ਵਿੰਨੀਪੈਗ ( ਸੁਰਿੰਦਰ ਮਾਵੀ)-ਕੈਨੇਡਾ ਸਰਕਾਰ ਵੱਲੋਂ ਜਾਰੀ ਕੀਤੇ ਗਏ “2026-2028 ਦੇ ਇਮੀਗ੍ਰੇਸ਼ਨ ਲੇਵਲਜ਼ ਪਲਾਨ ਦੀ ਪੂਰਕ ਜਾਣਕਾਰੀ” ਨੇ ਸਪਸ਼ਟ ਕਰ ਦਿੱਤਾ ਹੈ ਕਿ ਕੈਨੇਡਾ ਹੁਣ ਖੁੱਲ੍ਹੇ ਦਰਵਾਜ਼ਿਆਂ ਦੀ ਨੀਤੀ ਤੋਂ ਹਟ ਕੇ ਇੱਕ ਸੰਤੁਲਿਤ ਅਤੇ ਕਾਬੂ ਹੇਠਲੇ ਸਿਸਟਮ ਵੱਲ ਵਧ ਰਿਹਾ ਹੈ। ਸਰਕਾਰ ਦਾ ਉਦੇਸ਼ ਪੱਕੀ ਰਿਹਾਇਸ਼ (PR) ਦੇ ਦਾਖ਼ਲਿਆਂ ਨੂੰ ਸਥਿਰ ਰੱਖਣਾ, ਅਸਥਾਈ ਵਸਨੀਕਾਂ ਦੀ ਗਿਣਤੀ ਘਟਾਉਣਾ ਅਤੇ ਦੇਸ਼ ਦੀਆਂ ਆਰਥਿਕ ਲੋੜਾਂ ਅਨੁਸਾਰ ਹੁਨਰਮੰਦ ਕਾਮਿਆਂ ਨੂੰ ਤਰਜੀਹ ਦੇਣਾ ਹੈ।
ਇਸ ਨੀਤੀਗਤ ਤਬਦੀਲੀ ਪਿੱਛੇ ਕਈ ਆਰਥਿਕ ਅਤੇ ਸਮਾਜਿਕ ਕਾਰਕ ਹਨ। ਪਿਛਲੇ ਕੁਝ ਸਾਲਾਂ ਦੌਰਾਨ ਕੈਨੇਡਾ ਦੇ ਕਈ ਸ਼ਹਿਰਾਂ ਵਿੱਚ ਮਕਾਨਾਂ ਦੀ ਘਾਟ, ਕਿਰਾਏ ਵਿੱਚ ਵਾਧਾ, ਸਿਹਤ ਸੇਵਾਵਾਂ ਤੱਕ ਪਹੁੰਚ ਅਤੇ ਬੁਨਿਆਦੀ ਢਾਂਚੇ ਦੀ ਸਮਰੱਥਾ ਬਾਰੇ ਚਿੰਤਾਵਾਂ ਵਧੀਆਂ ਹਨ। ਇਸ ਪਿਛੋਕੜ ਵਿੱਚ ਸਰਕਾਰ ਲਈ ਇੱਕ ਵੱਡੀ ਚੁਣੌਤੀ ਇਹ ਹੈ ਕਿ ਉਹ ਇਮੀਗ੍ਰੇਸ਼ਨ ਰਾਹੀਂ ਅਰਥਚਾਰੇ ਦੀਆਂ ਲੋੜਾਂ ਪੂਰੀਆਂ ਕਰੇ, ਪਰ ਨਾਲ ਹੀ ਰਿਹਾਇਸ਼, ਜਨਤਕ ਸੇਵਾਵਾਂ ਅਤੇ ਰੁਜ਼ਗਾਰ ਬਾਜ਼ਾਰ ’ਤੇ ਪੈ ਰਹੇ ਦਬਾਅ ਨੂੰ ਵੀ ਸੰਭਾਲੇ। ਹਾਲਾਂਕਿ ਮਕਾਨਾਂ ਦੀ ਘਾਟ ਜਾਂ ਸਿਹਤ ਸੇਵਾਵਾਂ ’ਤੇ ਦਬਾਅ ਨੂੰ ਸਿਰਫ਼ ਇਮੀਗ੍ਰੇਸ਼ਨ ਨਾਲ ਜੋੜਨਾ ਸਹੀ ਨਹੀਂ ਹੋਵੇਗਾ।
ਪੀ ਆਰ ਅਤੇ ਨਵੇਂ ਦਾਖ਼ਲਿਆਂ ਦੇ ਕੀ ਹਨ ਟੀਚੇ?
