Nov 12, 2026
ਓਟਵਾ ( ਜੈਸਮੀਨ ਥਿੰਦ)-
ਬੀਤੇ ਵੀਰਵਾਰ ਨੂੰ ਵਿੱਤ ਮੰਤਰੀ ਸ਼ੈਂਪੇਨ ਨੇ ਬਜਟ 2026: ਆਪਣੀ ਕਿਸਮਤ ਦੇ ਮਾਲਕ ਪੇਸ਼ ਕੀਤਾ । ਇਹ ਮੌਜੂਦਾ ਸਮੇਂ ਦੀਆਂ ਲੋੜਾਂ ਨੂੰ ਪੂਰਾ ਕਰਨ ਅਤੇ ਕੈਨੇਡਾ ਦੇ ਆਰਥਿਕ ਭਵਿੱਖ ਨੂੰ ਨਵੀਂ ਦਿਸ਼ਾ ਦੇਣ ਦੀ ਇੱਕ ਵਿਸਥਾਰਤ ਯੋਜਨਾ ਹੈ ਜਿਸ ਵਿਚ ਕੈਨੇਡੀਅਨ ਖ਼ੂਬੀਆਂ ਨੂੰ ਹੋਰ ਮਜ਼ਬੂਤ ਕਰਨਾ, ਨਿਵੇਸ਼ ਨੂੰ ਹੁਲਾਰਾ ਦੇਣਾ, ਉਤਪਾਦਕਤਾ ਵਧਾਉਣਾ, ਸਾਡੇ ਵਪਾਰ ਵਿੱਚ ਵਿਭਿੰਨਤਾ ਲਿਆਉਣਾ, ਚੰਗੇ ਰੁਜ਼ਗਾਰ ਦੇ ਮੌਕੇ ਪੈਦਾ ਕਰਨਾ ਅਤੇ ਕੈਨੇਡੀਅਨਾਂ ਲਈ ਜੀਵਨ ਨੂੰ ਵਧੇਰੇ ਕਿਫ਼ਾਇਤੀ ਬਣਾਉਣਾ ਸ਼ਾਮਿਲ ਹੈ।
ਬਜਟ 2026 ਜਨਤਕ ਸੁਰੱਖਿਆ ਵਿੱਚ ਅਹਿਮ ਨਿਵੇਸ਼ ਕਰਦਾ ਹੈ, ਜਿਸ ਵਿੱਚ ਭਾਈਚਾਰਕ ਪੱਧਰ ‘ਤੇ ਹਿੰਸਾ ਰੋਕਥਾਮ ਦੀਆਂ ਪਹਿਲਕਦਮੀਆਂ ਨੂੰ ਮਜ਼ਬੂਤ ਕਰਨ ਲਈ ਚਾਰ ਸਾਲਾਂ ਵਿੱਚ $64 ਮਿਲੀਅਨ ਅਤੇ ਧੋਖਾਧੜੀ, ਜਬਰੀ ਵਸੂਲੀ, ਮਨੀ ਲਾਂਡਰਿੰਗ, ਟੈਕਸ ਚੋਰੀ ਅਤੇ ਹੋਰ ਵਿੱਤੀ ਅਪਰਾਧਾਂ ਨਾਲ ਨਜਿੱਠਣ ਲਈ ਚਾਰ ਸਾਲਾਂ ਵਿੱਚ $182.4 ਮਿਲੀਅਨ ਦੇ ਫੰਡ ਸ਼ਾਮਲ ਹਨ। ਇਹ ਬਜਟ ਵਾਹਨ ਚੋਰੀ ਵਿਰੁੱਧ ਚੱਲ ਰਹੇ ਯਤਨਾਂ, ਇੱਕ ਨਵੀਂ ਵਿੱਤੀ ਅਪਰਾਧ ਏਜੰਸੀ ਦੀ ਸਥਾਪਨਾ ਕਰਨ, ਅਤੇ ਆਨਲਾਈਨ ਸੁਰੱਖਿਆ ਤੇ ਨਿੱਜਤਾ ਦੀ ਰਾਖੀ ਨੂੰ ਹੋਰ ਬਿਹਤਰ ਬਣਾਉਣ ਵਿੱਚ ਵੀ ਸਹਿਯੋਗ ਦਿੰਦਾ ਹੈ।
