Nov 10, 2026

ਚਾਰ ਸਾਲਾਂ ਲਈ ਪ੍ਰਾਪਰਟੀ ਟੈਕਸ ਦੀਆਂ ਦਰਾਂ ਜਿਉਂ ਦੀਆਂ ਤਿਉਂ ਰੱਖਣ ਦਾ ਫ਼ੈਸਲਾ,

ਨਿਊਟਨ ’ਚ ਹਸਪਤਾਲ ਲਈ ਜ਼ਮੀਨ ਦੀ ਜ਼ੋਨਿੰਗ ਬਦਲਣ ਅਤੇ ਸਕਾਈਟ੍ਰੇਨ ਵਿਸਥਾਰ ਦੀ ਕਾਰਵਾਈ ਅੱਗੇ ਵਧੇਗੀ-

ਸਰੀ, 10 ਨਵੰਬਰ (ਮਹੇਸ਼ਇੰਦਰ ਸਿੰਘ ਮਾਂਗਟ) — ਸਰੀ ਸਿਟੀ ਕੌਂਸਲ ਨੇ ਸੋਮਵਾਰ ਨੂੰ ਆਪਣੀ ਪਹਿਲੀ ਨਿਯਮਤ ਬੈਠਕ ’ਚ ਇਕ ਮਤਾ ਪਾਸ ਕਰ ਕੇ ਨਵੇਂ ਕਾਰਜਕਾਲ ਲਈ 16 ਅਹਿਮ ਕੰਮਾਂ ਨੂੰ ਮਨਜ਼ੂਰੀ ਦੇ ਦਿਤੀ ਹੈ। ਕੌਂਸਲ ਨੇ ਸਿਟੀ ਅਮਲੇ ਨੂੰ ਸਾਰੇ ਕੰਮਾਂ ’ਤੇ ਤੁਰਤ ਕਾਰਵਾਈ ਸ਼ੁਰੂ ਕਰਨ ਦੇ ਹੁਕਮ ਦਿਤੇ ਹਨ। ਇਨ੍ਹਾਂ ’ਚ ਚਾਰ ਸਾਲਾਂ ਲਈ ਪ੍ਰਾਪਰਟੀ ਟੈਕਸ ਦੀਆਂ ਦਰਾਂ ’ਚ ਵਾਧਾ ਨਾ ਕਰਨਾ, ਨਿਊਟਨ ’ਚ ਨਵੇਂ ਹਸਪਤਾਲ ਲਈ ਸਿਟੀ ਦੀ ਮਲਕੀਅਤ ਵਾਲੀ ਜ਼ਮੀਨ ਦੀ ਜ਼ੋਨਿੰਗ ਬਦਲਣ ਦੀ ਪ੍ਰਕਿਰਿਆ ਤੇਜ਼ ਕਰਨਾ ਅਤੇ ਕਿੰਗ ਜਾਰਜ ਬੁਲੇਵਾਰਡ ਰਾਹੀਂ ਸਕਾਈਟ੍ਰੇਨ ਨੂੰ ਨਿਊਟਨ ਤਕ ਲਿਜਾਣ ਦੀ ਯੋਜਨਾ ਅੱਗੇ ਵਧਾਉਣਾ ਸ਼ਾਮਲ ਹੈ। ਕੌਂਸਲ ਵੱਲੋਂ ਮਨਜ਼ੂਰ ਕੀਤੀਆਂ 16 ਅਹਿਮ ਕੰਮਾਂ ਦਾ ਵੇਰਵਾ ਇਸ ਤਰਾਂ ਹੈ : –

