Nov 5, 2026

featured-img

ਪ੍ਰਧਾਨ ਮੰਤਰੀ ਮੋਦੀ ਨਵ ਵਿਆਹੀ ਜੋੜੀ ਨੂੰ ਅਸ਼ੀਰਵਾਦ ਦੇਣ ਪੁੱਜੇ-

ਹਰਸਿਮਰਤ ਕੌਰ ਬਾਦਲ ਦੀ ਦਿੱਲੀ ਸਥਿਤ ਸਰਕਾਰੀ ਰਿਹਾਇਸ਼ ਤੇ ਹੋਏ ਆਨੰਦ ਕਾਰਜ ਤੇ ਕੈਪਟਨ ਦੀ ਧੀ ਜੈਇੰਦਰ ਕੌਰ ਦੀ ਰਿਹਾਇਸ਼ ਤੇ ਹੋਈ ਰਿਸੈਪਸ਼ਨ ਪਾਰਟੀ-

ਨਵੀਂ ਦਿੱਲੀ ( ਦਿਓਲ)- ਪੰਜਾਬ ਦੇ ਸਾਬਕਾ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਦੀ ਧੀ ਰੀਆ ਬਾਦਲ ਦਾ ਕਾਂਗਰਸ ਦੇ ਦਿੱਗਜ ਆਗੂ ਡਾ. ਕਰਨ ਸਿੰਘ ਦੇ ਪੋਤੇ ਮਾਰਤੰਡ ਸਿੰਘ ਨਾਲ ਹੋਇਆ ਸ਼ਾਨਦਾਰ ਵਿਆਹ ਇਸ ਹਫ਼ਤੇ ਰਾਜਧਾਨੀ ਦਿੱਲੀ ਵਿੱਚ ਚਰਚਾ ਦਾ ਕੇਂਦਰ ਬਣਿਆ ਰਿਹਾ ਹੈ।

ਲੁਟੀਅਨਜ਼ ਦਿੱਲੀ ਵਿੱਚ ਸ਼੍ਰੋਮਣੀ ਅਕਾਲੀ ਦਲ ਦੀ ਆਗੂ ਹਰਸਿਮਰਤ ਕੌਰ ਬਾਦਲ ਦੀ ਰਿਹਾਇਸ਼ ‘ਤੇ ਅਨੰਦ ਕਾਰਜ ਦੀਆਂ ਰਸਮਾਂ ਨਾਲ ਸੰਪੂਰਨ ਹੋਏ ਇਸ ਹਫ਼ਤਾ ਭਰ ਚੱਲੇ ਸਮਾਗਮ ਵਿੱਚ ਨਾ ਕੇਵਲ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਰਾਧਾ ਸੁਆਮੀ ਸਤਿਸੰਗ ਬਿਆਸ ਦੇ ਮੁਖੀ ਬਾਬਾ ਗੁਰਿੰਦਰ ਸਿੰਘ ਢਿੱਲੋਂ ਵਰਗੀਆਂ ਵੱਡੀਆਂ ਸ਼ਖ਼ਸੀਅਤਾਂ ਨੇ ਸ਼ਿਰਕਤ ਕੀਤੀ, ਸਗੋਂ ਇਸ ਵਿਆਹ ਨੇ ਦੇਸ਼ ਦੇ ਪ੍ਰਮੁੱਖ ਸ਼ਾਹੀ ਅਤੇ ਸਿਆਸੀ ਪਰਿਵਾਰਾਂ ਦੇ ਇਤਿਹਾਸਕ ਸਬੰਧਾਂ ਦੀ ਇੱਕ ਨਵੀਂ ਤਸਵੀਰ ਵੀ ਪੇਸ਼ ਕੀਤੀ।ਰੀਆ ਬਾਦਲ ਅਤੇ ਮਾਰਤੰਡ ਸਿੰਘ ਦੇ ਇਸ ਵਿਵਾਹਿਕ ਬੰਧਨ ਨਾਲ ਪੰਜਾਬ ਦਾ ਬਾਦਲ ਪਰਿਵਾਰ ਹੁਣ ਜੰਮੂ ਦੇ ਇਤਿਹਾਸਕ ਡੋਗਰਾ ਸ਼ਾਹੀ ਘਰਾਣੇ ਨਾਲ ਸਾਂਝ ਪਾ ਚੁੱਕਾ ਹੈ। ਇਸ ਵਿਆਹ ਦੀ ਰਿਸੈਪਸ਼ਨ ਪਟਿਆਲਾ ਰਿਆਸਤ ਦੇ ਕੈਪਟਨ ਅਮਰਿੰਦਰ ਸਿੰਘ ਦੀ ਧੀ ਜੈ ਇੰਦਰ ਕੌਰ ਦੀ ਨਿੱਜੀ ਰਿਹਾਇਸ਼ ‘ਤੇ ਰੱਖੀ ਗਈ ਸੀ, ਜਿੱਥੇ ਦੇਸ਼ ਦੀਆਂ ਕਈ ਵੱਡੀਆਂ ਰਿਆਸਤਾਂ ਦੇ ਵਾਰਸ ਆਪਣੇ ਸ਼ਾਹੀ ਪਹਿਰਾਵੇ ਵਿੱਚ ਨਜ਼ਰ ਆਏ।

