Nov 10, 2026
ਡਾ ਗੁਰਵਿੰਦਰ ਸਿੰਘ
ਇਤਿਹਾਸ ਦੇ ਪੰਨਿਆਂ ‘ਤੇ 16 ਨਵੰਬਰ ਦਾ ਵਿਸ਼ੇਸ਼ ਮਹੱਤਵ ਹੈ। 16 ਨਵੰਬਰ ਨੂੰ ਯੋਧਿਆਂ ਨੇ ਨਸਲਵਾਦ ਅਤੇ ਬਸਤੀਵਾਦ ਖਿਲਾਫ ਲੜਦਿਆਂ ਸ਼ਹੀਦੀਆਂ ਪਾਈਆਂ। ਇਸ ਦਿਨ ਜਿੱਥੇ ਸ਼ਹੀਦ ਭਾਈ ਕਰਤਾਰ ਸਿੰਘ ਸਰਾਭਾ ਅਤੇ ਉਨ੍ਹਾਂ ਦੇ ਛੇ ਹੋਰ ਭਾਈ ਸ਼ਹੀਦ ਹੋਏ, ਉੱਥੇ ਹੀ ਇਹ ਦਿਨ ਕੈਨੇਡਾ ਦੇ ਮਹਾਨ ਯੋਧੇ ਲੂਈ ਰਿਆਲ ਦਾ ਵੀ ਸ਼ਹੀਦੀ ਦਿਹਾੜਾ ਹੈ।16 ਨਵੰਬਰ 1915 ਨੂੰ ਸ਼ਹੀਦ ਕਰਤਾਰ ਸਿੰਘ ਸਰਾਭਾ ਸਮੇਤ ਲਾਹੌਰ ਜੇਲ੍ਹ ‘ਚ ਫਾਂਸੀ ਚੜ੍ਹਨ ਵਾਲੇ ਸੂਰਮਿਆਂ ਵਿੱਚ, ਅੰਮ੍ਰਿਤਸਰ ਜ਼ਿਲ੍ਹੇ ਦੇ ਸ਼ਹੀਦ ਭਾਈ ਜਗਤ ਸਿੰਘ ਪਿੰਡ ਸੁਰ ਸਿੰਘ, ਸ਼ਹੀਦ ਭਾਈ ਬਖਸ਼ੀਸ਼ ਸਿੰਘ ਪਿੰਡ ਗਿੱਲਵਾਲੀ, ਸ਼ਹੀਦ ਭਾਈ ਸੁਰੈਣ ਸਿੰਘ (ਛੋਟਾ) ਪਿੰਡ ਗਿੱਲ ਵਾਲੀ, ਸ਼ਹੀਦ ਭਾਈ ਸੁਰੈਣ ਸਿੰਘ (ਵੱਡਾ) ਪਿੰਡ ਗਿੱਲਵਾਲੀ, ਸ਼ਹੀਦ ਭਾਈ ਹਰਨਾਮ ਸਿੰਘ ਪਿੰਡ ਭੱਟੀ ਗੋਰਾਇਆ (ਸਿਆਲਕੋਟ), ਸ਼ਹੀਦ ਭਾਈ ਵਿਸ਼ਨੂੰ ਗਣੇਸ਼ ਪਿੰਗਲੇ ਯਰਵਦਾ (ਮਹਾਰਾਸ਼ਟਰ) ਭਾਵ ਸੱਤ ਗ਼ਦਰੀ ਯੋਧੇ ਸ਼ਾਮਲ ਸਨ। ਇਨਾਂ ਤੋਂ ਇਲਾਵਾ ਚਾਲੀ ਹੋਰਾਂ ਨੂੰ ਉਮਰ ਕੈਦ, ਕਾਲੇ ਪਾਣੀ ਤੇ ਹੋਰ ਲੰਮੀਆਂ ਸਜ਼ਾਵਾਂ ਹੋਈਆਂ, ਇਹਨਾਂ ਵਿੱਚ ਬਾਬਾ ਸੋਹਣ ਸਿੰਘ ਭਕਨਾ,ਬਾਬਾ ਨਿਧਾਨ ਸਿੰਘ ਚੁੱਘਾ,ਬਾਬਾ ਜੁਆਲਾ ਸਿੰਘ ਠੱਠੀਆਂ,ਬਾਬਾ ਵਿਸਾਖਾ ਸਿੰਘ ਦਦੇਹਰ,ਪੰਡਿਤ ਜਗਤ ਰਾਮ ਤੇ ਭਾਈ ਪਰਮਾਨੰਦ ਸ਼ਾਮਲ ਸਨ।
16 ਨਵੰਬਰ 1885 ਵਿੱਚ ਕੈਨੇਡਾ ਦੀ ਧਰਤੀ ਤੇ ਮੈਟੀਸ ਭਾਈਚਾਰੇ ਦੇ ਆਗੂ ਅਤੇ ਮੈਨੀਟੋਬਾ ਦੇ ਵਿਦਰੋਹੀ ਯੋਧੇ ਲੂਈ ਰਿਆਲ ਨੂੰ ਫਾਂਸੀ ਦੇ ਕੇ ਸ਼ਹੀਦ ਕਰ ਦਿੱਤਾ ਗਿਆ ਸੀ। ਮਾਨਵੀ ਹੱਕਾਂ ਦੀ ਰਾਖਵਾਲੇ ਅਤੇ ਕੈਨੇਡਾ ਦੇ ਇਤਿਹਾਸ ‘ਚ ਮੈਟਿਸ ਭਾਈਚਾਰੇ ਦੇ ਆਗੂ ਵਜੋਂ ਜਾਣੇ ਜਾਂਦੇ ਲੂਈ ਰਿਆਲ ਦਾ ਜਨਮ 22 ਅਕਤੂਬਰ 1844 ਈ. ਨੂੰ ਰੈੱਡ ਰਿਵਰ ਕਲੋਨੀ, ਮੈਨੀਟੋਬਾ ਵਿਖੇ ਹੋਇਆ ਸੀ। ਕਾਨੂੰਨ ਤੇ ਧਰਮ ਦੀ ਉੱਚ ਵਿੱਦਿਆ ਹਾਸਿਲ ਕਰਕੇ, ਉਸ ਨੇ ਆਪਣੇ ਲੋਕਾਂ ਲਈ, ਕੈਨੇਡਾ ਦੀ ਨਸਲੀ ਸਰਕਾਰ ਖਿਲਾਫ਼ ਫੌਜ ਖੜ੍ਹੀ ਕੀਤੀ। ਕੈਨੇਡਾ ਦੀ ਉਸ ਵੇਲੇ ਦੀ ਨਸਲਵਾਦੀ ਅਤੇ ਬਸਤੀਵਾਦੀ ਸਰਕਾਰ ਵੱਲੋਂ ਲੂਈ ਰਿਆਲ ਨੂੰ ਰਜਾਈਨਾ ‘ਚ ਫਾਂਸੀ ਦੇ ਕੇ ਸ਼ਹੀਦ ਕੀਤਾ ਗਿਆ।