ਬਰੈਂਪਟਨ:- (ਕੁਲਵਿੰਦਰ ਖਹਿਰਾ) ‘ਪੰਜਾਬੀ ਕਲਮਾਂ ਦਾ ਕਾਫ਼ਲਾ ਟਰਾਂਟੋ’ ਵੱਲੋਂ ਨਵੰਬਰ ਮਹੀਨੇ ਦੀ ਮੀਟਿੰਗ ਵਿੱਚ ਜਿੱਥੇ ਡਾ. ਨਾਹਰ ਸਿੰਘ ਵੱਲੋਂ ‘ਪੰਜਾਬੀ ਕਾਵਿਧਾਰਾ ਦੇ ਲੱਛਣ’ ਵਿਸ਼ੇ `ਤੇ ਭਾਸ਼ਨ ਦਿੱਤਾ ਗਿਆ ਓਥੇ ਸੀਨੀਅਰ ਮੈਂਬਰ ਅਤੇ ਲੇਖਕ ਗੁਰਜਿੰਦਰ ਸੰਘੇੜਾ ਨਾਲ਼ ਗੱਲਬਾਤ ਕੀਤੀ ਗਈ ਅਤੇ ‘ਮੇਘਲਾ’ ਰਸਾਲੇ ਵੱਲੋਂ ਮਲਵਿੰਦਰ ਸਿੰਘ ਬਾਰੇ ਕੱਢੇ ਗਏ ਵਿਸ਼ੇਸ਼ ਅੰਕ `ਤੇ ਵੀ ਗੱਲਬਾਤ ਹੋਈ।
‘ਮੇਘਲਾ’ ਬਾਰੇ ਸੰਖੇਪ ਜਾਣਕਾਰੀ ਦਿੰਦਿਆਂ ਸੁਰਜੀਤ ਕੌਰ ਨੇ ਦੱਸਿਆ ਕਿ ਮੇਘਲਾ ਰਸਾਲੇ ਰਾਹੀਂ ਜਤਿੰਦਰ ਔਲਖ ਕਈ ਲੇਖਕਾਂ `ਤੇ ਵਿਸ਼ੇਸ਼ ਅੰਕ ਕੱਢ ਚੁੱਕੇ ਹਨ ਅਤੇ ਇਸ ਵਿੱਚ ਬਹੁਤ ਸਾਰੇ ਸਥਾਪਤ ਲੇਖਕ ਛਪਦੇ ਰਹੇ ਹਨ। ਹਾਲ ਹੀ ਵਿੱਚ ਕਨੇਡਾ ਆ ਵੱਸੇ ਮਲਵਿੰਦਰ ਸਿੰਘ ਬਾਰੇ ਇੱਕ ਵਿਸ਼ੇਸ਼ ਅੰਕ ਕੱਢਿਆ ਗਿਆ ਹੈ।
ਮਲਵਿੰਦਰ ਸਿੰਘ ਬਾਰੇ ਜਾਣਕਾਰੀ ਦਿੰਦਿਆਂ ਸੁਰਜੀਤ ਜੀ ਨੇ ਕਿਹਾ ਕਿ ਨਾ ਸਿਰਫ ਪੰਜਾਬੀ `ਚ ਛਪਦਾ ਹਰ ਰਸਾਲਾ/ਅਖ਼ਬਾਰ ਹੀ ਮਲਵਿੰਦਰ ਦੀ ਕਵਿਤਾ ਬਿਨਾਂ ਅਧੂਰਾ ਹੁੰਦਾ ਹੈ ਸਗੋਂ ਉਸਦਾ ਸਮੁੱਚਾ ਪਰਿਵਾਰ ਕਲਾਕਾਰੀ ਨਾਲ਼ ਜੁੜਿਆ ਹੋਇਆ ਹੈ: ਉਨ੍ਹਾਂ ਦੀ ਪਤਨੀ ਕੱਥਕ ਡਾਂਸਰ ਤੇ ਪ੍ਰੋਫੈਸਰ, ਨੂੰਹ ਉਨ੍ਹਾਂ ਦੀ ਪਤਨੀ ਦੀ ਵਿਦਿਆਰਥਣ ਤੇ ਕੱਥਕ ਡਾਂਸਰ, ਪੋਤੀ ਵਧੀਆ ਗਾਉਣ ਦੇ ਨਾਲ਼, ਨਾਲ਼ ਨਾਚ ਵੀ ਸਿੱਖਦੀ ਅਤੇ ਬੇਟਾ ਵੀ ਕਵੀ ਹੈ।
