ਸੁਖਵਿੰਦਰ ਸਿਘ ਚੋਹਲਾ-
ਦੁਨੀਆ ਦੇ ਸਭ ਤੋਂ ਸਭ ਤੋਂ ਸ਼ਕਤੀਸ਼ਾਲੀ ਅਤੇ ਅਮੀਰ ਮੰਨੇ ਜਾਂਦੇ ਮੁਲਕ ਅਮਰੀਕਾ ਵਿਚ ਬੀਤੀ 3 ਨਵੰਬਰ ਨੂੰ ਹੋਈਆਂ ਮੱਧਕਾਲੀ ਚੋਣਾਂ ਵਿਚ ਡੈਮੋਕਰੇਟਿਕ ਪਾਰਟੀ ਨੇ ਕਾਂਗਰਸ ਦੇ ਦੋਵਾਂ ਸਦਨਾਂ ਵਿਚ ਰਾਸ਼ਟਰਪਤੀ ਦੀ ਰੀਪਬਲਿਕਨ ਪਾਰਟੀ ਤੋਂ ਵਧੇਰੇ ਸੀਟਾਂ ਜਿੱਤਕੇ ਤਾਕਤ ਦਾ ਤਵਾਜ਼ਨ ਆਪਣੇ ਹੱਥਾਂ ਵਿਚ ਲੈ ਲਿਆ ਹੈ। ਅਮਰੀਕੀ ਕਾਂਗਰਸ ਦੇ ਹੇਠਲੇ ਪ੍ਰਤੀਨਿਧ ਸਦਨ ਦੀਆਂ 435 ਸੀਟਾਂ ਚੋਂ ਡੈਮੋਕਰੇਟਸ ਨੇ 254 ਸੀਟਾਂ ਜਿੱਤੀਆਂ ਹਨ ਜਦੋਂਕਿ ਰੀਬਪਲਿਕਨ ਪਾਰਟੀ ਕੋਲ 162 ਸੀਟਾਂ ਰਹਿ ਗਈਆਂ ਹਨ। ਇਸੇ ਤਰਾਂ ਉਪਰਲੇ 100 ਸੀਟਾਂ ਵਾਲੇ ਸਦਨ ਸੈਨੇਟ ਦੀਆਂ 35 ਸੀਟਾਂ ਲਈ ਹੋਈਆਂ ਚੋਣਾਂ ਵਿਚ ਡੈਮੋਕਰੇਟਸ ਨੇ 54 ਸੀਟਾਂ ਜਦੋਂਕਿ ਰੀਪਬਲਿਕਨ ਨੇ 44 ਸੀਟਾਂ ਜਿੱਤੀਆਂ ਹਨ । ਡੈਮੋਕਰੇਟਸ ਨੇ ਰਾਸ਼ਟਰਪਤੀ ਦੀ ਪਾਰਟੀ ਤੋਂ 7 ਵਧੇਰੇ ਸੀਟਾਂ ਜਿੱਤੀਆਂ ਹਨ। ਕਾਂਗਰਸ ਵਿਚ ਡੈਮੋਕਰੇਟਸ ਨੂੰ ਬਹੁਮਤ ਮਿਲਣ ਦਾ ਅਰਥ ਹੈ ਕਿ ਹੁਣ ਉਹ ਰਾਸ਼ਟਰਪਤੀ ਟਰੰਪ ਵਲੋਂ ਕੀਤੀਆਂ ਜਾਂਦੀਆਂ ਮਨਮਾਨੀਆਂ ਤੇ ਰੋਕ ਲਗਾਉਣ ਅਤੇ ਹੋਰ ਕਨੂੰਨੀ ਕਾਰਵਾਈਆਂ ਤੇ ਆਪਣੇ ਮੁਤਾਬਿਕ ਕੰਮ ਕਰ ਸਕਦੇ ਹਨ। ਅਮਰੀਕਾ ਵਿਚ ਮੱਧਕਾਲੀ ਚੋਣਾਂ ਜਿਹਨਾਂ ਨੂੰ ਆਮ ਕਰਕੇ ਰਾਸ਼ਟਰਪਤੀ ਦੇ ਅਹੁਦੇ ਦੀ ਚਾਰ ਸਾਲਾ ਮਿਆਦ ਦਰਮਿਆਨ ਹੋਣ ਵਾਲੀਆਂ ਚੋਣਾਂ ਕਾਰਣ ਮੱਧਕਾਲੀ ਚੋਣਾਂ ਕਿਹਾ ਜਾਂਦਾ ਹੈ, ਸੰਵਿਧਾਨ ਮੁਤਾਬਿਕ ਹਰ ਸਾਲ ਦੋ ਬਾਦ ਹੀ ਕਰਵਾਈਆਂ ਜਾਂਦੀਆਂ ਹਨ। ਅਮਰੀਕਾ ਦੇ ਪ੍ਰਤੀਨਿਧ ਸਦਨ ਅਤੇ 50 ਸੂਬਿਆਂ ਵਿਚ ਕੇਵਲ 5 ਸੂਬਿਆਂ ਨੂੰ ਛੱਡਕੇ ਬਾਕੀ ਸਾਰੇ ਸੂਬਿਆਂ ਵਿਚ ਚੋਣ ਹਰ ਦੋ ਸਾਲ ਬਾਦ ਹੀ ਕਰਵਾਈ ਜਾਂਦੀ ਹੈ। ਉਪਰਲੇ ਸਦਨ ਸੈਨੇਟ ਦੇ ਮੈਂਬਰ ਦੀ ਮਿਆਦ 6 ਸਾਲ ਹੁੰਦੀ ਹੈ ਪਰ ਇਕ ਤਿਹਾਈ ਭਾਵ 34 ਤੋਂ 35 ਮੈਂਬਰਾਂ ਦੀ ਚੋਣ ਹਰ ਦੋ ਸਾਲ ਬਾਦ ਹੀ ਹੁੰਦੀ ਹੈ। ਅਮਰੀਕੀ ਕਾਂਗਰਸ ਲਈ ਹਰ ਦੋ ਸਾਲ ਬਾਦ ਹੋਣ ਵਾਲੀਆਂ ਇਹਨਾਂ ਆਮ ਚੋਣਾਂ ਨੂੰ ਰਾਸ਼ਟਰਪਤੀ ਦੀ 4 ਸਾਲਾ ਮਿਆਦਾ ਦਰਮਿਆਨ ਹੋਣ ਕਾਰਣ ਮੱਧਕਾਲੀ ਚੋਣਾਂ ਦਾ ਨਾਮ ਦਿੱਤਾ ਗਿਆ ਹੈ। ਇਹਨਾ ਚੋਣਾਂ ਵਿਚ ਡੈਮੋਰਕੇਟਿਕ ਪਾਰਟੀ ਦੀ ਜਿੱਤ ਨੇ ਹੁਣ ਸਪੱਸ਼ਟ ਕਰ ਦਿੱਤਾ ਹੈ ਕਿ ਅਮਰੀਕੀ ਰਾਸ਼ਟਰਪਤੀ ਦੀਆਂ ਨਿੱਜੀ ਜਾਂ ਸਿਆਸੀ ਲਾਲਸਾਵਾਂ ਜਾਂ ਸਿਆਸੀ ਨਿਸ਼ਾਨਿਆਂ ਦੀ ਪੂਰਤੀ ਲਈ ਉਸਨੂੰ ਕਾਂਗਰਸ ਵਿਚ ਬਹੁਮਤ ਦੀ ਜ਼ਰੂਰਤ ਪਵੇਗੀ। ਭਾਵੇਂਕਿ ਅਮਰੀਕੀ ਰਾਸ਼ਟਰਪਤੀ ਕੋਲ ਕੰਮ ਕਰਨ ਲਈ ਵਸੀਹ ਤਾਕਤਾਂ ਮੌਜੂਦ ਹਨ ਪਰ ਇਸਦੇ ਬਾਵਜੂਦ ਮੁਲਕ ਦੇ ਹਿੱਤ ਅਤੇ ਜਮਹੂਰੀ ਅਮਲ ਦੇ ਦਾਇਰੇ ਵਿਚ ਰਹਿਣ ਲਈ ਹਰ ਮਹੱਤਵਪੂਰਣ ਬਿੱਲ ਤੇ ਕਾਂਗਰਸ ਦੀ ਪ੍ਰਵਾਨਗੀ ਜਰੂਰੀ ਹੁੰਦੀ ਹੈ। ਤਾਜ਼ਾ ਚੋਣ ਨਤੀਜਿਆਂ ਨੇ ਅਮਰੀਕਾ ਸਮੇਤ ਦੁਨੀਆ ਭਰ ਵਿਚ ਜਮਹੂਰੀ ਅਮਲ ਵਿਚ ਯਕੀਨ ਰੱਖਣ ਵਾਲੇ ਲੋਕਾਂ ਨੂੰ ਇਕ ਤਸੱਲੀ ਦਾ ਅਹਿਸਾਸ ਕਰਵਾਇਆ ਹੈ। ਕਿਹਾ ਜਾਂਦਾ ਹੈ ਇਹ ਅਮਰੀਕੀ ਲੋਕਾਂ ਦਾ ਟਰੰਪ ਦੀਆਂ ਘਰੇਲੂ ਅਤੇ ਵਿਦੇਸ਼ ਨੀਤੀਆਂ ਖਿਲਾਫ ਜਿਹਨਾਂ ਕਾਰਣ ਉਹਨਾਂ ਨੂੰ ਅਤਿ ਦੀ ਮਹਿੰਗਾਈ ਦਾ ਸਾਹਮਣਾ ਕਰਨਾ ਪੈ ਰਿਹਾ ਹੈ, ਸਿਹਤ ਸਹੂਲਤਾਂ ਵਿਚ ਕਮੀ ਅਤੇ ਵਧ ਰਹੀ ਬੇਜਰੁਜਗਾਰੀ ਦੇ ਨਾਲ ਗੈਰ ਕਨੂੰਨੀ ਇਮੀਗ੍ਰਾਂਟਸ ਖਿਲਾਫ ਸਖਤ ਤੇ ਅਮਾਨਵੀ ਵਿਵਹਾਰ ਵਾਲੀਆਂ ਕਰਵਾਈਆਂ ਤੋਂ ਇਲਾਵਾ ਭਾਰੀ ਟੈਰਿਫਾਂ ਅਤੇ ਧਮਕੀਆਂ ਕਾਰਣ ਵਿਸ਼ਵ ਵਿਚ ਅਮਰੀਕਾ ਦੇ ਵਿਗੜ ਰਹੇ ਅਕਸ ਨੂੰ ਬਚਾਉਣ ਲਈ ਟਰੰਪ ਖਿਲਾਫ ਇਕ ਜ਼ੋਰਦਾਰ ਫਤਵਾ ਹੈ। ਲੋਕਾਂ ਨੇ ਉਹਨਾਂ ਹਲਕਿਆਂ ਵਿਚ ਵੀ ਰੀਪਬਲਿਕਨ ਉਮਦੀਵਾਰਾਂ ਨੂੰ ਹਰਾ ਦਿੱਤਾ ਜੋ ਪਿਛਲੇ ਲੰਬੇ ਸਮੇਂ ਤੋਂ ਪਾਰਟੀ ਦੇ ਗੜ ਮੰਨੇ ਜਾਂਦੇ ਸਨ।
ਕੈਨੇਡਾ ਜੋ ਪਿਛਲੇ ਦੋ ਸਾਲ ਤੋਂ ਰਾਸ਼ਟਰਪਤੀ ਟਰੰਪ ਦੀਆਂ ਧਮਕੀਆਂ ਅਤੇ ਮਨਆਈਆਂ ਕਾਰਣ ਆਰਥਿਕ ਫਰੰਟ ਉਪਰ ਵੱਡੀਆਂ ਚੁਣੌਤੀਆਂ ਦਾ ਸਾਹਮਣਾ ਕਰਦਾ ਆ ਰਿਹਾ ਹੈ, ਲਈ ਇਹ ਚੋਣ ਨਤੀਜੇ ਕਾਫੀ ਰਾਹਤ ਭਰਪੂਰ ਹੋ ਸਕਦੇ ਹਨ। ਇਹਨਾਂ ਚੋਣ ਨਤੀਜਿਆਂ ਦਾ ਅਮਰੀਕਾ, ਵਿਸ਼ਵ ਅਤੇ ਗਵਾਂਢੀ ਮੁਲਕ ਕੈਨੇਡਾ ਲਈ ਕਿਵੇਂ ਦਾ ਅਨੁਭਵ ਹੈ, ਸਬੰਧੀ ਪ੍ਰਸਿੱਧ ਕੈਨੇਡੀਅਨ ਅਖਬਾਰ ਦਾ ਗਲੋਬ ਐਂਡ ਮੇਲ ਦੇ ਸੰਪਾਦਕੀ ਬੋਰਡ ਦਾ ਲੇਖ ਪੜਨਯੋਗ ਹੈ–