16 ਨਵੰਬਰ 2018 ਨੂੰ ਬੀਸੀ ਵਿਧਾਨ ਸਭਾ ਵਿਖੇ ਲੂਈ ਰਿਆਲ ਦਿਵਸ ਮਨਾਇਆ ਗਿਆ ਅਤੇ ਇਸ ਮੌਕੇ ‘ਤੇ ਪ੍ਰੋਕਲੇਮੇਸ਼ਨ ਵੀ ਜਾਰੀ ਕੀਤਾ ਗਿਆ। ਲੂਈ ਰਿਆਲ ‘ਸਾਡਾ’ ਸਾਰਿਆਂ ਦਾ ਨਾਇਕ ਹੈ, ਜਿਸ ਨੇ ਨਸਲਵਾਦ ਖਿਲਾਫ਼ ਜੰਗ ਲੜੀ ;
“ਜਾਨ ਵਾਰ ਕੇ ਵੱਢਿਆ, ਨਸਲਵਾਦ ਦਾ ਜਾਲ।
ਫਾਂਸੀ ਚੜ੍ਹਿਆ ਹੱਕ ਲਈ, ‘ਸਾਡਾ’ ਲੂਈ ਰੀਅਲ।”
ਆਓ, ਹੁਣ ਵਿਚਾਰੀਏ ਕੈਨੇਡਾ ਅਤੇ ਅਮਰੀਕਾ ਵਿੱਚ ਵਸਦੇ ਗ਼ਦਰੀ ਯੋਧਿਆਂ ਦਾ ਆਜ਼ਾਦੀ ਦੇ ਸੰਘਰਸ਼ ਲਈ ਜੂਝਣ ਜੂਝ ਮਰਨ ਦਾ ਇਤਿਹਾਸਿਕ ਬਿਰਤਾਂਤ। ਅੱਜ-ਕੱਲ ‘ਸਰਕਾਰੀ ਅਤੇ ਦਰਬਾਰੀ’ ਲੋਕਾਂ ਵੱਲੋਂ ਇਹ ਬਿਰਤਾਂਤ ਜ਼ੋਰ-ਸ਼ੋਰ ਨਾਲ ਘੜਿਆ ਜਾ ਰਿਹਾ ਹੈ ਕਿ ਕੀ ਵਿਦੇਸ਼ਾਂ ‘ਚ ਰਹਿੰਦੇ ਹੋਏ ਵੀ ਆਪਣੇ ਦੇਸ ਲਈ ਆਜ਼ਾਦੀ ਦਾ ਸੰਘਰਸ਼ ਲੜਿਆ ਜਾ ਸਕਦਾ ਹੈ ਅਤੇ ਸਰਕਾਰੀ ਜਬਰ ਖਤਮ ਕੀਤਾ ਜਾ ਸਕਦਾ ਹੈ? ਜੀ ਹਾਂ, ਅਜਿਹਾ ਬਿਲਕੁਲ ਹੋ ਸਕਦਾ ਹੈ। ਮਿਸਾਲ ਦੇਖਣੀ ਹੋਵੇ, ਤਾਂ ਗ਼ਦਰ ਲਹਿਰ ਦੇ ਮਹਾਨ ਸ਼ਹੀਦ ਭਾਈ ਕਰਤਾਰ ਸਿੰਘ ਸਰਾਭਾ ਸਮੇਤ ਸੈਂਕੜੇ ਉਹਨਾਂ ਯੋਧਿਆਂ ਤੋਂ ਮਿਲਦੀ ਹੈ, ਜਿਨ੍ਹਾਂ ਨੇ ਅਮਰੀਕਾ ਅਤੇ ਕੈਨੇਡਾ ਆ ਕੇ ਪਹਿਲਾਂ ਨਸਲਵਾਦ ਅਤੇ ਬਸਤੀਵਾਦ ਦੇ ਖਿਲਾਫ ਆਵਾਜ਼ ਬੁਲੰਦ ਕੀਤੀ ਤੇ ਮਗਰੋਂ ਇੱਥੋਂ ਹੀ ਬ੍ਰਿਟਿਸ਼ ਇੰਡੀਆ ਸਰਕਾਰ ਦੇ ਖਿਲਾਫ ਐਲਾਨੇ-ਜੰਗ ਕੀਤਾ।ਇਹ ਗੱਲ ਕਹਿਣੀ ਉਚਿਤ ਹੋਵੇਗੀ ਕਿ ਕਿਸੇ ਦੇਸ ਦੀ ਜ਼ਾਲਮ ਸਰਕਾਰ ਅਤੇ ਗ਼ੁਲਾਮੀ ਦੇ ਖਾਤਮੇ ਲਈ ਕਿ ਬਾਹਰਲੇ ਦੇਸ਼ਾਂ ਤੋਂ ਸੰਘਰਸ਼ ਲੜਿਆ ਜਾ ਸਕਦਾ ਹੈ। ਅੱਜ ਵੀ ਭਾਰਤ ਵਿੱਚ ਸਿਆਸੀ ਚੋਰਾਂ ਦੇ ਵੱਸ ਪੈ ਕੇ ਕੁਰਲਾ ਰਹੇ ਦੇਸਵਾਸੀਆਂ ਲਈ ਸੰਘਰਸ਼ ਕਰਨ ਵਾਲੇ ਸ਼ਹੀਦ ਸਰਾਭਾ ਦੇ ਵਾਰਿਸ ਫਾਸ਼ੀਵਾਦੀ ਅਤੇ ਮਨੂਵਾਦੀ ਸਟੇਟ ਖ਼ਿਲਾਫ਼, ਵਿਦੇਸ਼ਾਂ ਦੀ ਧਰਤੀ ਤੋਂ ਗ਼ਦਰੀ ਬਾਬਿਆਂ ਦਾ ਇਤਿਹਾਸ ਦੁਹਰਾ ਰਹੇ ਹਨ।
