Nov 15, 2026

ਲੇਖਕ: ਐਂਡਰਿਊ ਲੌਂਗਹਰਸਟ

ਅਨੁਵਾਦ: ਸੁਖਵੰਤ ਹੁੰਦਲ

(ਇਹ ਆਰਟੀਕਲ ਕੈਨੇਡੀਅਨ ਸੈਂਟਰ ਫਾਰ ਪੌਲਸੀ ਅਲਟਰਨੇਟਿਵ ਦੇ ਸਾਈਟ `ਤੇ 5 ਨਵੰਬਰ 2026 ਨੂੰ ਛਪਿਆ ਸੀ।)

ਪਿਛਲੇ ਸਾਲ, ਅਲਬਰਟਾ ਸਰਕਾਰ ਨੇ ਬਿੱਲ 11 (ਹੈਲਥ ਸਟੈਚੂਟਜ਼ ਅਮੈਂਡਮੈਂਟ ਐਕਟ) ਪੇਸ਼ ਕੀਤਾ, ਜਿਸ ਨੇ ਕੈਨੇਡਾ ਵਿੱਚ ਪਹਿਲੀ ਵਾਰ ਅਮਰੀਕਾ ਵਰਗੇ ਦੋ-ਪੱਧਰੀ (ਟੂ-ਟੀਅਰ) ਹੈਲਥ ਕੇਅਰ (ਸਿਹਤ ਸੰਭਾਲ) ਦੇ ਪ੍ਰਬੰਧ ਦੀ ਸਥਾਪਨਾ ਕੀਤੀ। ਪਿਛਲੇ ਇੱਕ ਸਾਲ ਦੌਰਾਨ ਡੈਨੀਅਲ ਸਮਿਥ ਦੀ ਅਲਬਰਟਾ ਸਰਕਾਰ ਨੇ ਇਸ ਕਾਨੂੰਨ ਦੇ ਕਈ ਸੈਕਸ਼ਨਾਂ ਨੂੰ ਲਾਗੂ ਕਰ ਦਿੱਤਾ ਹੈ।