ਇਸ ਹਫ਼ਤੇ ਮੱਧਕਾਲੀ ਚੋਣਾਂ ਦੇ ਨਤੀਜੇ ਰਾਸ਼ਟਰਪਤੀ ਟਰੰਪ ਨੂੰ ਖੁਸ਼ ਕਰਨ ਵਾਲੇ ਨਹੀ ਹਨ। ਅਮਰੀਕੀ ਰਾਸ਼ਟਰਪਤੀ ਨੇ ਅਮਰੀਕੀਆਂ ਨੂੰ ਵਾਰ-ਵਾਰ ਕਿਹਾ ਕਿ ਉਹ ਆਪਣੀ ਵੋਟ ਇਸ ਤਰ੍ਹਾਂ ਪਾਉਣ ਜਿਵੇਂ ਕਿ ਉਹ (ਟਰੰਪ) ਖੁਦ ਮੱਧਕਾਲੀ ਚੋਣਾਂ ਵਿੱਚ ਉਮੀਦਵਾਰ ਹੋਣ (‘ਦਿ ਨਿਊਯਾਰਕ ਟਾਈਮਜ਼’ ਦੇ ਅਨੁਸਾਰ, ਟਰੰਪ ਨੇ ਆਪਣੇ ਭਾਸ਼ਨਾਂ ਵਿਚ ਅਜਿਹਾ 47 ਵਾਰ ਕਿਹਾ)। ਉਨ੍ਹਾਂ ਨੇ ਅਹਿਮ ਰਾਜਾਂ ਵਿੱਚ ਸੈਨੇਟ ਚੋਣਾਂ ਦੌਰਾਨ ਦਖਲ ਦਿੱਤਾ, ਆਪਣੇ ਪਸੰਦੀਦਾ ਉਮੀਦਵਾਰਾਂ ਨੂੰ ਚੋਣ ਮੈਦਾਨ ਵਿੱਚ ਉਤਾਰਿਆ ਅਤੇ ਗਵਰਨਰ ਦੇ ਅਹੁਦੇ ਲਈ ਆਪਣੀ ਪਸੰਦ ਦੇ ਉਮੀਦਵਾਰਾਂ ਦਾ ਸਮਰਥਨ ਕੀਤਾ। ਉਨ੍ਹਾਂ ਨੇ ਰਿਪਬਲਿਕਨ ਪਾਰਟੀ ਦੇ ਕਬਜ਼ੇ ਵਾਲੇ ਰਾਜਾਂ ਨੂੰ ਕਿਹਾ ਕਿ ਉਹ ਆਪਣੇ ਚੋਣ ਹਲਕਿਆਂ ਦੀਆਂ ਹੱਦਾਂ ਦੀ ਮੁੜ ਹੱਦਬੰਦੀ ਇਸ ਤਰਾਂ ਕਰਨ ਕਿ ‘ਹਾਊਸ’ ਵਿੱਚ ਪਾਰਟੀ ਦੀਆਂ ਸੀਟਾਂ ਵਧ ਸਕਣ ਅਤੇ ਅੱਠ ਰਾਜਾਂ ਨੇ ਉਨ੍ਹਾਂ ਦੇ ਕਹਿਣ ‘ਤੇ ਅਜਿਹਾ ਕੀਤਾ ਵੀ ।