ਇਸ ਸਮਾਗਮ ਵਿੱਚ ਜੰਮੂ ਦੇ ਡੋਗਰਾ ਘਰਾਣੇ ਤੋਂ ਇਲਾਵਾ ਹਿਮਾਚਲ ਦੇ ਰਾਮਪੁਰ ਬੁਸ਼ਹਿਰ ਪਰਿਵਾਰ ਦੀ ਪ੍ਰਤਿਭਾ ਸਿੰਘ, ਗਵਾਲੀਅਰ ਦੇ ਸਿੰਧੀਆ ਘਰਾਣੇ ਤੋਂ ਕੇਂਦਰੀ ਮੰਤਰੀ ਜੋਤੀਰਾਦਿੱਤਿਆ ਸਿੰਧੀਆ ਅਤੇ ਪਟਿਆਲਾ ਸ਼ਾਹੀ ਘਰਾਣੇ ਦੇ ਮੈਂਬਰ ਸ਼ਾਮਲ ਹੋਏ।

ਜ਼ਿਕਰਯੋਗ ਹੈ ਕਿ ਇਹ ਸ਼ਾਹੀ ਅਤੇ ਸਿਆਸੀ ਘਰਾਣੇ ਪਹਿਲਾਂ ਹੀ ਆਪਸੀ ਵਿਆਹਾਂ ਰਾਹੀਂ ਇੱਕ-ਦੂਜੇ ਨਾਲ ਜੁੜੇ ਹੋਏ ਹਨ। ਕੈਪਟਨ ਅਮਰਿੰਦਰ ਸਿੰਘ ਦੇ ਪੋਤੇ ਅੰਗਦ ਸਿੰਘ ਦਾ ਵਿਆਹ ਹਿਮਾਚਲ ਦੀ ਪ੍ਰਤਿਭਾ ਸਿੰਘ ਦੀ ਧੀ ਅਪਰਾਜਿਤਾ ਨਾਲ ਹੋਇਆ ਹੈ, ਜਦਕਿ ਕੈਪਟਨ ਦਾ ਦੋਹਤਾ ਨਿਰਵਾਣ ਸਿੰਘ ਕਰਨ ਸਿੰਘ ਦੀ ਪੋਤੀ ਮ੍ਰਿਗਾਂਕਾ ਨਾਲ ਵਿਆਹਿਆ ਹੋਇਆ ਹੈ। ਇਸ ਤੋਂ ਇਲਾਵਾ ਡਾ. ਕਰਨ ਸਿੰਘ ਦੇ ਪੁੱਤਰ ਵਿਕਰਮਾਦਿੱਤਿਆ ਸਿੰਘ ਦਾ ਵਿਆਹ ਗਵਾਲੀਅਰ ਦੇ ਸਵਰਗੀ ਮਾਧਵਰਾਓ ਸਿੰਧੀਆ ਦੀ ਧੀ ਚਿਤ੍ਰਾਂਗਦਾ ਰਾਜੇ ਨਾਲ ਹੋਇਆ ਹੈ।

ਹੁਣ ਰੀਆ ਬਾਦਲ ਅਤੇ ਮਾਰਤੰਡ ਸਿੰਘ ਦੇ ਵਿਆਹ ਨੇ ਪੰਜਾਬ ਦੇ ਬਾਦਲ ਪਰਿਵਾਰ ਅਤੇ ਜੰਮੂ ਦੇ ਡੋਗਰਾ ਘਰਾਣੇ ਨੂੰ ਇੱਕ ਸੂਤਰ ਵਿੱਚ ਪਰੋ ਕੇ ਸ਼ਾਹੀ ਰਿਸ਼ਤਿਆਂ ਦੀ ਇਸ ਲੜੀ ਨੂੰ ਹੋਰ ਮਜ਼ਬੂਤ ਕਰ ਦਿੱਤਾ ਹੈ।

 

Leave a Reply

Your email address will not be published. Required fields are marked *