ਗੁਰੂ ਘਰਾਂ ਵਿਚ ਭਾਰੀ ਰੌਣਕਾਂ ਰਹੀਆਂ-ਸਾਰਾ ਦਿਨ ਗੁਰਬਾਣੀ ਕੀਰਤਨ ਤੇ ਢਾਡੀ ਦਰਬਾਰ ਸਜਾਏ ਗਏ-
ਵੈਨਕੂਵਰ ( ਦੇ ਪ੍ਰ ਬਿ)- ਰੌਸ਼ਨੀਆਂ ਦਾ ਤਿਊਹਾਰ ਦੀਵਾਲੀ ਅਤੇ ਬੰਦੀ ਛੋੜ ਦਿਵਸ ਦੇਸ਼ ਵਿਦੇਸ਼ ਵਿਚ ਸ਼ਰਧਾ ਤੇ ਧੂਮਧਾਮ ਨਾਲ ਮਨਾਇਆ ਗਿਆ। ਦੀਵਾਲੀ ਤੇ ਬੰਦੀ ਛੋੜ ਵਾਲੇ ਦਿਨ ਵੈਨਕੂਵਰ ਅਤੇ ਲੋਅਰ ਮੇਨਲੈਂਡ ਦੇ ਵੱਖ ਵੱਖ ਗੁਰੂ ਘਰਾਂ ਵਿਚ ਪਾਠਾਂ ਦੇ ਭੋਗ ਪਾਏ ਗਏ ਤੇ ਸਾਰਾ ਦਿਨ ਕੀਰਤਨ ਅਤੇ ਰਾਗੀ ਢਾਡੀ ਦੀਵਾਨ ਸਜਾਏ ਗਏ। ਸਾਰੇ ਗੁਰੂ ਘਰਾਂ ਵਿਚ ਵੱਡੀ ਗਿਣਤੀ ਵਿਚ ਸੰਗਤਾਂ ਨੇ ਨਤਮਸਤਕ ਹੁੰਦਿਆਂ ਗੂਰੂ ਘਰ ਦਾ ਅਸ਼ੀਰਵਾਦ ਲਿਆ। ਚਾਹ ਪਕੌੜੇ ਅਤੇ ਗੁਰੂ ਕੇ ਲੰਗਰ ਅਤੁਟ ਵਰਤਾਏ ਗਏ ਜਿਹਨਾਂ ਦਾ ਸੰਗਤਾਂ ਨੇ ਭਰਪੂਰ ਆਨੰਦ ਮਾਣਿਆ। ਖਾਲਸਾ ਦੀਵਾਨ ਸੁਸਾਇਟੀ ਵੈਨਕੂਵਰ, ਖਾਲਸਾ ਦੀਵਾਨ ਸੁਸਾਇਟੀ ਐਬਸਫੋਰਡ, ਖਾਲਸਾ ਦੀਵਾਨ ਸੁਸਾਇਟੀ ਸਰੀ ਤੋਂ ਇਲਾਵਾ ਗੁਰੂ ਨਾਨਕ ਨਿਵਾਸ ਰਿਚਮੰਡ, ਗੁਰਦੁਆਰਾ ਸਾਹਿਬ ਬਰੁਕਸਾਈਡ ਸਰੀ, ਗੁਰਦੁਆਰਾ ਦਸਮੇਸ਼ ਦਰਬਾਰ, ਗੁਰੂ ਨਾਨਕ ਸਿੱਖ ਗੁਰਦੁਆਰਾ ਸਰੀ-਼ਡੈਲਟਾ, ਗੁਰੁਦੁਆਰਾ ਸਿੰਘ ਸਭਾ ਸਰੀ, ਗੁਰਦੁਆਰਾ ਦੁਖ ਨਿਵਾਰਨ ਸਾਹਿਬ ਸਰੀ ਸਮੇਤ ਸਰੀ ਅਤੇ ਲੋਅਰ ਮੇਨਲੈਂਡ ਦੇ ਸਾਰੇ ਗੁਰੂ ਘਰਾਂ ਵਿਚ ਪ੍ਰਬੰਧਕਾਂ ਵਲੋਂ ਸੰਗਤਾਂ ਦੀ ਸੁਵਿਧਾ ਲਈ ਵੱਡੇ ਤੇ ਸੁਚੱਜੇ ਪ੍ਰਬੰਧ ਕੀਤੇ ਗਏ। ਖਾਲਸਾ ਦੀਵਾਨ ਸੁਸਾਇਟੀ ਐਬਸਫੋਰਡ ਦੇ ਪ੍ਰਧਾਨ ਰਾਜਿੰਦਰ ਸਿੰਘ ਢਿੱਲੋਂ, ਖਾਲਸਾ ਦੀਵਾਨ ਸੁਸਾਇਟੀ ਵੈਨਕੂਵਰ ਦੇ ਪ੍ਰਧਾਨ ਰਣਜੀਤ ਸਿੰਘ ਹੇਅਰ, ਖਾਲਸਾ ਦੀਵਾਨ ਸੁਸਾਇਟੀ ਸਰੀ ਦੇ ਪ੍ਰਧਾਨ ਹਰਦੀਪ ਸਿੰਘ ਪਾਹਵਾ, ਗੁਰਦੁਆਰਾ ਸਾਹਿਬ ਬਰੁੱਕਸਾਈਡ ਦੇ ਪ੍ਰਧਾਨ ਬਲਬੀਰ ਸਿੰਘ ਚਾਨਾ ਅਤੇ ਹੋਰ ਗੁਰੁ ਘਰਾਂ ਦੇ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸਾਹਿਬਾਨ ਅਤੇ ਅਹੁਦੇਦਾਰਾਂ ਵਲੋਂ ਸਮੂਹ ਸੰਗਤਾਂ ਨੂੰ ਦੀਵਾਲੀ ਤੇ ਬੰਦੀਛੋੜ ਦਿਵਸ ਦੀਆਂ ਵਧਾਈਆਂ ਦਿੱਤੀਆਂ ਗਈਆਂ। ਫੈਡਰਲ ਮਨਿਸਟਰ ਗਰੈਗ ਰੋਬਿਨਸਨ ਵਿਸ਼ੇਸ਼ ਤੌਰ ਤੇ ਖਾਲਸਾ ਦੀਵਾਨ ਸੁਸਾਇਟੀ ਵੈਨਕੂਵਰ ਵਿਖੇ ਨਤਮਸਤਕ ਹੋਏ ਤੇ ਸੰਗਤਾਂ ਨੂੰ ਵਧਾਈਆਂ ਦਿੱਤੀਆਂ। ਇਸੇ ਦੌਰਾਨ ਸਰੀ ਦੇ ਨਵੇਂ ਚੁਣੇ ਗਏ ਮੇਅਰ ਡੱਗ ਮੈਕਲਮ, ਡਿਪਟੀ ਮੇਅਰ ਮਨਦੀਪ ਨਾਗਰਾ ਅਤੇ ਸੇਫ ਸਰੀ ਕੋਲੀਸ਼ਨ ਦੀ ਟੀਮ ਵਲੋਂ ਗੁਰੂ ਨਾਨਕ ਸਿੱਖ ਗੁਰਦੁਆਰਾ ਸਾਹਿਬ ਵਿਖੇ ਜਿੱਤ ਦੀ ਖੁਸ਼ੀ ਅਤੇ ਸੁਕਰਾਨੇ ਵਜੋਂ ਪਾਠ ਦੇ ਭੋਗ ਪਾਏ ਗਏ ਤੇ ਲੰਗਰ ਦੀ ਸੇਵਾ ਕੀਤੀ ਗਈ। ਮੇਅਰ ਡੱਗ ਮੈਕਲਮ ਨੇ ਸੰਗਤਾਂ ਦਾ ਸ਼ੁਕਰਾਨਾ ਕਰਦਿਆਂ ਦੀਵਾਲੀ ਅਤੇ ਬੰਦੀਛੋੜ ਦਿਵਸ ਦੀਆਂ ਵਧਾਈਆਂ ਦਿੱਤੀਆਂ। ਗੁਰਦੁਆਰਾ ਦਸਮੇਸ਼ ਦਰਬਾਰ ਸਰੀ ਵਿਖੇ ਦੂਸਰੀ ਵਾਰ ਵਿਧਾਇਕ ਚੁਣੇ ਗਏ ਮਨਦੀਪ ਸਿੰਘ ਧਾਲੀਵਾਲ ਵਲੋਂ ਸ਼ੁਕਰਾਨੇ ਵਜੋਂ ਪਾਠ ਦੇ ਭੋਗ ਪੁਆਏ ਗਏ। ਇਸ ਮੌਕੇ ਉਹਨਾਂ ਸੰਗਤਾਂ ਦਾ ਧੰਨਵਾਦ ਕਰਦਿਆਂ ਬੰਦੀ ਛੋੜ ਦਿਵਸ ਦੀਆਂ ਵਧਾਈਆਂ ਸਾਂਝੀਆਂ ਕੀਤੀਆਂ।