ਮੰਗਲਵਾਰ ਦਾ ਦਿਨ ਉਨ੍ਹਾਂ ਲਈ ਬਹੁਤ ਵੱਡਾ ਦਿਨ ਹੋਣਾ ਚਾਹੀਦਾ ਸੀ। ਉਹ ਮੱਧਕਾਲੀ ਚੋਣਾਂ ਵਿੱਚ ਰਿਪਬਲਿਕਨ ਪਾਰਟੀ ਦੀ ਜਿੱਤ, ਜਾਂ ਘੱਟੋ-ਘੱਟ ਇੱਕ ਸਨਮਾਨਜਨਕ ਪ੍ਰਦਰਸ਼ਨ ਨੂੰ ਆਪਣੀ ਨਿੱਜੀ ਪ੍ਰਾਪਤੀ ਵਜੋਂ ਪੇਸ਼ ਕਰ ਸਕਦੇ ਸਨ। ਪਰ ਇਸ ਦੀ ਬਜਾਏ, ਡੈਮੋਕ੍ਰੇਟਸ ਨੇ ਰਿਪਬਲਿਕਨਾਂ ਨੂੰ ਕਰਾਰੀ ਹਾਰ ਦਿੰਦਿਆਂ ਇੱਕ ਇਤਿਹਾਸਕ ਜਿੱਤ ਦਰਜ ਕੀਤੀ। ਮੰਗਲਵਾਰ ਦੇ ਨਤੀਜੇ ਮਿਸਟਰ ਟਰੰਪ ਨੂੰ ਨਿੱਜੀ ਅਤੇ ਸਿਆਸੀ, ਦੋਵਾਂ ਪੱਧਰਾਂ ‘ਤੇ ਸਪੱਸ਼ਟ ਤੌਰ ‘ਤੇ ਨਕਾਰਦੇ ਹਨ। ਇਹ ਇੱਕ ਅਜਿਹਾ ਝਟਕਾ ਹਨ ਜਿਸ ਨੂੰ ਉਹ ਆਸਾਨੀ ਨਾਲ ਅਣਗੌਲਿਆ ਨਹੀਂ ਕਰ ਸਕਣਗੇ। ਪਰ ਇਸਦੇ ਨਾਲ ਇਹ ਉਸ ਲੋਕਤੰਤਰ ਦੀ ਵੀ ਜਿੱਤ ਹੈ, ਜੋ ਖ਼ਤਰੇ ਵਿੱਚ ਜਾਪ ਰਿਹਾ ਸੀ। ਮਿਸਟਰ ਟਰੰਪ ਲਈ ਇਹ ਨੁਕਸਾਨ ਬਹੁਤ ਅਸਹਿ ਹੈ। ਕਾਂਗਰਸ ਦੇ ਦੋਵੇਂ ਸਦਨ ਹੁਣ ਡੈਮੋਕ੍ਰੇਟਸ ਦੇ ਕਬਜ਼ੇ ਵਿੱਚ ਆ ਗਏ ਹਨ। ਸੈਨੇਟ ਦੀਆਂ ਸੱਤ ਸੀਟਾਂ, ਜੋ ਪਹਿਲਾਂ ਰਿਪਬਲਿਕਨਾਂ ਕੋਲ ਸਨ, ਹੁਣ ਡੈਮੋਕ੍ਰੇਟਸ ਕੋਲ ਚਲੀਆਂ ਗਈਆਂ ਹਨ।ਇਸ ਤੋਂ ਇਲਾਵਾ ਅਲਾਸਕਾ ਅਤੇ ਮਿਸੀਸਿਪੀ ਵਿੱਚ ਵੀ, ਸਾਰੀਆਂ ਵੋਟਾਂ ਦੀ ਗਿਣਤੀ ਹੋਣ ਤੋਂ ਬਾਅਦ, ਇਹ ਸੀਟਾਂ ਡੈਮੋਕ੍ਰੇਟਸ ਦੇ ਹੱਕ ਵਿੱਚ ਜਾ ਸਕਦੀਆਂ ਹਨ। ਟੈਕਸਾਸ, ਆਇਓਵਾ ਅਤੇ ਓਹੀਓ—ਜੋ ਰਿਪਬਲਿਕਨ ਪਾਰਟੀ ਦੇ ਗੜ੍ਹ ਮੰਨੇ ਜਾਂਦੇ ਸਨ—ਉੱਥੇ ਡੈਮੋਕ੍ਰੇਟਿਕ ਸੈਨੇਟਰ ਅਤੇ ਡੈਮੋਕ੍ਰੇਟਿਕ ਗਵਰਨਰ ਦੋਵੇਂ ਚੁਣੇ ਗਏ ਹਨ। ਕਨਸਾਸ ਵਿੱਚ 1932 ਤੋਂ ਬਾਅਦ ਪਹਿਲੀ ਵਾਰ ਕੋਈ ਡੈਮੋਕ੍ਰੇਟਿਕ ਸੈਨੇਟਰ ਚੁਣਿਆ ਗਿਆ ਹੈ ।
