ਧਾਲੀਵਾਲ ਵੱਲੋਂ ਵੋਟਰਾਂ, ਸਮਰਥਕਾਂ ਤੇ ਵਲੰਟੀਅਰਾਂ ਦਾ ਧੰਨਵਾਦ- ਐਮ ਪੀ ਸੁਖਮਨ ਗਿੱਲ, ਐਮ ਐਲ ਏ ਗੈਰੀ ਥਿੰਦ, ਐਮ ਐਲ ਏ ਜ਼ੀਸ਼ਾਨ ਵਾਹਲਾ,ਐਮ ਐਲ ਏ ਡਾ. ਹਰਜ ਧਾਲੀਵਾਲ ਨੇ ਭਰੀ ਹਾਜ਼ਰੀ-
ਸਰੀ, 8 ਨਵੰਬਰ 2026 (ਮਹੇਸ਼ਇੰਦਰ ਸਿੰਘ ਮਾਂਗਟ) — ਬ੍ਰਿਟਿਸ਼ ਕੋਲੰਬੀਆ ਦੀਆਂ ਸੂਬਾਈ ਚੋਣਾਂ ਵਿੱਚ ਸਰੀ ਨੌਰਥ ਦੇ ਵੋਟਰਾਂ ਵੱਲੋਂ ਮਿਲੇ ਸਮਰਥਨ ਲਈ ਮਨਦੀਪ ਸਿੰਘ ਧਾਲੀਵਾਲ ਨੇ ਐਤਵਾਰ ਨੂੰ ਗੁਰਦੁਆਰਾ ਸਾਹਿਬ ਦਸਮੇਸ਼ ਦਰਬਾਰ ਵਿਖੇ ਵਾਹਿਗੁਰੂ ਦਾ ਸ਼ੁਕਰਾਨਾ ਕੀਤਾ। ਉਨ੍ਹਾਂ ਵੱਲੋਂ ਕਰਵਾਏ ਗਏ ਇਸ ਸਮਾਗਮ ਦੌਰਾਨ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਪਾਏ ਗਏ।
ਸਰੀ ਦੇ 12885, 85 ਐਵੇਨਿਊ ਸਥਿਤ ਗੁਰਦੁਆਰਾ ਸਾਹਿਬ ਦੇ ਹਾਲ ਨੰਬਰ 2 ਵਿੱਚ ਸ੍ਰੀ ਅਖੰਡ ਪਾਠ ਸਾਹਿਬ ਦਾ ਆਰੰਭ ਸ਼ੁੱਕਰਵਾਰ, 6 ਨਵੰਬਰ ਨੂੰ ਹੋਇਆ ਸੀ। ਜਿਨਾਂ ਦੇ ਭੋਗ ਅੱਜ ਦਿਨ ਐਤਵਾਰ ਨੂੰ ਪਾਏ ਗਏ | ਇਸ ਸਮਾਗਮ ਮੌਕੇ ਐਮ ਪੀ ਸੁਖਮਨ ਗਿੱਲ, ਗੈਰੀ ਥਿੰਦ, ਜ਼ੀਸ਼ਾਨ ਵਾਹਲਾ ਅਤੇ ਡਾ. ਹਰਜ ਧਾਲੀਵਾਲ ਸਮੇਤ ਸਰੀ ਨੌਰਥ ਦੇ ਵੋਟਰਾਂ, ਸਮਰਥਕਾਂ, ਵਲੰਟੀਅਰਾਂ ਅਤੇ ਸੰਗਤ ਨੇ ਹਾਜ਼ਰੀ ਭਰੀ।
ਇਸ ਮੌਕੇ ਮਨਦੀਪ ਸਿੰਘ ਧਾਲੀਵਾਲ ਨੇ ਸਰੀ ਨੌਰਥ ਦੇ ਵੋਟਰਾਂ ਦਾ ਉਨ੍ਹਾਂ ’ਤੇ ਭਰੋਸਾ ਜਤਾਉਣ ਲਈ ਦਿਲੋਂ ਧੰਨਵਾਦ ਕੀਤਾ। ਉਨ੍ਹਾਂ ਨੇ ਚੋਣ ਮੁਹਿੰਮ ਦੌਰਾਨ ਦਿਨ-ਰਾਤ ਮਿਹਨਤ ਕਰਨ ਵਾਲੇ ਵਲੰਟੀਅਰਾਂ ਅਤੇ ਸਮਰਥਕਾਂ ਦਾ ਵਿਸ਼ੇਸ਼ ਤੌਰ ’ਤੇ ਧੰਨਵਾਦ ਕਰਦਿਆਂ ਕਿਹਾ ਕਿ ਇਸ ਚੋਣ ਕਾਮਯਾਬੀ ਵਿੱਚ ਉਨ੍ਹਾਂ ਦੀ ਮਿਹਨਤ ਅਤੇ ਸਹਿਯੋਗ ਦਾ ਵੱਡਾ ਯੋਗਦਾਨ ਹੈ।
ਧਾਲੀਵਾਲ ਨੇ ਸ਼ੁਕਰਾਨਾ ਸਮਾਗਮ ਵਿੱਚ ਹਾਜ਼ਰੀ ਭਰਨ ਵਾਲੀ ਸਮੂਹ ਸੰਗਤ ਦਾ ਧੰਨਵਾਦ ਕੀਤਾ ਅਤੇ ਸਰੀ ਨੌਰਥ ਦੇ ਵਸਨੀਕਾਂ ਨੂੰ ਬੰਦੀ ਛੋੜ ਦਿਵਸ ਅਤੇ ਦੀਵਾਲੀ ਦੀਆਂ ਵਧਾਈਆਂ ਦਿੱਤੀਆਂ।