ਖਾਲਸਾ ਦੀਵਾਨ ਸੁਸਾਇਟੀ ਵੈਨਕੂਵਰ ਵਿਖੇ ਭਾਰੀ ਦੀਵਾਨ ਸਜਾਏ-
ਵੈਨਕੂਵਰ ( ਜੁਗਿੰਦਰ ਸਿੰਘ ਸੁੰਨੜ )-ਦੀਵਾਲੀ ਦੇ ਤਿਊਹਾਰ ਤੇ ਗੁਰੂ ਸਾਹਿਬਾਨ ਵੇਲੇ ਵੀ ਭਾਈ ਮਨੀ ਸਿੰਘ ਹਰਿਮੰਦਰ ਸਾਹਿਬ ਵਿਖੇ ਸਿੱਖਾਂ ਦਾ ਇਕੱਠ ਕਰਿਆ ਕਰਦੇ ਸਨ। ਦੂਸਰੇ ਵੱਡੇ ਤਿਊਹਾਰ ਵਿਸਾਖੀ ਤੇ ਹਰਿਮੰਦਰ ਸਾਹਿਬ ਵਿਖੇ ਸਿੱਖਾਂ ਦਾ ਇਕੱਠ ਹੋਇਆ ਕਰਦਾ ਸੀ। ਛੇਵੇਂ ਪਾਤਸ਼ਾਹ ਗੁਰੂ ਹਰਗੋਬਿੰਦ ਸਾਹਿਬ ਜੀ ਜਦੋਂ ਗਵਾਲੀਅਰ ਦੇ ਕਿਲੇ ਚੋ 52 ਕੈਦੀ ਰਾਜਿਆਂ ਸਮੇਤ ਰਿਹਾਅ ਹੋਣ ਤੋਂ ਬਾਦ ਸ੍ਰੀ ਹਰਿਮੰਦਰ ਸਾਹਿਬ ਆਏ ਤੇ ਬਾਬਾ ਬੁੱਢਾ ਜੀ ਨੇ ਦੀਪ ਮਾਲਾ ਕੀਤੀ ਸੀ। ਸਿੱਖਾਂ ਨੇ ਇਸਨੂੰ ਦੀਵਾਲੀ ਨਾਲ ਜੋੜ ਲਿਆ ਜਦਕਿ ਸ੍ਰੀ ਰਾਮਚੰਦਰ ਜੀ ਦੇ 14 ਸਾਲ ਬਨਵਾਸ ਤੋਂ ਬਾਦ ਜਦੋਂ ਆਯੁਧਿਆ ਵਾਪਿਸ ਆਏ ਤਾਂ ਉਸ ਦਿਨ ਦੀਪਮਾਲਾ ਕੀਤੀ ਗਈ ਸੀ। ਦੀਵਾਲੀ ਦਾ ਤਿਊਹਾਰ ਬਹੁਤ ਪੁਰਾਣਾ ਹੈ ਤੇ ਹਿੰਦੂ ਸਿੱਖ ਇਸਨੂੰ ਰਲਕੇ ਮਨਾਉਂਦੇ ਹਨ।
ਬੀਤੀ 8 ਨਵੰਬਰ ਨੂੰ ਦੀਵਾਲੀ ਦੇ ਤਿਊਹਾਰ ਮੌਕੇ ਖਾਲਸਾ ਦੀਵਾਨ ਸੁਸਾਇਟੀ ਵੈਨਕੂਵਰ ਵਿਖੇ ਸੰਗਤਾਂ ਨੇ ਭਾਰੀ ਸ਼ਰਧਾ ਤੇ ਉਤਸ਼ਾਹ ਨਾਲ ਇਹ ਤਿਊਹਾਹ ਮਨਾਇਆ। ਬਾਹਰ ਟੈਂਟ ਲਗਾਕੇ ਦੀਪਮਾਲਾ ਕੀਤੀ ਗਈ। ਕੀਰਤਨੀ ਸਿੰਘਾਂ ਨੇ ਦੀਵਾਲੀ ਕੀ ਰਾਤ ਦੀਵੇ ਬਾਲੀਅਨ ਦੇ ਸ਼ਬਦ ਗਾਕੇ ਸੰਗਤਾਂ ਨੂੰ ਮੰਤਰ ਮੁਗਧ ਕਰ ਦਿੱਤਾ। ਗਿਆਨੀ ਹਰਜਿੰਦਰ ਸਿੰਘ ਜੀ ਨੇ ਕਥਾ ਦੇ ਪ੍ਰਵਾਹ ਚਲਾਏ। ਸੰਗਤਾਂ ਨੇ ਰਲਮਿਲਕੇ ਦੀਵਾਲੀ ਅਤੇ ਬੰਦੀਛੋੜ ਦਿਵਸ ਸ਼ਰਧਾ ਪਿਆਰ ਅਤੇ ਸਤਿਕਾਰ ਨਾਲ ਮਨਾਇਆ। ਰਾਤ ਦੇਰ ਤੱਕ ਸੰਗਤਾਂ 9.30 ਵਜੇ ਤੱਕ ਵੀ ਕੀਰਤਨ ਦਰਬਾਰ ਚਲਦੇ ਰਹੇ। ਲੰਗਰਾਂ ਵਿਚ ਵਲੰਟੀਅਰਾਂ ਨੇ ਅਤੇ ਪਾਰਕਿੰਗ ਲਾਟ ਵਿਚ ਕਾਰਾਂ ਪਾਰਕ ਕਰਨ ਦੀ ਸੇਵਾ ਨਿਭਾਈ। ਗੁਰਦੁਆਰਾ ਸਾਹਿਬ ਦੀ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਰਣਜੀਤ ਸਿੰਘ ਹੇਅਰ ਵਲੋਂ ਸਮੂਹ ਸੰਗਤਾਂ ਦਾ ਧੰਨਵਾਦ ਕੀਤਾ ਗਿਆ ਅਤੇ ਸੰਗਤਾਂ ਨੂੰ ਇਸ ਪਵਿਤਰ ਦਿਹਾੜੇ ਦੀਆਂ ਵਧਾਈਆਂ ਦਿੱਤੀਆਂ।
ਕੈਬਨਿਟ ਮੰਤਰੀ ਗਰੈਗ ਰੋਬਿਨਸਨ ਨੇ ਗੁਰੂ ਘਰ ਨਤਮਸਤਕ ਹੋਏ-
ਵੈਨਕੂਵਰ ( ਜੁਗਿੰਦਰ ਸਿੰਘ ਸੁੰਨੜ)-ਐਤਵਾਰ ਦੇ ਦੀਵਾਨਾਂ ਵਿਚ ਥਾਂਦੀਆਂ ਨਗਰ ਦੀ ਸੰਗਤ ਵਲੋਂ 25 ਆਖੰਡ ਪਾਠਾਂ ਦੀ ਸੇਵਾ ਤੋਂ ਬਾਦ ਧਾਰਮਿਕ ਦੀਵਾਨ ਸਜਾਏ ਗਏ। ਇਸ ਮੌਕੇ ਵੱਖ ਵੱਖ ਰਾਜਨੀਤਕ ਤੇ ਧਾਰਮਿਕ ਬੁਲਾਰਿਆਂ ਨੇ ਬੰਦੀ ਛੋੜ ਦਿਵਸ ਤੇ ਸੰਗਤਾਂ ਨੂੰ ਵਧਾਈਆਂ ਦਿੱਤੀਆਂ। ਇਸ ਮੌਕੇ ਵਿਸ਼ੇਸ਼ ਤੌਰ ਵੈਨਕੂਵਰ ਸਾਊਥ ਤੋਂ ਐਮ ਪੀ ਅਤੇ ਫੈਡਰਲ ਮੰਤਰੀ ਗਰੈਗਰ ਰੋਬਿਨਸਨ ਗੁਰੂ ਘਰ ਵਿਖੇ ਨਤਮਸਤਕ ਹੋਏ ਅਤੇ ਸੰਗਤਾਂ ਨੂੰ ਬੰਦੀ ਛੋੜ ਦਿਵਸ ਦੀਆਂ ਵਧਾਈਆਂ ਦਿੱਤੀਆਂ। ਉਹਨਾਂ ਨੇ ਲੰਗਰ ਹਾਲ ਵਿਚ ਵੀ ਸੰਗਤਾਂ ਨਾਲ ਵਿਚਾਰ ਸਾਂਝੇ ਕੀਤੇ ਤੇ ਸੰਗਤ ਨਾਲ ਬੈਠਕੇ ਲੰਗਰ ਛਕਿਆ। ਪਾਕਿਸਤਾਨ ਤੋਂ ਆਏ ਡਾ ਕਾਦਰ ਆਜ਼ਮੀ ਨੇ ਸਿੱਖ ਧਰਮ ਬਾਰੇ ਜਾਣਕਾਰੀ ਪ੍ਰਾਪਤ ਕੀਤੀ। ਇਸ ਮੌਕੇ ਮਨਿਸਟਰ ਗਰੈਗਰ ਰੋਬਿਨਸਨ ਨਾਲ ਉਹਨਾਂ ਦੇ ਸਲਾਹਕਾਰ ਸ ਸੁਖਵਿੰਦਰਪਾਲ ਸਿੰਘ ਵੀ ਹਾਜ਼ਰ ਸਨ। ਮਨਿਸਟਰ ਨਾਲ ਗੁਰਦੁਆਰਾ ਕਮੇਟੀ ਦੇ ਮੈਂਬਰਾਂ ਨੇ ਯਾਦਗਾਰੀ ਤਸਵੀਰਾਂ ਵੀ ਕਰਵਾਈਆਂ।
ਗੁਰਦੁਆਰਾ ਸਾਹਿਬ ਬਰੁੱਕਸਾਈਡ ਸਰੀ ਵਿਖੇ ਬੰਦੀਛੋੜ ਦਿਵਸ ਮੌਕੇ ਧਾਰਮਿਕ ਸਮਾਗਮ-
ਸਰੀ ( ਸੁਰਿੰਦਰ ਸਿੰਘ ਜੱਬਲ ) -ਗੁਰਦੁਆਰਾ ਸਾਹਿਬ ਬਰੁੱਕਸਾਈਡ ਵਿਚ ਬੰਦੀਛੋੜ ਦਿਵਸ ਅਤੇ ਦੀਵਾਲੀ ਸਮਾਗਮ ਸੰਗਤਾਂ ਨੇ ਬੜੀ ਹੀ ਸ਼ਰਧਾ ਅਤੇ ਉਤਸ਼ਾਹ ਨਾਲ ਮਨਾਏ।ਸਵੇਰ ਦੇ ਦੀਵਾਨਾਂ ਵਿਚ ਘਲੋਟੀ ਅਤੇ ਘੁੰਡਾਣੀ ਕਲਾ ਇਲਾਕਾ ਨਿਵਾਸੀਆਂ ਵਲੋਂ ਰਖਾਏ ਹੋਏ ਅਖੰਡ ਪਾਠ ਜੀ ਦੀ ਸੰਪੂਰਨਤਾ ਉਪਰੰਤ ਦੀਵਾਨ ਹਾਲ ਵਿਚ ਸਾਰਾ ਦਿਨ ਦੀਵਾਨ ਸਜਾਏ ਗਏ।ਸਾਰਾ ਦਿਨ ਲੰਗਰ ਬਨਾਉਣ ਵਾਲੇ ਸੇਵਾਦਾਰਾਂ ਸਮੇਤ ਸੇਵਾਦਾਰ ਬੀਬੀਆਂ ਅਤੇ ਲੰਗਰ ਵਰਤਾਉਣ ਵਾਲੇ ਸੇਵਾਦਾਰਾਂ ਨੇ ਗੁਰੂ ਸਾਹਿਬਾਂ ਵਲੋਂ ਬਖਸ਼ੀ ਹੋਈ ਸੇਵਾ ਨੂੰ ਬੜੀ ਹੀ ਤਨਦੇਹੀ ਨਾਲ ਨਿਭ੍ਹਾਇਆ। ਭਾਈ ਸਰਬਜੀਤ ਸਿੰਘ ਰਮਦਾਸਵਾਲੇ, ਭਾਈ ਸਵਰਨਜੀਤ ਸਿੰਘ ਪਟਿਆਲੇਵਾਲੇ, ਭਾਈ ਇਕਬਾਲ ਸਿੰਘ ਲੁਧਿਆਣੇਵਾਲੇ, ਗਿਆਨੀ ਸਤਵਿੰਦਰਪਾਲ ਸਿੰਘ, ਗਿਆਨੀ ਕੁਲਵੰਤ ਸਿੰਘ, ਗੁਦੁਆਰਾ ਸਾਹਿਬ ਦੀਆਂ ਸੇਵਾਦਾਰ ਬੀਬੀਆਂ ਅਤੇ ਬੱਚੀ ਸੋਨਲਦੀਪ ਕੌਰ ਜੱਬਲ ਵਲੌਂ ਗੁਰਬਾਣੀ ਸ਼ਬਦ ਕਥਾ ਕੀਰਤਨ ਨਾਲ ਗੁਰਦੁਆਰਾ ਸਾਹਿਬ ਵਿਚ ਬੜੇ ਪਿਆਰ ਤੇ ਸ਼ਰਧਾ ਨਾਲ ਆਈ ਸੰਗਤ ਨੂੰ ਗੁਰੂ ਸ਼ਬਦ ਨਾਲ ਜੋੜਿਆ।
ਬਵੰਜਾ ਕੈਦੀ ਰਾਜਿਆਂ ਨੂੰ ਗਵਾਲੀਅਰ ਦੇ ਕਿਲੇ ਵਿਚੋਂ ਛੁਡਵਾ ਕੇ ਛੇਵੇਂ ਪਾਤਸ਼ਾਹ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਨੇ ਜਿਸ ਤਰ੍ਹਾਂ ਆਜ਼ਾਦ ਕਰਵਾਇਆ ਅੱਜ ਉਨ੍ਹਾਂ ਨੂੰ ਬੰਦੀਛੋੜ ਕਰਕੇ ਜਾਣਿਆ ਜਾਂਦਾ ਹੈ।ਉਂਜ ਤਾਂ ਭਾਈ ਗੁਰਦਾਸ ਜੀ ਅਨੁਸਾਰ ਸਾਰੇ ਗੁਰੂ ਸਾਹਿਬਾਨ ਹੀ ਬੰਦੀ ਛੋੜ ਹਨ “ਸਤਿਗੁਰੁ ਬੰਦੀ ਛੋੜੁ ਹੈ ਜੀਵਨ ਮੁਕਤਿ ਕਰੈ ਉਡੀਣਾ”। ਜਿਸ ਤਰ੍ਹਾਂ ਛੇਵੇਂ ਸਤਿਗੁਰੁ ਨੇ ਬਵੰਜਾ ਰਾਜਿਆਂ ਨੂੰ ਉਮਰ ਕੈਦ ਤੋਂ ਮੁਕਤਿ ਕੀਤਾ, ਇਸੇ ਤਰ੍ਹਾਂ ਸਤਿਗੁਰੂ ਮਨ ਵਿਚ ਉੱਠ ਰਹੇ ਵਿਕਾਰਾਂ ਦੀ ਗੁਲਾਮੀ ਤੋਂ ਅਜ਼ਾਦ ਕਰਵਾ ਕੇ ਜੀਵਨ ਮੁਕਤਿ ਕਰ ਦਿੰਦਾ ਹੈ। “ਦੀਵਾ ਬਲੈ ਅੰਧੇਰਾ ਜਾਇ” ਜਿਸ ਤਰ੍ਹਾਂ ਦੀਵਾ ਬਲਣ ਨਾਲ ਅੰਧੇਰਾ ਮਿਟ ਜਾਂਦਾ ਹੈ ਇਸੇ ਤਰ੍ਹਾਂ “ਜਹ ਗਿਆਨ ਪ੍ਰਗਾਸੁ ਅਗਿਆਨ ਮਿਟੰਤੁ” ਜਦੋਂ ਇਨਸਾਨ ਨੂੰ ਗਿਆਨ ਦਾ ਪ੍ਰਕਾਸ਼ ਹੋ ਜਾਂਦਾ ਹੈ ਤਾਂ ਫਿਰ ਅਗਿਆਣਤਾ ਦਾ ਅੰਧੇਰਾ ਮਿਟ ਜਾਂਦਾ ਹੈ।ਬਹੁਤੇ ਤਾਂ ਦੀਵਾਲੀ ਦੀ ਰਾਤ ਨੂੰ ਦੀਵੇ ਜਗਾਕੇ ਹੀ ਆਪਣਾ ਮਨੋਰਥ ਪੂਰਾ ਕਰ ਲੈਂਦੇ ਹਨ ਜੋ ਕਿ ਭਾਈ ਗੁਰਦਾਸ ਜੀ ਅਨੁਸਾਰ ਥੋੜਾ ਚਿਰ ਪ੍ਰਕਾਸ਼ ਕਰਕੇ ਬੁਝ ਜਾਂਦੇ ਹਨ ਪਰ “ਗੁਰਮੁਖੁ ਸੁਖਫਲ ਦਾਤਿ ਸਬਦਿ ਸਮ੍ਹਾਲੀਅਨ” ਗੁਰਮੁਖਾਂ ਨੂੰ ਸ਼ਬਦ ਦੀ ਦਾਤਿ ਤੇ ਫਲਸਰੂਪ ਜੋ ਆਤਮਿਕ ਅਨੰਦ ਰੂਪੀ ਸਰੂਰ ਆਉਂਦਾ ਹੈ ਉਹ ਸਦੀਵੀ ਹੁੰਦਾ ਹੈ।ਵੱਡੀ ਗਿਣਤੀ ਵਿਚ ਪਰਿਵਾਰਾਂ ਨੇ ਨਿਸ਼ਾਨ ਸਾਹਿਬ ਕੋਲ ਪ੍ਰਬੰਧਕ ਕਮੇਟੀ ਵਲੋਂ ਤਿਆਰ ਕੀਤੀ ਹੋਈ ਜਗ੍ਹਾ ਤੇ ਦੀਵੇ ਆਦਿ ਜਗਾ ਕੇ ਕੁਝ ਕੁ ਪਲਾਂ ਦੀਆਂ ਰੋਸ਼ਨੀਆਂ ਮਾਣ ਕੇ ਦੀਵਾਲੀ ਦੇ ਦਿਨ ਆਪਣੀਆਂ ਖੁਸ਼ੀਆਂ ਦਾ ਇਜ਼ਹਾਰ ਵੀ ਕੀਤਾ। ਆਓ ਦੀਵਿਆਂ ਨੂੰ ਜਗਾਉਣ ਤੋੰ ਸੰਕੋਚ ਕਰਕੇ ਗੁਰ ਸ਼ਬਦ ਦੀ ਦੀਖਿਆ ਰਾਹੀਂ ਤਨਦੇਹੀ ਦੇ ਵਾਸੀ ਮਨ ਨੂੰ ਆਤਮਿਕ ਪ੍ਰਕਾਸ਼ ਨਾਲ ਜਗਾਉਣ ਨੂੰ ਪਹਿਲ ਦੇਈਏ ਅਤੇ ਅੰਧੇਰ ਰੂਪੀ ਮਨ ਨੂੰ ਦੀਵਾਲੀ ਵਾਲੇ ਦਿਨ ਗਿਆਨ ਰੂਪੀ ਪ੍ਰਕਾਸ਼ ਨਾਲ ਸਦੀਵੀ ਰੌਸ਼ਨ ਕਰ ਦੇਈਏ।
ਗੁ. ਖਾਲਸਾ ਦੀਵਾਨ ਸੁਸਾਇਟੀ ਸਰੀ (ਯੌਰਕ ਸੈਂਟਰ) ਵਿਖੇ ਬੰਦੀ ਛੋੜ ਦਿਵਸ ਅਤੇ ਦੀਵਾਲੀ ਸਬੰਧੀ ਸਮਾਗਮ ਕਰਵਾਏ–
ਸਰੀ ( ਅਮਰਜੀਤ ਸਿੰਘ ਬਰਾੜ)- ਗੁਰਦਵਾਰਾ ਖਾਲਸਾ ਦੀਵਾਨ ਸੁਸਾਇਟੀ ਸਰੀ ਵਿਖੇ ਮਿਤੀ 8 ਨਵੰਬਰ-2026 ਐਤਵਾਰ ਨੂੂੰ ਬੰਦੀ ਛੋੜ ਦਿਵਸ ਅਤੇ ਦੀਵਾਲੀ ਸਬੰਧੀ ਸਮਾਗਮ ਕਰਵਾਇਆ ਗਿਆ। ਸੰਗਤ ਵਲੋਂ ਹਰ ਸਾਲ ਦੀ ਤਰਾਂ ਇਸ ਸਮਾਗਮ ਵਿਚ ਸ਼ਰਧਾ ਭਾਵਨਾ ਨਾਲ ਬਹੁਤ ਵੱਡੀ ਗਿਣਤੀ ਵਿਚ ਸ਼ਿਰਕਿਤ ਕੀਤੀ ਗਈ। ਸਵੇਰ ਤੋਂ ਹੀ ਸੰਗਤ ਦੀ ਆਮਦ ਸੁਰੂ ਹੋ ਗਈ ਅਤੇ ਸ਼ਾਮ ਹੁੰਦਿਆਂ ਹੀ ਦੀਪ ਮਾਲਾ ਸੁਰੂ ਹੋ ਗਈ ਸੀ।ਸੰਗਤ ਨੇ ਰਾਤ ਦੇਰ ਤੱਕ ਗੁਰਬਾਣੀ ਕੀਰਤਨ ਦਾ ਅਨੰਦ ਮਾਣਿਆ।