1.ਨਿਊਟਨ ’ਚ ਨਵੇਂ ਹਸਪਤਾਲ ਲਈ ਸਿਟੀ ਦੀ ਮਲਕੀਅਤ ਵਾਲੀ ਜ਼ਮੀਨ ਦੀ ਜ਼ੋਨਿੰਗ ਬਦਲਣ ਦੀ ਪ੍ਰਕਿਰਿਆ ਤੇਜ਼ ਕਰਨੀ 2.ਚਾਰ ਸਾਲਾਂ ਲਈ ਜਾਇਦਾਦ ਟੈਕਸ ਦੀਆਂ ਦਰਾਂ ਜਿਉਂ ਦੀਆਂ ਤਿਉਂ ਰੱਖਣੀਆਂ 3.ਅਪਰਾਧ ਅਤੇ ਫ਼ਿਰੌਤੀ ਵਿਰੁਧ ਸਖ਼ਤ ਨੀਤੀ ਅਪਣਾਉਣੀ ਅਤੇ ਸੜਕਾਂ ’ਤੇ ਵੱਧ ਪੁਲਿਸ ਮੁਲਾਜ਼ਮ ਤਾਇਨਾਤ ਕਰਨੇ 4.ਕਿੰਗ ਜਾਰਜ ਬੁਲੇਵਾਰਡ ਰਾਹੀਂ ਸਕਾਈਟ੍ਰੇਨ ਨੂੰ ਨਿਊਟਨ ਤਕ ਲਿਜਾਣ ਦੀ ਯੋਜਨਾ ਅੱਗੇ ਵਧਾਉਣੀ।5.ਵਿਸ਼ਵ ਪੱਧਰੀ ਨਿਵੇਸ਼, ਕਾਰੋਬਾਰ ਅਤੇ ਸੈਰ-ਸਪਾਟੇ ਨੂੰ ਖਿੱਚ ਕੇ ਸਰੀ ਨੂੰ ਕੌਮਾਂਤਰੀ ਪੱਧਰ ’ਤੇ ਪ੍ਰਮੁੱਖ ਸ਼ਹਿਰ ਵਜੋਂ ਸਥਾਪਤ ਕਰਨਾ। 6.ਸਰੀ ਪੁਲਿਸ ਸਰਵਿਸ ਨੂੰ 90 ਦਿਨਾਂ ਅੰਦਰ ਇਕ ਹੈਲੀਕਾਪਟਰ ਅਤੇ ਡਰੋਨਾਂ ਦਾ ਬੇੜਾ ਮੁਹੱਈਆ ਕਰਵਾਉਣਾ 7.ਕਲੇਟਨ ਹਾਈਟਸ, ਸਿਟੀ ਸੈਂਟਰ, ਨਿਊਟਨ ਅਤੇ ਕਲੋਵਰਡੇਲ ’ਚ ਨਵੇਂ ਤੈਰਾਕੀ ਪੂਲ ਬਣਾਉਣ ਦੀਆਂ ਯੋਜਨਾਵਾਂ ਅੱਗੇ ਵਧਾਉਣੀਆਂ।8.ਕ੍ਰੈਸੈਂਟ ਬੀਚ ਅਤੇ ਓਸ਼ਨ ਪਾਰਕ ’ਚ 140 ਸਟਰੀਟ ਤੋਂ ਪੱਛਮ ਵੱਲ ਸਮੁੰਦਰ ਤਕ ਦੇ ਇਲਾਕੇ ਦੀ ਮੌਜੂਦਾ ਪਛਾਣ ਕਾਇਮ ਰੱਖਣ ਲਈ ਜ਼ੋਨਿੰਗ ਨਿਯਮ ਲਾਗੂ ਕਰਨੇ 9. ਸੀਨੀਅਰ ਨਾਗਰਿਕਾਂ ਲਈ ਮਨੋਰੰਜਨ ਗਤੀਵਿਧੀਆਂ ਦੀ ਫ਼ੀਸ ਮੁਆਫ਼ ਕਰਨੀ, 3 ਤੋਂ 16 ਸਾਲ ਦੀ ਉਮਰ ਦੇ ਬੱਚਿਆਂ ਨੂੰ ਤੈਰਾਕੀ ਦੀ ਮੁਫ਼ਤ ਸਿਖਲਾਈ ਦੇਣੀ ਅਤੇ ਮਨੋਰੰਜਨ ਗਤੀਵਿਧੀਆਂ ਦੀਆਂ ਫ਼ੀਸਾਂ ਚਾਰ ਸਾਲਾਂ ਲਈ ਜਿਉਂ ਦੀਆਂ ਤਿਉਂ ਰੱਖਣੀਆਂ 10.ਖੇਤੀਬਾੜੀ ਵਾਲੀ ਜ਼ਮੀਨ ਦੀ ਰਾਖੀ ਅਤੇ ਸਥਾਨਕ ਖੁਰਾਕ ਉਤਪਾਦਨ ਵਧਾਉਣ ਲਈ ਸਥਾਨਕ ਖੇਤੀ ਯੋਜਨਾ ਤਿਆਰ ਕਰਨੀ 11. ਪਿਛਲੇ ਚਾਰ ਸਾਲਾਂ ਦੇ ਜ਼ਮੀਨੀ ਲੈਣ-ਦੇਣ ਦਾ ਸੁਤੰਤਰ ਫ਼ੋਰੈਂਸਿਕ ਆਡਿਟ ਕਰਵਾਉਣਾ। ਇਸ ’ਚ ਅਰੀਨਾ ਪ੍ਰਾਜੈਕਟ, 152 ਸਟਰੀਟ ਤੇ 76 ਐਵੇਨਿਊ ਵਾਲੀ ਪਾਰਕ ਦੀ ਜ਼ਮੀਨ ਅਤੇ ਟਾਈਨਹੈੱਡ ਦੀ ਸਿਖਲਾਈ ਸਹੂਲਤ ਨਾਲ ਜੁੜੇ ਲੈਣ-ਦੇਣ ਸ਼ਾਮਲ ਹੋਣਗੇ 12.ਮੈਟਰੋ ਵੈਨਕੂਵਰ ਰੀਜਨਲ ਬੋਰਡ ਤੋਂ ਵੱਖ ਹੋਣਾ ਅਤੇ ਮੈਟਰੋ ਵੈਨਕੂਵਰ ਨਾਲ ਸਿਰਫ਼ ਮੁੱਖ ਸੇਵਾਵਾਂ ਜਾਰੀ ਰੱਖਣੀਆਂ 13.ਰਿਹਾਇਸ਼ੀ ਉਸਾਰੀ ਦੇ ਪਰਮਿਟ 60 ਦਿਨਾਂ ਅੰਦਰ ਜਾਰੀ ਕਰਨ ਦੀ ਗਾਰੰਟੀ ਲਾਗੂ ਕਰਨੀ 14. ਹਰ ਨਵੇਂ ਕਾਰੋਬਾਰ ਨੂੰ ਪਹਿਲੇ ਦੋ ਸਾਲਾਂ ਲਈ ਮੁਫ਼ਤ ਕਾਰੋਬਾਰੀ ਲਾਇਸੈਂਸ ਦੇਣਾ 15 ਰੋਜ਼ਮੇਰੀ ਹਾਈਟਸ ਰਿਟਰੀਟ ਸੈਂਟਰ ਦੀ ਜ਼ਮੀਨ ਖ਼ਰੀਦ ਕੇ ਉਸ ਨੂੰ ਪੱਕੇ ਤੌਰ ’ਤੇ ਪਾਰਕ ਵਜੋਂ ਸੁਰੱਖਿਅਤ ਕਰਨਾ 16 ਸਰੀ ਸਿਟੀ ਡਿਵੈਲਪਮੈਂਟ ਕਾਰਪੋਰੇਸ਼ਨ ਨੂੰ ਸਿਟੀ ਦੇ ਪ੍ਰਸ਼ਾਸਕੀ ਢਾਂਚੇ ’ਚ ਸ਼ਾਮਲ ਕਰਨਾ।

