Oct 20, 2026

ਨਸ਼ੇ ਰੋਕਣ ਲਈ ਕੱਸਿਆ, ਸੀ ਜਿਸ ਲੰਗੋਟਾ।
ਆਖਰ ਕੁਰਬਾਨੀ ਕਰ ਗਿਆ,ਪਰਵਿੰਦਰ ਝੋਟਾ।

ਸ਼ਰੇਆਮ ਹੈ ਵਿਕ ਰਿਹਾ,ਹੁਣ ਪਿੰਡ ਪਿੰਡ ਚਿੱਟਾ।
ਮੰਦੜਾ ਹਾਲ ਪੰਜਾਬ ਦਾ,ਉਹਤੋਂ ਗਿਆ ਨਾ ਡਿੱਠਾ।
ਨਾਲ ਸਰਿੰਜਾਂ ਵਿਨਿੰਆਂ,ਪਿਆ ਪੋਟਾ-ਪੋਟਾ।
ਆਖਰ ਕੁਰਬਾਨੀ ਕਰ ਗਿਆ,ਪਰਵਿੰਦਰ ਝੋਟਾ।

ਵੱਸਦੇ ਘਰ ਉਜਾੜ ‘ਤੇ, ਇਨ੍ਹਾਂ ਤਸਕਰ ਲੋਕਾਂ।
ਰੱਤ ਪੰਜਾਬ ਦਾ ਪੀਗੀਆਂ, ਇਹ ਸਿਆਸੀ ਜੋਕਾਂ।
ਨਸ਼ੇ ਤੋਂ ‘ਕੱਠਾ ਕਰ ਲਿਆ,ਇਨ੍ਹਾਂ ਪੈਸਾ ਮੋਟਾ।
ਆਖਰ ਕੁਰਬਾਨੀ ਕਰ ਗਿਆ,ਪਰਵਿੰਦਰ ਝੋਟਾ।

ਬਾਗ਼ ਕਮਾਈ ਕੂੜ ਦੀ, ਦਾ ਖੂਬ ਸੀ ਫਲਿਆ।
ਬੜਾ ਸਮਾਇਆ ਅਸ਼ਵਨੀ,ਪਰ ਨਾ ਉਹ ਟਲਿਆ।
ਨਾ ਟਲਿਆ ਕਰਤੂਤ ਤੋਂ,ਉਹ ਦਿਲ ਦਾ ਖੋਟਾ।
ਆਖਰ ਕੁਰਬਾਨੀ ਕਰ ਗਿਆ,ਪਰਵਿੰਦਰ ਝੋਟਾ।

ਸੋਹਣੇ ਵਤਨ ਪੰਜਾਬ ਲਈ,ਹਿੱਕ ਤਾਣ ਕੇ ਖੜਿਆ।
ਨਾ ਝੁਕਿਆ,ਨਾ ਰੁਕਿਆ,ਆਖਰ ਤੱਕ ਲੜਿਆ।
ਪੰਜਾਬ ਦੇ ਲੇਖੇ ਲਾ ਗਿਆ, ਜ਼ਿੰਦਗੀ ਦਾ ਕੋਟਾ।
ਆਖਰ ਕੁਰਬਾਨੀ ਕਰ ਗਿਆ,ਪਰਵਿੰਦਰ ਝੋਟਾ।

ਪਿਛਲੇ ਪਹਿਰੇ ਮਾਪਿਆਂ ਦਾ,ਉਹ ਸੀ ਸਹਾਰਾ।
ਨਾ ਬੱਚਿਆਂ ਬਾਰੇ ਸੋਚਿਆ,ਕਰ ਦਿੱਤਾ ਕਾਰਾ।
ਕਮੀਨੇ ਕਾਤਲ ਪੱਟ ‘ਤਾ, ਘਰ ਵਿੱਚੋਂ ਬਰੋਟਾ।
ਆਖਰ ਕੁਰਬਾਨੀ ਕਰ ਗਿਆ,ਪਰਵਿੰਦਰ ਝੋਟਾ।

ਸੁਣੋ ਪੰਜਾਬ ਦੇ ਲੀਡਰੋ, ਬਣ ਜਾਓ ਹੁਣ ਬੰਦੇ।
ਹੁਣ ਤਾਂ ਬਾਜ ਆ ਜਾਓ, ਛੱਡ ਦਿਓ ਇਹ ਧੰਦੇ।
ਜਨਤਾ ਲਈ ਕੁੱਝ ਸੋਚ ਲਓ,ਹੁਣ ਮਾੜਾ-ਮੋਟਾ।
ਆਖਰ ਕੁਰਬਾਨੀ ਕਰ ਗਿਆ,ਪਰਵਿੰਦਰ ਝੋਟਾ।

ਹੋਊ ਪਰਵਿੰਦਰ ਨੂੰ ਸ਼ਰਧਾਂਜਲੀ,ਪਰਿਵਾਰ ਨਾਲ ਖੜੀਏ।
ਜੰਗ ਸ਼ੁਰੂ ਜੋ ਕਰ ਗਿਆ,ਉਹ ਰਲ ਕੇ ਲੜੀਏ।
ਨਕਾਬਪੋਸ਼ਾਂ ਦੇ ਮੂੰਹ ਤੋਂ,ਲਾਹ ਦਿਓ ਮਖੌਟਾ।
ਆਖਰ ਕੁਰਬਾਨੀ ਕਰ ਗਿਆ,ਪਰਵਿੰਦਰ ਝੋਟਾ।

ਜਸਵੀਰ ਸਿੰਘ ਭਲੂਰੀਆ
ਸਰੀ(ਬੀ.ਸੀ.) ਕੈਨੇਡਾ
+1-236-622-7799

Leave a Reply

Your email address will not be published. Required fields are marked *