ਸਰੀ(ਜਸਵੀਰ ਸਿੰਘ ਭਲੂਰੀਆ) ਅਮਰੀਕਾ ਵੱਸਦੇ ਉੱਘੇ ਲੇਖਕ ਅਤੇ ਸੀਨੀਅਰ ਪੱਤਰਕਾਰ ਐਸ. ਅਸ਼ੋਕ ਭੌਰਾ,ਜਿਨ੍ਹਾਂ ਨੇ ਪੰਜਾਬ ਅਤੇ ਪੰਜਾਬੀ ਸਮਾਜ ਦੇ ਹਰ ਪੱਖ ਉੱਪਰ ਨਿੱਠ ਕੇ ਲਿਖਿਆ ਹੈ। ਉਹ ਪਿਛਲੇ 35 ਸਾਲਾਂ ਤੋਂ ਪੰਜਾਬ ਅਤੇ ਦੁਨੀਆਂ ਦੇ ਅਖਬਾਰਾਂ ਲਈ ਕਾਲਮ ਵੀ ਲਿਖ ਰਹੇ ਹਨ। ਉਹ ਉੱਚਕੋਟੀ ਦੇ ਗੀਤਕਾਰ ਵੀ ਹਨ ਅਤੇ ਵਿਦੇਸ਼ਾਂ ਵਿੱਚ ਪੰਜਾਬੀ ਮਾਂ ਬੋਲੀ ਦਾ ਪਸਾਰ ਕਰਨ ਵਿੱਚ ਵੀ ਉਨ੍ਹਾਂ ਦਾ ਵਿਸ਼ੇਸ਼ ਯੋਗਦਾਨ ਹੈ, ਨੂੰ ਕੇਂਦਰੀ ਪੰਜਾਬੀ ਲੇਖਕ ਸਭਾ (ਉੱਤਰੀ ਅਮਰੀਕਾ) ਨੇ ਵਧਾਈ ਭੇਜੀ ਹੈ।
ਪਾਕਿਸਤਾਨ ਦੀਆਂ ਅਦਬੀ ਅਤੇ ਸੱਭਿਆਚਾਰਕ ਸੰਸਥਾਵਾਂ ‘ਪੰਜਾਬੀ ਪ੍ਰਚਾਰ’ ਅਤੇ ‘ਪੰਜਾਬੀ ਲਹਿਰ’ ਵੱਲੋਂ ਪੀਲਾਕ ਦੇ ਸਹਿਯੋਗ ਨਾਲ 27,28 ਅਤੇ 29 ਨਵੰਬਰ 2026 ਨੂੰ ਲਹੌਰ ਵਿਖੇ ਚੌਥੀ ਅੰਤਰਰਾਸ਼ਟਰੀ ਪੰਜਾਬੀ ਕਾਨਫਰੰਸ ਕਰਵਾਈ ਜਾ ਰਹੀ ਹੈ। ਦੁਨੀਆਂ ਭਰ ਦੇ 9 ਦੇਸ਼ਾਂ ਤੋਂ ਸ਼ਾਮਲ ਹੋ ਰਹੇ ਪੰਜਾਬੀ ਪਿਆਰਿਆਂ, ਖੋਜਾਰਥੀਆਂ ਅਤੇ ਵਿਦਵਾਨਾਂ ਦੀ ਇਸ ਮਹਾਂ-ਮਿਲਣੀ ਵਿੱਚ ਐਸ. ਅਸ਼ੋਕ ਭੌਰਾ ਵੀ ਵਿਸ਼ੇਸ਼ ਤੌਰ ਤੇ ਪਹੁੰਚ ਰਹੇ ਹਨ। ਇਸ ਤੋਂ ਵੀ ਅੱਗੇ ਮਾਣ ਵਾਲੀ ਗੱਲ ਹੈ ਕਿ ਉਨ੍ਹਾਂ ਦਾ ਲਿਖਿਆ ਗੀਤ ‘ਕੁੱਲ ਦੁਨੀਆਂ ਤੇ ਰਹੇਗਾ ਝੰਡਾ ਬੁਲੰਦ ਪੰਜਾਬੀ ਦਾ’ ਇਸ ਅੰਤਰਰਾਸ਼ਟਰੀ ਪੰਜਾਬੀ ਕਾਨਫਰੰਸ ਲਈ ‘ਥੀਮ ਗੀਤ’ ਚੁਣਿਆ ਗਿਆ ਹੈ। ਜਿਸ ਨੂੰ ਪਾਕਿਸਤਾਨ ਦੀ ਬਹੁਤ ਸੁਰੀਲੀ ਫਨਕਾਰਾ ਫਲਕ ਇਜ਼ਾਜ਼ ਨੇ ਪੰਜਾਬੀਅਤ ਵਿੱਚ ਭਿੱਜ ਕੇ ਗਾਇਆ ਹੈ। ਇਸ ਗੀਤ ਉੱਪਰ ਸਰਕਾਰੀ ਕਾਲਜ ਲਹੌਰ ਦੇ ਵਿਦਿਆਰਥੀ ਕਾਨਫਰੰਸ ਦੀ ਮੁੱਖ ਸਟੇਜ ਤੇ ਕੋਰੀਓਗ੍ਰਾਫੀ ਵੀ
ਕਰਨਗੇ। ਇਹ ਜਾਣਕਾਰੀ ਕੇਂਦਰੀ ਪੰਜਾਬੀ ਲੇਖਕ ਸਭਾ (ਉੱਤਰੀ ਅਮਰੀਕਾ) ਦੇ ਪ੍ਰਧਾਨ ਸ: ਪ੍ਰਿਤਪਾਲ ਸਿੰਘ ਗਿੱਲ ਨੇ ਸਾਂਝੀ ਕੀਤੀ। ਐਸ. ਅਸ਼ੋਕ ਭੌਰਾ ਦੀ ਇਸ ਮਾਣਮੱਤੀ ਪ੍ਰਾਪਤੀ ਲਈ ਸ਼ਹਿਰ ਦੀਆਂ ਦੋ ਸਿਰਕੱਢ ਸੰਸਥਾਵਾਂ ਕੇਂਦਰੀ ਪੰਜਾਬੀ ਲੇਖਕ ਸਭਾ (ਉੱਤਰੀ ਅਮਰੀਕਾ)ਅਤੇ ਕੈਨੇਡੀਅਨ ਪੰਜਾਬੀ ਕਲਚਰਲ ਐਸੋਸੀਏਸ਼ਨ ਔਫ ਬੀ.ਸੀ. ਦੇ ਅਹੁਦੇਦਾਰਾਂ ਅਤੇ ਸ਼ੁਭਚਿੰਤਕਾਂ ਨੇ ਖੁਸ਼ੀ ਦਾ ਇਜ਼ਹਾਰ ਕਰਦਿਆਂ ਐਸ. ਅਸ਼ੋਕ ਭੌਰਾ ਨੂੰ ਵਧਾਈ ਦਿੱਤੀ ਹੈ।