ਨਿਊਟਨ ’ਚ ਹਸਪਤਾਲ ਲਈ ਜ਼ੋਨਿੰਗ ਬਦਲਣ ਦੀ ਪ੍ਰਕਿਰਿਆ ਸ਼ੁਰੂ ਹੋਈ — ਮੇਅਰ ਡਗ ਮੈਕਲਮ
ਮੇਅਰ ਡਗ ਮੈਕਲਮ ਨੇ ਕਿਹਾ, “ਸਰੀ ਦੇ ਲੋਕਾਂ ਨੇ ਇਸ ਕੌਂਸਲ ਨੂੰ ਕੰਮ ਕਰ ਕੇ ਵਿਖਾਉਣ ਲਈ ਚੁਣਿਆ ਹੈ ਅਤੇ ਸੋਮਵਾਰ ਰਾਤ ਅਸੀਂ ਉਸ ਦੀ ਸ਼ੁਰੂਆਤ ਕਰ ਦਿਤੀ।” ਉਨ੍ਹਾਂ ਕਿਹਾ ਕਿ ਚੋਣਾਂ ਦੌਰਾਨ ਕੀਤੇ ਹਰ ਵਾਅਦੇ ਨੂੰ ਹੁਣ ਕੌਂਸਲ ਦੀਆਂ ਤਰਜੀਹਾਂ ’ਚ ਸ਼ਾਮਲ ਕਰ ਲਿਆ ਗਿਆ ਹੈ। ਉਨ੍ਹਾਂ ਮੁਤਾਬਕ ਨਿਊਟਨ ’ਚ ਪ੍ਰਸਤਾਵਿਤ ਹਸਪਤਾਲ ਲਈ ਜ਼ਮੀਨ ਦੀ ਜ਼ੋਨਿੰਗ ਬਦਲਣ ਦੀ ਪ੍ਰਕਿਰਿਆ ਸ਼ੁਰੂ ਹੋ ਚੁੱਕੀ ਹੈ ਅਤੇ ਸਿਟੀ ਅਮਲਾ ਨਿਊਟਨ ਤਕ ਸਕਾਈਟ੍ਰੇਨ ਦੇ ਵਿਸਥਾਰ ਸਬੰਧੀ ਕਾਰਵਾਈ ਵੀ ਤੁਰਤ ਅੱਗੇ ਵਧਾਏਗਾ। ਉਨ੍ਹਾਂ ਕਿਹਾ ਕਿ ਅਰੀਨਾ ਪ੍ਰਾਜੈਕਟ ਸਮੇਤ ਪਿਛਲੇ ਚਾਰ ਸਾਲਾਂ ਦੇ ਜ਼ਮੀਨੀ ਲੈਣ-ਦੇਣ ਦਾ ਫ਼ੋਰੈਂਸਿਕ ਆਡਿਟ ਕਰਵਾਇਆ ਜਾਵੇਗਾ।
ਮੈਕਲਮ ਨੇ ਕਿਹਾ ਕਿ ਸਰੀ ਬ੍ਰਿਟਿਸ਼ ਕੋਲੰਬੀਆ ਦਾ ਸਭ ਤੋਂ ਵੱਡਾ ਸ਼ਹਿਰ ਬਣਨ ਵੱਲ ਵਧ ਰਿਹਾ ਹੈ ਅਤੇ ਵਸਨੀਕ ਹਸਪਤਾਲ, ਜਨਤਕ ਆਵਾਜਾਈ ਤੇ ਮਨੋਰੰਜਨ ਸਹੂਲਤਾਂ ਦੀ ਲੰਮੇ ਸਮੇਂ ਤੋਂ ਉਡੀਕ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਸਿਟੀ ਇਨ੍ਹਾਂ ਸਹੂਲਤਾਂ ਲਈ ਸੂਬਾਈ ਅਤੇ ਫ਼ੈਡਰਲ ਸਰਕਾਰਾਂ ਨਾਲ ਮਿਲ ਕੇ ਕੰਮ ਕਰੇਗੀ ਅਤੇ ਵਸਨੀਕਾਂ ਨੂੰ ਹਰ ਪੜਾਅ ’ਤੇ ਜਾਣਕਾਰੀ ਦਿੰਦੀ ਰਹੇਗੀ।

