Nov 10, 2026

ਗੁਰਚਰਨਜੀਤ ਸਿੰਘ ਲਾਂਬਾ—

ਅੱਜ ਜਦੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਗੁਰਿਆਈ ਦਿਵਸ ਅਤੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਜੋਤੀ ਜੋਤਿ ਸਮਾਉਣ ਬਾਰੇ ਕੁਝ ਲਿਖਣ ਲਈ ਬੈਠਿਆ ਤਾਂ ਦਿਲ ਵਿੱਚ ਇਹ ਵਲਵਲਾ ਉਠਿਆ

ਜੋਤਿ ਟਿਕਾਇ ਕਰ ਗ੍ਰੰਥ ਮਹਿ, ਆਪ ਪੰਥ ਮਹਿ ਗਯੋ ਸਮਾਇ ॥
ਜੋਤਿ ਜੁਗਤਿ ਕੇ ਰਹਸੁ ਕਉ, ਪੰਥ-ਗ੍ਰੰਥ ਮਹਿ ਦੀਓ ਦਿਖਾਇ ॥ (ਸਵੈ ਲਿਖਤ)

ਸੰਸਾਰ ਦੇ ਇਤਿਹਾਸ ਵਿਚ ਇਹ ਪਹਿਲਾ ਵਾਕਿਆ ਹੈ ਕਿ ਕਿਸੇ ਪਵਿੱਤਰ ਗ੍ਰੰਥ ਵਿਚ ਗੁਰਿਆਈ ਦੀ ਜੋਤ ਟਿਕਾਈ ਗਈ ਹੋਵੇ।  ਸੰਸਾਰ ਵਿਚ ਅਨੇਕਾ ਧਰਮ ਹਨ ਅਤੇ ਉਹਨਾਂ ਦੀਆਂ ਪਵਿੱਤਰ ਧਾਰਮਿਕ ਪੁਸਤਕਾਂ ਹਨ, ਪਰ ਕਿਸੇ ਨੂੰ ਵੀ ‘ਜੀਵਤ ਗੁਰੂ’ ਦਾ ਦਰਜਾ ਨਹੀਂ ਪ੍ਰਾਪਤ ਹੋਇਆ। ਜਿਹੜਾ ਗੁਰੂ ਦਾ ਦਰਜਾ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਤੋਂ ਗੁਰੂ ਗੋਬਿੰਦ ਸਿੰਘ ਜੀ ਨੂੰ ਪ੍ਰਾਪਤ ਸੀ ਬਿਲਕੁਲ ਉਸੇ ਹੀ ਬਿਧ ਨਾਲ  ਉਹੀ ਦਰਜਾ ਸ੍ਰੀ ਆਦਿ ਗ੍ਰੰਥ ਸਾਹਿਬ ਨੂੰ ਦੇ ਕਿ ਉਨਾਂ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਜੋਂ ਪ੍ਰਗਟ ਕੀਤਾ ਗਿਆ। ਇਹ ਸਿੱਖ ਰਹੱਸਵਾਦ ਦਾ ਅਦੁੱਤੀ ਅਤੇ ਵਿਲੱਖਣ ਵਰਤਾਰਾ ਸੀ।

ਇਤਿਹਾਸਕ ਦਿਹਾੜੇ ਅਤੇ ਗੁਰਿਆਈ ਦਾ ਰਹੱਸ

੧੧ ਨਵੰਬਰ, ੨੦੨੬  (੨੬ ਕੱਤਕ,ਕੱਤਕ ਸੁਦੀ ੨)  ਗੁਰਿਆਈ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਅਤੇ ੧੪ ਨਵੰਬਰ,  ੨੦੨੬ (੨੯ ਕੱਤਕ, ਕੱਤਕ ਸੁਦੀ ੫) ਜੋਤੀ ਜੋਤਿ ਪੁਰਬ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਹਨ। ਇਹ ਮਾਨਵਤਾ ਦੇ ਇਤਿਹਾਸ ਵਿਚ ਦੋ ਅਹਿਮ ਦਿਨ ਹਨ।  ਸਿੱਖ ਪੰਥ ਲਈ ਇਹ ਅਦੁੱਤੀ ਰਹੱਸਵਾਦ ਦੇ ਦੋ ਮੁਕਾਮ ਹਨ ਜਦੋ ਕਲਗੀਧਰ ਪਿਤਾ ਸਾਹਿਬ ਸ੍ਰੀ ਗੁਰੂ ਗੋਬੰਦ ਸਿੰਘ ਜੀ ਮਹਾਰਾਜ ਨੇ ਸ੍ਰੀ ਆਦਿ ਗ੍ਰੰਥ ਸਾਹਿਬ ਜੀ ਨੂੰ ਖ਼ੁਦ ਮੱਥਾ ਟੇਕ ਕੇ ਹੁਕਮ ਕੀਤਾ ਕਿ ਹੁਣ ਦਸਾਂ ਪਾਤਸ਼ਾਹੀਆਂ ਦੀ ਆਤਮਿਕ ਜੋਤਿ ਪ੍ਰਤੱਖ ਰੂਪ ਵਿਚ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਹੀ ਜੁਗੋ ਜੁਗ ਅਟਲ ਗੁਰੂ ਹਨ। ਪਰ ਸਤਿਗੁਰੂ ਜੀ ਵਲੋਂ ਗਰੂ ਗ੍ਰੰਥ ਸਾਹਿਬ ਨੂੰ ਗੁਰੂ ਐਲਾਨਣ ਤੋਂ ਪਹਿਲਾਂ ਉਸ ਵਿਚ ਗੁਰਿਆਈ ਦੀ ‘ਜੋਤਿ’ ਸਥਾਪਤ ਕੀਤੀ ਅਤੇ ਗੁਰੂ ਦੀ ‘ਜੁਗਤੀ’ ਖਾਲਸੇ ਵਿਚ ਜਜ਼ਬ ਕਰ ਦਿੱਤੀ ਗਈ।