ਇਹ ਕਾਨੂੰਨ ਡਾਕਟਰਾਂ ਅਤੇ ਸਰਜਨਾਂ ਨੂੰ ਪਬਲਿਕ (ਸਰਕਾਰੀ) ਸਿਸਟਮ ਅਤੇ ਪ੍ਰਾਈਵੇਟ-ਪੇਅ ਮਾਰਕੀਟ (ਨਿੱਜੀ-ਅਦਾਇਗੀ ਦੀ ਮਾਰਕੀਟ) ਵਿੱਚ ਇੱਕੋ ਸਮੇਂ ਕੰਮ ਕਰਨ ਲਈ ਉਤਸ਼ਾਹਿਤ ਕਰਦਾ ਹੈ, ਜਿਸ ਨਾਲ ਮਰੀਜ਼ਾਂ ਤੋਂ ਡਾਕਟਰੀ ਤੌਰ ‘ਤੇ ਜ਼ਰੂਰੀ ਸਿਹਤ ਸੰਭਾਲ ਲਈ ਪੈਸੇ ਵਸੂਲੇ ਜਾਂਦੇ ਹਨ, ਜਿਸ ਵਿੱਚ ਮੁਨਾਫ਼ਾ ਕਮਾਉਣ ਵਾਲੀਆਂ ਥਾਂਵਾਂ ਵਿੱਚ ਪਹਿਲਾਂ ਤੋਂ ਕੀਤੀਆਂ ਜਾਂਦੀਆਂ ਸਰਜਰੀਆਂ ਵੀ ਸ਼ਾਮਲ ਹਨ। ਅਲਬਰਟਾ ਵੱਲੋਂ ਕੈਨੇਡਾ ਵਿੱਚ ਇੱਕ ਅਜਿਹਾ ਪ੍ਰਾਈਵੇਟ-ਪੇਅ ਹੈਲਥ ਕੇਅਰ ਸਿਸਟਮ ਸ਼ੁਰੂ ਕੀਤੇ ਨੂੰ ਲਗਭਗ ਇੱਕ ਸਾਲ ਬੀਤ ਚੁੱਕਾ ਹੈ, ਜਿੱਥੇ ਆਮਦਨ ਇਹ ਤੈਅ ਕਰੇਗੀ ਕਿ ਕਿਸ ਨੂੰ ਚੂਲੇ (ਹਿੱਪ) ਅਤੇ ਗੋਡੇ ਬਦਲਣ ਵਰਗੀਆਂ ਜ਼ਰੂਰੀ ਸਰਜਰੀਆਂ ਦੀ ਸਹੂਲਤ ਮਿਲੇਗੀ। ਬਿੱਲ 11 ਸਿੱਧੇ ਅਤੇ ਸਪੱਸ਼ਟ ਤੌਰ ‘ਤੇ ਸਿਹਤ ਸੰਭਾਲ ਨੂੰ ਨਿਯੰਤਰਿਤ ਕਰਨ ਵਾਲੇ ਮੁੱਖ ਫੈਡਰਲ ਕਾਨੂੰਨ ਕੈਨੇਡਾ ਹੈਲਥ ਐਕਟ ਦੀ ਉਲੰਘਣਾ ਕਰਦਾ ਹੈ। ਕੈਨੇਡਾ ਹੈਲਥ ਐਕਟ ਇਹ ਯਕੀਨੀ ਬਣਾਉਂਦਾ ਹੈ ਕਿ ਬੇਅ ਸਟਰੀਟ ਵਿਖੇ ਕੰਮ ਕਰਨ ਵਾਲੇ ਸਫ਼ਾਈ ਕਰਮਚਾਰੀਆਂ ਨੂੰ ਵੀ ਸਿਹਤ ਸੰਭਾਲ ਤੱਕ ਉਹੀ ਪਹੁੰਚ ਮਿਲੇ ਜੋ ਉਸ ਇਮਾਰਤ ਵਿੱਚ ਕੰਮ ਕਰਨ ਵਾਲੇ ਬੈਂਕਰਾਂ ਨੂੰ ਮਿਲਦੀ ਹੈ। ਪਰ ਹੁਣ ਤੱਕ ਫੈਡਰਲ ਸਰਕਾਰ ਨੇ ਇਸ ਮਾਮਲੇ ਵਿੱਚ ਕੋਈ ਐਕਸ਼ਨ ਨਹੀਂ ਲਿਆ।

ਆਮ ਸਿਆਸੀ ਸਮਝ ਇਹ ਸੀ ਕਿ ਫੈਡਰਲ ਸਰਕਾਰ ਨੂੰ ਅਲਬਰਟਾ ਦੇ ਵੱਖਵਾਦੀ ਰੈਫਰੈਂਡਮ ਦੇ ਬੀਤ ਜਾਣ ਤੱਕ ਇੰਤਜ਼ਾਰ ਕਰਨਾ ਚਾਹੀਦਾ ਹੈ, ਅਤੇ ਉਸ ਤੋਂ ਬਾਅਦ ਹੀ ਅਲਬਰਟਾ ਨੂੰ ਅਜਿਹੇ ਮੁੱਦੇ ‘ਤੇ ਘੇਰਨਾ ਚਾਹੀਦਾ ਹੈ ਕਿਉਂਕਿ ਇਸ ਨਾਲ ਅਲਬਰਟਾ ਸਰਕਾਰ ਅਤੇ ਛੋਟੀ ਪਰ ਉੱਚੀ ਅਵਾਜ਼ ਵਾਲੀ ਵੱਖਵਾਦੀ ਲਹਿਰ ਭੜਕ ਸਕਦੀ ਸੀ। ਪਰ 19 ਅਕਤੂਬਰ ਦਾ ਅਲਬਰਟਾ ਦਾ ਰੈਫਰੈਂਡਮ ਆ ਕੇ ਲੰਘ ਵੀ ਗਿਆ ਹੈ, ਫਿਰ ਵੀ ਅਜੇ ਤੱਕ ਇਸ ਗੱਲ ਦਾ ਕੋਈ ਸੰਕੇਤ ਨਹੀਂ ਮਿਲਿਆ ਕਿ ਫੈਡਰਲ ਸਰਕਾਰ ਆਪਣੇ ਕਾਨੂੰਨ ਦੀ ਤਾਮੀਲ ਕਰਵਾਉਣ ਦੀ ਕੋਈ ਪਲੈਨ ਬਣਾ ਰਹੀ ਹੈ। ਦਾਅ ‘ਤੇ ਕੀ ਲੱਗਿਆ ਹੋਇਆ ਹੈ? ਕਾਨੂੰਨੀ ਰਾਏ ਤੋਂ ਪਤਾ ਲੱਗਦਾ ਹੈ ਕਿ ਬਿੱਲ 11 ਕੈਨੇਡਾ ਹੈਲਥ ਐਕਟ ਦੇ ਘੱਟੋ-ਘੱਟ ਪੰਜ ਸੈਕਸ਼ਨਾਂ ਦੀ ਉਲੰਘਣਾ ਕਰਦਾ ਹੈ। ਅਲਬਰਟਾ ਦਾ ਇਹ ਕਾਨੂੰਨ ਉਨ੍ਹਾਂ ਸ਼ਰਤਾਂ ਦੀ ਉਲੰਘਣਾ ਕਰਦਾ ਹੈ ਜਿਨ੍ਹਾਂ ਅਧੀਨ ਡਾਕਟਰੀ ਤੌਰ ‘ਤੇ ਲੋੜੀਂਦੀਆਂ ਸਾਰੀਆਂ ਸੇਵਾਵਾਂ ਦੀ ਸਰਕਾਰੀ ਇੰਸ਼ੋਰੈਂਸ ਹੋਣੀ ਜ਼ਰੂਰੀ ਹੈ (ਸੈਕਸ਼ਨ 9), ਬਿਨਾਂ ਕਿਸੇ ਵਿੱਤੀ ਰੁਕਾਵਟ ਦੇ ਇੰਸ਼ੋਰੈਂਸ ਅਧੀਨ ਹੋਣੀਆਂ ਵਾਲੀਆਂ ਸੇਵਾਵਾਂ ਤੱਕ “ਵਾਜਬ ਪਹੁੰਚ” ਹੋਵੇ (ਸੈਕਸ਼ਨ 12), ਅਤੇ ਲੋਕ ਇਹਨਾਂ ਸੇਵਾਵਾਂ ਨੂੰ “ਇਕਸਾਰ ਨਿਯਮਾਂ ਅਤੇ ਸ਼ਰਤਾਂ” `ਤੇ ਲੈਣ ਦੇ ਹੱਕਦਾਰ ਹਨ (ਸੈਕਸ਼ਨ 10)।

