Nov 12, 2026

ਲੇਖਕ ਦਾ ਨਾਂ : ਡਾ.ਗੁਰਬਖ਼ਸ਼ ਸਿੰਘ ਭੰਡਾਲ
ਪ੍ਰਕਾਸ਼ਕ : ਗ੍ਰੇਸ਼ੀਅਸ ਬੁੱਕਸ, ਫੇਜ਼ 1, ਅਰਬਨ ਐਸਟੇਟ, ਪਟਿਆਲਾ
ਪੰਨੇ : 243,  ਮੁੱਲ : 350 ਰੁਪਏ

ਸਮੀਖਿਆ : ਡਾ.ਪ੍ਰਿਤਪਾਲ ਸਿੰਘ ਮਹਿਰੋਕ ( ਸੰਪਰਕ : 98885-10185 )-

ਡਾ.ਗੁਰਬਖ਼ਸ਼ ਸਿੰਘ ਭੰਡਾਲ ਬਹੁਤ ਪ੍ਰਸਿੱਧ ਤੇ ਬਹੁ ਭਾਂਤੀ ਲੇਖਕ ਹੈ।ਉਸਨੇ ਪੰਜਾਬੀ ਕਵਿਤਾ,ਵਾਰਤਕ ਤੇ ਸਮੀਖਿਆ ਦੇ ਖੇਤਰ ਵਿੱਚ ਗੁਣਾਤਮਿਕ ਤੇ ਗੁਣਾਤਮਿਕ ਪੱਖ ਤੋਂ ਨਿੱਠ ਕੇ ਕੰਮ ਕੀਤਾ ਹੈ ਤੇ ਕਰ ਰਿਹਾ ਹੈ।ਕੁਝ ਪੱਤਰ-ਪੱਤ੍ਰਕਾਵਾਂ ਵਾਸਤੇ ਨਿਯਮਤ ਰੂਪ ਵਿੱਚ ਹਫ਼ਤਾਵਾਰੀ ਕਾਲਮ ਲਿਖਣ ਦੇ ਸ਼ੌਕ ਨੇ ਉਸਦੇ ਲਿਖਣ ਕਾਰਜ ਦੇ ਸਿਲਸਿਲੇ ਨੂੰ ਹੋਰ ਵਿਸਥਾਰ ਪ੍ਰਦਾਨ ਕੀਤਾ ਹੈ।’ਜ਼ਿੰਦਗੀ ਜਸ਼ਨ ਹੈ’ ਉਸਦੀ 22ਵੀਂ ਪੁਸਤਕ ਹੈ,ਜਿਸ ਵਿੱਚ 33 ਨਿਬੰਧ ਸ਼ਾਮਲ ਹਨ।ਇਨ੍ਹਾਂ ਨਿਬੰਧਾਂ ਵਿੱਚੋਂ ਬਹੁਤੇ ਨਿਬੰਧ ਪੁਸਤਕ ਰੂਪ ਵਿੱਚ ਸ਼ਾਮਲ ਕੀਤੇ ਜਾਣ ਤੋਂ ਪਹਿਲਾਂ ਵਿਭਿੰਨ ਅਖਬਾਰਾਂ,ਮੈਗਜ਼ੀਨਾਂ ਵਿੱਚ ਸਥਾਨ ਹਾਸਲ ਕਰਨ ਉਪਰੰਤ ਪਾਠਕਾਂ ਵੱਲੋਂ ਭਰਪੂਰ ਹੁੰਗਾਰਾ ਪ੍ਰਾਪਤ ਕਰ ਚੁੱਕੇ ਹਨ।
ਵਿਸ਼ਵ ਦੇ ਪ੍ਰਸਿੱਧ ਧਰਮਾਂ,ਚਿੰਤਕਾਂ,ਵਿਦਵਾਨਾਂ, ਲੇਖਕਾਂ,ਸਮਾਜ ਸ਼ਾਸਤਰੀਆਂ,ਮਾਨਵ ਵਿਗਿਆਨੀਆਂ ਆਦਿ ਨੇ ਜ਼ਿੰਦਗੀ ਨੂੰ ਵੱਖ ਵੱਖ ਕੋਣਾਂ ਤੋਂ ਵੇਖਣ/ਸਮਝਣ ਉਪਰੰਤ ਅਤੇ ਜ਼ਿੰਦਗੀ ਦੇ ਮਨੋਰਥ ਨੂੰ ਸਮਝਾਉਣ ਹਿਤ ਇਸਨੂੰ ਆਪਣੇ ਆਪਣੇ ਨਜ਼ਰੀਏ ਤੋਂ ਪਰਿਭਾਸ਼ਿਤ ਕੀਤਾ ਹੈ।ਡਾ. ਗੁਰਬਖ਼ਸ਼ ਸਿੰਘ ਭੰਡਾਲ ਇਸ ਪੁਸਤਕ ਵਿੱਚ ਆਪਣੇ ਬਹੁਪੱਖੀ ਅਨੁਭਵ ਦੇ ਆਧਾਰ ‘ਤੇ ਜ਼ਿੰਦਗੀ ਦੀ ਨਿਰਖ-ਪਰਖ ਕਰਦਿਆਂ ਇਸਨੂੰ ਪਰਿਭਾਸ਼ਿਤ ਕਰਨ ਦਾ ਸੁਹਿਰਦ ਉਪਰਾਲਾ ਕਰਦਾ ਨਜ਼ਰ ਆਉਂਦਾ ਹੈ।