ਗ਼ਦਰ ਲਹਿਰ ਦੇ ਸਭ ਤੋਂ ਛੋਟੀ ਉਮਰ (19 ਸਾਲ 5 ਮਹੀਨੇ 23 ਦਿਨ) ਦੇ ਮਹਾਨ ਸ਼ਹੀਦ ਭਾਈ ਕਰਤਾਰ ਸਿੰਘ ਸਰਾਭਾ ਨੂੰ ਗ਼ਦਰ ਲਹਿਰ ਦਾ ‘ਬਾਲਾ ਜਰਨੈਲ’ ਅਤੇ ਤੂਫਾਨਾਂ ਦਾ ਸ਼ਾਹ-ਅਸਵਾਰ ਕਿਹਾ ਜਾਂਦਾ ਹੈ। ਭਾਈ ਕਰਤਾਰ ਸਿੰਘ ਸਰਾਭਾ ਦਾ ਜਨਮ ਪੰਜਾਬ ਵਿੱਚ ਜ਼ਿਲ੍ਹਾ ਲੁਧਿਆਣਾ ‘ਚ ਪਿੰਡ ਸਰਾਭਾ ਦੇ ਬਾਬਾ ਬਚਨ ਸਿੰਘ ਦੇ ਪੁੱਤਰ ਸਰਦਾਰ ਮੰਗਲ ਸਿੰਘ ਦੇ ਗ੍ਰਹਿ ਵਿਖੇ, ਮਾਤਾ ਸਾਹਿਬ ਕੌਰ ਦੀ ਕੁੱਖੋਂ 24 ਮਈ 1896 ਨੂੰ ਹੋਇਆ। ਸ਼ਹੀਦ ਸਰਾਭਾ ਦੀ ਕੁਰਬਾਨੀ ਸੰਸਾਰ ਪੱਧਰ ਦੇ ਹੋਰਨਾਂ ਜੁਝਾਰੂਆਂ ‘ਚੋਂ ਕਿਸੇ ਵੀ ਤਰ੍ਹਾਂ ਘੱਟ ਨਹੀਂ ਸੀ, ਬਲਕਿ ਦੋ ਰਤੀਆਂ ਵੱਧ ਕਹੀ ਜਾ ਸਕਦੀ ਹੈ ;
“ਚੇ ਗੇਵਾਰਾ ਵੀ ਸਹੀ, ਘੱਟ ਨਹੀਂ ਕਰਤਾਰ।
ਗ਼ਦਰ ਲਹਿਰ ਦੇ ਦੀਪ ਨੂੰ, ਭੁੱਲ ਬੈਠਾ ਸੰਸਾਰ।”
ਇਤਿਹਾਸ ਦੇ ਪੰਨੇ ਫਰੋਲੀਏ, ਤਾਂ ਪਤਾ ਲੱਗਦਾ ਹੈ ਕਿ ਸ਼ਹੀਦ ਭਾਈ ਕਰਤਾਰ ਸਿੰਘ ਸਰਾਭਾ ਚੜ੍ਹਦੀ ਜਵਾਨੀ ਵਿੱਚ ਅਮਰੀਕਾ ਪਹੁੰਚੇ। ਬੇਸ਼ਕ ਉਹ ਅਮਰੀਕਾ ਆਏ ਪੜ੍ਨ ਲਈ ਸਨ, ਪਰ ਗ਼ੁਲਾਮੀ ਦਾ ਅਹਿਸਾਸ ਹੁੰਦਿਆਂ ਹੀ, ਇਨਕਲਾਬ ਦੇ ਰਸਤੇ ‘ਤੇ ਚੱਲ ਪਏ। ਤੀਖਣ ਬੁੱਧੀ ਦੇ ਮਾਲਕ ਹੁੰਦਿਆਂ ਆਪ ਪਹਿਲੀ ਨਵੰਬਰ 1913 ਵਿੱਚ ਆਰੰਭ ਹੋਏ ‘ਗ਼ਦਰ’ ਅਖਬਾਰ ਦੇ ਪੰਜਾਬੀ ਅੰਕ ਦੇ ਮੋਢੀ ਸੰਪਾਦਕ ਬਣੇ। ਇਸੇ ਦੌਰਾਨ ਸੰਨ 1914 ਵਿੱਚ ਦੇਸ ਨੂੰ ਫ਼ਿਰੰਗੀਆਂ ਤੋਂ ਆਜ਼ਾਦ ਕਰਵਾਉਣ ਲਈ ਅਮਰੀਕਾ ਅਤੇ ਕੈਨੇਡਾ ਤੋਂ ਗ਼ਦਰੀ ਯੋਧਿਆਂ ਨੇ ਪੰਜਾਬ ਨੂੰ ਚਾਲੇ ਪਾ ਦਿੱਤੇ। ਉੱਧਰ ਪਹਿਲਾ ਵਿਸ਼ਵ ਯੁੱਧ ਛਿੜਨ ਕਾਰਨ ਵੱਡੀ ਗਿਣਤੀ ਵਿੱਚ ਫਿਰੰਗੀ ਸੈਨਾ ਇੰਗਲੈਂਡ ਦੀ ਹਿਫਾਜ਼ਤ ਲਈ ਭੇਜੀ ਜਾ ਚੁੱਕੀ ਸੀ। ਇਹਨਾਂ ਹਾਲਤਾਂ ਨੂੰ ਸੁਨਹਿਰੀ ਮੌਕਾ ਸਮਝਦੇ ਆਂ ਹੋਏ ਸੰਨ 1914 ਵਿੱਚ ਗ਼ਦਰ ਪਾਰਟੀ ਦੁਆਰਾ ਵਿਦੇਸ਼ਾਂ ‘ਚ ਬੈਠੇ ਗਦਰੀਆਂ ਨੂੰ ਦੇਸ ਪਰਤਣ ਦਾ ਸੱਦਾ ਦਿੱਤਾ ਗਿਆ ਸੀ। ਵਤਨ ਵਾਪਸੀ ਮਗਰੋਂ ਉੱਤਰੀ ਭਾਰਤ ਦੀਆਂ ਪ੍ਰਮੁੱਖ ਛਾਉਣੀਆਂ ਦੇ ਦੇਸੀ ਫ਼ੌਜੀਆਂ ਅੰਦਰ ਬਗ਼ਾਵਤ ਫ਼ੈਲਾਉਣ ਲਈ ‘ਗ਼ਦਰ’ ਅਖਬਾਰ ਰਾਹੀਂ ਕ੍ਰਾਂਤੀਕਾਰੀ ਸਾਹਿਤਕ ਵਿਚਾਰਾਂ ਨੂੰ, ਵੱਧ ਤੋਂ ਵੱਧ ਵਰਤੋਂ ਵਿਚ ਲਿਆਂਦਾ ਗਿਆ।
ਇਹ ਸੱਚ ਹੈ ਕਿ ਗ਼ਦਰ ਲਹਿਰ ‘ਚ ਨੱਬੇ ਫ਼ੀਸਦੀ ਇਨਕਲਾਬੀ ਸਿੱਖ ਸਨ, ਬੇਸ਼ੱਕ ਗ਼ਦਰ ਪਾਰਟੀ ਅਤੇ ਗ਼ਦਰ ਲਹਿਰ ਵਿੱਚ ਸਭ ਧਰਮਾਂ ਨੂੰ ਸਮਾਨਤਾ ਦਿੱਤੀ ਗਈ ਸੀ। ਗ਼ਦਰ ਦੀਆਂ ਕਈ ਕੋਸ਼ਿਸ਼ਾਂ ਨੂੰ ਫਿਰੰਗੀ ਭਾਰਤੀ ਸਰਕਾਰ ਨੇ ਗੱਦਾਰਾਂ ਦੀਆਂ ਮੁੱਖਵਰੀਆਂ ਦੇ ਸਹਾਰੇ ਅਸਫਲ ਬਣਾ ਦਿੱਤਾ ਸੀ। ਅਜਿਹੀ ਸਥਿਤੀ ਵਿੱਚ ਗ਼ਦਰ ਲਹਿਰ ਦੇ ਆਗੂਆਂ ਨੇ ਵਿਚਾਰ ਕੀਤੀ ਕਿ ਗਦਰ ਲਹਿਰ ਨੂੰ ਸਰਕਾਰੀ ਪੰਜਿਆਂ ਦੀ ਪਕੜ ਤੋਂ ਬਚਾਇਆ ਜਾਵੇ ਤੇ ਸਮਾਂ ਪਾ ਕੇ ਫਿਰ ਤੋਂ ਦੇਸ਼-ਭਗਤਾਂ ਨੂੰ ਸੰਗਠਿਤ ਕੀਤਾ ਜਾਏ। ਨੌਜਵਾਨ ਭਾਈ ਕਰਤਾਰ ਸਿੰਘ ਸਰਾਭਾ ਤੇ ਭਾਈ ਹਰਨਾਮ ਸਿੰਘ ਟੁੰਡੀਲਾਟ ਨੇ ਰਾਸ ਬਿਹਾਰੀ ਬੋਸ ਨੂੰ ਪੁਲਿਸ ਹੱਥੋਂ ਬਚਾਉਣ ਲਈ ਲਾਹੌਰ ਸਟੇਸ਼ਨ ਤੇ ਪਹੁੰਚਾਇਆ, ਜਿੱਥੋਂ ਬੋਸ ਬਨਾਰਸ ਚੱਲਿਆ ਗਿਆ। ਮਗਰੋਂ ਉਹ ਸਰਕਾਰ ਤੋਂ ਬਚਦੇ-ਬਚਾਉਂਦੇ ਜਾਪਾਨ ਪਹੁੰਚ ਗਿਆ, ਜਿੱਥੇ ਕੁੱਝ ਸਮਾਂ ਬਾਅਦ ਬੋਸ ਦੀ ਮੌਤ ਹੋ ਗਈ। ਏਧਰ ਕਰਤਾਰ ਸਿੰਘ ਸਰਾਭਾ, ਹਰਨਾਮ ਸਿੰਘ ਟੁੰਡੀਲਾਟ ਅਤੇ ਜਗਤ ਸਿੰਘ ਲਾਇਲਪੁਰ ਚਲੇ ਗਏ ਤੇ ਉੱਥੋਂ ਪਠਾਣਾਂ ਦਾ ਭੇਸ ਬਦਲ ਕੇ ਪੇਸ਼ਾਵਰ ਦੇ ਕਬਾਇਲੀ ਇਲਾਕੇ ਵਿੱਚ ਪਹੁੰਚ ਗਏ।
ਪੇਸ਼ਾਵਰ ‘ਚ ਭਾਈ ਕਰਤਾਰ ਸਿੰਘ ਸਰਾਭਾ ਅਤੇ ਉਨਾਂ ਦੇ ਸਾਥੀ ਪੂਰੀ ਤਰਾਂ ਸੁਰੱਖਿਅਤ ਸਨ, ਪਰ ਇਕ ਸਮੇਂ ਅਚਾਨਕ ਹੀ ਉਨਾਂ ਗ਼ਦਰ ਦੀ ਗੂੰਜ ਵਿੱਚ ਛਪੀ ਇਨਕਲਾਬੀ ਨਜ਼ਮ ‘ਬਣੀ ਸਿਰ ਸ਼ੇਰਾਂ ਕੀ ਜਾਣਾ ਭੱਜ ਕੇ!’ ਪੜ੍ਹੀ, ਤਾਂ ਮਨ ਅੰਦਰ ਜਾਨਾਂ ਬਚਾ ਕੇ, ਛੁਪਣ ‘ਤੇ ਡੂੰਘਾ ਅਫਸੋਸ ਹੋਇਆ। ਨਾਲ ਹੀ ਇਹ ਖ਼ਿਆਲ ਆਇਆ ਕਿ ਜੇਕਰ ਜਾਨ ਹੀ ਬਚਾਉਣੀ ਸੀ, ਤਾਂ ਅਮਰੀਕਾ ਤੋਂ ਸ਼ਹੀਦੀਆਂ ਦੇ ਵਾਅਦੇ ਕਰਕੇ ਆਉਣ ਦੀ ਕੀ ਲੋੜ ਸੀ । ਅਜਿਹੀ ਮਨ ਅੰਤਰ ਦੀ ਪੀੜਾ ਨੂੰ ਪਛਾਣਦਿਆਂ ਇਹ ਮਰਜੀਵੜੇ ਮੁੜ ਪੇਸ਼ਾਵਰ ਤੋਂ ਪੰਜਾਬ ਵੱਲ ਚੱਲ ਪਏ। ਤਿੰਨੇ ਸੂਰਮੇ 22ਵੇਂ ਰਸਾਲੇ ਦੇ ਘੋੜਿਆਂ ਦੇ ਫਾਰਮ ਕੋਲ ਚੱਕ ਨੰਬਰ ਪੰਜ, ਸਰਗੋਧਾ ਪਹੁੰਚੇ, ਜਿੱਥੋਂ ਉਨਾਂ ਹਥਿਆਰ ਲੈ ਕੇ ਆਪਣੇ ਬੰਦੀ ਸਾਥੀਆਂ ਨੂੰ ਛੁਡਾਉਣ ਦੀ ਯੋਜਨਾ ਬਣਾਈ। ਉਨਾਂ ਦੀ ਇਹ ਵਿਉਂਤ ਸਿਰੇ ਨਾ ਚੜ੍ਹੀ, ਕਿਉਂਕਿ ਇੱਕ ਹੋਰ ਗੱਦਾਰ ਗੰਡਾ ਸਿੰਘ ਰਸਾਲਦਾਰ ਨੇ 2 ਮਾਰਚ 1915 ਈਸਵੀ ਨੂੰ ਤਿੰਨੇ ਸੂਰਮਿਆਂ ਨੂੰ ਪੁਲਿਸ ਪਾਸ ਇਤਲਾਹ ਦੇ ਕੇ ਗ੍ਰਿਫ਼ਤਾਰ ਕਰਵਾ ਦਿੱਤਾ। ਗ਼ਦਰੀ ਇਕੱਠੇ ਕਰਨ ਲਈ ਪੰਜਾਬ ਆ ਰਹੇ ਬਾਬਾ ਨਿਧਾਨ ਸਿੰਘ ਚੁੱਘਾ ਨੂੰ ਲੁਧਿਆਣਾ ਜ਼ਿਲਾ ਦੇ ਪਿੰਡ ਕਮਾਲਪੁਰਾ ਕੋਲੋਂ ਫੜ ਲਿਆ ਗਿਆ। ਦੂਜੇ ਪਾਸੇ ਸਾਜ਼ਿਸ਼ ਰਚਣ ਦੇ ਦੋਸ਼ ਅਧੀਨ ਭਾਈ ਜਵਾਹਰ ਸਿੰਘ ਨੂੰ ਗ੍ਰਿਫਤਾਰ ਕਰ ਲ਼ਿਆ ਗਿਆ ਤੇ ਕਿਲੇ ‘ਚ ਹੀ ਨਜ਼ਰਬੰਦ ਕਰ ਦਿੱਤਾ ਗਿਆ। ਗ਼ਦਰ 1915 ਦੇ ਇਤਿਹਾਸ ਵਿੱਚ ਇਹ ਮੁਕੱਦਮਾ ‘ਮੰਡੀ ਸਾਜ਼ਿਸ਼ ਕੇਸ’ ਦੇ ਨਾਂ ਵਜੋਂ ਪ੍ਰਸਿੱਧ ਹੈ।
ਗ਼ਦਰ ਲਹਿਰ ਦੇ ਇਨਕਲਾਬੀਆਂ ਨੂੰ ਵੱਡੀ ਗਿਣਤੀ ਵਿੱਚ ਫੜੇ ਜਾਣ ਮਗਰੋਂ ਹਿੰਦ ਰੱਖਿਆ ਕਾਨੂੰਨ (ਡਿਫੈਂਸ ਆਫ਼ ਇੰਡੀਆ ਐਕਟ ) ਦੀਆਂ ਧਾਰਾਵਾਂ ਅਨੁਸਾਰ ਬਹੁਤ ਸਾਰੇ ਮੁਕੱਦਮੇ ਚਲਾਏ ਗਏ। ਇਹਨਾਂ ਕੇਸਾਂ ਦਾ ਮੂਲ ਮੰਤਵ ਇਨਕਲਾਬੀਆਂ ਨੂੰ ਆਜ਼ਾਦੀ ਸੰਗਰਾਮੀਆਂ ਸਾਬਤ ਕਰ ਕੇ ਸਜ਼ਾਵਾਂ ਦੇਣ ਦਾ ਨਹੀਂ, ਬਲਕਿ ਲੁਟੇਰੇ ਤੇ ਕਾਤਲ ਦਰਸਾ ਕੇ ਫਾਂਸੀਆਂ’ ਦੇਣ ਦਾ ਸੀ, ਜਿਵੇਂ ਅੱਜ ਵੀ ਸਰਕਾਰ ਖਿਲਾਫ ਦੇਸ਼ ਅੰਦਰ ਅਤੇ ਵਿਦੇਸ਼ ਵਿੱਚ ਲੜਨ ਵਾਲੇ ਯੋਧਿਆਂ ਨੂੰ, ‘ਅੱਤਵਾਦੀ ਵੱਖਵਾਦੀ ਅਤੇ ਹਤਿਆਰੇ’ ਆਖ ਕੇ ਬਦਨਾਮ ਕਰਨ ਦੀਆਂ ਕੋਸ਼ਿਸ਼ਾਂ ਜਾਦੀਆਂ ਹਨ। ਇਹ ਮੁਕੱਦਮਾ 26 ਅਪਰੈਲ 1915 ਈਸਵੀ ਨੂੰ ਸੈਂਟਰਲ ਜੇਲ੍ਹ ਲਾਹੌਰ ਚ ਸ਼ੁਰੂ ਹੋਇਆ ਅਤੇ 13 ਸਤੰਬਰ 1915ਂ ਈਸਵੀ ਨੂੰ ਬਾਦਸ਼ਾਹ ਬਨਾਮ ਆਨੰਦ ਕਿਸ਼ੋਰ ਤੇ ਹੋਰਨਾਂ ਦੇ ਨਾਂ ਅਧੀਨ ਅੰਕਿਤ ਇਸ ਕੇਸ ਦਾ ਫੈਸਲਾ ਸੁਣਾਇਆ ਗਿਆ। ਇਸ ਮੁਕੱਦਮੇ ਵਿੱਚ 64 ਮੁਲਜ਼ਮ ਰੱਖੇ ਗਏ ਸਨ, ਜਿਹੜੀ ਗਿਣਤੀ ਉਸੇ ਵੇਲੇ ਪੂਰੇ ਦੇਸ਼ ‘ਚ ਹੋਏ ਕਿਸੇ ਵੀ ਕੇਸ ‘ਚ ਸ਼ਾਮਲ ਮੁਲਜ਼ਮਾਂ ਤੋਂ ਵੱਧ ਸੀ।
ਇਸ ਕੇਸ ਵਿੱਚ ਸੱਤ ਗ਼ਦਰੀ ਯੋਧਿਆਂ ਕਰਤਾਰ ਸਿੰਘ ਸਰਾਭਾ, ਹਰਨਾਮ ਸਿੰਘ ਭੱਟੀ ਗੁਰਾਇਆ, ਜਗਤ ਸਿੰਘ ਸੁਰਸਿੰਘ, ਬਖਸ਼ੀਸ਼ ਸਿੰਘ ਗਿੱਲਵਾਲੀ, ਵਿਸ਼ਨੂੰ ਗਣੇਸ਼ ਪਿੰਗਲੇ ਪੂਨਾ, ਸੁਰੈਣ ਸਿੰਘ ਗਿਲਵਾਲੀ ਤੇ ਸੁਰੈਣ ਸਿੰਘ ਨੂੰ 16 ਨਵੰਬਰ 1915 ਈਸਵੀ ਨੂੰ ਫਾਂਸੀ ਦਿੱਤੀ ਗਈ। ਇਸ ਤੋਂ ਇਲਾਵਾ ਚਾਲੀ ਹੋਰਾਂ ਨੂੰ ਉਮਰ ਕੈਦ, ਕਾਲੇ ਪਾਣੀ ਤੇ ਹੋਰ ਲੰਮੀਆਂ ਸਜ਼ਾਵਾਂ ਸੁਣਾਈਆਂ ਗਈਆਂ। ਬਸਤੀਵਾਦੀ ਬ੍ਰਿਟਿਸ਼ ਸਰਕਾਰ ਦੀਆਂ ਜੜ੍ਹਾਂ ਪੁੱਟਣ ਲਈ ਆਪ ਨੇ ਹੋਰਨਾਂ ਨਾਲ ਮਿਲ ਕੇ, ਜਾਨ ਤਲੀ ‘ਤੇ ਧਰ ਕੇ ਆਜ਼ਾਦੀ ਦੀ ਜੰਗ ਲੜੀ ਅਤੇ ਆਖਰ ਨੂੰ 16 ਨਵੰਬਰ 1915 ਨੂੰ ਲਾਹੌਰ ਵਿਖੇ ਫਾਂਸੀ ਦਾ ਰੱਸਾ ਚੁੰਮ ਕੇ ਸ਼ਹੀਦ ਹੋ ਗਏ। ਫਾਂਸੀ ਤੋਂ ਪਹਿਲਾ ਮਰਜੀਵੜਿਆਂ ਵੱਲੋਂ ਸਾਂਝੇ ਤੌਰ ਤੇ ਲਿਖੀ ਅਤੇ ਗਾਈ ਗਈ ਕਵਿਤਾ, ਅੱਜ ਵੀ ਲੋਕ ਦਿਲਾਂ ਵਿੱਚ ਆਜ਼ਾਦੀ ਦੀ ਲਾਟ ਬਣ ਕੇ ਬਲ਼ ਰਹੀ ਹੈ ;
“ਸਾਡੀ ਆਤਮਾ ਸਦਾ ਅਡੋਲ ਵੀਰੋ,
ਕਰੂ ਕੀ ਤੁਫੰਗ ਦਾ ਵਾਰ ਸਾਨੂੰ।
ਖ਼ਾਤਰ ਧਰਮ ਦੀ ਪਿਤਾ ਨੇ ਪੁੱਤ ਵਾਰੇ,
ਦਿਸੇ ਚਮਕਦੀ ਨੇਕ ਮਿਸਾਲ ਸਾਨੂੰ।”
“ਸਾਡੇ ਵੀਰਨੋ ਤੁਸਾਂ ਨੇ ਖੁਸ਼ ਰਹਿਣਾ
ਅਸੀ ਆਪਣੀ ਆਪ ਨਿਭਾ ਦਿਆਂਗੇ।
ਦੁੱਖ ਝੱਲਾਂਗੇ ਹੱਸਕੇ ਵਾਂਗ ਮਰਦਾਂ
ਨਾਲ ਖ਼ੁਸ਼ੀ ਦੇ ਸੀਸ ਲਹਾ ਦਿਆਂਗੇ।
ਖ਼ਾਤਰ ਧਰਮ ਦੀ ਜਿੰਦ ਕੁਰਬਾਨ ਕਰਕੇ
ਜੜ੍ਹ ਜ਼ੁਲਮ ਦੀ ਪੁੱਟ ਦਿਖਾ ਦਿਆਂਗੇ।
ਥੋੜੇ ਦਿਨਾਂ ਤਾਂਈ ਬੇੜਾ ਪਾਰ ਹੋਸੀ
ਸਰੋਂ ਹੱਥ ਤੇ ਅਸੀ ਜਮਾਂ ਦਿਆਂਗੇ।”
(ਕਿਤਾਬ ‘ਤੂਫਾਨਾਂ ਦਾ ਸ਼ਾਹ ਅਸਵਾਰ ਸਵਾਰ’ : ਪੰਨਾ 340)
ਕੈਨੇਡਾ ਤੋਂ ਜਾ ਕੇ ਸ਼ਹੀਦ ਹੋਣ ਵਾਲੇ ਭਾਈ ਜਗਤ ਸਿੰਘ ਪਿੰਡ ਸੁਰਸਿੰਘ, ਜ਼ਿਲ੍ਹਾ ਤਰਨਤਾਰਨ ਦਾ ਜਨਮ ਸੰਨ 1883 ਈਸਵੀ ‘ਚ ਸ. ਅਰੂੜ ਸਿੰਘ ਢਿੱਲੋਂ ਦੇ ਗ੍ਰਹਿ ਵਿਖੇ ਮਾਤਾ ਗੁਲਾਬ ਕੌਰ ਦੀ ਕੁੱਖੋਂ ਹੋਇਆ ਸੀ। ਮਾਝੇ ‘ਚ ਗ਼ਦਰ ਲਹਿਰ ਦੇ ਕੇਂਦਰ ਸੁਰਸਿੰਘ ਚੋਂ ਚਾਲੀ ਦੇ ਕਰੀਬ ਗ਼ਦਰੀ ਯੋਧੇ ਹੋਏ ਹਨ। ਆਪ ਵਿਆਹ ਮਗਰੋਂ ਕਿਰਤ ਖ਼ਾਤਰ ਕੈਨੇਡਾ ਆਏ, ਪਰ ਇਥੇ ਸਰਕਾਰੀ ਨਸਲਵਾਦੀ ਕਾਨੂੰਨ ਵਿਰੁੱਧ ਡਟ ਗਏ। ਕੈਨੇਡਾ ਹੁੰਦਿਆਂ ਆਪ ਨੇ ਗ਼ੱਦਾਰਾਂ ਦੇ ਟੋਲੇ ਦੇ ਹਰਨਾਮ ਸਿੰਘ ਸੂਹੀਏ ਨੂੰ 17 ਅਗਸਤ 1914 ਨੂੰ ਸੋਧਿਆ। ਦੇਸ ਦੀ ਆਜ਼ਾਦੀ ਲਈ ਆਪ ਹੋਰਨਾਂ ਗ਼ਦਰੀਆਂ ਸਮੇਤ ਪੰਜਾਬ ਪਰਤ ਗਏ ਤੇ 16 ਨਵੰਬਰ 1915 ਨੂੰ ਸ਼ਹੀਦ ਕਰਤਾਰ ਸਿੰਘ ਸਰਾਭਾ ਤੇ ਪੰਜ ਹੋਰ ਯੋਧਿਆਂ ਸਣੇ ਫਾਂਸੀ ਲੱਗ ਕੇ ਸ਼ਹੀਦੀ ਪਾਈ।
