Oct 14, 2026

ਕਾਮਾਗਾਟਾ ਮਾਰੂ ਦੁਖਾਂਤ ਦੀ ਯਾਦ ਨੂੰ ਜਿਊਂਦਾ ਰੱਖਣ ਅਤੇ ਭਾਈਚਾਰਕ ਸੇਵਾਵਾਂ ਲਈ ਜਾਣੇ ਜਾਂਦੇ ਹਨ ਸਾਹਿਬ ਥਿੰਦ-

ਸਰੀ, ਟੋਰਾਂਟੋ (ਬਲਜਿੰਦਰ ਸੇਖਾ):- ਬ੍ਰਿਟਿਸ਼ ਕੋਲੰਬੀਆ ਦੀ ਨਿਊ ਡੈਮੋਕ੍ਰੈਟਿਕ ਪਾਰਟੀ (ਬੀ.ਸੀ. ਐਨ.ਡੀ.ਪੀ.) ਨੇ ਸਾਹਿਬ ਥਿੰਦ ਨੂੰ ਸਰੀ ਨੌਰਥ ਹਲਕੇ ਤੋਂ ਆਪਣਾ ਉਮੀਦਵਾਰ ਐਲਾਨਿਆ ਹੈ।

ਪੰਜਾਬ ਦੇ ਜਿਲਾ ਕਪੂਰਥਲਾ ਤੇ ਸੁਲਤਾਨਪੁਰ ਲੋਧੀ ਖੇਤਰ ਨਾਲ ਸਬੰਧਿਤ ਸਾਹਿਬ ਥਿੰਦ ਪਿਛਲੇ 40 ਸਾਲ ਤੋਂ ਸਰੀ ਦੇ ਵਸਨੀਕ ਹਨ। ਇਥੇ  ਪੰਜਾਬੀ ਭਾਈਚਾਰੇ ਵਿੱਚ ਗ਼ਦਰੀ ਬਾਬਿਆਂ ਦੇ ਮੇਲੇ ਅਤੇ ਕਾਮਾਗਾਟਾ ਮਾਰੂ ਦੁਖਾਂਤ ਨਾਲ ਜੁੜੇ ਇਤਿਹਾਸਕ ਮੁੱਦਿਆਂ ਨੂੰ ਉਭਾਰਨ ਲਈ ਉਹਨਾਂ ਦੀ ਆਪਣੀ ਇਕ ਅਲਗ ਪਹਿਚਾਣ ਹੈ।

ਉਹ ਪ੍ਰੋਫੈਸਰ ਮੋਹਨ ਸਿੰਘ ਮੈਮੋਰੀਅਲ ਫਾਊਂਡੇਸ਼ਨ ਦੇ ਸੰਸਥਾਪਕ ਅਤੇ ਪ੍ਰਧਾਨ ਹਨ। ਇਹ ਸੰਸਥਾ ਕਾਮਾਗਾਟਾ ਮਾਰੂ ਦੁਖਾਂਤ ਨੂੰ ਇਤਿਹਾਸਕ ਮਾਨਤਾ ਦਿਵਾਉਣ ਅਤੇ ਇਸ ਘਟਨਾ ਨਾਲ ਜੁੜੇ ਇਨਸਾਫ਼ ਦੇ ਮੁੱਦੇ ਨੂੰ ਉਭਾਰਨ ਲਈ ਸਰਗਰਮ ਰਹੀ ਹੈ। ਫਾਊਂਡੇਸ਼ਨ ਵੱਲੋਂ ਸਰੀ ਦੇ ਬੇਅਰ ਕਰੀਕ ਪਾਰਕ ਵਿੱਚ ਹਰ ਸਾਲ ਗ਼ਦਰੀ ਬਾਬਿਆਂ ਦੀ ਯਾਦ ਵਿੱਚ ਮੇਲਾ ਵੀ ਕਰਵਾਇਆ ਜਾਂਦਾ ਹੈ, ਜਿਸ ਵਿੱਚ ਵੱਡੀ ਗਿਣਤੀ ਵਿੱਚ ਲੋਕ ਸ਼ਮੂਲੀਅਤ ਕਰਦੇ ਹਨ।

ਭਾਈਚਾਰਕ ਸੇਵਾਵਾਂ ਅਤੇ ਮਨੁੱਖੀ ਤੇ ਨਾਗਰਿਕ ਅਧਿਕਾਰਾਂ ਲਈ ਪਾਏ ਯੋਗਦਾਨ ਦੇ ਸਨਮਾਨ ਵਜੋਂ ਸਾਹਿਬ ਥਿੰਦ ਨੂੰ ਸਾਲ 2017 ਵਿੱਚ ਬ੍ਰਿਟਿਸ਼ ਕੋਲੰਬੀਆ ਦੇ ‘ਮੈਡਲ ਆਫ਼ ਗੁੱਡ ਸਿਟੀਜ਼ਨ’ ਨਾਲ ਸਨਮਾਨਿਤ ਕੀਤਾ ਗਿਆ ਸੀ। ਉਸਾਰੀ ਖੇਤਰ ਵਿੱਚ ਲੰਮਾ ਸਮਾਂ ਕੰਮ ਕਰਨ ਤੋਂ ਬਾਅਦ ਉਹ ਹੁਣ ਅਰਧ-ਸੇਵਾਮੁਕਤ ਹਨ। ਸਾਹਿਬ ਥਿੰਦ ਨੇ ਕਿਹਾ ਹੈ ਕਿ ਉਹ ਬੀ.ਸੀ. ਐਨ.ਡੀ.ਪੀ. ਨਾਲ ਮਿਲ ਕੇ ਅਜਿਹੇ ਭਾਈਚਾਰੇ ਦੀ ਉਸਾਰੀ ਲਈ ਕੰਮ ਕਰਨਾ ਚਾਹੁੰਦੇ ਹਨ, ਜਿੱਥੇ ਹਰ ਵਰਗ ਦੇ ਲੋਕਾਂ ਦੀ ਆਵਾਜ਼ ਸੁਣੀ ਜਾਵੇ ਅਤੇ ਪਰਿਵਾਰਾਂ ਨੂੰ ਬਿਹਤਰ ਜੀਵਨ ਬਤੀਤ ਕਰਨ ਦੇ ਮੌਕੇ ਮਿਲਣ।

ਸਰੀ ਨੌਰਥ ਤੋਂ ਉਮੀਦਵਾਰ ਵਜੋਂ ਉਨ੍ਹਾਂ ਦੀ ਇਹ ਚੋਣ ਸੂਬਾਈ ਰਾਜਨੀਤੀ ਵਿੱਚ ਪਹਿਲੀ ਚੋਣ ਹੋਵੇਗੀ। ਉਨ੍ਹਾਂ ਦੀ ਉਮੀਦਵਾਰੀ ਨਾਲ ਪੰਜਾਬੀ ਭਾਈਚਾਰੇ ਦੀਆਂ ਇਤਿਹਾਸਕ, ਸਮਾਜਿਕ ਅਤੇ ਭਾਈਚਾਰਕ ਸਰਗਰਮੀਆਂ ਨਾਲ ਜੁੜੀ ਇੱਕ ਜਾਣੀ-ਪਛਾਣੀ ਸ਼ਖ਼ਸੀਅਤ ਹੁਣ ਚੋਣ ਮੈਦਾਨ ਵਿੱਚ ਹੈ।

Leave a Reply

Your email address will not be published. Required fields are marked *