ਘਰਾਂ ਦੀ ਕਿਫ਼ਾਇਤ ਦੇ ਮੁੱਦੇ ਨਾਲ ਨਜਿੱਠਣ ਲਈ, ਸਰਕਾਰ ਅਗਲੇ ਦਹਾਕੇ ਵਿੱਚ ਗੈਰ-ਮਾਰਕੀਟ ਰਿਹਾਇਸ਼ੀ ਉਸਾਰੀ ਨੂੰ ਤਿੰਨ ਗੁਣਾ ਕਰਨ ਦੀ ਇੱਕ ਅਭਿਲਾਸ਼ੀ ਯੋਜਨਾ ਲਈ ਵਚਨਬੱਧ ਹੈ। ਇਹ ਯੋਜਨਾ ਰਿਹਾਇਸ਼ੀ ਵਿਕਾਸ ਵਿੱਚ ਨਿਵੇਸ਼ ਕਰਕੇ, ਫੈਡਰਲ ਜ਼ਮੀਨਾਂ ਦੀ ਵਰਤੋਂ ਦੇ ਰਸਤੇ ਖੋਲ੍ਹ ਕੇ ਅਤੇ ਕਿਫ਼ਾਇਤੀ ਘਰਾਂ ਦੀ ਸਪਲਾਈ ਵਧਾਉਣ ਲਈ ਸੂਬਿਆਂ, ਖੇਤਰਾਂ ਤੇ ਨਿੱਜੀ ਖੇਤਰ ਨਾਲ ਭਾਈਵਾਲੀ ਕਰਕੇ ਪੂਰੀ ਕੀਤੀ ਜਾਵੇਗੀ।
ਇਮੀਗ੍ਰੇਸ਼ਨ ਨੀਤੀ-
ਬਜਟ ਸਾਲਾਨਾ 370,000 ਅਸਥਾਈ ਨਿਵਾਸੀਆਂ ਦੇ ਆਗਮਨ ਅਤੇ 380,000 ਪੱਕੇ ਨਿਵਾਸੀਆਂ ਦੇ ਦਾਖਲੇ ਦੇ ਟੀਚਿਆਂ ਨੂੰ ਬਰਕਰਾਰ ਰੱਖ ਕੇ ਇੱਕ ਸੰਤੁਲਿਤ ਅਤੇ ਟਿਕਾਊ ਇਮੀਗ੍ਰੇਸ਼ਨ ਪ੍ਰਣਾਲੀ ਨੂੰ ਅੱਗੇ ਵਧਾਉਂਦਾ ਹੈ, ਜਦਕਿ ਕੈਨੇਡਾ ਵਿੱਚ ਪਹਿਲਾਂ ਤੋਂ ਮੌਜੂਦ 200,000 ਤੱਕ ਅਸਥਾਈ ਨਿਵਾਸੀਆਂ ਲਈ 2027 ਦੇ ਅੰਤ ਤੱਕ ਪੱਕੇ ਨਿਵਾਸੀ ਬਣਨ ਦੇ ਰਾਹ ਵੀ ਤਿਆਰ ਕਰਦਾ ਹੈ। ਵਾਧੂ ਨਿਵੇਸ਼ ਇਮੀਗ੍ਰੇਸ਼ਨ ਬੈਕਲਾਗ ਨੂੰ ਘਟਾਉਣ ਅਤੇ ਫਾਈਲਾਂ ਦੀ ਪ੍ਰੋਸੈਸਿੰਗ ਸਮਰੱਥਾ ਨੂੰ ਬਿਹਤਰ ਬਣਾਉਣ ਵਿੱਚ ਮਦਦ ਕਰਨਗੇ।
ਕਮਿਊਨਿਟੀ ਮੀਡੀਆ ਦੀ ਸਹਾਇਤਾ-
ਬਜਟ 2026 ਵਿੱਚ ਕਲਾ, ਸੱਭਿਆਚਾਰ ਅਤੇ ਸਥਾਨਕ ਮੀਡੀਆ ਵਿੱਚ ਇਤਿਹਾਸਕ ਨਿਵੇਸ਼ ਵੀ ਸ਼ਾਮਲ ਹਨ। ਇਹਨਾਂ ਕਦਮਾਂ ਵਿੱਚ ਕੈਨੇਡਾ ਸਟ੍ਰਾਂਗ ਪਾਸ ਨੂੰ ਪੱਕੇ ਤੌਰ ‘ਤੇ ਲਾਗੂ ਕਰਨਾ, ਕਲਾਤਮਕ ਕਮਾਈ ਵਿੱਚ $45,000 ਤੱਕ ਟੈਕਸ-ਮੁਕਤ ਕਰਨਾ, ਅਤੇ ਸਥਾਨਕ ਪੱਤਰਕਾਰੀ ਤੇ ਕਮਿਊਨਿਟੀ ਨਿਊਜ ਸੰਸਥਾਵਾਂ ਦੀ ਸਹਾਇਤਾ ਲਈ ਚਾਰ ਸਾਲਾਂ ਵਿੱਚ $134 ਮਿਲੀਅਨ (ਜਿਸ ਵਿੱਚ $41 ਮਿਲੀਅਨ ਲਗਾਤਾਰ/ਸਾਲਾਨਾ ਸ਼ਾਮਲ ਹਨ) ਦਾ ਨਿਵੇਸ਼ ਕਰਨਾ ਸ਼ਾਮਲ ਹੈ।
ਕੈਨੇਡਾ ਦੀ ਆਰਥਿਕਤਾ ਅਤੇ ਮੁਕਾਬਲੇਬਾਜ਼ੀ ਸਮਰੱਥਾ ਨੂੰ ਮਜ਼ਬੂਤ ਕਰਨ ਲਈ, ਬਜਟ ਵਪਾਰਕ ਨਿਵੇਸ਼ ਅਤੇ ਨਵੀਨਤਾ (ਇਨੋਵੇਸ਼ਨ) ਲਈ ਨਵੇਂ ਪ੍ਰੋਤਸਾਹਨ ਪੇਸ਼ ਕਰਦਾ ਹੈ, ਜਿਸ ਵਿੱਚ ਖੋਜ ਅਤੇ ਵਿਕਾਸ ਸਹਾਇਤਾ ਦਾ ਵਿਸਥਾਰ ਕਰਨ ਲਈ $930 ਮਿਲੀਅਨ ਅਤੇ ਵੱਡੇ ਪੱਧਰ ਦੇ ਰਣਨੀਤਕ ਖੋਜ ਤੇ ਵਪਾਰੀਕਰਨ ਪ੍ਰੋਜੈਕਟਾਂ ਲਈ $1 ਬਿਲੀਅਨ ਸ਼ਾਮਲ ਹਨ।
ਰੋਜ਼ਗਾਰ ਦੇ ਵਧੇਰੇ ਮੌਕੇ-
ਸਰਕਾਰ ਕਾਮਿਆਂ ਅਤੇ ਉਹਨਾਂ ਦੇ ਹੁਨਰ (ਸਕਿੱਲਜ਼) ਵਿੱਚ ਵੀ ਨਿਵੇਸ਼ ਕਰ ਰਹੀ ਹੈ, ਜਿਸ ਤਹਿਤ 100,000 ਤੱਕ ਰੈੱਡ ਸੀਲ  ਕਾਮਿਆਂ ਦੀ ਭਰਤੀ, ਸਿਖਲਾਈ ਅਤੇ ਰੁਜ਼ਗਾਰ ਦਾ ਸਮਰਥਨ ਕੀਤਾ ਜਾਵੇਗਾ, ਨੌਜਵਾਨਾਂ ਲਈ 175,000 ਰੁਜ਼ਗਾਰ ਅਤੇ ਹੁਨਰ ਵਿਕਾਸ ਦੇ ਮੌਕੇ ਪੈਦਾ ਕੀਤੇ ਜਾਣਗੇ, ਅਤੇ ਵਪਾਰਕ ਰੁਕਾਵਟਾਂ ਨਾਲ ਪ੍ਰਭਾਵਿਤ ਕਾਮਿਆਂ ਤੇ ਰੁਜ਼ਗਾਰਦਾਤਾਵਾਂ ਲਈ $3.5 ਬਿਲੀਅਨ ਦੀ ਤੁਰੰਤ ਸਹਾਇਤਾ ਪ੍ਰਦਾਨ ਕੀਤੀ ਜਾਵੇਗੀ। ਇਸ ਤੋਂ ਇਲਾਵਾ, $170 ਮਿਲੀਅਨ ਦਾ ਵਾਧੂ ਨਿਵੇਸ਼ ਟੈਰਿਫ਼ਾਂ ਕਾਰਨ ਪ੍ਰਭਾਵਿਤ ਹੋਏ ਕਾਮਿਆਂ ਨੂੰ ਸਿਖਲਾਈ ਅਤੇ ਮੁੜ-ਹੁਨਰ ਦੇ ਮੌਕੇ ਹਾਸਲ ਕਰਨ ਵਿੱਚ ਮਦਦ ਕਰੇਗਾ।
ਮਹਿੰਗਾਈ ਤੋਂ ਰਾਹਤ-
ਕੈਨੇਡੀਅਨਾਂ ਨੂੰ ਵਧ ਰਹੀ ਮਹਿੰਗਾਈ ਨਾਲ ਨਜਿੱਠਣ ਵਿੱਚ ਮਦਦ ਕਰਨ ਲਈ, ਬਜਟ 2026 ਕੈਨੇਡਾ ਗ੍ਰੋਸਰੀਜ਼ ਐਂਡ ਐਸੈਂਸ਼ੀਅਲਜ਼ ਬੈਨੀਫਿਟ ਸਪਲੀਮੈਂਟ ਵਿੱਚ ਇੱਕ ਵਾਰ ਲਈ 50% ਦਾ ਵਾਧਾ ਪੇਸ਼ ਕਰਦਾ ਹੈ, ਜਿਸ ਨਾਲ ਯੋਗ ਘੱਟ ਅਤੇ ਦਰਮਿਆਨੀ ਆਮਦਨ ਵਾਲੇ ਪਰਿਵਾਰਾਂ ਨੂੰ ਪ੍ਰਤੀ ਬਾਲਗ $223 ਤੱਕ ਅਤੇ ਪ੍ਰਤੀ ਬੱਚਾ $117 ਤੱਕ ਮਿਲਣਗੇ। ਇਹ ਬਜਟ ਬਿਲਡ ਕੈਨੇਡਾ ਵਰਕਰਜ਼ ਬੈਨੀਫਿਟ ਵੀ ਸ਼ੁਰੂ ਕਰਦਾ ਹੈ, ਕੈਨੇਡਾ ਕੇਅਰਗਿਵਰ ਕ੍ਰੈਡਿਟ ਨੂੰ ਪੂਰੀ ਤਰ੍ਹਾਂ ਰਿਫੰਡੇਬਲ ਬਣਾਉਂਦਾ ਹੈ, ਸਵੈ-ਚਾਲਿਤ (ਆਟੋਮੈਟਿਕ) ਟੈਕਸ ਫਾਈਲਿੰਗ ਦਾ ਵਿਸਥਾਰ ਕਰਦਾ ਹੈ ਅਤੇ ਫਿਊਲ ਟੈਕਸ ਰਾਹਤ ਨੂੰ ਜਨਵਰੀ 2027 ਤੱਕ ਵਧਾਉਂਦਾ ਹੈ।
ਕੁੱਲ ਮਿਲਾ ਕੇ, ਬਜਟ 2026 ਜਨਤਕ ਸੁਰੱਖਿਆ ਨੂੰ ਮਜ਼ਬੂਤ ਕਰਨ, ਕਿਫ਼ਾਇਤ ਵਿੱਚ ਸੁਧਾਰ ਲਿਆਉਣ, ਘਰਾਂ ਦੀ ਸਪਲਾਈ ਵਧਾਉਣ, ਕਾਮਿਆਂ ਅਤੇ ਪਰਿਵਾਰਾਂ ਦਾ ਸਮਰਥਨ ਕਰਨ, ਆਰਥਿਕ ਵਿਕਾਸ ਨੂੰ ਉਤਸ਼ਾਹਿਤ ਕਰਨ, ਅਤੇ ਇਹ ਯਕੀਨੀ ਬਣਾਉਣ ‘ਤੇ ਕੇਂਦਰਿਤ ਹੈ ਕਿ ਕੈਨੇਡਾ ਦੀ ਇਮੀਗ੍ਰੇਸ਼ਨ ਪ੍ਰਣਾਲੀ ਦੇਸ਼ ਦੀਆਂ ਲੰਮੇ ਸਮੇਂ ਦੀਆਂ ਲੋੜਾਂ ਦੇ ਅਨੁਕੂਲ ਰਹੇ।

Leave a Reply

Your email address will not be published. Required fields are marked *