“ਜਗਤ ਸਿੰਘ ਸੁਰਸਿੰਘ ਦਾ, ਹੈ ਵੱਡਾ ਇਤਿਹਾਸ ।
ਸਾਥ ਸਰਾਭੇ ਦਾ ਰਿਹਾ, ਘੋਲ ਤੋਂ ਅੰਤਮ ਸੁਆਸ।
ਕੈਨੇਡਾ ਵਿਚ ਨਸਲ ਦੇ, ਭੇਦ-ਭਾਵ ਦੀ ਅੱਤ।
ਗ਼ਦਰੀ ਯੋਧੇ ਭੰਨਗੇ, ਦੇ ਕੇ ਆਪਣੀ ਰੱਤ।”
ਗ਼ਦਰੀ ਯੋਧਿਆਂ ਦੀਆਂ ਸ਼ਹੀਦੀਆਂ ਨਸਲਵਾਦ ਅਤੇ ਬਸਤੀਵਾਦ ਦੇ ਖਿਲਾਫ ਸਨ, ਪਰ ਅੱਜ ਵੀ ਸੰਸਾਰ ਪੱਧਰ ਤੇ ਅਜਿਹੀਆਂ ਮਾਨਵ ਵਿਰੋਧੀ ਤਾਕਤਾਂ ਜ਼ੋਰਾਂ ‘ਤੇ ਹਨ। ਸ਼ਹੀਦ ਭਾਈ ਸਰਾਭਾ ਤੇ ਉਹਨਾਂ ਦੀ ਹੋਰਨਾਂ ਭਾਈਆਂ ਦੇ ਸ਼ਹੀਦੀ ਦਿਹਾੜੇ ‘ਤੇ ਇਤਿਹਾਸ ਵਿਚਾਰਦਿਆਂ ਇਹ ਵੇਖਣਾ ਬਣਦਾ ਹੈ ਕਿ ਜਿਸ ਉਦੇਸ਼ ਲਈ ਇਨ੍ਹਾਂ ਯੋਧਿਆ ਨੇ ਸ਼ਹੀਦੀਆਂ ਦਿੱਤੀਆਂ, ਕੀ ਉਹ ਉਦੇਸ਼ ਪੂਰਾ ਹੋਇਆ? ਕੀ ਇਨ੍ਹਾਂ ਸ਼ਹੀਦਾਂ ਦੇ ਸੁਪਨੇ ਸਾਕਾਰ ਹੋਏ? ਸੱਚ ਇਸ ਦੇ ਬਿਲਕੁਲ ਉਲਟ ਹੈ। ਅਸਲ ਨਾਇਕਾਂ ਗਦਰੀ ਸ਼ੇਰਾਂ ਦੀਆਂ ਮਾਰਾਂ ‘ਤੇ ਅੱਜ ਦੇ ਖਲਨਾਇਕ ਫਾਸ਼ੀਵਾਦੀ ਅਤੇ ਮਨੂਵਾਦੀ ਗਿੱਦੜ ਕਲੋਲਾਂ ਕਰ ਰਹੇ ਹਨ। ਦੂਜੇ ਪਾਸੇ ਦੇਸ਼ ਵਿਦੇਸ਼ ਵਿੱਚੋਂ ਇਹਨਾਂ ਕਾਲੇ ਅੰਗਰੇਜ਼ ਹਾਕਮਾਂ ਦੇ ਖ਼ਿਲਾਫ਼ ਆਵਾਜ਼ ਬੁਲੰਦ ਕਰਨ ਵਾਲੇ ਮਰਜੀਵੜੇ ਹੀ, ਸ਼ਹੀਦ ਸਰਾਭਾ ਅਤੇ ਗਦਰੀ ਬਾਬਿਆਂ ਦੇ ਅਸਲੀ ਵਾਰਿਸ ਹਨ।
ਇੱਥੇ ਵਿਚਾਰਨ ਵਾਲੀ ਗੱਲ ਇਹ ਵੀ ਹੈ ਕਿ ਮੈਟੀਸ ਭਾਈਚਾਰੇ ਦੇ ਕੈਨੇਡਾ ਦੇ ਸ਼ਹੀਦ ਲੂਈ ਰਿਆਲ ਵਾਂਗ ਹੀ ਕੈਨੇਡਾ ਦੇ ਮਹਾਨ ਸਿੱਖ ਗ਼ਦਰੀ ਯੋਧੇ ਭਾਈ ਮੇਵਾ ਸਿੰਘ ਲੋਪੋਕੇ ਨੂੰ ਵੀ ਸ਼ਹੀਦ ਕੀਤਾ ਗਿਆ ਸੀ। ਉਨ੍ਹਾਂ ਨੂੰ 1915 ਵਿੱਚ ਨਿਊਵੈਸਟਮਨਿਸਟਰ, ਵੈਨਕੂਵਰ ‘ਚ ਫਾਂਸੀ ਦਿੱਤੀ ਗਈ। ਸਵਾਲ ਇਹ ਹੈ ਕਿ ਕੀ ਲੂਈ ਰਿਆਲ ਵਾਂਗ ਸ਼ਹੀਦ ਮੇਵਾ ਸਿੰਘ ਨੂੰ ਵੀ ਕਦੇ ਇਸੇ ਤਰ੍ਹਾਂ ਯਾਦ ਕੀਤਾ ਜਾਏਗਾ? ਕੀ ਸਾਡੀ ਕੌਮ ਅਤੇ ਮਨੁੱਖੀ ਅਧਿਕਾਰ ਕਾਰਕੁੰਨ ਇਸ ਗੱਲ ਲਈ ਲਾਮਬੰਦੀ ਕਰਨਗੇ? ਕੀ ਸਾਡੇ ਸਿਆਸਤਦਾਨ ਚੁੱਪ ਤੋੜਨਗੇ ਅਤੇ ਪਾਰਲੀਮੈਂਟ ਜਾਂ ਵਿਧਾਨ ਸਭਾਵਾਂ ਚ ਕਦੇ ਭਾਈ ਮੇਵਾ ਸਿੰਘ ਦੀ ਸ਼ਹਾਦਤ ਸਮੇਤ, ਹੋਰਨਾਂ ਗਦਰੀ ਯੋਧਿਆਂ ਦੀਆਂ ਸ਼ਹੀਦੀਆਂ ਨੂੰ ਬਿਆਨ ਕਰਨਗੇ ਤੇ ਉਨ੍ਹਾਂ ਦੇ ਨਾਵਾਂ ਨਾਲ ਅਜੇ ਤੱਕ ਵਰਤੇ ਜਾ ਰਹੇ ‘ਕਾਤਲ’ ਸ਼ਬਦ ਹਟਾਉਣਗੇ?