ਜ਼ਿੰਦਗੀ ਨੂੰ ਉਹ ਸਾਲਾਂ ਮਹੀਨਿਆਂ ਵਿੱਚ ਨਹੀਂ ਆਂਕਦਾ।ਉਹ ਜ਼ਿੰਦਗੀ ਨੂੰ ਜੀਊਣ ਦੀ ਕੁਆਲਿਟੀ,ਜ਼ਿੰਦਗੀ ਵਿੱਚ ਕੰਮ ਕਰਨ ਦੇ ਪੱਧਰ ਅਤੇ ਜ਼ਿੰਦਗੀ ਦੀ ਗੁਣਵੱਤਾ ਦੇ ਆਧਾਰ ‘ਤੇ ਮਿਣਦਾ-ਤੋਲਦਾ ਤੇ ਪਰਿਭਾਸ਼ਿਤ ਕਰਦਾ ਹੈ।ਇਕ ਵਾਰ ਮਿਲਦੀ ਜ਼ਿੰਦਗੀ ਨੂੰ ਆਪਣੇ ਅਕੀਦਿਆਂ,ਮਰਜ਼ੀ ਤੇ ਆਪਣੇ ਤਕਾਜ਼ਿਆਂ ਅਨੁਸਾਰ ਜੀਊਣ ਵਾਲੇ ਲੋਕਾਂ ਨੂੰ ਲੇਖਕ ਖੂਬਸੂਰਤ ਤੇ ਬਿਹਤਰੀਨ ਮਨੁੱਖ ਤਸੱਵਰ ਕਰਦਾ ਹੈ।ਜ਼ਿੰਦਗੀ ਮਾਣਨ ਲਈ ਹੈ।ਕੁਝ ਯਾਦ ਕਰਨ ਯੋਗ ਕੰਮ ਕਰਕੇ ਅਤੇ ਯਾਦਾਂ ਛੱਡ ਕੇ ਜਾਣ ਨੂੰ ਹੀ ਲੇਖਕ ਜ਼ਿੰਦਗੀ ਦਾ ਮਕਸਦ ਸਮਝਦਾ ਹੈ।ਚੜ੍ਹਦੀ ਕਲਾ ਵਿੱਚ ਰਹਿਣ ਦਾ ਨਾਂ ਹੀ ਜ਼ਿੰਦਗੀ ਹੈ।ਆਪਣਾ ਘਰ ਮਨੁੱਖ ਲਈ ਬਿਹਤਰੀਨ ਸਥਾਨ ਹੁੰਦਾ ਹੈ।ਲੇਖਕ ਟਾਹਣੀਆਂ ‘ਤੇ ਲਗਰਾਂ ਫੁੱਟਣ ਨੂੰ,ਉੱਡਣ ਲਈ ਤਾਂਘਦੇ ਆਲ੍ਹਣੇ ਦੇ ਬੋਟਾਂ ਨੂੰ,ਕੁਦਰਤ ਦੀ ਗੋਦ ਵਿੱਚ ਖੇਡਣ ਨੂੰ,ਨਵੀਆਂ ਰਾਹਾਂ ਦੀ ਤਲਾਸ਼ ਕਰਨ ਨੂੰ,ਕਿਸੇ ਦੀ ਜ਼ਿੰਦਗੀ ਦੇ ਖਾਲੀਪਨ ਨੂੰ ਭਰਨ ਨੂੰ,ਕਿਸੇ ਦੀ ਇਕੱਲਤਾ ਦੂਰ ਕਰਨ ਨੂੰ ਜ਼ਿੰਦਗੀ ਦੇ ਮਨੋਰਥ ਵਿੱਚ ਸ਼ਾਮਲ ਕਰਦਾ ਹੈ।ਸਫਲਤਾ ਦੀ ਟੀਸੀ ‘ਤੇ ਪਹੁੰਚਣ,ਬਨੇਰਿਆਂ ‘ਤੇ ਚਿਰਾਗ਼ ਬਾਲਣ,ਬਚਪਨ ਨੂੰ ਯਾਦ ਕਰਨ,ਰਿਸ਼ਤਿਆਂ ਵਿੱਚ ਨਿੱਘ ਭਰਨ ਅਤੇ ਕਿਸੇ ਨੂੰ ਖੁਸ਼ੀ ਦੇ ਪਲ ਮੁਹੱਈਆ ਕਰਾਉਣ ਨੂੰ ਆਪਣੀ ਖੁਸ਼ਕਿਸਮਤੀ ਸਮਝਣਾ ਚਾਹੀਦਾ ਹੈ।ਲੇਖਕ ਆਪਣੇ ਪਿੰਡ,ਸਕੇ-ਸਨੇਹੀਆਂ,ਨਵੇਂ ਪੁਰਾਣੇ ਦੋਸਤਾਂ ਆਦਿ ਦੀ ਖ਼ੈਰ-ਸੁੱਖ ਮੰਗਦਾ ਹੈ।ਲੇਖਕ ਚਾਹੁੰਦਾ ਹੈ ਕਿ ਮਿੱਤਰਾਂ ਦੇ ਸੁੱਖ-ਸਾਂਦ ਦੇ ਖ਼ਤਾਂ ਦਾ ਆਦਾਨ ਪ੍ਰਦਾਨ ਬਾਦਸਤੂਰ ਹੁੰਦਾ ਰਹੇ !ਦੋਸਤਾਂ ਮਿੱਤਰਾਂ ਤੇ ਆਪਣਿਆਂ ਦੀ ਸੁੱਖ-ਸਾਂਦ ਪੁੱਛਣ ਤੇ ਉਨ੍ਹਾਂ ਦੀ ਖ਼ੈਰ-ਸੁੱਖ ਮੰਗਣ ਵਿੱਚ ਕਦੇ ਵੀ ਦੇਰੀ ਨਹੀਂ ਕਰਨੀ ਚਾਹੀਦੀ।
ਚਾਹ ਦਾ ਕੱਪ ਪੀਣ ਲਈ ਇਕੱਠਿਆਂ ਬੈਠਣ ਵੇਲੇ ਦੀਆਂ ਯਾਦਾਂ,ਪੁਰਾਣੀਆਂ ਸਾਂਝਾਂ,ਦੋਸਤਾਂ ਦੀਆਂ ਮਹਿਫ਼ਿਲਾਂ,ਸੁਹਾਵਣੇ ਤੇ ਹੁਸੀਨ ਪਲਾਂ ਨੂੰ ਲੇਖਕ ਬੜੇ ਮੋਹ ਤੇ ਸ਼ਿੱਦਤ ਨਾਲ ਯਾਦ ਕਰਦਾ ਹੈ।ਚਾਹ ਦਾ ਕੱਪ ਰੁੱੱਸਿਆਂ ਨੂੰ ਮਨਾਉਣ ਦਾ ਖੂਬਸੂਰਤ ਅਵਸਰ ਪ੍ਰਦਾਨ ਕਰਦਾ ਹੈ।ਚਾਹ ਦਾ ਕੱਪ ਪੀਂਦਿਆਂ ਚੁੰਝ ਚਰਚਾ ਕਰਨ ਤੇ ਚਸਕੇ ਲੈਣ ਨੂੰ ਸਭ ਦਾ ਦਿਲ ਕਰਦਾ ਹੈ।ਅਜਿਹੇ ਸਮੇਂ ਦੀ ਤਾਂਘ ਹਮੇਸ਼ਾ ਬਣੀ ਰਹਿੰਦੀ ਹੈ।ਰਾਹਾਂ ‘ਤੇ ਚੱਲਦਿਆਂ ਅਚਾਨਕ ਬਣ ਜਾਂਦੇ ਰਿਸ਼ਤਿਆਂ ਬਾਰੇ,ਉਨ੍ਹਾਂ ਵਿਚਲੇ ਨਿੱਘ ਤੇ ਹੰਢਣਸਾਰਤਾ ਬਾਰੇ ਲੇਖਕ ਬੜੀਆਂ ਭਾਵਪੂਰਤ ਗੱਲਾਂ ਕਹਿੰਦਾ ਹੈ। ਕਿਸੇ ਵੀ ਮਨੁੱਖ ਦੀ ਜ਼ਿੰਦਗੀ ਸੰਪੂਰਨ ਨਹੀਂ ਹੁੰਦੀ,ਕੋਈ ਵੀ ਪਰਫੈੱਕਟ ਨਹੀਂ ਹੁੰਦਾ।ਜ਼ਿੰਦਗੀ ਵਿੱਚ ਘਾਟਾਂ,ਊਣਤਾਈਆਂ,ਤਰੇੜਾਂ,ਵਿਰਲਾਂ,ਵਿੱਥਾਂ ਰਹਿ ਹੀ ਜਾਂਦੀਆਂ ਹਨ।ਮਨੁੱਖ ਦੇ ਆਪਣੇ ਦਾਇਰੇ ਦੇ ਲੋਕਾਂ ਨਾਲ ਸਬੰਧ ਵੀ ਹਮੇਸ਼ਾ ਇਕਸਾਰ ਨਹੀਂ ਰਹਿੰਦੇ।ਅਜਿਹੇ ਨੂੰ ਬਹੁਤੀ ਸੰਜੀਦਗੀ ਨਾਲ ਨਹੀਂ ਲੈਣਾ ਚਾਹੀਦਾ।ਮਿਲਦੇ-ਗਿਲਦੇ ਰਹਿਣ ਦਾ ਨਾਂ ਹੀ ਜ਼ਿੰਦਗੀ ਹੈ।ਅਜਿਹੇ ਅਭਿਆਸ ਨਾਲ ਮਨੁੱਖ ਸਾਕਾਰਾਤਮਿਕ ਊਰਜਾ ਗ੍ਰਹਿਣ ਕਰ ਸਕਦਾ ਹੈ।