ਮਲਵਿੰਦਰ ਸਿੰਘ ਨੇ ਗੱਲਬਾਤ ਦੌਰਾਨ ਕਿਹਾ ਕਿ ਪੰਜਾਬੀ `ਚ ਛਪਦੇ ਰਸਾਲਿਆਂ ਦੀ ਗਿਣਤੀ ਵਿੱਚ ਕਿਸੇ ਰਸਾਲੇ ਨੂੰ ਕਾਮਯਾਬ ਹੋਣ ਲਈ ਕੁਝ ਵੱਖਰਾ ਕਰਨਾ ਪੈਂਦਾ ਹੈ ਤੇ ਇਸ ਵਿਲੱਖਣਤਾ ਲਈ ਜਤਿੰਦਰ ਔਲਖ ਨੇ ਕਈ ਲੇਖਕਾਂ ਬਾਰੇ ਵਿਸ਼ੇਸ਼ ਅੰਕ ਕੱਢੇ ਹਨ। ਉਨ੍ਹਾਂ ਦੱਸਿਆ ਕਿ ਮੇਘਲਾ ਦੇ ਸੰਪਾਦਕ ਜਤਿੰਦਰ ਔਲਖ ਨੇ ਦੱਸਿਆ ਹੈ ਕਿ ਅਗਲੇ ਸਾਰੇ ਅੰਕ ਕਿਸੇ ਇੱਕ ਲੇਖਕ ਬਾਰੇ ਵਿਸ਼ੇਸ਼ ਅੰਕ ਹੀ ਹੋਇਆ ਕਰਨਗੇ। ਇਸ ਅੰਕ ਵਿੱਚ ਵੱਖ ਵੱਖ ਲੇਖਕਾਂ ਵੱਲੋਂ ਮਲਵਿੰਦਰ ਦੀ ਲੇਖਣੀ ਅਤੇ ਜੀਵਨ ਬਾਰੇ ਲੇਖ ਲਿਖੇ ਗਏ ਹਨ।
ਕਾਫ਼ਲੇ ਦੇ ਰਹਿ ਚੁੱਕੇ ਸੰਚਾਲਕ ਅਤੇ ਕਹਾਣੀਕਾਰ ਗੁਰਜਿੰਦਰ ਸੰਘੇੜਾ ਜੀ ਨਾਲ਼ ਗੱਲਬਾਤ ਕਰਨ ਦੀ ਕੋਸ਼ਿਸ਼ ਕੀਤੀ ਗਈ ਪਰ ਬਦਕਿਸਮਤੀ ਨਾਲ਼ ਅਧਰੰਗ ਦੇ ਮਰੀਜ਼ ਹੋਣ ਕਾਰਨ ਉਹ ਲੰਮੀ ਅਤੇ ਸਪਸ਼ਟ ਗੱਲਬਾਤ ਨਹੀਂ ਕਰ ਸਕੇ। ਉਨ੍ਹਾਂ ਸੰਖੇਪ ਵਿੱਚ ਦੱਸਿਆ ਕਿ 1968/69 ਵਿੱਚ ਉਨ੍ਹਾਂ ਦੀਆਂ ਕਹਾਣੀਆਂ ਰਸਾਲਿਆਂ `ਚ ਛਪਦੀਆਂ ਰਹੀਆਂ ਅਤੇ ‘ਜਾਗ੍ਰਿਤੀ’ ਰਸਾਲੇ `ਚ ਛਪੀ ਉਨ੍ਹਾਂ ਦੀ “ਰੂਹ ਪੰਜਾਬ ਦੀ” ਕਹਾਣੀ ਲਈ ਉਨ੍ਹਾਂ ਨੂੰ 20 ਰੁਪੈ ਮਿਲ਼ੇ। ਉਨ੍ਹਾਂ ਇਹ ਵੀ ਦੱਸਿਆ ਕਿ ਬੈਂਕ ਮੁਲਾਜ਼ਮ ਹੁੰਦਿਆਂ ਉਨ੍ਹਾਂ ਚੰਨ-ਪ੍ਰਦੇਸੀ ਫਿਲਮ ਨੂੰ ਉਸ ਸਮੇਂ ਫ਼ੰਡ ਦਿਵਾ ਕੇ ਪੈਰਾਂ ਸਿਰ ਕੀਤਾ ਜਦੋਂ ਉਹ ਡੁੱਬਣ ਕਿਨਾਰੇ ਹੋ ਗਈ ਸੀ। ਇਸਤੋਂ ਇਲਾਵਾ ਹਰਪਾਲ ਟਿਵਾਣਾ ਨੂੰ ਵੀ ਗਰਾਂਟ ਦਿਵਾਈ ਅਤੇ ਜਸਵੰਤ ਕੰਵਲ ਅਤੇ ਬਲਰਾਜ ਸਾਹਨੀ ਦਾ ਸਾਥ ਵੀ ਮਾਣਿਆ। ਇਸਤੋਂ ਇਲਾਵਾ ਉਹ ਇੰਡੀਆ ਵਿੱਚ ਵੀ ਅਤੇ ਫਿਰ ਕਨੇਡਾ ਆ ਕੇ ਵੀ ਖੇਡਾਂ ਨਾਲ਼ ਜੁੜੇ ਰਹੇ। ਉਨ੍ਹਾਂ ਦੱਸਿਆ ਕਿ ਉਨ੍ਹਾਂ ਦੀਆਂ ਤਕਰੀਬਨ 10 ਕੁ ਕਹਾਣੀਆਂ ਛਪਣ ਲਈ ਤਿਆਰ ਹਨ।
ਕਹਾਣੀਕਾਰ ਕੁਲਜੀਤ ਮਾਨ ਨੇ ਕਿਹਾ ਕਿ ਉਹ ਬਹੁਤ ਛੇਤੀ ਗੁਰਜਿੰਦਰ ਸੰਘੇੜਾ ਨਾਲ਼ ਗੱਲਬਾਤ ਕਰਕੇ ਸੋਸ਼ਲ ਮੀਡੀਆ ਰਾਹੀਂ ਸਾਂਝੀ ਕਰਨਗੇ।
ਡਾ. ਨਾਹਰ ਸਿੰਘ ਨੇ ‘ਪੰਜਾਬੀ ਕਾਵਿਧਾਰਾ ਦੇ ਲੱਛਣ’ ਵਿਸ਼ੇ `ਤੇ ਬਾਬਾ ਫ਼ਰੀਦ ਤੋਂ ਲੈ ਕੇ ਸੁਰਜੀਤ ਪਾਤਰ ਤੱਕ ਦੀ ਕਵਿਤਾ ਦੇ ਮੂਲ਼ ਲੱਛਣਾਂ ਦੀ ਗੱਲ ਕਰਦਿਆਂ ਕਿਹਾ ਕਿ ਆਦਿ-ਕਾਲ ਤੋਂ ਪੰਜਾਬੀ ਕਵਿਤਾ ਦੀ ਸੁਰ ਸਥਾਪਤੀ-ਵਿਰੋਧੀ ਅਤੇ ਨਾਰੀ-ਮੁਖੀ ਰਹੀ ਹੈ। ਉਨ੍ਹਾਂ ਕਿਹਾ ਕਿ ਮੱਧ-ਕਾਲ ਦਾ ਸਾਹਿਤ ਸ਼ੌਕੀਆ ਨਹੀਂ ਬਲਕਿ ਲੋਕ-ਹਿਤਾਂ ਨਾਲ਼ ਜੁੜਿਆ ਹੋਇਆ ਅਤੇ ਲੋਕਾਂ ਦੇ ਦੁੱਖਾਂ ਨੂੰ ਉਜਾਗਰ ਕਰਦਾ ਸਾਹਿਤ ਸੀ; ਸ਼ੌਕੀਆ ਸਾਹਿਤ ਤਾਂ ਆਧੁਨਿਕ ਯੁਗ ਦੀ ਮੱਧ-ਵਰਗੀ ਜਮਾਤ ਦੀ ਦੇਣ ਹੈ। ਉਨ੍ਹਾਂ ਕਿਹਾ ਕਿ ਲਿਖਤੀ ਰੂਪ ਦੀ ਬਜਾਇ ਮੁਢਲਾ ਸਾਹਿਤ ਲੋਕ-ਕਹਾਣੀਆਂ, ਦੰਦ-ਕਥਾਵਾਂ ਦੇ ਰੂਪ ਵਿੱਚ ਹੀ ਮਿਲ਼ਦਾ ਹੈ ਜੋ ਪੀੜ੍ਹੀਆਂ ਤੱਕ ਜ਼ੁਬਾਨੀ ਯਾਦ ਰੱਖਿਆ ਜਾਂਦਾ ਸੀ ਤੇ ਜ਼ੁਬਾਨੀ ਯਾਦ ਰੱਖਣ ਲਈ ਸਭ ਤੋਂ ਕਾਰਗਰ ਰੂਪ ਛੰਦ-ਬੱਧ ਕਵਿਤਾ ਦਾ ਹੀ ਮੰਨਿਆ ਜਾਂਦਾ ਸੀ। ਉਨ੍ਹਾਂ ਕਿਹਾ ਕਿ ਗੁਰਬਾਣੀ, ਕਿੱਸਾ ਕਾਵਿ, ਵਾਰ-ਕਾਵਿ, ਸੂਫੀ-ਕਾਵਿ ਵਿਚਲਾ ਸਾਰਾ ਸਾਹਿਤ ਫ਼ਿਕਰਮੰਦ ਬੰਦਿਆਂ ਵੱਲੋਂ ਮਨੁੱਖ ਨੂੰ ਜ਼ਿੰਮੇਂਵਾਰ ਮਨੁੱਖ ਬਣਾਉਣ ਲਈ ਲਿਖਿਆ ਗਿਆ ਜੋ ਹਮੇਸ਼ਾਂ ਸਟੇਟ ਨੂੰ ਚੈਲੇਂਜ ਕਰਦਾ ਰਿਹਾ ਹੈ ਅਤੇ ਜਗੀਰੂ ਦਰਜਾਬੰਦੀ ਨੂੰ ਤੋੜ ਕੇ ਮਨੁੱਖ ਨੂੰ ਮਨੁੱਖ ਬਣਨ ਵੱਲ ਪ੍ਰਰੇਦਾ ਹੈ। ਪੰਜਾਬੀ ਸਾਹਿਤ ਦੀ ਇਹ ਪਿਰਤ ਬਾਬਾ ਫ਼ਰੀਦ ਤੋਂ ਸ਼ੁਰੂ ਹੁੰਦੀ ਹੈ ਜਦੋਂ ਉਹ ਲਿਖਦਾ ਹੈ:
ਪਾਸਿ ਦਮਾਮੇ ਛਤੁ ਸਿਰਿ ਭੇਰੀ ਸਡੋ ਰਡ। ਜਾਇ ਸੁਤੇ ਜੀਰਾਣ ਮਹਿ ਥੀਏ ਅਤੀਮਾ ਗਡ।
ਤੇ ਇਸੇ ਵਿਚਾਰ ਨੂੰ ਬਾਬਾ ਨਾਨਕ ਅੱਗੇ ਤੋਰਦਾ ਹੋਇਆ ਲਿਖਦਾ ਹੈ:
ਧਰਤੀ ਤ ਹੀਰੇ ਲਾਲ ਜੜਤੀ ਪਲਘਿ ਲਾਲ ਜੜਾਉ ॥
ਮੋਹਣੀ ਮੁਖਿ ਮਣੀ ਸੋਹੈ ਕਰੇ ਰੰਗਿ ਪਸਾਉ ॥
