Nov 12, 2026
ਕਲੋਵਰਡੇਲ ‘ਚ ਸ਼ਹੀਦੀ ਯਾਦਗਾਰੀ ਸਮਾਰਕ ਤੇ ਵੱਖ-ਵੱਖ ਵਿਭਾਗਾਂ ਦੀਆਂ ਟੁਕੜੀਆਂ ਵਲੋਂ ਸੰਗੀਤਕ ਧੁਨਾਂ ਨਾਲ ਸ਼ਰਧਾਂਜਲੀਆਂ ਭੇਂਟ-
ਸਾਬਕਾ ਸਿੱਖ ਸੈਨਿਕਾਂ ਦੀ ਵੀ ਰਹੀ ਜਿਕਰਯੋਗ ਸ਼ਮੂਲੀਅਤ-
ਗੁਰਪ੍ਰੀਤ ਸਿੰਘ ਤਲਵੰਡੀ-
ਸਰੀ-ਕੈਨੇਡਾ ਦੀ ਪ੍ਰਭੂਸੱਤਾ ਕਾਇਮ ਰੱਖਣ ਲਈ ਸਮੇਂ-ਸਮੇਂ ਤੇ ਜੰਗਾਂ/ਯੁੱਧਾਂ ਵਿੱਚ ਸ਼ਹਾਦਤ ਦਾ ਜਾਮ ਪੀਣ ਵਾਲੇ ਕੈਨੇਡੀਅਨ ਯੋਧਿਆਂ ਨੂੰ ਯਾਦ ਕਰਨ ਲਈ ਰੀਮੈਂਬਰੈਂਸ ਦਿਵਸ ਮੌਕੇ ਕਲੋਵਰਡੇਲ ਸਥਿੱਤ ਸ਼ਹੀਦੀ ਯਾਦਗਾਰੀ ਸਮਾਗਮ ਵਿਖੇ ਵਿਸ਼ਾਲ ਪਰੇਡ ਦਾ ਆਯੋਜਨ ਕੀਤਾ ਗਿਆ। ਇਸ ਦੌਰਾਨ ਵੱਖ ਵੱਖ ਵਿਭਾਗਾਂ ਦੀਆਂ ਵਿਸ਼ੇਸ਼ ਟੁਕੜੀਆਂ ਵਲੋਂ ਬੈਂਡ ਦੀਆਂ ਸੰਗੀਤਕ ਧੁਨਾਂ ਨਾਲ਼ ਸ਼ਹੀਦਾਂ ਨੂੰ ਸ਼ਰਧਾਂਜਲੀਆਂ ਭੇਂਟ ਕੀਤੀਆਂ ਗਈਆਂ। ਕਲੋਵਰਡੇਲ ਦੀ 177 ਏ/177 ਬੀ ਸਟਰੀਟ ਅਤੇ 57 ਐਵੀਨਿਊ ਤੋਂ ਸ਼ਹੀਦੀ ਯਾਦਗਾਰੀ ਸਮਾਰਕ ਤੱਕ ਕੀਤੀ ਗਈ ਵਿਸ਼ੇਸ਼ ਪਰੇਡ ਦੌਰਾਨ ਸਰੀ ਪੁਲਿਸ, ਐਂਬੂਲੈਂਸ ਸਰਵਿਸ, ਫਾਇਰ ਸਰਵਿਸ, 278 ਰੋਆਇਲ ਕੈਨੇਡੀਅਨ ਏਅਰ ਕੈਡਿਟਸ, ਰੋਆਇਲ ਕੈਨੇਡੀਅਨ ਆਰਮੀ ਕੈਡਿਟਸ ਸਮੇਤ ਹੋਰ ਵੀ ਵਿਸ਼ੇਸ਼ ਟੀਮਾਂ ਵਲੋਂ ਫੌਜੀ ਬੈਂਡ ਦੀਆਂ ਸੰਗੀਤਕ ਧੁਨਾਂ ਉੱਪਰ ਮਾਰਚ ਪਾਸਟ ਕਰਦੇ ਹੋਏ ਯਾਦਗਾਰੀ ਸਮਾਰਕ ਵਿਖੇ ਪਹੁੰਚਕੇ ਸ਼ਰਧਾਂਜਲੀ ਸਮਾਗਮ ਵਿੱਚ ਸ਼ਮੂਲੀਅਤ ਕੀਤੀ। ਇਸ ਪਰੇਡ ਦੀ ਅਗਵਾਈ ਇੱਕ ਕੈਨੇਡੀਅਨ ਜਵਾਨ ਵਲੋਂ ਪੁਰਾਤਨ ਦਿੱਖ ਵਾਲੀ ਫੌਜੀ ਵਰਦੀ ਵਿੱਚ ਕੀਤੀ ਜਾ ਰਹੀ ਸੀ। ਉਸਤੋਂ ਪਿੱਛੇ ਕੈਨੇਡੀਅਨ ਫੌਜੀ ਜਵਾਨ ਦੇਸ਼ ਦੇ ਕੌਮੀ ਝੰਡਿਆਂ ਸਮੇਤ ਬ੍ਰਿਿਟਸ਼ ਕੋਲੰਬੀਆ ਦੇ ਝੰਡੇ ਫੜ ਕੇ ਅੱਗੇ ਵਧ ਰਹੇ ਸਨ। ਇਹਨਾਂ ਤੋਂ ਬਿਲਕੁਲ ਪਿੱਛੇ ਇੱਕੋ ਵਰਦੀਆਂ ਵਿੱਚ ਸਜੇ ਸਾਬਕਾ ਸਿੱਖ ਫੌੋਜੀ ਜਾ ਰਹੇ ਸਨ। ਇਹਨਾਂ ਤੋਂ ਪਿੱਛੇ ਵੱਖ-ਵੱਖ ਟੁਕੜੀਆਂ ਮਾਰਚ ਪਾਸਟ ਕਰਦੀਆਂ ਯਾਦਗਾਰੀ ਸਥਾਨ ਵੱਲ ਵਧ ਰਹੀਆਂ ਸਨ। ਸੰਗੀਤ ਦੀਆਂ ਮਧੁਰ ਧੁਨਾਂ ਵਾਤਾਵਰਣ ਵਿੱਚ ਵੱਖਰਾ ਹੀ ਰਸ ਘੋਲ ਰਹੀਆਂ ਸਨ। ਜਦ ਇਹ ਪਰੇਡ ਸ਼ਹੀਦੀ ਯਾਦਗਾਰੀ ਸਮਾਰਕ ਤੇ ਪੁੱਜੀ ਤਾਂ ਆਮ ਲੋਕਾਂ ਨਾਲ ਖਚਾ-ਖਚ ਭਰੇ ਸਮਾਰਕ ਵਿਚਲਾ ਮਾਹੌਲ ਦੇਖਣਯੋਗ ਸੀ। ਸਮਾਰਕ ਉੱਪਰ ਕੈਨੇਡੀਅਨ ਆਰਮੀ ਦਾ ਹੈਲੀਕਾਪਟਰ ਚੱਕਰ ਲਗਾ ਕੇ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਂਟ ਕਰ ਰਿਹਾ ਸੀ। ਇਸ ਤੋਂ ਬਿਨਾਂ ਛੋਟੇ ਜਹਾਜਾਂ ਵਲੋਂ ਵੀ ਸਮਾਰਕ ਉੱਪਰ ਚੱਕਰ ਲਗਾ ਕੇ ਸ਼ਹੀਦਾਂ ਨੂੰ ਸ਼ਰਧਾ ਦੇ ਭੁੱਲ ਅਰਪਿਤ ਕੀਤੇ। ਸ਼ਰਧਾਂਜਲੀ ਸਮਾਗਮ ਦੀ ਆਰੰਭਤਾ ਸੰਗੀਤ ਦੀਆਂ ਧੁਨਾਂ ਦੁਆਰਾ ਕੈਨੇਡਾ ਦਾ ਕੌਮੀ ਤਰਾਨਾਂ ‘ਓ ਕੈਨੇਡਾ’ ਗਾ ਕੇ ਕੀਤੀ। ਇਸ ਤੋਂ ਬਾਅਦ ਹਥਿਆਰ ਉਲਟੇ ਕਰਕੇ ਅਤੇ ਸੋਗਮਈ ਸੰਗੀਤਕ ਧੁਨਾਂ ਦੁਆਰਾ ਸ਼ਹੀਦਾਂ ਨੂੰ ਸ਼ਰਧਾਂਜਲੀਆਂ ਭੇਂਟ ਕਰਨ ਤੋਂ ਬਾਅਦ ਸਟੇਜ ਤੋਂ ਕੈਨੇਡਾ ਦੇ ਇਤਿਹਾਸ ਅਤੇ ਸੈਨਿਕਾਂ ਵਲੋਂ ਏੱਥੋਂ ਦੀ ਪ੍ਰਭੂਸੱਤਾ ਨੂੰ ਕਾਇਮ ਰੱਖਣ ਲਈ ਸ਼ਹਾਦਤਾਂ ਦਾ ਜਾਮ ਪੀਣ ਦੇ ਸਮੁੱਚੇ ਇਤਿਹਾਸ ਬਾਰੇ ਵਿਸਥਾਰ ਵਿੱਚ ਦੱਸਿਆ ਗਿਆ। ਵੱਖ-ਵੱਖ ਵਿਭਾਗਾਂ ਦੀਆਂ ਟੁਕੜੀਆਂ ਵਲੋਂ ਸਮਾਰਕ ਤੇ ਫੁੱਲ ਮਾਲਾਵਾਂ ਭੇਂਟ ਕਰਕੇ ਸ਼ਹੀਦਾਂ ਨੂੰ ਸ਼ਰਧਾਂ ਦੇ ਫੁੱਲ ਭੇਂਟ ਕੀਤੇ ਗਏ। ਪਰ ਜਿਕਰਯੋਗ ਹੈ ਕਿ ਇਸ ਸਮੁੱਚੇ ਸ਼ਰਧਾਂਜਲੀ ਸਮਾਰੋਹ ਦੌਰਾਨ ਸਿੱਖ ਫੌਜੀਆਂ ਨੂੰ ਵਿਸ਼ੇਸ਼ ਤਵੱਜੋਂ ਦਿੱਤੀ ਗਈ। ਸਟੇਜ ਤੋਂ ਬਕਾਇਦਾ ਨਾਮ ਬੋਲ ਕੇ ਭਾਰਤੀ ਮੂਲ਼ ਦੇ ਸਿੱਖ ਫੌਜੀਆਂ ਨੂੰ ਫੁੱਲ ਮਾਲਾਵਾਂ ਭੇਂਟ ਕਰਨ ਲਈ ਬੁਲਾਉਣਾਂ ਵੀ ਮਾਣ ਵਾਲੀ ਗੱਲ ਹੈ। ਇਸ ਸਮੁੱਚੇ ਸਮਾਗਮ ਦੇ ਪ੍ਰਬੰਧਾਂ ਨੂੰ ਲੈ ਕੇ ਸਰੀ ਪੁਲਿਸ ਵਲੋਂ ਇਲਾਕੇ ਦੀਆਂ ਚੋਣਵੀਆਂ ਸੜਕਾਂ ਨੂੰ ਵਹੀਕਲਾਂ ਲਈ ਪੁੂਰੀ ਤਰ੍ਹਾਂ ਬੰਦ ਕਰ ਦਿੱਤਾ ਗਿਆ ਸੀ ਅਤੇ ਚੱਪੇ ਚੱਪੇ ਤੇ ਪੁਲਿਸ ਅਧਿਕਾਰੀ ਤਾਇਨਾਤ ਸਨ। ਇਸ ਤੋਂ ਬਿਨ੍ਹਾਂ ਡਰੋਨਾਂ ਦੀ ਮੱਦਦ ਨਾਲ ਸੁਰੱਖਿਆ ਪ੍ਰਬੰਧਾਂ ਤੇ ਵੀ ਨਜਰ ਰੱਖੀ ਜਾ ਰਹੀ ਸੀ।

Leave a Reply

Your email address will not be published. Required fields are marked *