ਡੱਗ ਐਲਫੋਰਡ ਚਾਰ ਸਾਲਾਂ ਲਈ ਸਰੀ ਪੁਲਿਸ ਬੋਰਡ ’ਚ ਕੌਂਸਲ ਦੇ ਨੁਮਾਇੰਦੇ ਨਿਯੁਕਤ-

ਇਸੇ ਬੈਠਕ ’ਚ ਕੌਂਸਲ ਨੇ ਕੌਂਸਲਰ ਡਗ ਐਲਫੋਰਡ ਨੂੰ ਚਾਰ ਸਾਲਾਂ ਲਈ ਸਰੀ ਪੁਲਿਸ ਬੋਰਡ ’ਚ ਆਪਣਾ ਨੁਮਾਇੰਦਾ ਨਿਯੁਕਤ ਕੀਤਾ। ਕੌਂਸਲ ਨੇ ਆਉਣ ਵਾਲੇ ਸਾਲ ਲਈ ਮੈਟਰੋ ਵੈਨਕੂਵਰ ਰੀਜਨਲ ਡਿਸਟ੍ਰਿਕਟ ਬੋਰਡ ’ਚ ਆਪਣੇ ਡਾਇਰੈਕਟਰ ਵੀ ਨਿਯੁਕਤ ਕੀਤੇ ਅਤੇ 2027 ਦੀਆਂ ਕੌਂਸਲ ਬੈਠਕਾਂ ਦੀ ਸਮਾਂ-ਸਾਰਣੀ ਨੂੰ ਮਨਜ਼ੂਰੀ ਦਿਤੀ।
ਸਿਟੀ ਅਮਲਾ ਇਨ੍ਹਾਂ ਮੱਦਾਂ ਨੂੰ ਲਾਗੂ ਕਰਨ ਦੀ ਸਮਾਂ-ਸੀਮਾ ਅਤੇ ਅਨੁਮਾਨਿਤ ਖ਼ਰਚਿਆਂ ਬਾਰੇ ਰਿਪੋਰਟਾਂ ਆਉਣ ਵਾਲੀਆਂ ਬੈਠਕਾਂ ’ਚ ਕੌਂਸਲ ਅੱਗੇ ਪੇਸ਼ ਕਰੇਗਾ। ਕੌਂਸਲ ਦੀਆਂ ਬੈਠਕਾਂ ਦੇ ਏਜੰਡੇ, ਕਾਰਵਾਈ ਦਾ ਰਿਕਾਰਡ ਅਤੇ ਵੀਡੀਓ ਸਿਟੀ ਦੀ ਵੈੱਬਸਾਈਟ ’ਤੇ ਉਪਲਬਧ ਹਨ।

Leave a Reply

Your email address will not be published. Required fields are marked *