ਮਤੁ ਦੇਖਿ ਭੂਲਾ ਵੀਸਰੈ ਤੇਰਾ ਚਿਤਿ ਨ ਆਵੈ ਨਾਉ।
ਏਥੇ ਬਾਬਾ ਫ਼ਰੀਦ ਅਤੇ ਬਾਬਾ ਨਾਨਕ ਦੋਵੇਂ ਹੀ ਮਨੁੱਖ ਨੂੰ ਪਦਾਰਥਵਾਦੀ ਹੋ ਕੇ ਜ਼ਿੰਦਗੀ ਦੇ ਅਸਲੀ ਮਕਸਦ ਤੋਂ ਭਟਕਣੋਂ ਵਰਜਦੇ ਹਨ। ਡਾ. ਨਾਹਰ ਸਿੰਘ ਨੇ ਕਿਹਾ ਕਿ ਪੰਜਾਬੀ ਸਾਹਿਤਕਾਰ ਮਾਇਆ ਦੀ ਲੋੜ ਨੂੰ ਸਵੀਕਾਰਦੇ ਹਨ ਪਰ ਇਸ ਵਿੱਚ ਗਰਕ ਹੋਣੋਂ ਰੋਕਦੇ ਹਨ ਤੇ ਪੈਸੇ ਦੀ ਤਾਕਤ ਨੂੰ ਨਕਾਰਦੇ ਹਨ।
ਡਾ. ਸਾਹਿਬ ਨੇ ਕਿਹਾ ਕਿ ਕਿੱਸਾ ਕਾਵਿ ਵਿੱਚ ਹਰ ਕਵੀ ਨੇ ਆਪਣੇ ਇਲਾਕੇ ਦੇ ਲੋਕ-ਨਾਇਕਾਂ ਨੂੰ ਪੇਸ਼ ਕੀਤਾ ਹੈ। ਇਨ੍ਹਾਂ ਨਾਇਕਾਂ ਦੇ ਇਕਹਿਰੇ ਕਿਰਦਾਰ ਹੀ ਪੇਸ਼ ਕੀਤੇ ਗਏ ਹਨ (ਭਾਵ ਜੀਵਨ ਦਾ ਇੱਕ ਪੱਖ ਹੀ ਪੇਸ਼ ਕੀਤਾ ਹੈ) ਤੇ ਉਨ੍ਹਾਂ ਦੇ ਮਿਥੀਕਰਨ ਲਈ ਵਿਰੋਧ ਸਿਰਜ ਕੇ ਨਾਇਕ ਨੂੰ ਰਾਹ ਬਦਲਣ ਦੇ ਮੌਕੇ ਦਿੱਤੇ ਜਾਂਦੇ ਸਨ ਪਰ ਨਾਇਕ ਨੂੰ ਸੂਰਮਗਤੀ ਦਾ ਰਾਹ ਚੁਣਦੇ ਹੀ ਵਿਖਾਇਆ ਗਿਆ, ਜਿਵੇਂ ਸੱਸੀ ਦੀ ਮਾਂ ਸੱਸੀ ਨੂੰ ਸਮਝਾਉਂਦੀ ਹੈ:
ਮਾਉਂ ਫੇਰ ਸੱਸੀ ਨੂੰ ਆਖੇ, “ਨਾ ਚੜ੍ਹ ਚਿਖਾ ਦੀਵਾਨੀ ।
ਕਦ ਤੂੰ ਜਾਇ ਬਲੋਚਾਂ ਮਿਲਸੇਂ, ਪੈਰੀਂ ਟੁਰਨ ਬਿਗਾਨੀ ।
ਤੇ ਸੱਸੀ ਅੱਗੋਂ ਦਲੇਰਾਨਾ ਜਵਾਬ ਦਿੰਦੀ ਹੈ:
“ਤੁਰਸਾਂ ਮੂਲ ਨਾ ਮੁੜਸਾਂ ਰਾਹੋਂ, ਜਾਨ ਤਲੀ ਪਰ ਧਰਸਾਂ ।