ਮਿਸਟਰ ਟਰੰਪ ਵੱਲੋਂ ਸੈਨੇਟ ਚੋਣਾਂ ਲਈ ਜਿਹਨਾਂ ਉਮੀਦਵਾਰਾਂ ਦਾ ਸਮਰਥਨ ਕੀਤਾ ਗਿਆ ਸੀ ਉਹ ਸਾਰੇ ਪ੍ਰਮੁੱਖ ਉਮੀਦਵਾਰ ਚੋਣ ਹਾਰ ਗਏ ਹਨ। ਗਵਰਨਰ ਦੇ ਅਹੁਦੇ ਲਈ ਉਨ੍ਹਾਂ ਦੇ ਪੰਜ ਉਮੀਦਵਾਰ ਹਾਰ ਗਏ ਹਨ। ਇਸ ਸਭ ਲਈ ਰਾਸ਼ਟਰਪਤੀ ਦੀਆਂ ਉਹਨਾਂ ਗੱਲਾਂ ਨੂੰ ਵੀ ਜਿੰਮੇਵਾਰ ਠਹਿਰਾਇਆ ਜਾਣਾ ਬਣਦਾ ਹੈ ਜਿਹਨਾਂ ਵਿਚ ਉਸਨੇ ਲੋਕਾਂ ਦੇ ਰਹਿਣ-ਸਹਿਣ ਦੇ ਖਰਚਿਆਂ ਨੂੰ ਘਟਾਉਣ ਅਤੇ ਬੇਲੋੜੀਆਂ ਜੰਗਾਂ ਤੋਂ ਦੂਰ ਰਹਿਣ ਦੇ ਵੱਡੇ-ਵੱਡੇ ਵਾਅਦੇ ਤੋੜੇ; ਜਿਸ ਨੇ ਸ਼ੱਕੀ ਤੇ ਗੈਰ-ਕਾਨੂੰਨੀ ਪ੍ਰਵਾਸੀਆਂ ਨੂੰ ਫੜਨ ਦੀ ਮੁਹਿੰਮ ਨੂੰ ਹਿੰਸਾ ਅਤੇ ਜ਼ੁਲਮ ਦੇ ਤਾਂਡਵ ਵਿੱਚ ਬਦਲ ਦਿੱਤਾ ਅਤੇ ਜਿਸ ਦੀਆਂ ਨੀਤੀਆਂ ਨੇ ਅਮਰੀਕੀਆਂ ਲਈ ਸਮਾਜਿਕ ਸੇਵਾਵਾਂ ਵਿੱਚ ਕਟੌਤੀ ਕੀਤੀ ਅਤੇ ਸਿਹਤ ਬੀਮਾ ਪ੍ਰੀਮੀਅਮ ਵਧਾ ਦਿੱਤੇ, ਜਦਕਿ ਉਸ ਨੇ ਖੁੱਲ੍ਹੇਆਮ ਆਪਣੇ ਅਹੁਦੇ ਦੀ ਵਰਤੋਂ ਆਪਣੀ ਜੇਬ ਭਰਨ ਲਈ ਕੀਤੀ। ਹੁਣ ਇਹਨਾਂ ਚੋਣਾਂ ਵਿਚ ਰੀਪਬਲਿਕਨ ਦੀ ਹਾਰ ਅਤੇ ਉਸ ਦਾ ਪਤਨ ਅਮਰੀਕੀ ਲੋਕਤੰਤਰ ਲਈ ਇੱਕ ਚੰਗਾ ਸੰਕੇਤ ਹੈ। ਮਿਸਟਰ ਟਰੰਪ ਦਾ ਇਹ ਵਾਰ-ਵਾਰ ਝੂਠਾ ਦਾਅਵਾ ਕਿ ਰਾਸ਼ਟਰਪਤੀ ਦੀਆਂ ਪਿਛਲੀਆਂ ਚੋਣਾਂ ਵਿੱਚ ਧਾਂਦਲੀ ਹੋਈ ਸੀ, ਵੋਟਰ ਸੂਚੀਆਂ ‘ਤੇ ਰਾਜਾਂ ਦੇ ਨਿਯੰਤਰਣ ਨੂੰ ਹਥਿਆਉਣ ਦੀਆਂ ਕੋਸ਼ਿਸ਼ਾਂ ਅਤੇ ਪੋਲਿੰਗ ਸਟੇਸ਼ਨਾਂ ‘ਤੇ ਫੌਜ ਜਾਂ ‘ਆਈ.ਸੀ.ਈ.’ ਏਜੰਟਾਂ ਨੂੰ ਤਾਇਨਾਤ ਕਰਨ ਦੀਆਂ ਲਗਾਤਾਰ ਧਮਕੀਆਂ ਨੇ ਦੇਸ਼ ਦੀ ਚੋਣ ਪ੍ਰਣਾਲੀ ਦੇ ਭਵਿੱਖ ਬਾਰੇ ਡਰ ਪੈਦਾ ਕਰ ਦਿੱਤੇ ਸਨ।
ਹੁਣ ਮੱਧਕਾਲੀ ਚੋਣਾਂ ਬਿਨਾਂ ਕਿਸੇ ਰੁਕਾਵਟ ਦੇ ਨੇਪਰੇ ਚੜ੍ਹ ਗਈਆਂ ਹਨ। ਮਿਸਟਰ ਟਰੰਪ ਦਾ ਕਹਿਣਾ ਹੈ ਕਿ ਉਹ ਨਤੀਜਿਆਂ ਨੂੰ ਚੁਣੌਤੀ ਨਹੀਂ ਦੇਣਗੇ। ਇਸ ਤੋਂ ਵੀ ਚੰਗੀ ਗੱਲ ਇਹ ਹੈ ਕਿ ਮੁੱਖ ਰਿਪਬਲਿਕਨ ਰਾਜਾਂ ਵਿੱਚ ਜਲਦੀ ਹੀ ਡੈਮੋਕਰੇਟਿਕ ਗਵਰਨਰ ਹੋਣਗੇ, ਜੋ ਚੋਣ ਹਲਕਿਆਂ ਦੀਆਂ ਹੱਦਾਂ ਵਿੱਚ ਹੇਰਾਫੇਰੀ ਅਤੇ ਹੋਰ ਚਾਲਬਾਜ਼ੀਆਂ ਲਈ ਮਿਸਟਰ ਟਰੰਪ ਦੇ ਹੁਕਮ ਅੱਗੇ ਨਹੀਂ ਝੁਕਣਗੇ। ਇਸ ਤਰ੍ਹਾਂ 2028 ਦੀਆਂ ਚੋਣਾਂ ਲਈ ਸੁਰੱਖਿਆ ਪ੍ਰਬੰਧ ਹੋਰ ਮਜ਼ਬੂਤ ਹੋਣਗੇ।
ਅਮਰੀਕਾ ਦੀਆਂ ਮਧਕਾਲੀ ਚੋਣਾਂ ਦੇ ਇਹ ਨਤੀਜੇ ਕੈਨੇਡਾ ਲਈ ਵੀ ਚੰਗੇ ਸਾਬਤ ਹੋ ਸਕਦੇ ਹਨ। ਇਹ ਉਨ੍ਹਾਂ ਟੈਰਿਫਾਂ ਨੂੰ ਸਪੱਸ਼ਟ ਤੌਰ ‘ਤੇ ਰੱਦ ਕਰਦੇ ਹਨ ਜਿਨ੍ਹਾਂ ਨੇ ਅਮਰੀਕੀਆਂ ‘ਤੇ ਆਰਥਿਕ ਬੋਝ ਵਧਾਇਆ ਸੀ। ਇਹ ਮਿਸਟਰ ਟਰੰਪ ਵੱਲੋਂ ਆਪਣੇ ਉੱਤਰੀ ਗੁਆਂਢੀ (ਕੈਨੇਡਾ) ‘ਤੇ ਕੀਤੇ ਗਏ ਨਾਪਾਕ ਹਮਲਿਆਂ ਨੂੰ ਵੀ ਨਕਾਰਦੇ ਹਨ। ਹੁਣ ਦੇਖਣਾ ਇਹ ਹੋਵੇਗਾ ਕਿ ਅੱਗੇ ਕੀ ਹੁੰਦਾ ਹੈ। ਲਿਬਰਲ ਸਰਕਾਰ ਨੂੰ ਕੈਨੇਡਾ ਦੀ ਅਮਰੀਕਾ ‘ਤੇ ਨਿਰਭਰਤਾ ਘਟਾਉਣ ਦੀ ਆਪਣੀ ਯੋਜਨਾ ‘ਤੇ ਕਾਇਮ ਰਹਿਣਾ ਚਾਹੀਦਾ ਹੈ। ਇਸ ਦੌਰਾਨ ਜਿੰਨਾ ਘੱਟ ਹੋ ਸਕੇ, ਓਨਾ ਹੀ ਬੋਲਣਾ ਚਾਹੀਦਾ ਹੈ। ਪਰ ਜਦੋਂ ਜਨਵਰੀ ਵਿੱਚ ਨਵੇਂ ਚੁਣੇ ਗਏ ਨੁਮਾਇੰਦੇ ਅਹੁਦਾ ਸੰਭਾਲਣਗੇ ਤਾਂ ਸੈਨੇਟ ਵਿੱਚ ਡੈਮੋਕਰੇਟਸ ਕੋਲ ਘੱਟੋ-ਘੱਟ 7 ਸੀਟਾਂ ਦੀ ਬਹੁਗਿਣਤੀ ਹੋਵੇਗੀ ਅਤੇ ਹਾਊਸ ਆਫ ਰੀਪਰੈਜੈਂਟੇਟਿਵ ( ਪ੍ਰਤੀਨਿਧ ਸਦਨ ) ਵਿੱਚ 40 ਜਾਂ ਇਸ ਤੋਂ ਵੱਧ ਸੀਟਾਂ ਦੀ ਬਹੁਗਿਣਤੀ ਹੋਵੇਗੀ।ਜਦੋਂ ਚੁਣੇ ਹੋਏ ਲੋਕ ਜਨਵਰੀ ਵਿੱਚ ਅਹੁਦਾ ਸੰਭਾਲਣਗੇ ਤਾਂ ਉਹ ਰਾਸ਼ਟਰਪਤੀ ਦੇ ਮਾੜੇ ਇਰਾਦਿਆਂ ਨਾਲ ਲਿਆਂਦੇ ਜਾਣ ਵਾਲੇ ਬਿੱਲਾਂ ਤੇ ਰੋਕ ਲਗਾ ਸਕਣਗੇ ।
ਡੈਮੋਕ੍ਰੇਟਸ ਨੂੰ ਕਾਂਗਰਸ ਵਿਚ ਉਹਨਾਂ ਰਿਪਬਲਿਕਨ ਸਾਥੀਆਂ ਦਾ ਵੀ ਸਮਰਥਨ ਮਿਲ ਸਕਦਾ ਹੈ ਜੋ ਮੱਧਕਾਲੀ ਚੋਣਾਂ ਵਿਚ ਨੁਕਸਾਨ ਲਈ ਟਰੰਪ ਦੀ ਭੂਮਿਕਾ ਤੋਂ ਖੁਸ਼ ਨਹੀਂ ਹਨ। ਖੈਰ ਡੈਮੋਕਰੇਟਸ ਤਾਂ ਡੈਮੋਕਰੇਟਸ ਹਨ। ਉਹਨਾਂ ਦੀ ਵੀ ਲੋਕਤੰਤਰ ਨੂੰ ਬਚਾਉਣ ਲਈ ਆਪਣੀ ਘਾਲਣਾ ਹੈ। ਪਰ ਅੰਤ ਵਿਚ ਨਤੀਜੇ ਇਹ ਦਰਸਾਉਂਦੇ ਹਨ ਕਿ ਸੰਯੁਕਤ ਰਾਜ ਅਮਰੀਕਾ ਮਿਸਟਰ ਟਰੰਪ ਦੇ ਕਿਰਦਾਰ ਅਤੇ ਨੀਤੀਆਂ ਦੁਆਰਾ ਪਰਿਭਾਸ਼ਿਤ ਨਹੀਂ ਹੈ ਅਤੇ ਅਮਰੀਕਾ ਦਾ ਭਵਿੱਖ ਟਰੰਪਵਾਦ ਦੁਆਰਾ ਤੈਅ ਹੋਣਾ ਲਾਜ਼ਮੀ ਨਹੀ ਹੈ।
