Screenshot
ਸਾਊਥ ਸਰੀ ਵਿਖੇ ਨਾਮਵਰ ਲੇਖਕਾਂ, ਕਲਾਕਾਰਾਂ ਅਤੇ ਸਿਨੇਮਾ ਪ੍ਰੇਮੀਆਂ ਨੇ ਕੀਤੀ ਸ਼ਿਰਕਤ-
ਸਰੀ, 10 ਨਵੰਬਰ (ਹਰਦਮ ਮਾਨ)- ਭਾਰਤੀ ਸਿਨੇਮਾ ਦੇ ਮਹਾਨ ਅਦਾਕਾਰ, ਸੰਵੇਦਨਸ਼ੀਲ ਲੇਖਕ ਅਤੇ ਪੰਜਾਬੀ ਸੱਭਿਆਚਾਰ ਦੇ ਸੂਝਵਾਨ ਪ੍ਰਤੀਨਿਧ ਬਲਰਾਜ ਸਾਹਨੀ ਦੇ ਜੀਵਨ, ਕਲਾ, ਸਾਹਿਤਕ ਯੋਗਦਾਨ ਅਤੇ ਪੰਜਾਬ ਨਾਲ ਉਨ੍ਹਾਂ ਦੇ ਗੂੜ੍ਹੇ ਸਬੰਧਾਂ ਨੂੰ ਸਮਰਪਿਤ ਵਿਸ਼ੇਸ਼ ਡਾਕੂਮੈਂਟਰੀ ‘ਬਲਰਾਜ ਸਾਹਨੀ: ਇਕ ਸਫ਼ਰ, ਇਕ ਦਾਸਤਾਨ’ ਦਾ ਪ੍ਰਦਰਸ਼ਨ ਬੀਤੇ ਦਿਨ ਸਾਊਥ ਸਰੀ ਦੇ ਕੈਪ੍ਰਿਸ ਸਿਨੇਮਾਜ (ਕੈਪ੍ਰਿਸ ਵ੍ਹਾਈਟ ਰੌਕ) ਵਿਖੇ ਕੀਤਾ ਗਿਆ। ਇਸ ਮੌਕੇ ਪੰਜਾਬੀ ਸਾਹਿਤ, ਕਲਾ, ਸਿਨੇਮਾ ਅਤੇ ਸੱਭਿਆਚਾਰ ਨਾਲ ਜੁੜੀਆਂ ਨਾਮਵਰ ਸ਼ਖ਼ਸੀਅਤਾਂ ਸਮੇਤ ਵੱਡੀ ਗਿਣਤੀ ਵਿੱਚ ਪੰਜਾਬੀ ਪ੍ਰੇਮੀਆਂ ਨੇ ਸ਼ਮੂਲੀਅਤ ਕੀਤੀ।
ਬਲਰਾਜ ਸਾਹਨੀ ਦਾ ਨਾਂ ਭਾਰਤੀ ਸਿਨੇਮਾ ਦੇ ਇਤਿਹਾਸ ਵਿੱਚ ਇੱਕ ਅਜਿਹੇ ਅਦਾਕਾਰ ਵਜੋਂ ਦਰਜ ਹੈ, ਜਿਸ ਨੇ ਆਪਣੀ ਅਦਾਕਾਰੀ ਨੂੰ ਮਨੁੱਖੀ ਸੰਵੇਦਨਾਵਾਂ, ਸਮਾਜਿਕ ਸਰੋਕਾਰਾਂ ਅਤੇ ਆਮ ਲੋਕਾਂ ਦੇ ਦੁੱਖਾਂ-ਦਰਦਾਂ ਦੀ ਆਵਾਜ਼ ਬਣਾਇਆ। ਉਨ੍ਹਾਂ ਨੇ ਰੰਗਮੰਚ ਤੋਂ ਆਪਣੇ ਕਲਾਤਮਕ ਸਫ਼ਰ ਦੀ ਸ਼ੁਰੂਆਤ ਕੀਤੀ ਅਤੇ ਇੰਡੀਅਨ ਪੀਪਲਜ਼ ਥੀਏਟਰ ਐਸੋਸੀਏਸ਼ਨ (ਇਪਟਾ) ਨਾਲ ਜੁੜ ਕੇ ਨਾਟਕਾਂ ਰਾਹੀਂ ਸਮਾਜਿਕ ਚੇਤਨਾ ਅਤੇ ਲੋਕ-ਪੱਖੀ ਸੋਚ ਨੂੰ ਪ੍ਰਗਟਾਇਆ। ਉਨ੍ਹਾਂ ਦੀ ਅਦਾਕਾਰੀ ਦੀ ਵਿਸ਼ੇਸ਼ਤਾ ਇਹ ਸੀ ਕਿ ਉਹ ਪਾਤਰ ਨੂੰ ਸਿਰਫ਼ ਪਰਦੇ ਉੱਤੇ ਪੇਸ਼ ਨਹੀਂ ਕਰਦੇ ਸਨ, ਸਗੋਂ ਉਸ ਦੇ ਜੀਵਨ, ਸੰਘਰਸ਼ ਅਤੇ ਭਾਵਨਾਵਾਂ ਨੂੰ ਆਪਣੇ ਅੰਦਰ ਜਿਊਂਦੇ ਸਨ। ‘ਧਰਤੀ ਕੇ ਲਾਲ’, ‘ਦੋ ਬੀਘਾ ਜ਼ਮੀਨ’, ‘ਕਾਬੁਲੀਵਾਲਾ’, ‘ਵਕ਼ਤ’, ‘ਹਕੀਕਤ’, ‘ਅਨੁਰਾਧਾ’ ਅਤੇ ਆਖ਼ਰੀ ਫ਼ਿਲਮ ‘ਗਰਮ ਹਵਾ’ ਉਨ੍ਹਾਂ ਦੀਆਂ ਯਾਦਗਾਰੀ ਫ਼ਿਲਮਾਂ ਹਨ। ਪੰਜਾਬੀ ਸਿਨੇਮਾ ਵਿੱਚ ਵੀ ਉਨ੍ਹਾਂ ਨੇ ‘ਸਤਲੁਜ ਦੇ ਕੰਢੇ’ ਅਤੇ ‘ਨਾਨਕ ਦੁਖੀਆ ਸਭ ਸੰਸਾਰ’ ਵਰਗੀਆਂ ਫ਼ਿਲਮਾਂ ਰਾਹੀਂ ਆਪਣੀ ਅਮਿੱਟ ਛਾਪ ਛੱਡੀ। ‘ਦੋ ਬੀਘਾ ਜ਼ਮੀਨ’ ਵਿੱਚ ਇੱਕ ਗ਼ਰੀਬ ਕਿਸਾਨ ਅਤੇ ‘ਕਾਬੁਲੀਵਾਲਾ’ ਵਿੱਚ ਮਨੁੱਖੀ ਮੋਹ ਨਾਲ ਭਰੇ ਕਿਰਦਾਰ ਦੀ ਪੇਸ਼ਕਾਰੀ ਉਨ੍ਹਾਂ ਦੀ ਅਦਾਕਾਰੀ ਦੇ ਯਾਦਗਾਰੀ ਨਮੂਨੇ ਹਨ।