ਸਰੀਰ ਅਤੇ ਸ਼ਬਦ ਦਾ ਸਿਧਾਂਤ

ਇੱਕ ਵੇਰ ਇੱਕ ਸਿੱਖ ਨੇ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਨੂੰ ਬੇਨਤੀ ਕੀਤੀ ਸੀ ਕਿ ਸੱਚੇ ਪਾਤਿਸ਼ਾਹ ਕਿਰਪਾ ਕਰੋ ਤੁਹਾਥੋਂ ਕਦੀ ਵਿਛੜੀਏ ਨਾ। ਸਤਿਗੁਰੂ ਜੀ ਨੇ ਬਚਨ ਕੀਤੇ ਸਨ, ਸਰੀਰ ਨਾਲ ਜੁੜੋਗੇ ਵਿਛੁੜ ਜਾਉਗੇ, ਸ਼ਬਦ ਨਾਲ ਜੁੜੋ, ਹਮੇਸ਼ਾਂ ਜੁੜੇ ਰਹੋਗੇ। ਇਹ ਰਹੱਸ ਗੁਰੂ ਗ੍ਰੰਥ ਸਾਹਿਬ ਜੀ ਦੀ ਗੁਰਿਆਈ ਨਾਲ ਪ੍ਰਤੱਖ ਹੋਇਆ।

ਹਰ ਸਿੱਖ ਨਿਤਾਪ੍ਰਤਿ ਅਰਦਾਸ ਵਿੱਚ ਦੁਹਰਾਉਂਦਾ ਹੈ—“ਦਸਾਂ ਪਾਤਸ਼ਾਹੀਆਂ ਦੀ ਜੋਤਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ…”। ‘ਸਿੱਖ’ ਦੀ ਪਰਿਭਾਸ਼ਾ ਦੇ ਇਹ ਸ਼ਬਦ ਸਿੱਖ ਰਹਿਤ ਮਰਯਾਦਾ  ਵਿਚ ਦਰਜ ਹਨ। ਜੋ ਮਨੁੱਖ ਇਸ ਸਿਧਾਂਤ ਤੋਂ ਮੁਨਕਰ (ਇਨਕਾਰੀ) ਹੈ, ਉਹ ਸਿੱਖ ਅਖਵਾਉਣ ਦਾ ਅਧਿਕਾਰੀ ਹੀ ਨਹੀਂ ਹੋ ਸਕਦਾ।

ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਮੁਖਵਾਕ ਗਵਾਹੀ ਹੈ ਕਿ ਅਕਾਲ ਪੁਰਖ ਦੀ ਨਿਜ ਜੋਤਿ ਹੀ ਗੁਰੂ ਨਾਨਕ ਦੇ ਸਰੂਪ ਵਿੱਚ ਪ੍ਰਗਟ ਹੋਈ। ਉਪਰੰਤ ਇਹ ਜੋਤਿ ਕ੍ਰਮਵਾਰ ਗੁਰੂ ਅੰਗਦ ਦੇਵ ਜੀ, ਗੁਰੂ ਅਮਰਦਾਸ ਜੀ, ਗੁਰੂ ਰਾਮਦਾਸ ਜੀ ਅਤੇ ਫਿਰ ਗੁਰੂ ਅਰਜਨ ਦੇਵ ਜੀ ਵਿੱਚ ਸਥਾਪਤ ਹੋਈ:

ਜੇਤਿ ਰੂਪ ਹਰਿ ਆਪਿ ਗੁਰੂ ਨਾਨਕ  ਕਹਾਯਉ।।

ਤਾ ਤੇ ਅੰਗਦ ਭਯਉ ਤਤ ਸਿਉ ਤਤੁ ਮਿਲਾਯਉ।।

ਅੰਗਦਿ ਕਿਰਪਾ ਧਾਰਿ ਅਮਰੁ ਸਤਿਗੁਰੁ ਥਿਰੁ ਕੀਅਉ।।

ਅਮਰਦਾਸ ਅਮਰਤੁ ਛਤ੍ਰੁ ਗੁਰ ਰਾਮਹਿ ਦੀਅਉ।।

ਗੁਰ ਰਾਮਦਾਸ ਦਰਸਨੁ ਪਰਸਿ ਕਹਿ ਮਥੁਰਾ ਅੰਮ੍ਰਿਤ ਬਯਣ।।

ਮੂਤਿ ਪੰਚ ਪ੍ਰਮਾਣ ਪੁਰਖੁ ਗੁਰੁ ਅਰਜੁਨੁ ਪਿਖਹੁ ਨਯਣ।।੧।। (ਸਵਈਏ ਮ:੫ ਅੰਗ ੧੪੦੮)

ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਵੀ ‘ਅਪਨੀ ਕਥਾ’ (ਬਚਿੱਤਰ ਨਾਟਕ) ਵਿੱਚ ਸਪੱਸ਼ਟ ਤੌਰ ’ਤੇ ਲਿਖਦੇ ਹਨ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਤੋਂ ਲੈ ਕੇ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਤੱਕ ਸਾਰੇ ਗੁਰੂ ਸਾਹਿਬਾਨ ਇੱਕੋ ਜੋਤਿ ਦੇ ਸਰੂਪ ਹਨ।

ਨਾਨਕ ਅੰਗਦ ਕੋ ਬਪੁ ਧਰਾ ॥ ਧਰਮ ਪ੍ਰਚੁਰ ਇਹ ਜਗ ਮੋ ਕਰਾ ॥
ਅਮਰਦਾਸ ਪੁਨਿ ਨਾਮੁ ਕਹਾਯੋ ॥ ਜਨੁ ਦੀਪਕ ਤੇ ਦੀਪ ਜਗਾਯੋ ॥੭॥
ਜਬ ਬਰਦਾਨਿ ਸਮੈ ਵੁਹ ਆਵਾ ॥ ਰਾਮਦਾਸ ਤਬ ਗੁਰੂ ਕਹਾਵਾ ॥
ਤਿਹ ਬਰਦਾਨਿ ਪੁਰਾਤਨਿ ਦੀਆ ॥ ਅਮਰਦਾਸਿ ਸੁਰਪੁਰਿ ਮਗੁ ਲੀਆ ॥੮॥
ਸ੍ਰੀ ਨਾਨਕ ਅੰਗਦਿ ਕਰਿ ਮਾਨਾ ॥ ਅਮਰਦਾਸ ਅੰਗਦ ਪਹਿਚਾਨਾ ॥
ਅਮਰਦਾਸ ਰਾਮਦਾਸ ਕਹਾਯੋ ॥ ਸਾਧਨ ਲਖਾ ਮੂੜ੍ਹ ਨਹਿ ਪਾਯੋ ॥੯॥
ਭਿੰਨ ਭਿੰਨ ਸਭਹੂੰ ਕਰ ਜਾਨਾ ॥ ਏਕ ਰੂਪ ਕਿਨਹੂੰ ਪਹਿਚਾਨਾ ॥
ਜਿਨ ਜਾਨਾ ਤਿਨ ਹੀ ਸਿਧ ਪਾਈ ॥ ਬਿਨ ਸਮਝੇ ਸਿਧਿ ਹਾਥਿ ਨ ਆਈ ॥੧੦॥
ਰਾਮਦਾਸ ਹਰਿ ਸੋ ਮਿਲ ਗਏ ॥ ਗੁਰਤਾ ਦੇਤ ਅਰਜਨਿਹ ਭਏ ॥
ਜਬ ਅਰਜਨ ਪ੍ਰਭੁ ਲੋਕਿ ਸਿਧਾਏ ॥ ਹਰਿਗੋਬਿੰਦ ਤਿਹ ਠਾ ਠਹਰਾਏ ॥੧੧॥
ਹਰਿਗੋਬਿੰਦ ਪ੍ਰਭ ਲੋਕਿ ਸਿਧਾਰੇ ॥ ਹਰੀਰਾਇ ਤਹਿ ਠਾਂ ਬੈਠਾਰੇ ॥
ਹਰੀਕ੍ਰਿਸਨ ਤਿਨ ਕੇ ਸੁਤ ਵਏ ॥ ਤਿਨ ਤੇ ਤੇਗ ਬਹਾਦਰ ਭਏ ॥੧੨॥ (ਦ. ਗ੍ਰੰ.)

