ਵਿਕਟੋਰੀਆ-ਬੀਸੀ ਦੇ ਐਨਡੀਪੀ ਨੇਤਾ ਡੇਵਿਡ ਈਬੀ ਦੇ ਪਰਿਵਾਰ ਨੇ ਸਬਸਿਡੀ ਵਾਲੇ ਬਾਲ ਸੰਭਾਲ ਪ੍ਰੋਗਰਾਮ ਦਾ ਲਾਭ ਲਿਆ ਜਿਸ ਨੂੰ ਵਿਰੋਧੀ ਧਿਰ ਕੰਸਰਵੇਟਿਵ ਨੇ ਹੈਰਾਨ ਕਰਨ ਵਾਲੀ ਕਾਰਵਾਈ ਕਰਾਰ ਦਿੱਤਾ ਹੈ। ਈਬੀ ਸੂਬੇ ਦੇ 10 ਡਾਲਰ ਪ੍ਰਤੀ ਦਿਨ ਬਾਲ-ਸੰਭਾਲ ਪ੍ਰੋਗਰਾਮ ਵਿਚ ਆਪਣੇ ਪਰਿਵਾਰ ਦੀ ਸ਼ਮੂਲੀਅਤ ਦਾ ਬਚਾਅ ਕਰ ਰਹੇ ਹਨ। ਕੰਸਰਵੇਟਿਵ ਈਬੀ ਦੀ ਆਲੋਚਨਾ ਕਰ ਰਹੇ ਹਨ ਜਿਨ੍ਹਾਂ ਦਾ ਕਹਿਣਾ ਕਿ ਉਨ੍ਹਾਂ ਦੇ ਖਾਂਦੇ ਪੀਂਦੇ ਪਰਿਵਾਰ ਨੂੰ ਪ੍ਰੋਗਰਾਮ ਦਾ ਲਾਭ ਨਹੀਂ ਲੈਣਾ ਚਾਹੀਦਾ ਹੈ ਕਿਉਂਕਿ ਇਹ ਪ੍ਰੋਗਰਾਮ ਘੱਟ ਆਮਦਨ ਵਾਲੇ ਕਈ ਪਰਿਵਾਰਾਂ ਲਈ ਉਪਲਬਧ ਨਹੀਂ। ਈਬੀ ਨੇ ਐਕਸ ’ਤੇ ਪਾਈ ਪੋਸਟ ਵਿਚ ਲਿਖਿਆ ਇਕ ਉਨ੍ਹਾਂ ਦਾ ਇਕ ਬੱਚਾ ਪਹਿਲਾਂ ਹੀ ਬਾਲ ਸੰਭਾਲ ਸੈਂਟਰ ਵਿਚ ਜਾ ਰਿਹਾ ਹੈ ਜਿਸ ਨੂੰ ਬਾਅਦ ਵਿਚ 10 ਡਾਲਰ ਪ੍ਰਤੀ ਦਿਨ ਵਾਲੀ ਥਾਂ ਵਜੋਂ ਨਾਮਜ਼ਦ ਕੀਤਾ ਗਿਆ ਸੀ। ਐਨਡੀਪੀ ਨੇਤਾ ਨੇ ਕਿਹਾ ਕਿ ਜਦੋਂ ਇਸ ਸੈਂਟਰ ਨੂੰ ਨਾਮਜ਼ਦ ਕੀਤਾ ਗਿਆ ਤਾਂ ਅਸੀਂ ਪਰਿਵਾਰਕ ਤੌਰ ’ਤੇ ਫ਼ੈਸਲਾ ਕੀਤਾ ਕਿ ਅਸੀਂ ਉਸ ਬਿਹਤਰੀਨ ਕੇਂਦਰ ਨੂੰ ਕੁਝ ਦਾਨ ਦੇਵਾਂਗੇ। ਵੈਨਕੂਵਰ-ਯਾਲੇਟਾਉਨ ਤੋਂ ਬੀਸੀ ਕੰਸਰਵੇਟਿਵ ਉਮੀਦਵਾਰ ਮਾਰਗ੍ਰੇਟ ਡੋਵਗਲ ਨੇ ਕਿਹਾ ਕਿ ਇਹ ਸੁਣ ਕੇ ਹੈਰਾਨੀ ਹੋਈ ਕਿ ਜਦੋਂ ਹਜ਼ਾਰਾਂ ਬਿ੍ਰਟਿਸ਼ ਕੋਲੰਬੀਆ ਵਾਸੀ ਦੇਸ਼ ਵਿਚ ਬਹੁਤ ਹੀ ਮਹਿੰਗੀ ਬਾਲ ਦੇਖਭਾਲ ਲਈ ਸੰਘਰਸ਼ ਕਰ ਰਹੇ ਹਨ ਤਾਂ ਈਬੀ ਦੇ ਪਰਿਵਾਰ ਨੂੰ 10 ਡਾਲਰ ਪ੍ਰਤੀ ਦਿਨ ਵਾਲੀ ਸਸਤੀ ਚਾਈਲਡ ਕੇਅਰ ਸਹੂਲਤ ਮਿਲ ਗਈ।