ਮਨੁੱਖ ਨੂੰ ਆਪਣੀ ਔਕਾਤ,ਆਪਣੀ ਹੈਸੀਅਤ ਵਿੱੱਚ ਰਹਿਣਾ ਚਾਹੀਦਾ ਹੈ ਤੇ ਇਸ ਸਬੰਧ ਵਿੱਚ ਉਸਨੂੰ ਕਿਸੇ ਦੀ ਔਕਾਤ ਪੁੱਛ ਕੇ ਉਸਨੂੰ ਜ਼ਲੀਲ ਨਹੀਂ ਕਰਨਾ ਚਾਹੀਦਾ।ਮਨੁੱਖ ਨੂੰ ਆਪਣੇ ਅਹਿਸਾਸ ਜੀਊਂਦੇ ਰੱਖਣੇ ਚਾਹੀਦੇ ਹਨ ਤਾਂ ਹੀ ਉਹ ਜੀਊਂਦਾ ਰਹਿ ਸਕੇਗਾ।ਮਾਮੂਲੀ ਤੇ ਨਿੱਕੀ ਨਿੱਕੀ ਗੱਲ ਤੋਂ ਰੁੱਸ ਜਾਣ ਵਿੱਚ ਕੋਈ ਸਿਆਣਪ ਨਹੀਂ।’ਸਭ ਠੀਕ ਠਾਕ ਹੈ’ ਨਿਬੰਧ ਮਨੁੱਖ ਦੇ ਓਹਲੇ ਦੀ,ਉਸਦੀਆਂ ਕਮਜ਼ੋਰੀਆਂ ਦੀ ਗੱਲ ਕਰਦਾ ਹੈ।ਹਾਲ ਚਾਲ ਪੁੱਛਦਿਆਂ-ਦੱਸਦਿਆਂ ਜਦੋਂ ਕੋਈ ‘ਸਭ ਠੀਕ ਠਾਕ ਹੈ’ ਕਹਿੰਦਾ ਹੈ ਤਾਂ ਉਹ ਬਹੁਤ ਕੁਝ ਲੁਕੋ ਵੀ ਰਿਹਾ ਹੁੰਦਾ ਹੈ।ਹੁਣਵੀਂ ਜ਼ਿੰਦਗੀ ਦਾ ਇਹ ਦਸਤੂਰ ਬਣ ਗਿਆ ਹੈ।ਮਨੁੱਖ ਨੇ ਆਪਣੀ ਜ਼ਿੰਦਗੀ ਵਿੱਚ ਮਸਨੂਈਪਨ ਵਧਾ ਲਿਆ ਹੈ।ਬੰਦੇ ਵਿੱਚੋਂ ਬੰਦਾ ਗ਼ੈਰਹਾਜ਼ਰ ਹੁੰਦਾ ਜਾ ਰਿਹਾ ਹੈ।ਇਹ ਕੇਹੀ ਵਿਡੰਬਣਾ ਹੈ ਕਿ ਉਸ ਗੁੰਮ- ਗਵਾਚ ਗਏ ਬੰਦੇ ਨੂੰ ਲੱਭਣਾ ਬਹੁਤ ਕਠਿਨ ਹੈ।ਇਹ ਅਜੋਕੇ ਮਕਾਨਕੀ ਮਨੁੱਖ ਦੀ ਜ਼ਿੰਦਗੀ ਦਾ ਸੰਕਟ ਹੈ,ਜਿਸਨੂੰ ਡਾ.ਗੁਰਬਖ਼ਸ਼ ਸਿੰਘ ਭੰਡਾਲ ਬੜੀ ਸ਼ਿੱਦਤ ਨਾਲ ਮਹਿਸੂਸ ਕਰਦਾ ਹੈ ਤੇ ਬਿਆਨਦਾ ਹੈ।ਮਨੁੱਖ ਦੇ ਬੋਲਾਂ ਬਾਰੇ,ਹਰਫ਼ਾਂ ਬਾਰੇ ਲੇਖਕ ਜਦੋਂ ਬੜੀਆਂ ਸੂਖਮ ਗੱਲਾਂ ਕਰਦਾ ਹੈ ਤਾਂ ਉਸਦੀ ਵਰਤਾਰਿਆਂ ਨੂੰ ਬਾਰੀਕਬੀਨੀ ਨਾਲ ਸਮਝਣ ਵਾਲੀ ਨੀਝ ਬਾਰੇ ਤੇ ਲੋਕਾਂ ਦੇ ਚਲਨ ਨੂੰ ਵੇਖਣ/ਸਮਝਣ ਵਾਲੀ ਮਹੀਨ ਦ੍ਰਿਸ਼ਟੀ ਬਾਰੇ ਸਹਿਜੇ ਹੀ ਅਨੁਮਾਨ ਲਗਾਇਆ ਜਾ ਸਕਦਾ ਹੈ।
ਇਨ੍ਹਾਂ ਨਿਬੰਧਾਂ ਵਿੱਚ ਕਵਿਤਾ ਬਾਰੇ ਵਿਸਤ੍ਰਿਤ ਵਿਚਾਰ ਪ੍ਰਗਟਾਉਂਦਿਆਂ ਲੇਖਕ ਦਾ ਕਵੀ ਮਨ ਵੀ ਹਾਜ਼ਿਰ ਹੁੰਦਾ ਨਜ਼ਰ ਆਉਂਦਾ ਹੈ।ਉਸਦੀ ਵਾਰਤਕ ਵਿੱਚ ਕਵਿਤਾ ਵਰਗਾ ਵੇਗ ਹੈ,ਕਾਵਿ ਅੰਸ਼ਾਂ ਦਾ ਨਿਰੰਤਰ ਚੱਲਦਾ ਪ੍ਰਵਾਹ ਹੈ।ਜ਼ਿੰਦਗੀ ਬਾਰੇ,ਜ਼ਿੰਦਗੀ ਜੀਉਣ ਦੇ ਹੁਨਰ ਬਾਰੇ,ਜ਼ਿੰਦਗੀ ਜੀਉਣ ਦੇ ਜਜ਼ਬੇ ਬਾਰੇ,ਜ਼ਿੰਦਗੀ ਦੀ ਖੂਬਸੂਰਤੀ ਬਾਰੇ,ਜ਼ਿੰਦਗੀ ਨੂੰ ਜਸ਼ਨ ਸਮਝ ਕੇ ਇਸ ਜਸ਼ਨ ਨੂੰ ਜ਼ਿੰਦਾਦਿਲੀ ਨਾਲ ਮਨਾਉਣ ਦੀ ਰੀਝ(ਜਾਚ)ਬਾਰੇ ਲੇਖਕ ਬਹੁਤ ਅਰਥ ਭਰਪੂਰ ਗੱਲਾਂ ਕਰਦਾ ਹੈ।ਆਸ਼ਾਵਾਦੀ ਹੋਣ ਨਾਲ ਜ਼ਿੰਦਗੀ ਨੂੰ ਹੋਰ ਵਧੇਰੇ ਰਸਦਾਇਕ ਤੇ ਅਨੰਦ ਭਰਪੂਰ ਬਣਾਇਆ ਜਾ ਸਕਦਾ ਹੈ।ਜ਼ਿੰਦਗੀ ਪ੍ਰਤੀ ਧਾਰਨ ਕੀਤਾ ਨਜ਼ਰੀਆ ਹੀ ਮਨੁੱਖ ਦੀ ਜ਼ਿੰਦਗੀ ਨੂੰ ਜਸ਼ਨ ਬਣਾ ਸਕਦਾ ਹੈ।ਜਾਗ ਕੇ ਜੀਊਣ ਦਾ ਨਾਮ ਹੀ ਜ਼ਿੰਦਗੀ ਹੈ ! ਅਜਿਹੇ ਨਿਬੰਧਾਂ ਰਾਹੀਂ ਹੀ ਇਸ ਪੁਸਤਕ ਦੀ ਰਚਨਾ ਕਰਨ ਦਾ ਮਕਸਦ ਸਮਝਿਆ ਜਾ ਸਕਦਾ ਹੈ।’ਉਮਰਾਂ ਦੀ ਧੂੜ ਝਾੜੋ’ ਨਿਬੰਧ ਵਿੱਚ ਵੀ ਜ਼ਿੰਦਗੀ ਨੂੰ ਹੋਰ ਕੋਣਾਂ ਤੋਂ ਵੇਖਣ/ਸਮਝਣ ਦਾ ਯਤਨ ਕੀਤਾ ਗਿਆ ਹੈ।ਜ਼ਿੰਦਗੀ ਵਿੱਚ ਕੁਝ ਵੀ ਪਾਉਣਾ ਕਦੇ ਵੀ ਆਸਾਨ ਨਹੀਂ ਹੁੰਦਾ।ਕੋਈ ਵਿਸ਼ੇਸ਼ ਪ੍ਰਾਪਤੀ ਕਰਨੀ ਬਹੁਤ ਕਠਿਨ ਹੁੰਦੀ ਹੈ।ਕੋਈ ਵੀ ਪ੍ਰਾਪਤੀ ਕਰਨ ਲਈ ਰੁਕਾਵਟਾਂ ਦਾ,ਔਕੜਾਂ ਦਾ,ਦੁਸ਼ਵਾਰੀਆਂ ਦਾ,ਝੱਖੜਾਂ ਦਾ ਸਾਹਮਣਾ ਕਰਨਾ ਪੈਂਦਾ ਹੈ।ਲੇਖਕ ਜ਼ਿੰਦਗੀ ਨੂੰ ਸਰਲ ਸਪਸ਼ਟ ਰੱਖਣ,ਮਨ ਸਾਫ਼ ਰੱਖਣ ਅਤੇ ਜੀਵਨ ਨੂੰ ਨਿਖਾਰਨ ਦੀ ਲੋੜ ‘ਤੇ ਵੀ ਬਲ ਦਿੰਦਾ ਹੈ।ਲੇਖਕ ਕਾਮਯਾਬ ਤੇ ਬੋਝ ਰਹਿਤ ਜ਼ਿੰਦਗੀ ਜਿਉਣ ਦੇ ਗੁਰ ਦੱਸਦਾ ਹੈ ਤੇ ਜ਼ਿੰਦਗੀ ਦੇ ਗੁੰਝਲਦਾਰ ਅਰਥਾਂ ਤੱਕ ਰਸਾਈ ਕਰਨ ਦਾ ਯਤਨ ਕਰਦਾ ਹੈ।ਲੇਖਕ ਕੋਲ ਵਿਚਾਰਾਂ ਦਾ ਭੰਡਾਰ ਏਨਾਂ ਤੀਬਰ ਤੇ ਤੀਖਣ ਹੈ ਕਿ ਇਕ ਵਿਸ਼ੇ ਉਪਰ ਲਿਖਦਿਆਂ ਵਿਚਾਰਾਂ ਨੂੰ ਜਦੋਂ ਉਹ ਇਕ ਨਿਬੰਧ ਵਿੱਚ ਨਹੀਂ ਸਮੇਟ ਸਕਦਾ ਤਾਂ ਇਕ ਤੋਂ ਵੱਧ ਨਿਬੰਧਾਂ ਤੱਕ ਉਨ੍ਹਾਂ ਦਾ ਵਿਸਥਾਰ ਕਰਦਾ ਹੈ। ਉਦਾਹਰਣ ਵਜੋਂ ਜ਼ਿੰਦਗੀ ਤੇ ਕਵਿਤਾ ਬਾਰੇ ਲਿਖਣ ਦਾ ਸਿਲਸਿਲਾ ਕਈ ਨਿਬੰਧਾਂ ਵਿੱਚ ਚੱਲਦਾ ਰਹਿੰਦਾ ਹੈ।ਸਬੰਧਤ ਵਿਸ਼ੇ ਉਪਰ ਲਿਖੇ ਉਹ ਨਿਬੰਧ ਇਕ ਦੂਜੇ ਦੇ ਪੂਰਕ ਬਣਦੇ ਹਨ।ਕਿਤਾਬ ਬਾਰੇ,ਕਿਤਾਬ ਦੀ ਰਚਨਾ ਕਰਨ ਬਾਰੇ,ਕਿਤਾਬ ਦੇ ਲੇਖਕ ਬਾਰੇ,ਕਿਤਾਬ ਦੇ ਮਹੱਤਵ ਬਾਰੇ,ਕਿਤਾਬ ਦੀ ਦੁਨੀਆ ਬਾਰੇ ਲੇਖਕ ਬਹੁਤ ਕੁਝ ਕਹਿ ਜਾਂਦਾ ਹੈ।’ਮੈਂ ਕਿਉਂ ਪੜ੍ਹਦਾ ਹਾਂ?’,’ਤਾਲੀਮ ਅਤੇ ਤਰਬੀਅਤ’,’ਜ਼ਿੰਦਗੀ ਦੀ ਕਿਤਾਬ’ ਆਦਿ ਨਿਬੰਧ ਲੇਖਕ ਦੀ ਪੜ੍ਹਨ ਲਿਖਣ ਵਿੱਚ ਮਸਰੂਫ਼ੀਅਤ ਵਾਲੀ ਜ਼ਿੰਦਗੀ ਦੇ ਪ੍ਰਭਾਵ ਅਧੀਨ ਹੀ ਉਪਜਦੇ ਹਨ।ਡਾ.ਭੰਡਾਲ ਬੌਧਿਕ ਪੱਧਰ ‘ਤੇ ਲਿਖਦਾ ਹੈ ਅਤੇ ਉਸਦੇ ਨਿਬੰਧ ਪਾਠਕ ਨੂੰ ਸੁਹਜ ਸੁਆਦ ਪ੍ਰਦਾਨ ਕਰਦੇ ਹਨ।
ਪਿਆਰ ਦੇ ਫਲਸਫੇ ਨੂੰ,ਜ਼ਿੰਦਗੀ ਦੇ ਫਲਸਫੇ ਨੂੰ ਲੇਖਕ ਬੜੀਆਂ ਰੀਝਾਂ ਨਾਲ ਪੇਸ਼ ਕਰਦਾ ਹੈ।ਗਿਆਨ ਤੇ ਜਾਣਕਾਰੀ ਨਾਲ ਭਰਪੂਰ ਨਿਬੰਧਾਂ ਦੀ ਰਚਨਾਕਾਰੀ ਕਰਦਿਆਂ ਉਹ ਗਿਆਨ ਨੂੰ ਨਿਬੰਧ ਉਪਰ ਬੋਝਲ ਨਹੀਂ ਹੋਣ ਦਿੰਦਾ,ਸਗੋਂ ਸਹਿਜਤਾ ਤੇ ਰੌਚਿਕਤਾ ਬਣਾਈ ਰੱਖਦਾ ਹੈ।
ਡਾ.ਭੰਡਾਲ ਨਿਬੰਧਾਂ ਵਿੱਚ ਪੇਸ਼ ਕੀਤੇ ਜਾਣ ਵਾਲੇ ਵਿਚਾਰਾਂ ਨੂੰ ਨੀਝ ਤੇ ਜੁਗਤ ਨਾਲ ਗੁੰਦਦਾ ਤੇ ਉਸਾਰਦਾ ਹੈ।ਇਹ ਉਸਦੀ ਵਾਰਤਕ ਕਲਾ ਦਾ ਕਮਾਲ ਬਣ ਜਾਂਦਾ ਹੈ ਕਿ ਉਸਦੇ ਵਿਚਾਰਾਂ ਵਿੱਚ ਰਚਨਾਤਮਿਕ ਸੰਗਠਨ ਬਣਿਆ ਰਹਿੰਦਾ ਹੈ।