ਜੋਤਿ ਅਤੇ ਜੁਗਤਿ ਦੀ ਅਜਬ ਖੇਡ

ਇਸ ਰੂਹਾਨੀ ਅਤੇ ਗ਼ੈਬੀ (ਦੈਵੀ) ਰਹੱਸਵਾਦ ਨੂੰ ਤਰਕ-ਕੁਤਰਕ ਦੇ ਘੋੜੇ ‘ਤੇ ਸਵਾਰ ਹੋ ਕੇ ਨਹੀਂ ਸਮਝਿਆ ਜਾ ਸਕਦਾ। ਇਹ ਨਿਰੰਕਾਰ ਦੀ ਅਜਬ ਖੇਡ ਸੀ ਕਿ ਉਸ ਨੇ ਪ੍ਰਸੰਨ ਹੋ ਕੇ ਆਪਣੀ ਨੂਰੀ ਜੋਤਿ ਗੁਰੂ ਨਾਨਕ ਪਾਤਸ਼ਾਹ ਦੇ ਸਰੀਰ ਵਿੱਚ ਟਿਕਾਈ। ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਜੋਤੀ-ਜੋਤਿ ਸਮਾਉਣ ਤੋਂ ਪਹਿਲਾਂ, ਆਪਣੇ ਜੀਵਨ ਕਾਲ ਵਿੱਚ ਹੀ ਉਹ ਨਿਰੰਕਾਰੀ ਜੋਤਿ ਸਾਹਿਬ ਸ੍ਰੀ ਗੁਰੂ ਅੰਗਦ ਦੇਵ ਜੀ ਦੇ ਸਰੀਰ ਵਿੱਚ ਸਥਾਪਤ ਕਰ ਦਿੱਤੀ। ਆਪ ਗੁਰਿਆਈ ਦੇ ਸਿੰਘਾਸਨ ‘ਤੇ ਗੁਰੂ ਅੰਗਦ ਦੇਵ ਜੀ ਨੂੰ ਬਿਠਾ ਕੇ ਖ਼ੁਦ ਸੰਗਤ ਵਿੱਚ ਬਿਰਾਜਮਾਨ ਹੋ ਗਏ।  ਇਸੇ ਤਰ੍ਹਾਂ ਗੁਰੂ ਅਮਰਦਾਸ ਜੀ ਅਤੇ ਗੁਰੂ ਰਾਮਦਾਸ ਜੀ ਤੋਂ ਹੁੰਦੀ ਹੋਈ ਇਹ ਜੋਤਿ ਗੁਰੂ ਅਰਜਨ ਦੇਵ ਜੀ ਤੱਕ ਪਹੁੰਚੀ:  ਰਾਮਦਾਸਿ ਗੁਰੂ ਜਗ ਤਾਰਨ ਕਉ ਗੁਰ ਜੋਤਿ ਅਰਜੁਨ ਮਾਹਿ ਧਰੀ।।੪।। (ਅੰਗ ੧੪੦੯)।

ਇੱਕ ਜਗਦਾ ਦੀਵਾ ਹੀ ਦੂਸਰਾ ਦੀਵਾ ਜਗਾ ਸਕਦਾ ਹੈ। ਜੇਕਰ ਸਰੀਰ ਪਹਿਲਾਂ ਹੀ ਜੋਤੀ-ਜੋਤਿ ਸਮਾ ਜਾਵੇ, ਤਾਂ ਇਹ ਜੋਤਿ ਅੱਗੇ ਕਿਸੇ ਹੋਰ ਸਰੀਰ ਵਿੱਚ ਨਹੀਂ ਟਿਕਾਈ ਜਾ ਸਕਦੀ। ਇਹ ਸਿਲਸਿਲਾ ਲਗਾਤਾਰ ਚੱਲਦਾ ਹੋਇਆ ਅਖੀਰ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਵਿੱਚ ਸਥਾਪਤ ਹੋਇਆ। ਪਾਵਨ ਗੁਰਵਾਕ ਹੈ:  ਜੋਤਿ ਓਹਾ ਜੁਗਤਿ ਸਾਇ ਸਹਿ ਕਾਇਆ ਫੇਰਿ ਪਲਟੀਐ।।(ਅੰਗ ੯੩੭)