ਯੋਜਨਾ ਮੁਤਾਬਕ 2026, 2027 ਅਤੇ 2028 ਵਿੱਚ ਹਰ ਸਾਲ 3,80,000 ਨਵੇਂ ਸਥਾਈ ਨਿਵਾਸੀਆਂ ਨੂੰ ਦਾਖ਼ਲਾ ਦੇਣ ਦਾ ਟੀਚਾ ਹੈ। ਇਸ ਦੀ ਨਿਰਧਾਰਿਤ ਹੱਦ 3,50,000 ਤੋਂ 4,20,000 ਤੱਕ ਹੈ। ਦੂਜੇ ਪਾਸੇ, ਅਸਥਾਈ ਕਾਮਿਆਂ ਅਤੇ ਕੌਮਾਂਤਰੀ ਵਿਦਿਆਰਥੀਆਂ ਦੀ ਨਵੀਂ ਆਮਦ ਦਾ ਟੀਚਾ 2026 ਵਿੱਚ 3,85,000 ਤੋਂ ਘਟਾ ਕੇ 2027 ਅਤੇ 2028 ਵਿੱਚ 3,70,000 ਸਾਲਾਨਾ ਕਰਨ ਦੀ ਯੋਜਨਾ ਹੈ। ਸਰਕਾਰ 2027 ਦੇ ਅੰਤ ਤੱਕ ਅਸਥਾਈ ਵਸਨੀਕਾਂ ਦੀ ਗਿਣਤੀ ਕੁੱਲ ਆਬਾਦੀ ਦੇ ਪੰਜ ਫ਼ੀਸਦੀ ਤੋਂ ਹੇਠਾਂ ਲਿਆਉਣਾ ਚਾਹੁੰਦੀ ਹੈ।
ਆਰਥਿਕ ਸ਼੍ਰੇਣੀ ਤਹਿਤ 2026 ਵਿੱਚ 2,39,800 ਦਾਖ਼ਲਿਆਂ ਦਾ ਟੀਚਾ ਰੱਖਿਆ ਗਿਆ ਹੈ, ਜਦਕਿ 2027 ਅਤੇ 2028 ਲਈ ਇਹ ਗਿਣਤੀ 2,44,700 ਸਾਲਾਨਾ ਹੈ। ਫੈਡਰਲ ਹਾਈ-ਸਕਿਲਡ ਸ਼੍ਰੇਣੀ ਲਈ 1,09,000 ਅਤੇ ਪ੍ਰੋਵਿੰਸ਼ੀਅਲ ਨੋਮੀਨੀ ਪ੍ਰੋਗਰਾਮ (PNP) ਲਈ 91,500 ਦਾਖ਼ਲਿਆਂ ਦਾ ਟੀਚਾ ਦਿੱਤਾ ਗਿਆ ਹੈ। 2027 ਅਤੇ 2028 ਵਿੱਚ ਪੀ.ਆਰ. ਦਾਖ਼ਲਿਆਂ ਦਾ 64 ਫ਼ੀਸਦੀ ਆਰਥਿਕ ਸ਼੍ਰੇਣੀ ਰਾਹੀਂ ਕਰਨ ਦਾ ਟੀਚਾ ਵੀ ਇਸੇ ਰਣਨੀਤੀ ਦਾ ਹਿੱਸਾ ਹੈ।
ਭਾਰਤੀ ਹੁਨਰਮੰਦਾਂ ਅਤੇ ਕੈਨੇਡਾ ‘ਚ ਪਹਿਲਾਂ ਤੋਂ ਰਹਿ ਰਹੇ ਲੋਕਾਂ ਲਈ ਕੀ ਹੈ ਖ਼ਾਸ?
