤ ਮਾਤਾ-ਪਿਤਾ ਦੀ ਧੀ ਹੈ।

Leave a Reply

Your email address will not be published. Required fields are marked *