ਉਜਾਗਰ ਸਿੰਘ—
-ਪਰਗਟ ਸਿੰਘ ਦੇ ਪ੍ਰਧਾਨ ਬਣਨ ਤੋਂ ਬਾਅਦ ਪਹਿਲੀ ਹੀ (ਇਨਸਾਫ਼) ਰੈਲੀ ਦੀ ਸਫ਼ਲਤਾ ਨਾਲ ਕਾਂਗਰਸੀ ਹਲਕਿਆਂ ਵਿੱਚ ਉਤਸ਼ਾਹ ਪੈਦਾ ਹੋ ਗਿਆ ਹੈ। ਮਾਲਵੇ ਦੇ ਕੇਂਦਰ ਬਿੰਦੂ ਸੰਗਰੂਰ ਜਿਲ੍ਹੇ ਦੇ ਪਿੰਡ ਫੱਗੂਵਾਲ ਵਿਖੇ ਆਯੋਜਤ ਕੀਤੀ ਰੈਲੀ ਵਿੱਚ ਵਹੀਰਾਂ ਘੱਤਕੇ ਕਾਂਗਰਸੀਆਂ ਦੇ ਸ਼ਾਮਲ ਹੋਣ ਨਾਲ ਪਰਗਟ ਸਿੰਘ ਦੀ ਸਹੀ ਚੋਣ ‘ਤੇ ਮੋਹਰ ਲੱਗ ਗਈ ਹੈ। ਪਰਗਟ ਸਿੰਘ ਦੀ ਪਹਿਲੀ ਹੀ ਰੈਲੀ ਵਿੱਚ ਸਰਬ ਭਾਰਤੀ ਕਾਂਗਰਸ ਦੇ ਪ੍ਰਧਾਨ ਮਲਿਕ ਅਰਜਨ ਖੜਗੇ ਅਤੇ ਲੋਕ ਸਭਾ ਵਿੱਚ ਵਿਰੋਧੀ ਧਿਰ ਦੇ ਨੇਤਾ ਰਾਹੁਲ ਗਾਂਧੀ ਦਾ ਸ਼ਾਮਲ ਹੋਣਾ ਪਰਗਟ ਸਿੰਘ ਲਈ ਮਾਣ ਵਾਲੀ ਗੱਲ ਹੈ। ਇਸ ਰੈਲੀ ਵਿੱਚ ਲੋਕਾਂ ਦੇ ਬੇਸ਼ੁਮਾਰ ਇਕੱਠ ਨੇ ਫਰਵਰੀ 2027 ਵਿੱਚ ਹੋਣ ਵਾਲੀ ਵਿਧਾਨ ਸਭਾ ਚੋਣ ਵਿੱਚ ਕਾਂਗਰਸ ਦੀ ਜਿੱਤ ਲਈ ਸ਼ੁਭ ਸ਼ਗਨ ਸਮਝਿਆ ਜਾ ਰਿਹਾ ਹੈ। ਇਸ ਰੈਲੀ ਵਿੱਚ ਕਾਂਗਰਸ ਦੇ ਪ੍ਰਮੁੱਖ ਨੇਤਾਵਾਂ ਦੀ ਇੱਕਮੁਠਤਾ ਨੇ ਵੀ ਸਹੀ ਸਿਗਨਲ ਦਿੱਤਾ ਹੈ। ਇਸ ਤੋਂ ਪਹਿਲਾਂ ਮੁੱਖ ਮੰਤਰੀ ਦੀ ਕੁਰਸੀ ਦੇ ਚਾਹਵਾਨ ਨੇਤਾ ਆਪੋ ਆਪਣੀ ਡਫਲੀ ਵਜਾਉਂਦੇ ਰਹਿੰਦੇ ਸਨ। ਇਸ ਰੈਲੀ ਵਿੱਚ ਚਰਨਜੀਤ ਸਿੰਘ ਚੰਨੀ, ਪ੍ਰਤਾਪ ਸਿੰਘ ਬਾਜਵਾ, ਸੁਖਜਿੰਦਰ ਸਿੰਘ ਰੰਧਾਵਾ ਅਤੇ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ 2027 ਵਿੱਚ ਕਾਂਗਰਸ ਪਾਰਟੀ ਦੀ ਸਰਕਾਰ ਬਣਾਉਣ ਲਈ ਲੋਕਾਂ ਨੂੰ ਅਪੀਲ ਕੀਤੀ ਹੈ, ਜਿਸਦਾ ਪਾਰਟੀ ਦੇ ਵਰਕਰਾਂ ਨੇ ਚੰਗਾ ਪ੍ਰਭਾਵ ਪਿਆ ਹੈ। ਪ੍ਰਗਟ ਸਿੰਘ ਦੇ ਪੰਜਾਬ ਪ੍ਰਦੇਸ਼ ਕਾਂਗਰਸ ਦੇ ਪ੍ਰਧਾਨ ਬਣਨ ਨਾਲ ਕਾਂਗਰਸੀਆਂ ਵਿੱਚ ਆਸ ਦੀ ਕਿਰਨ ਪੈਦਾ ਹੋ ਗਈ ਹੈ, ਕਿਉਂਕਿ ਪ੍ਰਗਟ ਸਿੰਘ ਢੁਕਵੇਂ ਸਮੇਂ ਤੇ ਮੌਕੇ ਦੀ ਨਜ਼ਾਕਤ ਅਨੁਸਾਰ ਹੀ ਬਿਆਨਬਾਜ਼ੀ ਕਰਦਾ ਹੈ। ਉਹ ਬਹੁਤੀ ਬਿਆਨਬਾਜ਼ੀ ਨਹੀਂ ਕਰਦਾ, ਸਗੋਂ ਜ਼ਮੀਨੀ ਪੱਧਰ ‘ਤੇ ਕੰਮ ਕਰਨ ਵਿੱਚ ਯਕੀਨ ਰੱਖਦਾ ਹੈ। ਪ੍ਰਗਟ ਸਿੰਘ ਦੂਸ਼ਣਬਾਜ਼ੀ ਦੀ ਥਾਂ ਮੁੱਦਿਆਂ ‘ਤੇ ਗੱਲ ਕਰਦਾ ਹੈ, ਜਿਸਦੀ ਪੰਜਾਬ ਦੇ ਸੁਨਹਿਰੇ ਭਵਿਖ ਲਈ ਲੋੜ ਹੈ। ਇਸ ਸਮੇਂ ਪੰਜਾਬ ਦੇ ਸਿਆਸਤਦਾਨ ਸਿਰਫ਼ ਦੂਸ਼ਣਬਾਜ਼ੀ ‘ਤੇ ਹੀ ਜ਼ੋਰ ਦਿੰਦੇ ਹਨ। ਪ੍ਰਗਟ ਸਿੰਘ ਬਿਆਨਬਾਜ਼ੀ ਕਰਨ ਲਈ ਬਿਆਨ ਨਹੀਂ ਦਿੰਦਾ। ਕਾਂਗਰਸ ਹਾਈ ਕਮਾਂਡ ਨੇ ਪਹਿਲੀ ਵਾਰ ਬੜੀ ਸਿਆਣਪ ਤੋਂ ਕੰਮ ਲਿਆ ਹੈ। ਕਾਂਗਰਸ ਹਾਈ ਕਮਾਂਡ ਦੇ ਪ੍ਰਗਟ ਸਿੰਘ ਨੂੰ ਪ੍ਰਧਾਨ ਬਣਾਉਣ ਦੇ ਫਾਰਮੂਲੇ ਨਾਲ ‘ਸੱਪ ਵੀ ਮਰ ਗਿਆ ਤੇ ਸੋਟੀ ਵੀ ਬਚ ਗਈ’, ਕਿਉਂਕਿ ਲੰਬੇ ਸਮੇਂ ਤੋਂ ਚਲ ਰਹੇ ਪੰਜਾਬ ਕਾਂਗਰਸ ਦੇ ਕਾਟੋ ਕਲੇਸ਼ ਨੂੰ ਖ਼ਤਮ ਕਰਨ ਲਈ, ਮੁੱਖ ਮੰਤਰੀ ਦੀ ਕੁਰਸੀ ਦੇ ਚਾਹਵਾਨਾ ਨੂੰ ਅਣਡਿਠ ਕਰਕੇ ਇੱਕ ਬੇਦਾਗ ਅਤੇ ਨਿਰਵਿਵਾਦ ਸਪੋਰਟਸਮੈਨ ਤੋਂ ਸਿਆਸਤਦਾਨ ਬਣੇ ਪ੍ਰਗਟ ਸਿੰਘ ਨੂੰ ਪ੍ਰਧਾਨ ਬਣਾਕੇ ਇੱਕ ਤੀਰ ਨਾਲ ਦੋ ਨਿਸ਼ਾਨੇ ਲਾ ਦਿੱਤੇ ਹਨ। ਭਾਵ ਦੋਵੇਂ ਧੜੇ ਚੁੱਪ ਕਰਾ ਦਿੱਤੇ ਗਏ ਹਨ।
ਪਰਗਟ ਸਿੰਘ ਕਿਸੇ ਧੜੇ ਨਾਲ ਸੰਬੰਧ ਨਹੀਂ ਰੱਖਦਾ। ਇਸ ਕਰਕੇ ਉਮੀਦ ਕੀਤੀ ਜਾ ਸਕਦੀ ਹੈ ਕਿ ਉਹ ਪਾਰਟੀ ਨੂੰ ਚੰਗੀ ਸੇਧ ਦੇ ਸਕੇਗਾ। ਹੈਰਾਨੀ ਤੇ ਪ੍ਰੇਸ਼ਾਨੀ ਇਸ ਗੱਲ ਦੀ ਹੈ ਕਿ ਅਜੇ ਮੁੱਖ ਮੰਤਰੀ ਦੀ ਕੁਰਸੀ ਖਾਲੀ ਹੀ ਨਹੀਂ, ਪ੍ਰੰਤੂ ਕਾਂਗਰਸੀ ਨੇਤਾ ਮੁੱਖ ਮੰਤਰੀ ਬਣਨ ਲਈ ਪਹਿਲਾਂ ਹੀ ਤਰਲੋਮੱਛੀ ਹੋ ਰਹੇ ਸਨ। ਪਰਗਟ ਸਿੰਘ ਦੇ ਪ੍ਰਧਾਨ ਬਣਨ ਨਾਲ ਅਮਰਿੰਦਰ ਸਿੰਘ ਰਾਜਾ ਵੜਿੰਗ ਧੜਾ, ਇਸ ਗੱਲ ਤੋਂ ਖ਼ੁਸ਼ ਹੈ ਕਿ ਉਸਨੂੰ ਪ੍ਰਧਾਨਗੀ ਤੋਂ ਹਟਾਉਣ ਦੀ ਭੂਮਿਕਾ ਨਿਭਾਉਣ ਵਾਲੇ ਨੇਤਾ ਚਰਨਜੀਤ ਸਿੰਘ ਚੰਨੀ ਨੂੰ ਪ੍ਰਧਾਨ ਨਹੀਂ ਬਣਾਇਆ ਗਿਆ। ਦੂਸਰਾ ਚਰਨਜੀਤ ਸਿੰਘ ਚੰਨੀ ਦਾ ਧੜਾ ਇਸ ਕਰਕੇ ਸੰਤੁਸ਼ਟ ਹੋ ਗਿਆ ਕਿ ਉਹ ਅਮਰਿੰਦਰ ਸਿੰਘ ਰਾਜਾ ਵੜਿੰਗ ਨੂੰ ਪ੍ਰਧਾਨਗੀ ਤੋਂ ਲਾਹੁਣ ਵਿੱਚ ਸਫਲ ਹੋ ਗਏ ਹਨ। ਪੰਜਾਬ ਪ੍ਰਦੇਸ਼ ਕਾਂਗਰਸ ਦੇ ਵਰਕਰ ਜਿਹੜੇ ਪਾਰਟੀ ਦਾ ਧੁਰਾ ਹੁੰਦੇ ਹਨ, ਉਹ ਵੀ ਹੁਣ ਸੰਤੁਸ਼ਟ ਹੋਏ ਲੱਗਦੇ ਹਨ, ਕਿਉਂਕਿ ਹਰ ਰੋਜ਼ ਦੇ ਕਾਟੋ ਕਲੇਸ਼ ਨਾਲ ਪੰਜਾਬ ਦੇ ਲੋਕਾਂ ਵਿਚ ਜਿਹੜਾ ਕਾਂਗਰਸੀਆਂ ਦੀ ਆਪਸੀ ਲੜਾਈ ਦਾ ਪ੍ਰਭਾਵ ਜਾ ਰਿਹਾ ਸੀ, ਉਹ ਖ਼ਤਮ ਹੋ ਗਿਆ ਹੈ, ਕਿਉਂਕਿ ਪ੍ਰਧਾਨ ਜਾਂ ਮੁੱਖ ਮੰਤਰੀ ਕੋਈ ਬਣ ਜਾਵੇ, ਜੇ ਝਗੜਾ ਰਹੇ ਤਾਂ ਪਾਰਟੀ ਦਾ ਕੇਡਰ ਮੁਸ਼ਕਲ ਸਥਿਤੀ ਵਿੱਚ ਆ ਜਾਂਦਾ ਹੈ ਕਿ ਉਹ ਕਿਸ ਧੜੇ ਨਾਲ ਜਾਵੇ। ਪ੍ਰਗਟ ਸਿੰਘ ਸ਼ਾਂਤ ਸੁਭਾਅ ਤੇ ਸਬਰ ਸੰਤੋਖ ਵਾਲਾ ਨੇਤਾ ਹੈ। ਉਹ ਤਾਂ ਪ੍ਰਧਾਨ ਬਣਨ ਦੀ ਦੌੜ ਵਿੱਚ ਹੀ ਸ਼ਾਮਲ ਨਹੀਂ ਸੀ। ਪਾਰਟੀ ਹਾਈ ਕਮਾਂਡ ਨੇ ਉਸਦੀ ਕਪਤਾਨੀ ਦੇ ਸਮੇਂ ਅਤੇ ਸਿਆਸਤ ਵਿੱਚ ਆਉਣ ਤੋਂ ਬਾਅਦ ਦੀ ਕਾਰਗੁਜ਼ਾਰੀ ਦਾ ਮੁੱਲ ਪਾਇਆ ਹੈ। ਸਪੋਰਟਸਮੈਨ ਹੋਣ ਕਰਕੇ ਉਹ ਨਾ ਤਾਂ ਆਪ ਅਨੁਸ਼ਾਸ਼ਨ ਭੰਗ ਕਰੇਗਾ ਅਤੇ ਨਾ ਹੀ ਕਿਸੇ ਨੂੰ ਅਨੁਸ਼ਾਸ਼ਨ ਭੰਗ ਕਰਨ ਦੀ ਇਜ਼ਾਜਤ ਦੇਵੇਗਾ। ਉਹ ਧੜੇਬੰਦੀ ਵਿੱਚ ਵਿਸ਼ਵਾਸ਼ ਨਹੀਂ ਰੱਖਦਾ। ਪੰਜਾਬ ਕਾਂਗਰਸ ਦੇ ਜਨਰਲ ਸਕੱਤਰ ਇਨਚਾਰਜ ਭੁਪੇਸ਼ ਬਘੇਲ ‘ਤੇ ਇਲਜ਼ਾਮ ਲੱਗ ਰਹੇ ਸੀ ਕਿ ਉਹ ਜ਼ਮੀਨੀ ਹਕੀਕਤਾਂ ਨੂੰ ਅੱਖੋਂ ਪ੍ਰੋਖੇ ਕਰਕੇ ਅਮਰਿੰਦਰ ਸਿੰਘ ਰਾਜਾ ਵੜਿੰਗ ਦੀ ਤਰਫ਼ਦਾਰੀ ਕਰ ਰਿਹਾ ਸੀ। ਉਹ ਪੰਜਾਬ ਦੇ ਲੋਕਾਂ ਦੀ ਆਵਾਜ਼ ਨੂੰ ਹਾਈ ਕਮਾਂਡ ਤੱਕ ਪਹੁੰਚਾ ਨਹੀਂ ਰਿਹਾ ਸੀ, ਸਗੋਂ ਲੋਕਾਂ ਖਾਸ ਤੌਰ ‘ਤੇ ਕਾਂਗਰਸੀ ਵਰਕਰਾਂ ਨੂੰ ਅਣਡਿਠ ਕਰ ਰਿਹਾ ਸੀ, ਜਿਸ ਕਰਕੇ ਪਾਰਟੀ ਦਾ ਭਵਿਖ ਧੁੰਦਲਾ ਰਹਿਣ ਦੀ ਉਮੀਦ ਬਣ ਗਈ ਸੀ। ਪੰਜਾਬ ਦਾ ਨਵਾਂ ਇਨਚਾਰਜ ਜਨਰਲ ਸਕੱਤਰ ਸਚਿਨ ਪਾਇਲਟ ਦੇ ਬਣਨ ਨਾਲ ਸੋਨੇ ਤੇ ਸੁਹਾਗੇ ਵਾਲੀ ਗੱਲ ਹੋਈ ਹੈ। ਸਰਬ ਭਾਰਤੀ ਕਾਂਗਰਸ ਪਾਰਟੀ ਜਦੋਂ ਕਿਸੇ ਰਾਜ ਦਾ ਪ੍ਰਧਾਨ ਬਣਾਉਂਦੀ ਹੈ ਤਾਂ ਉਹ ਕੋਈ ਅਜਿਹਾ ਫਾਰਮੂਲਾ ਤਿਆਰ ਕਰਦੀ ਹੈ, ਜਿਹੜਾ ਜਾਤ ਬਰਾਦਰੀ ਦੀਆਂ ਵੋਟਾਂ ਨੂੰ ਮੁੱਖ ਰੱਖਕੇ ਬਣਾਇਆ ਜਾਂਦਾ ਹੈ। ਸਰਬ ਭਾਰਤੀ ਕਾਂਗਰਸ ਪਾਰਟੀ ਫ਼ੈਸਲੇ ਵੀ ਸਰਕਾਰਾਂ ਦੀ ਤਰ੍ਹਾਂ ਲਮਕਾਕੇ ਕਰਦੀ ਹੈ, ਜਿਵੇਂ ਸਰਕਾਰੀ ਦਫ਼ਤਰਾਂ ਵਿੱਚ ਫਾਈਲ ਬਾਬੂਆਂ ਤੋਂ ਸ਼ੁਰੁੂ ਹੋ ਕੇ ਅਧਿਕਾਰੀਆਂ ਦੇ ਮੇਜਾਂ ‘ਤੇ ਗੇੜੇ ਖਾਂਦੀ ਰਹਿੰਦੀ ਹੈ, ਕਾਂਗਰਸ ਪਾਰਟੀ ਵਿੱਚ ਵੀ ਫਾਈਲ ਇਸੇ ਤਰ੍ਹਾਂ ਇੱਕ ਨੇਤਾ ਕੋਲੋਂ ਦੂਜੇ ਕੋਲ ਘੁੰਮਦੀ ਰਹਿੰਦੀ ਹੈ। ਦੇਰੀ ਹੋਣ ਨਾਲ ਪਾਰਟੀ ਦਾ ਨੁਕਸਾਨ ਹੁੰਦਾ ਹੈ। ਪੰਜਾਬੀ ਦੀ ਇੱਕ ਕਹਾਵਤ ਹੈ ਕਿ ‘ਈਦ ਲੰਘੀ ਤੋਂ ਬਾਅਦ ਚੌਲ ਕੀ ਕਰਨੇ ਹੁੰਦੇ ਹਨ’। ਇਸ ਲਈ ਕੋਈ ਵੀ ਫ਼ੈਸਲਾ ਜੇ ਮੌਕੇ ਦੀ ਨਜ਼ਕਤ ਮੁਤਾਬਕ ਕੀਤਾ ਜਾਵੇ ਤਾਂ ਹੀ ਉਸਦੇ ਨਤੀਜੇ ਚੰਗੇ ਨਿਕਲਦੇ ਹਨ। ਦੇਰੀ ਨਾਲ ਕੀਤਾ ਗਏ ਫ਼ੈਸਲੇ ਤੇ ਵੀ ਇਹ ਕਹਾਵਤ ਢੁੱਕਦੀ ਹੈ, ‘ਵੇਲੇ ਦੀ ਨਮਾਜ਼ ਕੁਵੇਲੇ ਦੀਆਂ ਟੱਕਰਾਂ’ ਭਾਵ ਸਹੀ ਸਮੇਂ ਦਾ ਫ਼ੈਸਲਾ ਹੀ ਠੀਕ ਹੁੰਦਾ ਹੈ। ਖਾਸ ਤੌਰ ‘ਤੇ ਉਸ ਰਾਜ ਦਾ ਇਨਚਾਰਜ ਜਨਰਲ ਸਕੱਤਰ ਫਾਈਲ ਸ਼ੁਰੂ ਕਰਦਾ ਹੈ ਤੇ ਅਖ਼ੀਰ ਤੱਕ ਸੁਣੀ ਵੀ ਉਸੇ ਦੀ ਜਾਂਦੀ ਹੈ, ਕਿਉਂਕਿ ਉਸਨੂੰ ਰਾਜ ਦੀ ਜ਼ਿੰਮੇਵਾਰੀ ਦਿੱਤੀ ਹੁੰਦੀ ਹੈ। ਹੁਣ ਤੱਕ ਦੀ ਇਨਚਾਰਜ ਜਨਰਲ ਸਕੱਤਰਾਂ ਦੀ ਕਾਰਗੁਜ਼ਾਰੀ ਸ਼ੱਕ ਦੇ ਘੇਰੇ ਵਿੱਚ ਵਿਖਾਈ ਦਿੰਦੀ ਹੈ। ਜਿਹੜਾ ਨੇਤਾ ਪੰਜਾਬ ਵਿੱਚ ਜਨਰਲ ਸਕੱਤਰ ਦੀ ਚਾਪਲੂਸੀ ਜਾਂ ਕੋਈ ਹੋਰ ਢੰਗ ਵਰਤਕੇ ਸਪੋਰਟ ਲੈ ਲੈਂਦਾ ਹੈ, ਉਹ ਹੀ ਪ੍ਰਧਾਨ ਬਣਦਾ ਹੈ। ਇਨਚਾਰਜ ਜਨਰਲ ਸਕੱਤਰਾਂ ਦੀਆਂ ਚਾਰੇ ਉਂਗਲਾਂ ਘਿਉ ਵਿੱਚ ਹੁੰਦੀਆਂ ਹਨ, ਪ੍ਰੰਤੂ ਪਾਰਟੀ ਦਾ ਬੇੜਾ ਗਰਕ ਕਰ ਜਾਂਦੇ ਹਨ। ਉਸ ਪ੍ਰਧਾਨ ਦੀ ਹਵਾ ਵੱਲ ਕੋਈ ਝਾਕ ਨਹੀਂ ਸਕਦਾ, ਜਿਸਨੂੰ ਇਨਚਾਰਜ ਜਨਰਲ ਸਕੱਤਰ ਦੀ ਸਪੋਰਟ ਹੁੰਦੀ ਹੈ। ਛੇਤੀ ਕੀਤਿਆਂ ਉਸਨੂੰ ਬਦਲਿਆ ਵੀ ਨਹੀਂ ਜਾ ਸਕਦਾ, ਜਿਵੇਂ ਪੰਜਾਬ ਵਿੱਚ ਪਾਰਟੀ ਦੇ ਨੇਤਾਵਾਂ ਵੱਲੋਂ ਪੰਜਾਬ ਕਾਂਗਰਸ ਦੇ ਪ੍ਰਧਾਨ ਨੂੰ ਲੰਬੇ ਸਮੇਂ ਤੋਂ ਬਦਲਣ ਦੀ ਮੰਗ ਕਰਨ ਦੇ ਬਾਵਜੂਦ ਫ਼ੈਸਲਾ ਬਹੁਤ ਹੀ ਦੇਰ ਨਾਲ ਅਇਆ ਹੈ। ‘ਘਰ ਆਈ ਜੰਨ ਵਿੰਨੋ ਕੁੜੀ ਦੇ ਕੰਨ’ ਵਾਲੀ ਕਹਾਵਤ ਅਨੁਸਾਰ ਕੈਪਟਨ ਅਮਰਿੰਦਰ ਸਿੰਘ ਮੁੱਖ ਮੰਤਰੀ ਨੂੰ ਵੀ ਚੋਣਾਂ ਤੋਂ ਤਿੰਨ ਮਹੀਨੇ ਪਹਿਲਾਂ ਹੀ ਬਦਲਿਆ ਸੀ। ਬਿਲਕੁਲ ਉਸੇ ਤਰ੍ਹਾਂ 2027 ਦੀ ਵਿਧਾਨ ਸਭਾ ਚੋਣ ਤੋਂ ਤਿੰਨ ਮਹੀਨੇ ਪਹਿਲਾਂ ਪਰਗਟ ਸਿੰਘ ਨੂੰ ਪ੍ਰਧਾਨ ਬਣਾਇਆ ਗਿਆ ਹੈ। ਕਾਂਗਰਸ ਪਾਰਟੀ ਦੇ ਨਵੇਂ-ਨਵੇਂ ਫਾਰਮੂਲੇ ਬਹੁਤੀ ਵਾਰ ਸਾਰਥਕ ਨਹੀਂ ਹੁੰਦੇ। ਭਾਵ ਉਸਦੇ ਨਤੀਜੇ ਵੋਟਾਂ ਦੇ ਨਤੀਜਿਆਂ ‘ਤੇ ਕੋਈ ਅਸਰ ਨਹੀਂ ਪਾ ਸਕਦੇ। ਅਜਿਹੇ ਫਾਰਮੂਲੇ ਆਮ ਤੌਰ ‘ਤੇ ਪਾਰਟੀ ਵਿੱਚ ਧੜੇਬੰਦੀ ਪੈਦਾ ਕਰ ਦਿੰਦੇ ਹਨ, ਪ੍ਰੰਤੂ ਇਸ ਵਾਰ ਪੰਜਾਬ ਵਿੱਚ 2027 ਦੀਆਂ ਚੋਣਾਂ ਨੂੰ ਮੁੱਖ ਰੱਖਕੇ ਜਿਸ ਫਾਰਮੂਲੇ ਅਧੀਨ ਪਰਗਟ ਸਿੰਘ ਨੂੰ ਪ੍ਰਧਾਨ ਬਣਾਇਆ ਗਿਆ ਹੈ, ਇਹ ਬਿਲਕੁਲ ਪਹਿਲੇ ਫਾਰਮੂਲਿਆਂ ਤੋਂ ਵੱਖਰਾ ਲੱਗਦਾ ਹੈ।
ਸਾਬਕਾ ਜਿਲ੍ਹਾ ਲੋਕ ਸੰਪਰਕ ਅਧਿਕਾਰੀ
ਮੋਬਾਈਲ-94178 13072
ujagarsingh48@yahoo.com