ਬਲਰਾਜ ਸਾਹਨੀ ਦੀ ਸ਼ਖ਼ਸੀਅਤ ਦਾ ਇੱਕ ਹੋਰ ਅਹਿਮ ਪੱਖ ਉਨ੍ਹਾਂ ਦਾ ਸਾਹਿਤਕ ਯੋਗਦਾਨ ਹੈ। ਉਹ ਪੰਜਾਬੀ ਭਾਸ਼ਾ ਦੇ ਗੰਭੀਰ ਲੇਖਕ ਅਤੇ ਚਿੰਤਕ ਸਨ। ਉਨ੍ਹਾਂ ਨੇ ਆਪਣੀਆਂ ਲਿਖਤਾਂ ਰਾਹੀਂ ਸਮਾਜਿਕ ਜੀਵਨ, ਮਨੁੱਖੀ ਰਿਸ਼ਤਿਆਂ, ਸੱਭਿਆਚਾਰਕ ਸਾਂਝ ਅਤੇ ਸਮੇਂ ਦੇ ਰਾਜਨੀਤਕ ਤੇ ਸਮਾਜਿਕ ਹਾਲਾਤਾਂ ਨੂੰ ਬੜੀ ਸੰਵੇਦਨਸ਼ੀਲਤਾ ਨਾਲ ਪੇਸ਼ ਕੀਤਾ। ‘ਮੇਰਾ ਪਾਕਿਸਤਾਨੀ ਸਫ਼ਰਨਾਮਾ’, ‘ਮੇਰਾ ਰੂਸੀ ਸਫ਼ਰਨਾਮਾ’, ‘ਕਾਮੇ’, ‘ਇਕ ਸਫ਼ਰ ਇਕ ਦਾਸਤਾਨ’ ਅਤੇ ‘ਗ਼ੈਰ ਜਜ਼ਬਾਤੀ ਡਾਇਰੀ’ ਉਨ੍ਹਾਂ ਦੀਆਂ ਚਰਚਿਤ ਸਾਹਿਤਕ ਰਚਨਾਵਾਂ ਵਿੱਚ ਸ਼ਾਮਲ ਹਨ। ਉਨ੍ਹਾਂ ਦੀ ਲੇਖਣੀ ਵਿੱਚ ਪੰਜਾਬ ਦੀ ਮਿੱਟੀ, ਲੋਕਾਂ ਦਾ ਜੀਵਨ, ਭਾਸ਼ਾ ਪ੍ਰਤੀ ਮੋਹ ਅਤੇ ਮਨੁੱਖਤਾ ਦਾ ਸੰਦੇਸ਼ ਸਪੱਸ਼ਟ ਰੂਪ ਵਿੱਚ ਦਿਖਾਈ ਦਿੰਦਾ ਹੈ। ਇਸ ਤਰ੍ਹਾਂ ਬਲਰਾਜ ਸਾਹਨੀ ਨੇ ਅਦਾਕਾਰੀ ਅਤੇ ਸਾਹਿਤ ਦੋਵਾਂ ਖੇਤਰਾਂ ਵਿੱਚ ਆਪਣੀ ਵਿਲੱਖਣ ਪਛਾਣ ਬਣਾਈ ਅਤੇ ਪੰਜਾਬੀ ਸੱਭਿਆਚਾਰ ਦੀ ਅਮੀਰ ਵਿਰਾਸਤ ਵਿੱਚ ਮਹੱਤਵਪੂਰਨ ਵਾਧਾ ਕੀਤਾ।
ਇਹ ਡਾਕੂਮੈਂਟਰੀ ਸਿਰਫ਼ ਇੱਕ ਮਹਾਨ ਅਦਾਕਾਰ ਦੇ ਜੀਵਨ ਦੀ ਪੇਸ਼ਕਾਰੀ ਹੀ ਨਹੀਂ, ਸਗੋਂ ਉਸ ਸ਼ਖ਼ਸੀਅਤ ਦੀਆਂ ਸਾਹਿਤਕ, ਸੱਭਿਆਚਾਰਕ ਅਤੇ ਮਾਨਵੀ ਪ੍ਰਾਪਤੀਆਂ ਨੂੰ ਨਵੀਂ ਪੀੜ੍ਹੀ ਤੱਕ ਪਹੁੰਚਾਉਣ ਦਾ ਇੱਕ ਸੁਹਿਰਦ ਯਤਨ ਹੈ।
