ਵੈਨਕੂਵਰ, ( ਮਲਕੀਤ ਸਿੰਘ )- 17 ਅਕਤੂਬਰ ਨੂੰ ਸਰੀ ਸਿਟੀ ਕੌਂਸਲ ਚੋਣਾਂ ਦੀ ਚੋਣ ਪ੍ਰਕਿਰਿਆ ਮੁਕੰਮਲ ਹੋਣ ਤੋਂ ਮਗਰੋਂ ਪੰਜਾਬੀ ਦੀ ਕਹਾਵਤ ‘ਭੰਡਾ ਭੰਡਾਰੀਆ ਕਿੰਨਾ ਕੁ ਭਾਰ ? ਇੱਕ ਮੁੱਠ ਚੁੱਕ ਲੈ ਦੂਜੀ ਤਿਆਰ….!’ ਵਾਂਗ ਹੁਣ ਸਿਆਸੀ ਸਰਗਰਮੀਆਂ ਦਾ ਕੇਂਦਰ ਬਿੰਦੂ 24 ਅਕਤੂਬਰ ਨੂੰ ਕਰਵਾਈਆਂ ਜਾ ਰਹੀਆਂ ਬੀ.ਸੀ. ਵਿਧਾਨ ਸਭਾ ਚੋਣਾਂ ਦੀਆਂ ਗਤੀਵਿਧੀਆਂ ਬਣ ਗਈਆਂ ਦਿਖਾਈ ਦੇ ਰਹੀਆਂ ਹਨ
ਇਸੇ ਹੀ ਕੜੀ ਤਹਿਤ ਕੰਸਰਵੇਟਿਵ ਪਾਰਟੀ ਵੱਲੋਂ ਵਿਧਾਨ ਸਭਾ ਹਲਕਾ ਫਲੀਡਵੁੱਡ ਤੋਂ ਚੋਣ ਪਿੜ ‘ਚ ਨਿਤਾਰੇ ਗਏ ਉਮੀਦਵਾਰ ਗੈਰੀ ਪੁਰੇਵਾਲ ਵੱਲੋਂ ਆਪਣੀ ਚੋਣ ਮੁਹਿੰਮ ਨੂੰ ਭੱਠੀ ਵਾਂਗ ਮੰਘਾਉਂਦਿਆਂ ਆਪਣੇ ਹਲਕੇ ਦੇ ਸੈਂਕੜੇ ਸਮਰਥਕਾਂ ਨਾਲ ਰਾਬਤਾ ਕਰਕੇ ਉਨਾਂ ਤੋਂ ਸਹਿਯੋਗ ਮੰਗਿਆ ਗਿਆ ਅਤੇ ਐਡਵਾਂਸ ਪੋਲਿੰਗ ਵਿੱਚ ਵੋਟਿੰਗ ਕਰਨ ਦੀ ਅਪੀਲ ਵੀ ਕੀਤੀ ਗਈ ਉਪਰੰਤ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਪੁਰੇਵਾਲ ਨੇ ਕਿਹਾ ਕਿ ਵੱਖ-ਵੱਖ ਵੋਟਰਾਂ ਨਾਲ ਸੰਪਰਕ ਕਰਨ ਅਤੇ ਗੱਲਬਾਤ ਦੌਰਾਨ ਮਹਿਸੂਸ ਕੀਤਾ ਗਿਆ ਹੈ ਕਿ ਇਸ ਵੇਲੇ ਬੀ.ਸੀ.ਦੀ ਸਿਆਸੀ ਹਵਾ ਕੰਸਰਵੇਟਿਵ ਪਾਰਟੀ ਦੇ ਹੱਕ ਵਿੱਚ ਰੁਮਕ ਰਹੀ ਹੈ ਅਤੇ 24 ਅਕਤੂਬਰ ਨੂੰ ਬੀ.ਸੀ. ਸੁਬਾਈ ਚੋਣਾਂ ਦੌਰਾਨ ਕੰਸਰਵੇਟਿਵ ਪਾਰਟੀ ਦੇ ਉਮੀਦਵਾਰਾਂ ਦੀ ਜਿੱਤ ਹੋਣੀ ਤੈਅ ਹੈ। ਗੈਰੀ ਗਰੇਵਾਲ ਨੇ ਦੋਸ਼ ਲਗਾਇਆ ਕਿ ਐਨ.ਡੀ.ਪੀ .ਵੱਲੋਂ ਅਚਾਨਕ ਸੁਬਾਈ ਚੋਣਾਂ ਕਰਵਾਏ ਜਾਣ ਦਾ ਅਚਨਚੇਤੀ ਕੀਤਾ ਗਿਆ ਫੈਸਲਾ ਸਿਆਸੀ ਹਿੱਤਾਂ ਤੋਂ ਪ੍ਰੇਰਿਤ ਹੈ। ਕਿਉਂਕਿ ਇਸ ਨਾਲ ਹੋਣ ਵਾਲੇ ਬੇਲੋੜੇ ਖਰਚੇ ਕਾਰਨ ਸੂਬੇ ਦੇ ਲੋਕਾਂ ਤੇ ਵਾਧੂ ਆਰਥਿਕ ਬੋਝ ਪੈ ਸਕਦਾ ਹੈ।
ਹੋਰਨਾਂ ਤੋਂ ਇਲਾਵਾ ਇਸ ਮੌਕੇ ਤੇ ਰਣਜੋਧ ਗਿੱਲ,ਜਸਦੀਪ ਸਿੱਧੂ,ਹਾਰਬੀ ਸਿੱਧੂ, ਪੌਲ ਪੁਰੇਵਾਲ, ਕਮਲ ਸਿੰਘ, ਪੂਜਾ ਅਤੇ ਬੁੱਧੀ ਕਪੂਰ ਵੀ ਹਾਜ਼ਰ ਸਨ।