ਇਹ ਕਾਨੂੰਨ ਯੂਜ਼ਰ ਫੀਸਾਂ ਅਤੇ ਵਾਧੂ ਬਿਲਿੰਗ (ਐਕਸਟਰਾ ਬਿਲਿੰਗ ) ਵਿਰੁੱਧ ਲੱਗੀਆਂ ਪਾਬੰਦੀਆਂ (ਸੈਕਸ਼ਨ 18 ਅਤੇ 19) ਦੀ ਵੀ ਉਲੰਘਣਾ ਕਰਦਾ ਹੈ। ਇਹ ਸੈਕਸ਼ਨ ਮਰੀਜ਼ਾਂ ਤੋਂ ਉਨ੍ਹਾਂ ਸੇਵਾਵਾਂ ਲਈ ਆਪਣੀ ਜੇਬ ਵਿੱਚੋਂ ਜਾਂ ਪ੍ਰਾਈਵੇਟ ਇਨਸ਼ੋਰੈਂਸ ਰਾਹੀਂ ਪੈਸੇ ਵਸੂਲੇ ਜਾਣ ‘ਤੇ ਰੋਕ ਲਾਉਂਦੇ ਹਨ, ਜੋ ਸੇਵਾਵਾਂ ਪਹਿਲਾਂ ਹੀ ਪ੍ਰੋਵਿੰਸ਼ੀਅਲ ਹੈਲਥ ਪਲੈਨ (ਸੂਬਾਈ ਸਿਹਤ ਯੋਜਨਾ) ਦੇ ਅਧੀਨ ਕਵਰ ਕੀਤੀਆਂ ਜਾਂਦੀਆਂ ਹਨ। ਸਤੰਬਰ ਵਿੱਚ, ਫੈਡਰਲ ਸਿਹਤ ਮੰਤਰੀ ਮਾਰਜੋਰੀ ਮਿਸ਼ੇਲ ਨੇ ਟੋਰਾਂਟੋ ਸਟਾਰ ਨੂੰ ਦੱਸਿਆ ਸੀ ਕਿ ਉਸ ਨੇ ਅਲਬਰਟਾ ਦੀ ਸਿਹਤ ਮੰਤਰੀ ਐਡਰੀਆਨਾ ਲਾਗ੍ਰੇਂਜ ਨੂੰ ਪੱਤਰ ਲਿਖ ਕੇ ਕਿਹਾ ਹੈ ਕਿ ਉਹ ਇਸ ਬਾਰੇ “ਬਹੁਤ ਚਿੰਤਤ” ਹੈ ਅਤੇ ਇਹ ਗੱਲ ਸਪੱਸ਼ਟ ਕੀਤੀ ਹੈ ਕਿ ਉਸ ਨੂੰ ਨਹੀਂ ਲੱਗਦਾ ਕਿ ਇਹ ਕੈਨੇਡਾ ਹੈਲਥ ਐਕਟ  ਦੇ ਦਾਇਰੇ ਵਿੱਚ ਰਹਿ ਕੇ ਕੰਮ ਕਰ ਸਕਦਾ ਹੈ।

ਪਿਛਲੇ ਇੱਕ ਸਾਲ ਤੋਂ ਫੈਡਰਲ ਸਰਕਾਰ ਕਿੱਥੇ ਸੀ? ਕਾਨੂੰਨੀ ਰਾਏ ਸਪਸ਼ਟ ਕਰਦੀ ਹੈ ਕਿ  ਬਿੱਲ 11 ਫੈਡਰਲ ਕਾਨੂੰਨ ਦੀ ਉਲੰਘਣਾ ਕਰਦਾ ਹੈ। ਮੈਡੀਕਲ ਐਸੋਸੀਏਸ਼ਨਾਂ, ਨਰਸਾਂ, ਯੂਨੀਅਨਾਂ, ਖੋਜੀਆਂ ਅਤੇ ਸਿਵਲ ਸੁਸਾਇਟੀ ਦੀਆਂ ਸੰਸਥਾਵਾਂ ਦੀ ਇੱਕ ਵੱਡੀ ਗਿਣਤੀ ਨੇ ਇਸ ਗੱਲ ‘ਤੇ ਚਿੰਤਾ ਪ੍ਰਗਟ ਕੀਤੀ ਹੈ ਕਿ ਕਿਵੇਂ ਇਹ ਕਾਨੂੰਨ ਫੈਡਰਲ ਕਾਨੂੰਨ ਨੂੰ ਰੱਦ ਕਰਦਾ ਹੈ—ਅਤੇ ਅਮਰੀਕਾ ਵਰਗੀ ਪ੍ਰਾਈਵੇਟ ਹੈਲਥ ਇਨਸ਼ੋਰੈਂਸ ਮਾਰਕੀਟ ਲਈ ਦਰਵਾਜ਼ੇ ਖੋਲ੍ਹਦਾ ਹੈ ਜੋ ਸਾਡੇ ਮੌਜੂਦਾ ਪਬਲਿਕ (ਸਰਕਾਰੀ) ਸਿਹਤ ਸੰਭਾਲ ਪ੍ਰਬੰਧ ਨੂੰ ਖ਼ਤਮ ਕਰ ਦੇਵੇਗਾ।

ਇਹ ਕਾਨੂੰਨ ਤਕਰੀਬਨ ਇਕ ਸਾਲ ਪਹਿਲਾਂ ਪੇਸ਼ ਕੀਤਾ ਗਿਆ ਸੀ। ਪਰ ਫੈਡਰਲ ਸਰਕਾਰ, ਸਿਹਤ ਮੰਤਰੀ ਰਾਹੀਂ, ਅਜੇ ਵੀ ਇਹੀ ਸੋਚ-ਵਿਚਾਰ ਕਰ ਰਹੀ ਹੈ ਕਿ ਬਿੱਲ 11 ਕਾਨੂੰਨ ਨੂੰ ਤੋੜ “ਸਕਦਾ ਹੈ”। ਇਹ ਯਕੀਨੀ ਤੌਰ ‘ਤੇ ਕਾਨੂੰਨ ਦੀ ਉਲੰਘਣਾ ਕਰਦਾ ਹੈ। ਜੇਕਰ ਅਸੀਂ ਕੈਨੇਡਾ ਵਿੱਚ ਅਮਰੀਕਾ ਵਰਗੇ ਪ੍ਰਬੰਧ ਨੂੰ  ਜੜ੍ਹਾਂ ਫੜਨ ਤੋਂ ਰੋਕਣਾ ਚਾਹੁੰਦੇ ਹਾਂ ਤਾਂ ਤੁਰੰਤ ਕਾਰਵਾਈ ਕਰਨ ਦੀ ਲੋੜ ਹੈ।

ਅਲਬਰਟਾ ਸਰਕਾਰ ਆਪਣੇ ਪ੍ਰਾਈਵੇਟ ਹੈਲਥ ਕੇਅਰ ਮਾਡਲ ਨੂੰ ਲਾਗੂ ਕਰਨ ਲਈ ਤੇਜ਼ੀ ਨਾਲ ਅੱਗੇ ਵਧ ਰਹੀ ਹੈ, ਜਿਸ ਅਧੀਨ ਅਗਸਤ ਵਿੱਚ ਲਗਭਗ 400 ਸਪੈਸ਼ਲਿਸਟਾਂ ਅਤੇ ਸਰਜਨਾਂ ਨੇ ਪਬਲਿਕ ਸਿਸਟਮ ਅਤੇ ਪ੍ਰਾਈਵੇਟ-ਪੇਅ ਮਾਰਕੀਟ ਦੋਵਾਂ ਵਿੱਚ ਕੰਮ ਕਰਨ ਦੀ ਇੱਛਾ ਪ੍ਰਗਟਾਈ ਹੈ। ਅਮੀਰ ਮਰੀਜ਼ ਪ੍ਰਾਈਵੇਟ ਤੌਰ `ਤੇ ਅਦਾਇਗੀ ਕਰਕੇ ਜਿਹੜੇ ਇਲਾਜ ਕਰਵਾ ਸਕਦੇ ਹਨ, ਉਹਨਾਂ ਲਈ ਨਰਸਾਂ ਅਤੇ ਐਨਿਸਥੀਸੀਓਲੋਜਿਸਟਾਂ (ਬੇਹੋਸ਼ੀ ਦੇ ਮਾਹਰ ਡਾਕਟਰਾਂ) ਦੀ ਲੋੜ ਹੁੰਦੀ ਹੈ, ਜਿਹਨਾਂ ਦੀ ਪਬਲਿਕ ਹਸਪਤਾਲਾਂ ਵਿੱਚ ਪਹਿਲਾਂ ਹੀ ਭਾਰੀ ਕਮੀ ਹੈ, ਜਿਸ ਕਰਕੇ ਪਬਲਿਕ ਹਸਪਤਾਲਾਂ ਵਿੱਚ ਉਡੀਕ ਦਾ ਸਮਾਂ (ਵੇਟ ਟਾਈਮ) ਦੇ ਹੋਰ ਲੰਬਾ ਹੋਣ ਦੀ ਸੰਭਾਵਨਾ ਹੈ।