ਗੁਰੂ ਨਾਨਕ ਦੇਵ ਜੀ ਤੋਂ ਲੈ ਕੇ ਗੁਰੂ ਗੋਬਿੰਦ ਸਿੰਘ ਜੀ ਤੱਕ, ਹਰ ਗੁਰੂ ਸਾਹਿਬ ਨੇ ਆਪਣੇ ਜੀਵਨ ਕਾਲ ਵਿੱਚ ਹੀ ਨਿਰੰਕਾਰ ਦੀ ਇਸ ਜੋਤਿ ਨੂੰ ਅਗਲੇ ਗੁਰ-ਸਰੀਰ ਵਿੱਚ ਟਿਕਾਇਆ। ਭਾਈ ਨੰਦ ਲਾਲ ਜੀ ‘ਜੋਤਿ ਵਿਗਾਸ‘ ਵਿੱਚ ਲਿਖਦੇ ਹਨ:

ਹਮੂ ਗੁਰੂ ਗੋਬਿੰਦ ਸਿੰਘ ਹਮੂ ਨਾਨਕ ਅਸ੍ਤ।।

ਹਮਾ ਸ਼ਬਦਿ ਊ ਜੌਹਰੋ ਮਾਨਕ ਅਸ੍ਤ ॥ ੨੮ ॥ (ਜੋਤਿ ਵਿਗਾਸ)

(ਮੈਂ ਹੀ ਨਾਨਕ ਹਾਂ। ਮੈਂ ਹੀ ਗੋਬਿੰਦ ਸਿੰਘ ਹਾਂ। ਮੈਂ ਹੀ ਸ਼ਬਦ ਹਾਂ। ਇਸ ਵਿਚ ਹੀ ਸਾਰੇ      ਮਾਣਕ ਮੋਤੀ (ਗੁਣ) ਸਮਾਏ ਹੋਏ ਹਨ)

ਦੇਹਧਾਰੀ ਗੁਰੂ ਡੰਮ੍ਹ ਦਾ ਖੰਡਨ

ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਜੋਤੀ ਜੋਤਿ ਸਮਾਉਣ ਤੋਂ ਪਹਿਲਾਂ ਗੁਰਿਆਈ ਦੀ ਸਦੀਵੀ ਜੋਤਿ ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਸਥਾਪਤ ਕੀਤੀ। ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਪ੍ਰਤੱਖ ਨਿਰੰਕਾਰ ਅਤੇ ਦਸਾਂ ਪਾਤਸ਼ਾਹੀਆਂ ਦੀ ਜਾਗਦੀ-ਜੋਤਿ ਹਨ, ਪਰ ਇਹ ਹਾਡ-ਮਾਸ ਦਾ ਦੇਹਧਾਰੀ ਸਰੀਰ ਨਹੀਂ ਹੈ।

ਇਸ ਲਈ ਜਿਵੇਂ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਬਗ਼ਦਾਦ ਵਿਚ ਪੀਰ ਦਸਤਗੀਰ ਨੂੰ ਕਿਹਾ ਸੀ ਕਿ ਰੱਬ ਚਾਹ ਕੇ ਵੀ (ਆਪਣੇ ਵਰਗਾ) ਦੂਸਰਾ ਰੱਬ ਨਹੀਂ ਬਣਾ ਸਕਦਾ; ਠੀਕ ਉਸੇ ਤਰ੍ਹਾਂ ਗੁਰੂ ਗ੍ਰੰਥ ਸਾਹਿਬ ਜੀ ਦੀ ਗੁਰਿਆਈ ਦੀ ਜੋਤਿ ਵੀ ਗੁਰੂ ਗ੍ਰੰਥ ਸਾਹਿਬ ਜੀ ਦੇ ਅਲਾਵਾ ਕਿਧਰੇ ਹੋਰ ਸਥਾਪਤ ਨਹੀਂ ਹੋ ਸਕਦੀ। ਇਹ ਕਾਲ ਰਹਿਤ ਅਤੇ ਸੀਮਾ ਰਹਿਤ ਹੋਣ ਦੇ ਨਾਨ ਨਾਲ ਜੁਗੋ ਜੁਗ ਅਟਲ ਹੋ ਗਿਆ। ਗੁਰੂ ਗ੍ਰੰਥ ਸਾਹਿਬ ਜੀ ਵਿਚ ਉਸੇ ਹੀ ਨਿਰੰਜਨੀ ਜੋਤਿ ਦਾ ਪ੍ਰਕਾਸ਼ ਹੈ ਜੋ ਗੁਰੂ ਨਾਨਕ ਦੇਵ ਜੀ ਦੇ ਪਾਵਨ ਗੁਰੂ ਸਰੀਰ ਵਿਚ ਪਰਾ ਰੂਪ ਵਿਚ ਪ੍ਰਗਟ ਹੋਈ ਸੀ। ਇਹ ਜੋਤਿ ਦਸਾਂ ਗੁਰੂ ਜਾਮਿਆਂ ਵਿਚੋਂ ਹੁੰਦੀ ਹੋਈ ਗੁਰੂ ਗ੍ਰੰਥ ਸਾਹਿਬ ਵਿਚ ਸਦੀਵ ਕਾਲ ਲਈ ਟਿਕ ਗਈ। ਇਹ ਜੋਤਿ ਹੋਰ ਕਿਧਰੇ ਨਹੀਂ ਜਾ ਸਕਦੀ।