ਆਪਣੇ ਵਿਚਾਰਾਂ ਦੀ ਪੁਸ਼ਟੀ ਲਈ ਤੇ ਉਨ੍ਹਾਂ ਨੂੰ ਬਲ ਪ੍ਰਦਾਨ ਕਰਨ ਲਈ ਕਈ ਨਿਬੰਧਾਂ ਵਿੱਚ ਉਹ ਬਹੁਤ ਢੁੱਕਵੀਆਂ ਕਵਿਤਾਵਾਂ ਜੜਦਾ ਹੈ,ਜਿਨ੍ਹਾਂ ਨਾਲ ਨਿਬੰਧਾਂ ਦੀ ਰੌਚਿਕਤਾ ਵਿੱਚ ਵਾਧਾ ਵੀ ਹੁੰਦਾ ਹੈ ਤੇ ਉਨ੍ਹਾਂ ਦਾ ਸਾਹਿਤਕ ਮੁੱਲ ਵੀ ਵਧਦਾ ਹੈ। ਡਾ.ਭੰਡਾਲ ਵਿਚਾਰਾਂ,ਦਲੀਲਾਂ,ਤੱਥਾਂ,ਗਿਆਨ ਅਤੇ ਵਿਗਿਆਨ ਦੇ ਆਧਾਰ ‘ਤੇ ਆਪਣੇ ਨਿਬੰਧਾਂ ਦੇ ਵਿਸ਼ੇ ਦੀ ਉਸਾਰੀ ਕਰਦਾ ਹੈ।ਵਿਸ਼ੇ ਅਨੁਸਾਰ ਢੁੱਕਵੇਂ,ਪ੍ਰਭਾਵਸ਼ਾਲੀ ਅਤੇ ਅਰਥ ਭਰਪੂਰ ਸ਼ਬਦਾਂ ਦਾ ਪ੍ਰਯੋਗ ਕਰਦਾ ਹੈ।ਨਿਬੰਧਾਂ ਵਿੱਚ ਪੇਸ਼ ਵਿਚਾਰਾਂ ਦੀ ਵਿਉਂਤਬੱਧ ਉਸਾਰੀ ਕਰਨ ਵਿੱਚ ਉਹ ਵਿਸ਼ੇਸ਼ ਮੁਹਾਰਤ ਰੱਖਦਾ ਹੈ।ਉਹ ਵਿਚਾਰਾਂ ਨੂੰ ਕਲਾਤਮਿਕ ਰੂਪ ਰਾਹੀਂ ਪ੍ਰਸਤੁਤ ਕਰਨ ਵਿੱਚ ਮਾਹਿਰ ਹੈ।ਕਿਸੇ ਗੰਭੀਰ ਵਿਸ਼ੇ ‘ਤੇ ਸੰਵਾਦ ਰਚਾਉਣ ਮੌਕੇ ਲੇਖਕ ਲੋੜ ਅਨੁਸਾਰ ਭਾਵੁਕਤਾ ਪੈਦਾ ਕਰ ਲੈਂਦਾ ਹੈ।ਅਜਿਹੇ ਮੌਕਿਆਂ ‘ਤੇ ਵੀ ਲੇਖਕ ਉਤਸੁਕਤਾ ਬਣਾਈ ਰੱਖਦਾ ਹੈ।
ਲੋੜ ਅਨੁਸਾਰ ਲੇਖਕ ਸ਼ਬਦ ਚਿੱਤਰਾਂ ਦੀ ਖੂਬਸੂਰਤ ਉਸਾਰੀ ਕਰ ਲੈਂਦਾ ਹੈ।ਵਿਚਾਰਾਂ ਦੀ ਪੇਸ਼ਕਾਰੀ ਵਿੱਚ ਗਲਪ ਤੱਤ ਪੈਦਾ ਕਰ ਲੈਂਦਾ ਹੈ।ਇੰਜ ਕਿਧਰੇ ਕਿਧਰੇ ਨਿਬੰਧ ਵਿੱਚ ਬਿਰਤਾਂਤਕਤਾ ਦੇ ਅੰਸ਼ਾਂ ਦਾ ਸਮਾਵੇਸ਼ ਹੋ ਜਾਂਦਾ ਹੈ,ਜੋ ਬਿਲਕੁਲ ਸੁਭਾਵਿਕ ਹੈ।ਲੇਖਕ ਸਹਿਜ,ਸਰਲ,ਪ੍ਰਭਾਵਸ਼ਾਲੀ,ਠੁੱਕਦਾਰ ਤੇ ਮੁਹਾਵਰੇਦਾਰ ਪੰਜਾਬੀ ਰਾਹੀਂ ਆਪਣੇ ਵਿਚਾਰ ਪ੍ਰਸਤੁਤ ਕਰਦਾ ਹੈ।
ਡਾ.ਗੁਰਬਖ਼ਸ਼ ਸਿੰਘ ਭੰਡਾਲ ਦੀ ਵਾਰਤਕ ਸ਼ੈਲੀ ਉਪਰ ਉਸਦੇ ਵਿਅਕਤਿਤਵ ਦਾ ਅਤੇ ਉਸਦੀ ਕਾਵਿ ਭਾਸ਼ਾ ਦਾ ਬਹੁਤ ਡੂੰਘਾ ਪ੍ਰਭਾਵ ਹੈ।ਉਸਦੀ ਹਰੇਕ ਰਚਨਾ ਵਿੱਚੋਂ ਉਸਦੇ ਵਿਅਕਤਿਤਵ ਦੀ ਲੱਗੀ ਛਾਪ ਪ੍ਰਤੱਖ ਵੇਖੀ ਜਾ ਸਕਦੀ ਹੈ।