ਫੈਡਰਲ ਸਰਕਾਰ ਨੂੰ ਰਸਮੀ ਰਿਵੀਊ ਦਾ ਅਮਲ ਸ਼ੁਰੂ ਕਰਨਾ ਚਾਹੀਦਾ ਹੈ

ਜ਼ਿਆਦਾਤਰ ਮੁੱਦਿਆਂ ‘ਤੇ, ਇਹ ਫੈਡਰਲ ਸਰਕਾਰ ਕਾਰਪੋਰੇਟ ਘਰਾਣਿਆਂ ਦੇ ਹਿੱਤਾਂ ਦੀ ਪੂਰਤੀ ਕਰਨ ਲਈ ਉਤਾਵਲੀ ਦਿਖਾਈ ਦਿੰਦੀ ਹੈ, ਜਿਸ ਵਿੱਚ ਦਵਾਈਆਂ ਦੀ ਨੀਤੀ  (ਫਾਰਮਾਸਿਊਟੀਕਲ ਪਾਲਿਸੀ) ਤੋਂ ਲੈ ਕੇ ਡੈਟਾ ਸੈਂਟਰਾਂ ਅਤੇ ਫਾਸਿਲ ਫਿਊਲ (ਪੈਟਰੋਲੀਅਮ ਅਤੇ ਕੁਦਰਤੀ ਗੈਸ) ਦੇ ਵਿਸਥਾਰ ਤੱਕ ਦੇ ਮਾਮਲੇ ਸ਼ਾਮਲ ਹਨ। ਪਰ ਜੇਕਰ ਫੈਡਰਲ ਸਰਕਾਰ ਪਬਲਿਕ (ਸਰਕਾਰੀ) ਮੈਡੀਕੇਅਰ ਨੂੰ ਤਿਲਾਂਜਲੀ ਦਿੰਦੀ ਹੈ, ਤਾਂ ਉਹ ਕੈਨੇਡਾ ਦੇ ਸਭ ਤੋਂ ਵੱਧ ਹਰਮਨ-ਪਿਆਰੇ ਸਮਾਜਕ ਪ੍ਰੋਗਰਾਮ ਅਤੇ ਵੋਟਰਾਂ ਲਈ ਸਭ ਤੋਂ ਮਹੱਤਵਪੂਰਨ ਮੁੱਦਿਆਂ ਵਿੱਚੋਂ ਇੱਕ ਨੂੰ ਤਿਆਗਣ ਦਾ ਖਤਰਾ ਉਠਾ ਰਹੀ ਹੈ।

ਜੇਕਰ ਫੈਡਰਲ ਸਰਕਾਰ ਸੱਚਮੁੱਚ ਇਹ ਮੰਨਦੀ ਹੈ ਕਿ ਹੈਲਥ ਕੇਅਰ (ਸਿਹਤ ਸੰਭਾਲ) ਇੱਕ ਅਧਿਕਾਰ ਹੈ, ਕੋਈ ਕਾਰੋਬਾਰ ਨਹੀਂ—ਜਿਸ ਤਰ੍ਹਾਂ ਕਿ ਲਿਬਰਲ ਪਾਰਟੀ ਨੇ ਬਸੰਤ 2025 ਦੀਆਂ ਚੋਣਾਂ ਵਿੱਚ ਪ੍ਰਚਾਰ ਕੀਤਾ ਸੀ—ਤਾਂ ਫੈਡਰਲ ਸਰਕਾਰ ਨੂੰ ਤੁਰੰਤ ‘ਕੈਨੇਡਾ ਹੈਲਥ ਐਕਟ’ ਦੇ ਅਧੀਨ ਬਿੱਲ 11 ਦਾ ਰਸਮੀ ਰਿਵੀਊ ਸ਼ੁਰੂ ਕਰਨ ਦੀ ਲੋੜ ਹੈ। ਸੈਕਸ਼ਨ 14 ਅਧੀਨ ਹੈਲਥ ਮਨਿਸਟਰ ਨੂੰ ਅਲਬਰਟਾ ਨੂੰ ਇੱਕ ਖੱਤ ਭੇਜਣਾ ਚਾਹੀਦਾ ਹੈ, ਜਿਸ ਨਾਲ ਫੈਡਰਲ ਕਾਨੂੰਨ ਦੀ ਪਾਲਣਾ ਕਰਨ ਵਿੱਚ ਬਿੱਲ 11 ਦੀ ਅਸਫਲਤਾ ਬਾਰੇ ਸੂਬੇ ਨਾਲ 90-ਦਿਨਾਂ ਦਾ ਸਲਾਹ-ਮਸ਼ਵਰਾ ਕਰਨ ਦਾ ਅਮਲ ਸ਼ੁਰੂ ਹੋ ਸਕੇ। ਜੇ ਅਲਬਰਟਾ ਕੈਨੇਡਾ ਹੈਲਥ ਐਕਟ ਦੀ ਪਾਲਣਾ ਕਰਨ ਲਈ ਬਿੱਲ 11 ਨੂੰ ਰੱਦ ਨਹੀਂ ਕਰਦਾ ਹੈ, ਤਾਂ ਹੈਲਥ ਮਨਿਸਟਰ ਨੂੰ ਅਲਬਰਟਾ ਵਿਰੁੱਧ ਡਿਸਕ੍ਰੀਸ਼ਨਰੀ ਪੈਨਲਟੀਜ਼ (ਕੈਬਨਿਟ ਦੇ ਅਖਤਿਆਰ ਹੇਠਾਂ ਆਉਂਦੇ ਜੁਰਮਾਨੇ) ਲਗਾਉਣ ਲਈ ਇਹ ਮਾਮਲਾ ਕੈਬਨਿਟ ਅੱਗੇ ਲਿਆਉਣਾ ਚਾਹੀਦਾ ਹੈ। ਫੈਡਰਲ ਸਰਕਾਰ ਕੋਲ ਅਲਬਰਟਾ ਦੇ ‘ਕੈਨੇਡਾ ਹੈਲਥ ਟ੍ਰਾਂਸਫਰ’ ਦੇ ਪੂਰੇ ਹਿੱਸੇ—ਜੋ ਕਿ 2026-27 ਵਿੱਚ 9.2 ਬਿਲੀਅਨ ਡਾਲਰ ਹੈ—ਨੂੰ ਉਦੋਂ ਤੱਕ ਰੋਕਣ ਦਾ ਅਧਿਕਾਰ ਹੈ ਜਦੋਂ ਤੱਕ ਅਲਬਰਟਾ ਇਸ ਐਕਟ ਦੀ ਪਾਲਣਾ ਨਹੀਂ ਕਰਦਾ।