ਗੁਰਿਆਈ ਦੀ ਇਹ ਜੋਤਿ ਇੱਕ ਗ੍ਰੰਥ ਵਿਚ ਕਿਸ ਤਰ੍ਹਾਂ ਸਮਾ ਸਕਦੀ ਹੈ – ਇਹ ਕੌਤਕ ਸੰਸਾਰ ਨੇ ਪਹਿਲੀ ਅਤੇ ਆਖ਼ਿਰੀ ਵਾਰ ਵੇਖਿਆ।   ਇਸ ਨੂੰ ਕੋਈ ਤਰਕਵਾਦੀ ਗਿਆਨੀ ਨਾ ਤਾਂ ਸਮਝ ਸਕਦਾ ਹੈ ਅਤੇ ਨਾ ਹੀ ਸਮਝਾਇਆ ਜਾ ਸਕਦਾ ਹੈ। ਇਹੀ ਸਿੱਖ ਰਹੱਸਵਾਦ ਦਾ ਸਰਵਉੱਚ ਸਿਖਰ ਹੈ।

ਪੰਥ ਅਤੇ ਗ੍ਰੰਥ ਦਾ ਸੁਮੇਲ

ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ‘ਜੋਤਿ’ ਗੁਰੂ ਗ੍ਰੰਥ ਸਾਹਿਬ ਜੀ ਵਿਚ ਅਤੇ ‘ਜੁਗਤਿ’ ਖਾਲਸੇ ਵਿੱਚ ਸਥਾਪਤ ਕਰ ਦਿੱਤੀ। ਹੁਣ ਸਿੱਖੀ ਦਾ ਇਹ ਪ੍ਰਵਾਹ ‘ਗੁਰੂ ਗ੍ਰੰਥ’ ਅਤੇ ‘ਗੁਰੂ ਪੰਥ’ ਦੇ ਦੋ ਕੰਢਿਆਂ ਦੇ ਵਿਚਕਾਰ ਬੰਨ ਦਿੱਤਾ ਗਿਆ।  ਜੋਤਿ ਇੱਕ ਸੀ ਉਹ ਗੁਰੂ ਗ੍ਰੰਥ ਸਾਹਿਬ ਜੀ ਵਿਚ ਟਿਕਾ ਦਿੱਤੀ ਗਈ, ਕਿਉਂਕਿ ਇੱਕ ਜੋਤਿ ਇੱਕੋ ਸਮੇਂ ਦੋ ਥਾਵਾਂ ਤੇ ਸਥਾਪਤ ਨਹੀਂ ਹੋ ਸਕਦੀ।  ਸ਼ਬਦ ਰੂਪੀ ਇਹ ਜੋਤਿ ਗੁਰੂ ਸੀ ਅਤੇ ਇਹ ਸ਼ਬਦ ਰੂਪੀ ਜੋਤਿ ਗੁਰੂ  ਸਰੀਰ ਵਿਚ ਹੀ ਟਿਕ ਸਕਦੀ ਸੀ।

ਆਮ ਤੌਰ ਤੇ ਸੰਸਾਰ ਵਿਚ ਕਿਸੇ ਵਿਅਕਤੀ ਦੇ ਚਲਾਣਾ ਕਰ ਜਾਣ ਦੇ ਬਾਅਦ ਉਸਦੀ ਜਾਇਦਾਦ ਜਾਂ ਪਦਾਰਥ ਉਸਦੇ ਵਾਰਸਾਂ ਵਿਚ ਤਕਸੀਮ ਹੁੰਦੇ ਹਨ। ਪਰ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਤੋਂ ਅਰੰਭ ਹੋ ਕੇ ਹਰ ਗੁਰੂ ਸਾਹਿਬ ਨੇ ਸਰੀਰ ਦੇ ਹੁੰਦਿਆਂ, ਆਪਣੀ ਹਯਾਤੀ, ਆਪਣੇ ਜੀਵਨ ਕਾਲ ਵਿਚ ਹੀ ਗੁਰਿਆਈ ਦੀ ਜੋਤਿ ਅਗਲੇ ਗੁਰੂ ਸਾਹਿਬ ਦੇ ਸਰੀਰ ਵਿਚ ਟਿਕਾਈ ਜਾਂ ਸਥਾਪਤ ਕੀਤੀ।  ਇਹ ਜੋਤਿ ਕਿਵੇਂ ਇੱਕ ਗੁਰੂ ਸਰੀਰ ਵਿਚੋਂ ਦੂਸਰੇ ਗੁਰੂ ਸਰੀਰ ਵਿਚ ਟਿਕਾਈ ਜਾ ਸਕਦੀ ਹੈ, ਇਹ ਸਿੱਖ ਰਹੱਸਵਾਦ ਦਾ ਬਹੁਤ ਹੀ ਕਮਾਲ ਦਾ ਫਲਸਫਾ ਹੈ।  ਸਤਿਗੁਰੂ ਹਰਿਕ੍ਰਿਸ਼ਨ ਜੀ ਮਹਾਰਾਜ ਨੇ ਦਿੱਲੀ ਦੀ ਧਰਤੀ ਤੋਂ ਹੀ ‘ਬਾਬੇ ਬਕਾਲੇ’ ਕਹਿ ਕੇ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ ਸਰੀਰ ਵਿਚ ਇਹ ਗੁਰਿਆਈ ਦੀ ਜੋਤਿ ਟਿਕਾਈ। ਜੀਵਤ  ਸਰੀਰ ਵਿਚੋਂ ਹੀ  ਜੋਤਿ ਅਗਲੇ ਸਰੀਰ ਵਿਚ ਟਿਕਾਈ ਜਾ ਸਕਦੀ ਹੈ।

ਸਤਿਗੁਰੂ ਸੱਚੇ ਪਾਤਿਸ਼ਾਹ ਕੋਲ ਜੋਤਿ ਅਤੇ ਜੁਗਤਿ ਦਾ ਸੁਮੇਲ ਸੀ। ਉਹਨਾਂ ਨੇ ਅਬਚਲ ਨਗਰ ਸੱਚਖੰਡ ਸ੍ਰੀ ਹਜ਼ੂਰ ਸਾਹਿਬ ਦੇ ਸਥਾਨ ਤੇ ਗੁਰਿਆਈ ਦੀ ਜੋਤਿ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਟਿਕਾ ਦਿੱਤੀ ਅਤੇ ਜੁਗਤੀ ਖ਼ਾਲਸੇ ਨੂੰ ਬਖਸ਼ਿਸ਼ ਕਰ ਦਿੱਤੀ।  ਗੁਰਿਆਈ ਕੋਈ  ਵਿਰਾਸਤ ਜਾਂ ਵਿਰਸਾ ਨਹੀਂ ਹੈ।  ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ ਜੋਤੀ ਜੋਤਿ ਸਮਾਉਣ ਤੋਂ ਬਾਅਦ ਕੋਈ ਵੀ ਮਨੁੱਖ ਦੇਹਧਾਰੀ ਗੁਰੂ ਹੋਣ ਦਾ ਦਾਅਵਾ ਨਹੀਂ ਕਰ ਸਕਦਾ। ਜੇਕਰ ਕੋਈ ਅਜਿਹਾ ਦਾਅਵਾ ਕਰਦਾ ਹੈ, ਤਾਂ ਉਹ ਸਪਸ਼ਟ ਤੌਰ ‘ਤੇ ਬਹੁਰੂਪੀਆ ਜਾਂ ਭੇਖੀ (ਪਾਖੰਡੀ) ਗੁਰੂ ਹੈ।

ਯਕੀਨਨ ਅਤੇ ਨਿਰਵਿਵਾਦਤ ਤੌਰ ਤੇ ਗੁਰੂ ਇੱਕ ਹੋ ਸਕਦਾ ਹੈ ਦੋ ਨਹੀਂ।  ਸਰੀਰਕ ਜਾਂ ਆਤਮਿਕ ਰੂਪ ਵਿਚ ਇੱਕ ਗੁਰੂ ਦੇ ਹੁੰਦਿਆਂ ਦੂਜਾ ਗੁਰੂ ਹੋ ਹੀ ਨਹੀਂ  ਸਕਦਾ। ਹੋਰੁ ਸਰੀਕੁ ਹੋਵੈ ਕੋਈ ਤੇਰਾ ਤਿਸੁ ਅਗੈ ਤੁਧੁ ਆਖਾਂ।। (ਮ:੪ ਅੰਗ ੧੨੪੨)    ਇਸੇ ਤਰ੍ਹਾਂ ਦਸਾਂ ਪਾਤਸ਼ਾਹੀਆਂ ਦੀ ਜਾਗਦੀ ਜੋਤਿ ਕੇਵਲ ਅਤੇ ਕੇਵਲ  ਜੁਗੋ ਜੁਗ ਅਟਲ ਗੁਰੂ ਗ੍ਰੰਥ ਸਾਹਿਬ ਜੀ ਹੀ ਹਨ।  ਇਸ ਲਈ ਗੁਰਿਆਈ ਦੀ ਜੋਤਿ ਕਿਸੇ ਹੋਰ ਗ੍ਰੰਥ ਨੂੰ ਪ੍ਰਾਪਤ ਨਹੀਂ ਹੈ ਅਤੇ ਨਾ ਹੀ ਹੋ ਸਕਦੀ ਹੈ।