ਭਾਈ ਰਜਿੰਦਰ ਸਿੰਘ ਪਾਓਂਟਾ ਸਹਿਬ ਵਾਲੇ ਅਤੇ ਭਾਈ ਸੁਖਵੀਰ ਸਿੰਘ ਪੂਨੇ ਵਾਲੇ ਕੀਰਤਨੀ ਜੱਥਿਆਂ ਨੇ ਮਨੋਹਰ ਕੀਰਤਨ ਰਾਹੀਂ ਸੰਗਤ ਨੂੰ ਨਿਹਾਲ ਕੀਤਾ।ਗਿਆਨੀ ਹਰਪਿੰਦਰ ਪਾਲ ਅਤੇ ਭਾਈ ਰਛਪਾਲ ਸਿੰਘ ਨੇ ਮਧੁਰ ਬਾਣੀ ਰਾਹੀ ਸੰਗਤ ਨੂੰ ਮੰਤਰ ਮੁਗਦ ਕੀਤਾ।ਲੰਗਰ ਦੀ ਸੇਵਾ ਦੇਰ ਰਾਤ ਤੱਕ ਬੀਬਾ ਸਰਬਜੀਤ ਕੌਰ ,ਕੁਲਦੀਪ ਸਿੰਘ, ਭਾਈ ਜਸਮੀਨ ਸਿੰਘ ਅਤੇ ਕਾਕਾ ਅਜੀਤ ਸਿੰਘ ਨੇ ਸ਼ਰਧਾ ਭਾਵਨਾ ਨਾਲ ਨਿਭਾਈ।ਗੁਰਦਵਾਰਾ ਸਹਿਬ ਦੀ ਪਰਬੰਧਕੀ ਕਮੇਟੀ ਵਲੋ ਸ.ਹਰਦੀਪ ਸਿੰਘ ਪਾਵਾ,ਸ.ਅਵਤਾਰ ਸਿੰਘ ਰਾਣਾ,ਸ.ਅਮਰਜੀਤ ਸਿੰਘ ਬਰਾੜ ਅਤੇ ਸ. ਕੁਲਵੰਤ ਸਿੰਘ ਪੂਨੀਆ ਨੇ ਰਾਤ ਦੇਰ ਤੱਕ ਇਸ ਸਮਾਗਮ ਵਿਚ ਹਾਜਰੀ ਭਰੀ । ਪ੍ਰਬੰਧਕੀ ਕਮੇਟੀ ਵਲੋਂ ਸੰਗਤ ਨੂੰ ਬੰਦੀ ਛੋੜ ਦਿਵਸ ਅਤੇ ਦੀਵਾਲੀ ਦੀਆਂ ਵਧਾਈਆਂ ਦਿੱਤੀਆਂ ਅਤੇ ਧੰਨਵਾਦ ਕੀਤਾ।
ਮਠਿਆਈਆਂ ਦੀਆਂ ਦੁਕਾਨਾਂ ਤੇ ਭਾਰੀ ਰੌਣਕਾਂ- ਦੀਵਾਲੀ ਦੇ ਤਿਊਹਾਰ ਤੇ ਵੱਖ-ਵੱਖ ਥਾਵਾਂ ਤੇ ਸਵੀਟਸ ਅਤੇ ਰੈਸਟੋਰੈਂਟ ਮਾਲਕਾਂ ਵਲੋਂ ਵਿਸ਼ੇਸ਼ ਟੈਂਟ ਲਗਾਕੇ ਮਿਠਾਈ ਦੀਆਂ ਦੁਕਾਨਾਂ ਸਜਾਈਆਂ ਗਈਆਂ। ਜਿਥੇ ਲੋਕਾਂ ਨੇ ਵੰਨ ਸਵੰਨੀਆਂ ਮਠਿਆਈਆਂ ਅਤੇ ਤਾਜ਼ਾ ਜਲੇਬੀਆਂ ਅਤੇ ਪਕੌੜਿਆਂ ਦੇ ਨਾਲ ਹੋਰ ਸਵਾਦਿਸਟ ਮਿਠਾਈਆਂ ਖਰੀਦੀਆਂ ਅਤੇ ਇਕ ਦੂਸਰੇ ਨੂੰ ਤੋਹਫੇ ਦਿੱਤੇ। ਮਠਿਆਈਆਂ ਦੀਆਂ ਦੁਕਾਨਾਂ ਵਾਲਿਆਂ ਨੇ ਇਹ ਦੀਵਾਲੀ ਭਰਪੂਰ ਰਹਿਣ ਅਤੇ ਮਠਿਆਈਆਂ ਦੀ ਚੰਗੀ ਵਿਕਰੀ ਹੋਣ ਤੇ ਖੁਸ਼ੀ ਪ੍ਰਗਟ ਕੀਤੀ।