ਇਸ ਸਬੰਧ ਵਿਚ ਚਾਹੇ ਨਿਊ ਵੈਸਟਮਨਿਸਟਰ, ਬ੍ਰਿਟਿਸ਼ ਕੋਲੰਬੀਆ ਦੇ ਸਿਟੀ ਕੌਂਸਲਰ ਚੱਕਪਿੱਕਮਾਇਰ ਨੇ ਪਹਿਲਕਦਮੀ ਕਰਦਿਆਂ, ਸ਼ਹੀਦ ਭਾਈ ਮੇਵਾ ਸਿੰਘ ਲੋਪੋਕੇ ਦੇ ਨਾਂ ‘ਤੇ ਐਲਾਨਨਾਮਾ ਜਾਰੀ ਕਰਵਾਇਆ ਹੈ, ਪਰ ਹੁਣ ਇਸ ਕਾਰਜ ਨੂੰ ਬ੍ਰਿਟਿਸ਼ ਕੋਲੰਬੀਆ ਸੂਬਾਈ ਪੱਧਰ ਅਤੇ ਕੈਨੇਡਾ ਪੱਧਰ ‘ਤੇ ਲਿਜਾਣ ਲਈ, ਸਾਡੇ ਸਮੂਹ ਸਿਆਸਤਦਾਨਾਂ ਨੂੰ ਅੱਗੇ ਨਿੱਤਰਨਾ ਚਾਹੀਦਾ ਹੈ। ਸਾਡੇ ਸਿਆਸੀ ਆਗੂ ਚੁੱਪ ਤੋੜਦਿਆਂ, ਸ਼ਹੀਦ ਭਾਈ ਮੇਵਾ ਸਿੰਘ ਨੂੰ, ‘ਕੈਨੇਡਾ ਦਾ ਸ਼ਹੀਦ ਯੋਧਾ’ ਆਖਣ ਦੀ ਹਿੰਮਤ ਕਰਨ। ਆਓ ਇਸ ਮਕਸਦ ਲਈ ਸਾਰੇ ਇਕਮੁੱਠ ਹੋ ਕੇ ਯਤਨ ਕਰੀਏ ਅਤੇ ਇਨ੍ਹਾ ਯੋਧਿਆਂ ਦੀਆਂ ਕੁਰਬਾਨੀਆਂ ਨੂੰ ਚੇਤੇ ਕਰੀਏ। ਸ਼ਹੀਦ ਭਾਈ ਕਰਤਾਰ ਸਿੰਘ ਸਰਾਭਾ ਅਤੇ ਉਨ੍ਹਾਂ ਦੇ ਭਾਈਆਂ ਦੇ ਸ਼ਹੀਦੀ ਦਿਨ ‘ਤੇ ਪ੍ਰਣ ਕਰਨਾ ਚਾਹੀਦਾ ਹੈ ਕਿ ਭਾਰਤ ਅੰਦਰ ਫਾਸ਼ੀਵਾਦੀ ਤਾਕਤਾਂ ਦਾ ਮੂੰਹ ਭੰਨਿਆ ਜਾਏ ਅਤੇ ਹੱਕਾਂ ਲਈ ਜੂਝ ਰਹੇ ਪੀੜਤ ਵਰਗ ਦੇ ਨਾਲ ਮੋਢੇ ਨਾਲ ਮੋਢਾ ਜੋੜ ਕੇ, ਸੰਘਰਸ਼ ਜਾਰੀ ਰੱਖਿਆ ਜਾਏ ਅਤੇ ਗ਼ਦਰੀ ਯੋਧਿਆਂ ਦੇ ਸਿਧਾਂਤਾਂ ਦੀ ਡਟ ਕੇ ਪਹਿਰਾ ਦਿੱਤਾ ਜਾਏ। ਤਦ ਹੀ ਸ਼ਹੀਦੀ ਦਿਨ ਮਨਾਉਣੇ ਸਾਰਥਕ ਹੋ ਸਕਦੇ ਹਨ। ਇਹ ਫਰਜ਼ ਸਾਡਾ ਸਭਨਾਂ ਦਾ ਬਣਦਾ ਹੈ, ਕਿਉਂਕਿ ਗ਼ਦਰੀ ਯੋਧੇ ਸਾਡੇ ਭਵਿੱਖ ਲਈ ਆਪਣਾ ਵਰਤਮਾਨ ਵਾਰ ਕੇ, ਵੱਡੇ ਉਪਕਾਰ ਕਰ ਗਏ ਹਨ ;
“ਭੁਲੀਏ ਨਾ ਕੁਰਬਾਨੀਆਂ, ਰੱਖੀਏ ਹਿਰਦੇ ਧਾਰ।
ਅੱਜ ਜੋ ਮਿਲਣ ਸਹੂਲਤਾਂ, ਯੋਧਿਆਂ ਦੇ ਉਪਕਾਰ।”
ਤਸਵੀਰਾਂ : ਭਾਈ ਕਰਤਾਰ ਸਿੰਘ ਸਰਾਭਾ ਸਮੇਤ ਸੱਤ ਆਜ਼ਾਦੀ ਨਾਇਕ।
ਕੈਨੇਡਾ ਦੇ ਸ਼ਹੀਦ ਲੂਈ ਰਿਆਲ ਦਾ ਹੈਨਰੀ ਜੇਮਜ਼ ਵੱਲੋਂ ਤਿਆਰ ਕੀਤਾ ਚਿੱਤਰ।
(ਗ਼ਦਰ ਮੈਮੋਰੀਅਲ ਸੁਸਾਇਟੀ, ਬੀਸੀ ਕੈਨੇਡਾ)

Leave a Reply

Your email address will not be published. Required fields are marked *