ਇਸ ਦੇ ਨਾਲ ਹੀ, ਇਹ ਕਲਗੀਧਰ ਪਿਤਾ ਦੀ ਇੱਕ ਵੱਡੀ ਕਰਾਮਾਤ ਸੀ ਕਿ ਖ਼ੁਦ ਖ਼ਾਲਕ-ਮਾਲਕ ਅਤੇ ਸਮਰੱਥ ਗੁਰੂ ਹੁੰਦਿਆਂ ਹੋਇਆਂ ਵੀ ਉਨ੍ਹਾਂ ਨੇ ਆਪਣੇ ਮੁਖਾਰਬਿੰਦ ਤੋਂ ਉਚਾਰਨ ਕੀਤੀ ਬਾਣੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਦਰਜ ਨਹੀਂ ਕੀਤੀ। ਪਰ ‘ਗੁਰ ਸੰਗਤ ਕੀਨੀ ਖਾਲਸਾ’ ਦੇ ਸਿਧਾਂਤ ਤਹਿਤ ਖ਼ਾਲਸੇ ਦੀ ਸਿਰਜਣਾ ਕਰਨ ਅਤੇ ਉਸ ਨੂੰ ਸਦ-ਜੀਵੀ ਕਰਮ ਲਈ, ਸਤਿਗੁਰੂ ਜੀ ਨੇ ਗੁਰੂ ਗ੍ਰੰਥ ਸਾਹਿਬ ਜੀ ਦੇ ਨਾਲ-ਨਾਲ ਆਪਣੀ ਵੀਰ-ਰਸੀ ਅਤੇ ਅਧਿਆਤਮਿਕ ਗੁਰਬਾਣੀ ਨੂੰ ਵੀ ਸਿੱਖ ਜੀਵਨ ਜਾਚ (ਨਿਤਨੇਮ ਅਤੇ ਅੰਮ੍ਰਿਤ ਸੰਚਾਰ ਦੀਆਂ ਬਾਣੀਆਂ) ਲਈ ਲਾਜ਼ਮੀ ਕਰ ਦਿੱਤਾ। ਇਸੇ ਲਈ ‘ਸਿੱਖ ਰਹਿਤ ਮਰਯਾਦਾ’ ਅਨੁਸਾਰ ਸਿੱਖ ਦੀ ਪਰਿਭਾਸ਼ਾ ਨਿਸ਼ਚਿਤ ਕੀਤੀ ਗਈ ਹੈ, ਜੋ ਗੁਰੂ ਗ੍ਰੰਥ ਸਾਹਿਬ ਜੀ ਅਤੇ ਦਸ ਗੁਰੂ ਸਾਹਿਬਾਨ ਦੀ ਬਾਣੀ ‘ਤੇ ਪੂਰਨ ਨਿਸ਼ਚਾ ਰੱਖਦਾ ਹੋਵੇ।

ਇਹ ਸਿਧਾਂਤ ਕਲਗੀਆਂ ਵਾਲੇ ਪਾਤਿਸ਼ਾਹ ਨੇ ਖ਼ੁਦ ਅਮਲ ਵਿੱਚ ਲਿਆ ਕੇ ਦੱਸਿਆ ਹੈ।  ਖ਼ਾਲਸਾ ਪੰਥ ਦੇ ਗੁਰੂ ਕੇਵਲ ਅਤੇ ਕੇਵਲ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਹੀ ਹਨ ਅਤੇ ਖ਼ਾਲਸਾ ਪੰਥ ਦੇ ਸਿਰਜਕ ਅਤੇ ਪਾਲਕ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਅਤੇ ਸ੍ਰੀ ਦਸਮ ਗ੍ਰੰਥ ਸਾਹਿਬ ਜੀ (ਦੀ ਬਾਣੀ) ਹਨ, ਅਤੇ ਗੁਰੂ ਪੰਥ ਹਮੇਸ਼ਾਂ ਇਨ੍ਹਾਂ ਦੇ ਇਲਾਹੀ ਪਰਛਾਵੇਂ ਹੇਠ ਹੀ ਪ੍ਰਫੁੱਲਤ ਹੁੰਦਾ ਹੈ।

santsipahi@gmail.com

\www.santsipahi.org

Leave a Reply

Your email address will not be published. Required fields are marked *