ਉਸਦੀ ਸ਼ੈਲੀ ਹੀ ਉਸਦੀਆਂ ਰਚਨਾਵਾਂ ਦੀ ਪਛਾਣ ਹੈ।ਉਸਦੀ ਵਾਰਤਕ ਕਾਵਿ ਅੰਸ਼ਾਂ ਨਾਲ ਭਰਪੂਰ ਹੈ।ਜਦੋਂ ਉਸਦੀ ਵਾਰਤਕ ਉਪਰ ਕਾਵਿ ਰੰਗ ਦੀ ਪੁੱਠ ਚੜ੍ਹਦੀ ਹੈ ਤਾਂ ਇਹ ਉਸਦੀ ਵਾਰਤਕ ਦਾ ਵਿਲੱਖਣ ਲੱਛਣ ਬਣ ਜਾਂਦਾ ਹੈ। ਉਸਦੇ ਨਿਬੰਧ ਪੜ੍ਹਦਿਆਂ ਕਈ ਵਾਰ ਕਵਿਤਾ ਪੜ੍ਹਨ ਵਰਗੇ ਸੁਹਜ ਦਾ ਅਹਿਸਾਸ ਹੋਣ ਲੱਗਦਾ ਹੈ।ਉਹ ਸਰਲ ਭਾਸ਼ਾ ਦਾ ਪ੍ਰਯੋਗ ਕਰਦਾ ਹੈ।ਜੀਵਨ ਕੀਮਤਾਂ ਦੇ ਬੜੀ ਗਤੀਸ਼ੀਲਤਾ ਨਾਲ ਹੋ ਰਹੇ ਰੂਪਾਂਤਰਣ ਉਪਰ ਲੇਖਕ ਚਿੰਤਾ ਪ੍ਰਗਟ ਕਰਦਾ ਹੈ।ਡਾ.ਭੰਡਾਲ ਨੂੰ ਸਮਕਾਲ ਦੀਆਂ ਵਿਸ਼ਵ ਸਥਿਤੀਆਂ ਦਾ ਬੋਧ ਹੈ।ਆਪਣੀ ਰਚਨਾਕਾਰੀ ਵਿੱਚ ਉਹ ਜਿਨ੍ਹਾਂ ਮਾਨਵੀ ਸਰੋਕਾਰਾਂ ਅੱਕਾਸੀ ਕਰਦਾ ਹੈ,ਨਿਸਚੇ ਹੀ ਉਹ ਗੰਭੀਰ ਚਿੰਤਨ ਤੇ ਧਿਆਨ ਦੀ ਮੰਗ ਕਰਦੇ ਹਨ। ਡਾ.ਭੰਡਾਲ ਸਾਧਾਰਨ ਮਸਲਿਆਂ ਦੀ ਵੀ ਦੀਰਘ ਦ੍ਰਿਸ਼ਟੀ ਤੋਂ ਘੋਖ ਕਰਨ ਵਾਲੀ ਅੱਖ ਰੱਖਦਾ ਹੈ।ਉਸਦੀ ਕਹੀ ਸਰਲ ਤੇ ਸੰਜਮੀ ਗੱਲ ਪਾਠਕ ਨੂੰ ਆਸਾਨੀ ਨਾਲ ਸਮਝ ਆ ਜਾਂਦੀ ਹੈ ਤੇ ਪਾਠਕ ਦੇ ਮਨ ‘ਤੇ ਗਹਿਰਾ ਪ੍ਰਭਾਵ ਪਾਉਣ ਵਿੱਚ ਸਫਲ ਹੁੰਦੀ ਹੈ।ਪੁਸਤਕ ਵਿਚਲੀ ਰਚਨਾਕਾਰੀ ਡਾ.ਗੁਰਬਖ਼ਸ਼ ਸਿੰਘ ਭੰਡਾਲ ਦੀ ਨਿਬੰਧਕਾਰੀ ਦਾ ਪ੍ਰਤੀਨਿਧ ਤੇ ਸ੍ਰੇਸ਼ਟ ਨਮੂਨਾ ਕਹੀ ਜਾ ਸਕਦੀ ਹੈ। ਮੈਂ ਇਸ ਪੁਸਤਕ ਦਾ ਭਰਪੂਰ ਸਵਾਗਤ ਕਰਦਾ ਹਾਂ ਅਤੇ ਖੁਸ਼ੀ ਦੇ ਇਸ ਮੌਕੇ ‘ਤੇ ਇਨ੍ਹਾਂ ਯਾਦਗਾਰੀ ਪਲਾਂ ਨੂੰ ਆਪਣੀ ਇਕ ਪ੍ਰਾਪਤੀ ਸਮਝਣ ਦਾ ਮਾਣ ਹਾਸਲ ਕਰ ਰਿਹਾ ਹਾਂ।

Leave a Reply

Your email address will not be published. Required fields are marked *