ਇਸ ਡਾਕੂਮੈਂਟਰੀ ਨੂੰ ਤਿਆਰ ਕਰਨ ਵਿੱਚ ਡਾ. ਹਰਜੀਤ ਸਿੰਘ ਦੀ ਸਿਰਜਣਾਤਮਕ ਭੂਮਿਕਾ ਰਹੀ, ਜਦਕਿ ਨਵਰੋਜ਼ ਗੁਰਬਾਜ਼ ਐਂਟਰਟੇਨਮੈਂਟ ਵੱਲੋਂ ਇਸ ਨੂੰ ਰਿਲੀਜ਼ ਕੀਤਾ ਗਿਆ। ਜੀਵੇ ਪੰਜਾਬ ਅਦਬੀ ਸੰਗਤ ਅਤੇ ਨਵਰੋਜ਼ ਗੁਰਬਾਜ਼ ਐਂਟਰਟੇਨਮੈਂਟ ਦੇ ਸਹਿਯੋਗ ਨਾਲ ਕਰਵਾਏ ਇਸ ਵਿਸ਼ੇਸ਼ ਪ੍ਰਦਰਸ਼ਨ ਦੇ ਪ੍ਰਬੰਧਾਂ ਵਿੱਚ ਭੁਪਿੰਦਰ ਸਿੰਘ ਮੱਲ੍ਹੀ ਅਤੇ ਲਵਪ੍ਰੀਤ ਸੰਧੂ (ਲੱਕੀ) ਨੇ ਅਹਿਮ ਭੂਮਿਕਾ ਨਿਭਾਈ। ਸਮਾਗਮ ਦੇ ਆਰੰਭ ਵਿੱਚ ਲਵਪ੍ਰੀਤ ਸੰਧੂ ਲੱਕੀ ਨੇ ਹਾਜ਼ਰ ਸ਼ਖ਼ਸੀਅਤਾਂ ਦਾ ਨਿੱਘਾ ਸਵਾਗਤ ਕਰਦਿਆਂ ਉਨ੍ਹਾਂ ਦੀ ਆਮਦ ਲਈ ਧੰਨਵਾਦ ਕੀਤਾ।
ਡਾਕੂਮੈਂਟਰੀ ਦੇ ਪ੍ਰਦਰਸ਼ਨ ਉਪਰੰਤ ਭੁਪਿੰਦਰ ਸਿੰਘ ਮੱਲ੍ਹੀ ਨੇ ਹਾਜ਼ਰ ਦਰਸ਼ਕਾਂ ਅਤੇ ਸਹਿਯੋਗੀਆਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਅਜਿਹੇ ਸੱਭਿਆਚਾਰਕ ਅਤੇ ਸਾਹਿਤਕ ਉਪਰਾਲੇ ਲੋਕਾਂ ਦੇ ਸਹਿਯੋਗ ਅਤੇ ਉਤਸ਼ਾਹ ਨਾਲ ਹੀ ਸਫ਼ਲ ਹੁੰਦੇ ਹਨ। ਉਨ੍ਹਾਂ ਕਿਹਾ ਕਿ ਕਿਸੇ ਮਹਾਨ ਸ਼ਖ਼ਸੀਅਤ ਦੇ ਜੀਵਨ ਅਤੇ ਯੋਗਦਾਨ ਨੂੰ ਦਸਤਾਵੇਜ਼ੀ ਰੂਪ ਦੇਣਾ ਇੱਕ ਵੱਡੀ ਜ਼ਿੰਮੇਵਾਰੀ ਵਾਲਾ ਕੰਮ ਹੈ। ਇਸ ਲਈ ਕਾਫ਼ੀ ਖੋਜ, ਮਿਹਨਤ, ਸਮਾਂ ਅਤੇ ਸਮਰਪਣ ਦੀ ਲੋੜ ਹੁੰਦੀ ਹੈ। ਉਨ੍ਹਾਂ ਭਰੋਸਾ ਦਿਵਾਇਆ ਕਿ ਇਸ ਲੜੀ ਨੂੰ ਅੱਗੇ ਵੀ ਜਾਰੀ ਰੱਖਣ ਦਾ ਯਤਨ ਕੀਤਾ ਜਾਵੇਗਾ ਅਤੇ ਆਉਣ ਵਾਲੇ ਸਮੇਂ ਵਿੱਚ ਪੰਜਾਬੀ ਦੇ ਪ੍ਰਸਿੱਧ ਕਵੀ ਧਨੀ ਰਾਮ ਚਾਤ੍ਰਿਕ, ਵਿਧਾਤਾ ਸਿੰਘ ਤੀਰ ਅਤੇ ਬਾਵਾ ਬਲਵੰਤ ਬਾਰੇ ਵੀ ਅਜਿਹੀਆਂ ਡਾਕੂਮੈਂਟਰੀਆਂ ਤਿਆਰ ਕਰਨ ਦੀ ਯੋਜਨਾ ਹੈ, ਤਾਂ ਜੋ ਪੰਜਾਬੀ ਸਾਹਿਤ ਅਤੇ ਸੱਭਿਆਚਾਰ ਦੀ ਅਣਮੋਲ ਵਿਰਾਸਤ ਨੂੰ ਦਸਤਾਵੇਜ਼ੀ ਰੂਪ ਵਿੱਚ ਸੰਭਾਲ ਕੇ ਦੁਨੀਆ ਭਰ ਦੇ ਪੰਜਾਬੀ ਪ੍ਰੇਮੀਆਂ ਤੱਕ ਪਹੁੰਚਾਇਆ ਜਾ ਸਕੇ।
ਇਸ ਮੌਕੇ ਹਾਜ਼ਰ ਦਰਸ਼ਕਾਂ ਨੇ ਡਾਕੂਮੈਂਟਰੀ ਬਾਰੇ ਆਪਣੇ ਵਿਚਾਰ ਸਾਂਝੇ ਕਰਦਿਆਂ ਇਸ ਉਪਰਾਲੇ ਦੀ ਭਰਪੂਰ ਸ਼ਲਾਘਾ ਕੀਤੀ। ਦਰਸ਼ਕਾਂ ਦਾ ਮੰਨਣਾ ਸੀ ਕਿ ਬਲਰਾਜ ਸਾਹਨੀ ਵਰਗੀਆਂ ਬਹੁਪੱਖੀ ਸ਼ਖ਼ਸੀਅਤਾਂ ਦੇ ਜੀਵਨ ਅਤੇ ਯੋਗਦਾਨ ਨੂੰ ਅਜਿਹੇ ਦਸਤਾਵੇਜ਼ੀ ਯਤਨਾਂ ਰਾਹੀਂ ਸਾਹਮਣੇ ਲਿਆਉਣਾ ਸਮੇਂ ਦੀ ਅਹਿਮ ਲੋੜ ਹੈ। ਉਨ੍ਹਾਂ ਇਹ ਵੀ ਕਿਹਾ ਕਿ ਇਹ ਸਮਾਗਮ ਬਲਰਾਜ ਸਾਹਨੀ ਨੂੰ ਯਾਦ ਕਰਨ ਦੇ ਨਾਲ-ਨਾਲ ਪੰਜਾਬੀ ਸਾਹਿਤ, ਕਲਾ ਅਤੇ ਸਿਨੇਮਾ ਦੀ ਵਿਰਾਸਤ ਨੂੰ ਸੰਭਾਲਣ ਅਤੇ ਅਗਲੀਆਂ ਪੀੜ੍ਹੀਆਂ ਤੱਕ ਪਹੁੰਚਾਉਣ ਦੇ ਸੰਕਲਪ ਨੂੰ ਹੋਰ ਮਜ਼ਬੂਤ ਕਰਦਾ ਹੈ।