ਸਰਕਾਰ 2026 ਅਤੇ 2027 ਦੌਰਾਨ 33,000 ਤੱਕ ਅਸਥਾਈ ਕਾਮਿਆਂ ਨੂੰ ਪੀ.ਆਰ. ਦੇਣ ਦੀ ਯੋਜਨਾ ਬਣਾ ਰਹੀ ਹੈ। ਇਸ ਤੋਂ ਇਲਾਵਾ ਲਗਪਗ 1,15,000 ਸੁਰੱਖਿਅਤ ਦਰਜੇ ਵਾਲੇ ਵਿਅਕਤੀਆਂ ਨੂੰ ਪੱਕੀ ਰਿਹਾਇਸ਼ ਦੇਣ ਦੀ ਪ੍ਰਕਿਰਿਆ ਅੱਗੇ ਵਧਾਉਣ ਦਾ ਟੀਚਾ ਹੈ। ਹਾਲਾਂਕਿ, ਇਹ ਪਹਿਲਾਂ ਤੋਂ ਕੈਨੇਡਾ ਵਿੱਚ ਮੌਜੂਦ ਹਰ ਕਾਮੇ ਲਈ ਖੁੱਲ੍ਹੀ ਯੋਜਨਾ ਨਹੀਂ ਹੈ; ਯੋਗਤਾ ਅਤੇ ਚੋਣ ਦੇ ਮਾਪਦੰਡ ਲਾਗੂ ਹੋਣਗੇ। ਸ਼ਰਨਾਰਥੀਆਂ ਅਤੇ ਸੁਰੱਖਿਅਤ ਵਿਅਕਤੀਆਂ ਲਈ ਸਾਲਾਨਾ 49,300 ਦਾਖ਼ਲਿਆਂ ਦੀ ਯੋਜਨਾ ਹੈ। ਨਵੀਂ ਨੀਤੀ ਦਾ ਇੱਕ ਮਹੱਤਵਪੂਰਨ ਪੱਖ ਉਨ੍ਹਾਂ ਅਸਥਾਈ ਕਾਮਿਆਂ ਨੂੰ ਪੱਕੀ ਰਿਹਾਇਸ਼ ਦੇਣ ’ਤੇ ਧਿਆਨ ਕੇਂਦਰਿਤ ਕਰਨਾ ਹੈ, ਜੋ ਪਹਿਲਾਂ ਹੀ ਕੈਨੇਡਾ ਵਿੱਚ ਰਹਿ ਰਹੇ ਹਨ ਅਤੇ ਇੱਥੋਂ ਦੀ ਆਰਥਿਕਤਾ ਵਿੱਚ ਯੋਗਦਾਨ ਪਾ ਰਹੇ ਹਨ।
ਫਰੈਂਚ ਭਾਸ਼ਾ ਜਾਣਨ ਵਾਲਿਆਂ ਲਈ ਲਾਭ
ਕਿਉਬਿਕ ਤੋਂ ਬਾਹਰ ਫਰੈਂਚ ਬੋਲਣ ਵਾਲੇ ਸਥਾਈ ਨਿਵਾਸੀਆਂ ਦਾ ਟੀਚਾ 2026 ਵਿੱਚ 9 ਫ਼ੀਸਦੀ, 2027 ਵਿੱਚ 9.5 ਫ਼ੀਸਦੀ ਅਤੇ 2028 ਵਿੱਚ 10.5 ਫ਼ੀਸਦੀ ਰੱਖਿਆ ਗਿਆ ਹੈ। ਇਸ ਦਾ ਉਦੇਸ਼ ਫਰੈਂਚ-ਭਾਸ਼ੀ ਭਾਈਚਾਰਿਆਂ ਨੂੰ ਮਜ਼ਬੂਤ ਕਰਨਾ ਹੈ। ਕੈਨੇਡਾ ਇਮੀਗ੍ਰੇਸ਼ਨ ਬੰਦ ਨਹੀਂ ਕਰ ਰਿਹਾ, ਸਗੋਂ ਇਸ ਦੀ ਰਫ਼ਤਾਰ ਅਤੇ ਤਰਜੀਹਾਂ ਬਦਲ ਰਿਹਾ ਹੈ। ਨਵੀਂ ਨੀਤੀ ਕੁਝ ਯੋਗ ਕਾਮਿਆਂ ਲਈ ਮੌਕੇ ਪੈਦਾ ਕਰ ਸਕਦੀ ਹੈ, ਪਰ ਕੌਮਾਂਤਰੀ ਵਿਦਿਆਰਥੀਆਂ ਅਤੇ ਨਵੇਂ ਬਿਨੈਕਾਰਾਂ ਲਈ ਮੁਕਾਬਲਾ ਵਧ ਸਕਦਾ ਹੈ। ਪੀ.ਆਰ. ਦਾ ਟੀਚਾ ਕਿਸੇ ਵਿਅਕਤੀ ਦੀ ਅਰਜ਼ੀ ਮਨਜ਼ੂਰ ਹੋਣ ਦੀ ਗਾਰੰਟੀ ਨਹੀਂ ਹੈ। ਅੰਤਿਮ ਨਤੀਜਾ ਸਬੰਧਿਤ ਪ੍ਰੋਗਰਾਮ ਦੀ ਯੋਗਤਾ ਅਤੇ ਸਰਕਾਰੀ ਨਿਯਮਾਂ ’ਤੇ ਨਿਰਭਰ ਕਰੇਗਾ।