ਇਸ ਵਿੱਚ ਕੋਈ ਸ਼ੱਕ ਨਹੀਂ ਕਿ ਅਲਬਰਟਾ ਦੀ ਪ੍ਰੀਮੀਅਰ ਡੈਨੀਅਲ ਸਮਿਥ ਔਟਵਾ ਨਾਲ ਇੱਕ ਨਵੀਂ ਲੜਾਈ ਸ਼ੁਰੂ ਕਰਨ ਦੇ ਇਸ ਮੌਕੇ ਦਾ ਪੂਰਾ ਆਨੰਦ ਲਵੇਗੀ, ਪਰ ਸਬੂਤ ਦਰਸਾਉਂਦੇ ਹਨ ਕਿ ਜਨਤਕ ਰਾਏ ਸਪੱਸ਼ਟ ਤੌਰ ‘ਤੇ ਫੈਡਰਲ ਸਰਕਾਰ ਦੇ ਪੱਖ ਵਿੱਚ ਹੈ। ਜਨਤਕ ਰਾਏ ਦੇ ਇੱਕ ਤਾਜ਼ਾ ਸਰਵੇਖਣ ਅਨੁਸਾਰ  ਅਲਬਰਟਾ ਦੇ ਲੋਕ ਵੱਡੀ ਗਿਣਤੀ ਵਿੱਚ ਬਿੱਲ 11 ਅਤੇ ਪ੍ਰਾਈਵੇਟ-ਪੇਅ ਹੈਲਥ ਕੇਅਰ (ਸਿਹਤ ਸੰਭਾਲ ਲਈ ਨਿੱਜੀ ਤੌਰ `ਤੇ ਅਦਾਇਗੀ ਕਰਨ ਦੇ ਪ੍ਰਬੰਧ) ਵੱਲ ਵਧਣ ਦਾ ਵਿਰੋਧ ਕਰਦੇ ਹਨ। ਅਲਬਰਟਾ ਦੇ ਲੋਕ ਦੌਲਤ ਦੀ ਬਜਾਏ ਲੋੜ ਦੇ ਆਧਾਰ ‘ਤੇ ਯੂਨੀਵਰਸਲ ਹੈਲਥ ਕੇਅਰ (ਸਾਰਿਆਂ ਲਈ ਸਿਹਤ ਸੰਭਾਲ) ਤੱਕ ਪਹੁੰਚ ਦੇ ਅਸੂਲ ਵਿੱਚ ਵੀ ਵਿਸ਼ਵਾਸ ਰੱਖਦੇ ਹਨ। ਇਸ ਤੋਂ ਵੀ ਮਹੱਤਵਪੂਰਨ ਗੱਲ ਇਹ ਹੈ ਕਿ ਅਲਬਰਟਾ ਦੇ ਲੋਕਾਂ ਨੇ ਹੈਲਥ ਕੇਅਰ (ਸਿਹਤ ਸੰਭਾਲ) ਵਰਗੇ ਫੈਡਰਲ ਪ੍ਰੋਗਰਾਮਾਂ ਤੋਂ ਬਾਹਰ ਨਿਕਲਣ ਅਤੇ ਫੈਡਰਲ ਸੰਵਿਧਾਨ ਵਿੱਚ ਸੋਧ ਕਰਨ ਦੇ ਅਲਬਰਟਾ ਸਰਕਾਰ ਦੇ ਪ੍ਰਸਤਾਵ ਨੂੰ ਰੱਦ ਕਰ ਦਿੱਤਾ ਹੈ, ਜਿਸ ਅਧੀਨ  ਸੂਬਾਈ ਕਾਨੂੰਨਾਂ ਨੂੰ ਕੈਨੇਡਾ ਹੈਲਥ ਐਕਟ ਵਰਗੇ ਫੈਡਰਲ ਕਾਨੂੰਨਾਂ ਨਾਲੋਂ ਪਹਿਲ ਦਿੱਤੀ ਜਾਣੀ ਸੀ। ਜੇ ਫੈਡਰਲ ਸਰਕਾਰ ਕੈਨੇਡਾ ਹੈਲਥ ਐਕਟ ਦੀ ਤਾਮੀਲ ਕਰਵਾਉਣ ਅਤੇ ਅਮਰੀਕਾ ਵਰਗੇ ਪ੍ਰਬੰਧ ਨੂੰ ਜੜ੍ਹਾਂ ਫੜਨ ਤੋਂ ਰੋਕਣ ਵਿੱਚ ਅਸਫਲ ਰਹਿੰਦੀ ਹੈ, ਤਾਂ ਸਾਨੂੰ ਇਸ ਗੱਲ ਦਾ ਕੋਈ ਭੁਲੇਖਾ ਨਹੀਂ ਰਹਿਣਾ ਚਾਹੀਦਾ ਕਿ ਇਸ ਫੈਡਰਲ ਸਰਕਾਰ ਨੇ ਕੈਨੇਡੀਅਨ ਮੈਡੀਕੇਅਰ (ਸਰਕਾਰੀ ਸਿਹਤ ਸੰਭਾਲ) ਨੂੰ ਤਿਲਾਂਜਲੀ ਦੇ ਦਿੱਤੀ ਹੈ ਅਤੇ ਉਹ ਹੋਰ ਮਹੱਤਵਪੂਰਨ ਸਰਕਾਰੀ ਸੰਪਤੀਆਂ ਵਾਂਗ ਸਾਨੂੰ ਵੀ ਇਨਵੈਸਟਰਾਂ ਅਤੇ ਇੰਸ਼ੋਰੈਂਸ ਕੰਪਨੀਆਂ ਦੇ ਹੱਥਾਂ ਵਿੱਚ ਵੇਚਣ ਲਈ ਤਿਆਰ ਹੈ।

Leave a Reply

Your email address will not be published. Required fields are marked *