ਜਬ ਲਗ ਸਾਸ ਨਿਰਾਸ ਨਾ ਹੋਵਾਂ, ਮਰਨੋਂ ਮੂਲ ਨਾ ਡਰਸਾਂ ।
ਜੇ ਰੱਬ ਕੁਝ ਸੱਸੀ ਦੀ ਸੁਣਸੀ, ਜਾ ਪਲਾ ਉਸ ਫੜਸਾਂ ।
ਹਾਸ਼ਮ ਨਹੀਂ ਸ਼ਹੀਦ ਹੋ ਵੈਸਾਂ, ਥਲ ਮਾਰੂ ਵਿਚ ਮਰਸਾਂ” ।
ਜਾਂ “ਜੱਟ ਚੜ੍ਹਦੇ ਮਿਰਜ਼ੇ ਖਾਨ ਨੂੰ, ਵੱਡੀ ਭਾਬੀ ਲੈਂਦੀ ਥੰਮ੍ਹ …”
ਡਾ. ਸਾਹਿਬ ਨੇ ਕਿਹਾ ਕਿ ਹਕੂਮਤਾਂ ਖਿਲਾਫ ਨਾਬਰੀ ਸੁਰ ਪੰਜਾਬੀ ਕਾਵਿ ਵਿੱਚ ਮੁੱਖ ਸੁਰ ਹੈ, ਇਹ ਫਾਰਸੀ ਜਾਂ ਉਰਦੂ ਵਿੱਚ ਨਹੀਂ ਮਿਲ਼ਦੀ, ਏਥੋਂ ਤੱਕ ਕਿ ਅੰਗ੍ਰੇਜ਼ੀ ਵਿੱਚ ਵੀ ਨਹੀਂ। ਸਿਰਫ ਰਣਜੀਤ ਸਿੰਘ ਦੇ ਰਾਜ ਵਿੱਚ ਆ ਕੇ ਇਹ ਸੁਰ ਮੱਠੀ ਪੈਂਦੀ ਹੈ ਜਦੋਂ ਕਾਦਰਯਾਰ ਵਰਗੇ ਸ਼ਾਇਰ ਸ਼ਾਇਰੀ ਦਾ ਧਿਆਨ ਹਕੂਮਤਾਂ ਵੱਲੋਂ ਮੋੜਦੇ ਦਿੱਸਦੇ ਹਨ।
ਡਾ. ਸਾਹਿਬ ਨੇ ਕਿਹਾ ਕਿ ਮੁੱਢ ਤੋਂ ਹੀ ਪੰਜਾਬੀ ਸਾਹਿਤ ਦੀ “ਮੂਲ਼ ਚੂਲ਼” ਨਾਰੀ-ਮੁਖੀ ਵੀ ਰਹੀ ਹੈ। ਬਾਬਾ ਫ਼ਰੀਦ ਲਈ ਮਾਂ-ਮੁਹੱਬਤ, ਸੱਚ ਅਤੇ ਰੱਬ ਸਭ ਇੱਕੋ ਲੜੀ ਵਿੱਚ ਆਉਂਦੇ ਹਨ। ਬਾਬਾ ਨਾਨਕ ਆਤਮਾ-ਪਰਮਾਤਮਾ ਦੇ ਮੇਲ਼ ਵਿੱਚ ਪਰਮਾਤਮਾ ਪਾਉਣ ਲਈ ਔਰਤ ਹੋਣ ਦੀ ਗੱਲ ਕਰਦਾ ਹੈ। ਕਿੱਸਾ-ਕਾਵਿ ਵਿੱਚ ਸਾਰੀਆਂ ਔਰਤਾਂ ਸੂਰਮਗਤੀ ਵਿਖਾਉਂਦੀਆਂ ਹੋਈਆਂ ਮਰਦ ਤੋਂ ਤਾਕਤਵਰ ਪੇਸ਼ ਕੀਤੀਆਂ ਗਈਆਂ ਹਨ। ਚੰਡੀ ਦੀ ਵਾਰ ਵਿੱਚ ਗੁਰੂ ਗੋਬਿੰਦ ਸਿੰਘ ਵੀ ਔਰਤ ਨੂੰ ਮਹਾਨ ਵਿਖਾਉਂਦੇ ਹਨ, ਬੇਸ਼ੱਕ ਉਨ੍ਹਾਂ ਨੇ ਇਸ ਕਥਾ ਦਾ ਆਧਾਰ ਮਾਰਕੰਡੇ ਪਰਾਣ ਦੀ ਲਿਖਤ ਨੂੰ ਹੀ ਬਣਾਇਆ ਹੈ। ਵਾਰਿਸ ਸ਼ਾਹ ਵੱਲੋਂ ਲਿਖੀ ਗਈ ਹੀਰ ਵਿੱਚ ਹੀਰ ਰਾਹੀਂ ਉਸ ਸਮੇਂ ਦੀ ਔਰਤ ਦੀ ਸਥਿਤੀ ਦੀ ਝਲਕ ਮਿਲ਼ਦੀ ਹੈ ਜਦੋਂ ਪੁੱਤ ਦੀ ਧਮਕੀ ਤੋਂ ਡਰਦੀ ਹੀਰ ਦੀ ਮਾਂ ਹੀਰ ਨੂੰ ਸਮਝਾਉਂਦੀ ਹੈ ਪਰ ਹੀਰ ਆਪਣੀ ਮਾਂ ਨੂੰ ਆਖਦੀ ਹੈ:
ਅੰਮਾਂ ਬਸ ਕਰ ਗਾਲ੍ਹੀਆਂ ਦੇ ਨਾਹੀਂ, ਗਾਲ੍ਹੀ ਦਿੱਤੀਆਂ ਵੱਡੜਾ ਪਾਪ ਆਵੇ।
ਨਿਉਂ ਰਬ ਦੀ ਪੱਟਣੀ ਖਰੀ ਔਖੀ, ਧੀਆਂ ਮਾਰਿਆਂ ਵੱਡਾ ਸਰਾਪ ਆਵੇ ।
ਉਨ੍ਹਾਂ ਕਿਹਾ ਕਿ ਸ਼ਾਹ ਮੁਹੰਮਦ ਦੀ ਸ਼ਾਇਰੀ ਔਰਤ ਦੇ ਦਰਦ ਦਾ ਦਰਿਆ ਹੈ ਜਿਸ ਵਿੱਚ ਉਸ ਸਮੇਂ ਦੀ ਔਰਤ ਦੇ ਦੁੱਖ ਨੂੰ ਸਾਂਭਿਆ ਗਿਆ ਹੈ:
ਚੂੜੇ ਲਹਿਣਗੇ ਬਹੁਤ ਸੁਹਾਗਣਾਂ ਦੇ, ਨੱਥ ਚੌਂਕ ਤੇ ਵਾਲੀਆਂ ਡੰਡੀਆਂ ਨੀ।
ਸ਼ਾਹ ਮੁਹੰਮਦਾ ਪੈਣਗੇ ਵੈਣ ਡੂੰਗੇ, ਜਦੋਂ ਹੋਣ ਪੰਜਾਬਣਾਂ ਰੰਡੀਆਂ ਨੀ।
ਡਾ. ਨਾਹਰ ਸਿੰਘ ਨੇ ਕਿਹਾ ਕਿ ਅੱਜ ਦੇ ਦੌਰ ਵਿੱਚ ਸੁਰਜੀਤ ਪਾਤਰ ਨਾਲੋਂ ਵੱਧ ਸ਼ਿਵ ਨੇ ਨਾਬਰੀ ਚੇਤਨਾ ਨੂੰ ਉਭਾਰਿਆ ਹੈ, ਖ਼ਾਸ ਕਰਕੇ ਆਪਣੇ ਕਾਵਿ ਨਾਟਕ ‘ਲੂਣਾਂ ਵਿੱਚ। ਉਨ੍ਹਾਂ ਕਿਹਾ ਕਿ ਸ਼ਿਵ ਕੋਲ਼ ਡੂੰਘੀ ਸੰਵੇਦਨਾ ਅਤੇ ਪੰਜਾਬੀਅਤ ਦੀ ਚੇਤਨਾ ਸੀ। ਡਾ. ਨਾਹਰ ਸਿੰਘ ਨੇ ਕਿਹਾ ਕਿ ਏਥੇ ਮਰਦ ਦੀ ਦੋਫਾੜ ਚੇਤਨਾ ਵੀ ਨਜ਼ਰ ਆਉਂਦੀ ਹੈ ਕਿ ਉਹ ਸਮਾਜ ਵਿੱਚ ਔਰਤ ਨੂੰ ਸਮਝਦਾ ਦੂਸਰੇ ਦਰਜੇ ਦੀ ਹੈ ਪਰ ਸਾਹਿਤ ਵਿੱਚ ਮਰਦ ਨਾਲੋਂ ਮਜ਼ਬੂਤ ਪੇਸ਼ ਕੀਤੀ ਗਈ ਹੈ।
ਅਖੀਰ ਤੇ ਉਨ੍ਹਾਂ ਇਸ ਗੱਲ ਦਾ ਅਫ਼ਸੋਸ ਵੀ ਕੀਤਾ ਕਿ ਜਿੱਥੇ ਸਾਡੇ ਵਡੇਰੇ ਸਾਹਿਤਕਾਰ ਪੰਜਾਬੀ ਦੇ ਦਿਲਾਂ ਦੀ ਧੜਕਣ ਬਣੇ ਰਹੇ ਓਥੇ ਮੌਜੂਦਾ ਦੌਰ ਵਿੱਚ ਇਹ ਗੁਣ ਗਾਇਬ ਹੈ। ਅੱਜ ਹੂਤ-ਹਾਤ ਦੀ ਸ਼ਾਇਰੀ ਰਹਿ ਗਈ ਹੈ ਜੋ ਗਲੋਬਲਾਈਜੇਸ਼ਨ ਦਾ ਵਿਰੋਧ ਕਰਨ ਦੀ ਬਜਾਇ ਉਸਨੂੰ ਅਪਣਾਉਂਦੀ ਹੋਈ ਪ੍ਰਤੀਤ ਹੋ ਰਹੀ ਹੈ।
ਇਸਤੋਂ ਇਲਾਵਾ ਪੂਰਨ ਸਿੰਘ ਪਾਂਧੀ ਜੀ ਦੀ ਨਵੀਂ ਕਿਤਾਬ ‘ਸੱਚ ਵੱਲ ਖੁੱਲ੍ਹਦਾ ਬੂਹਾ’ ਵੀ ਲੋਕ ਅਰਪਨ ਕੀਤੀ ਗਈ।
ਜਸਵਿੰਦਰ ਸੰਧੂ, ਇੰਦਰਦੀਪ ਸਿੰਘ ਅਤੇ ਈਸਰ ਸਿੰਘ ਹੁਰਾਂ ਵੀ ਆਪਣੇ ਵਿਚਾਰ ਪੇਸ਼ ਕੀਤੇ। ਸ਼ਾਇਰੀ ਦੇ ਦੌਰ ਵਿੱਚ ਰਿੰਟੂ ਭਾਟੀਆ, ਹਰਮੇਸ਼ ਸਿੰਘ, ਸੁਰਿੰਦਰਜੀਤ ਕੌਰ ਗਿੱਲ, ਜਤਿੰਦਰ ਰੰਧਾਵਾ, ਜਸਵਿੰਦਰ ਸੰਧੂ, ਨੌਜਵਾਨ ਸ਼ਾਇਰ ਕਰਨਵੀਰ ਧਾਲੀਵਾਲ, ਪ੍ਰਭਜੋਤ ਰਾਠੌਰ, ਪਰਮਿੰਦਰ ਗੋਗੀ, ਸੁਖਚਰਨਜੀਤ ਕੌਰ ਗਿੱਲ, ਅਜੀਤ ਸਿੰਘ ਰੱਖੜਾ ਅਤੇ ਬਲਵਿੰਦਰ ਬਰਾੜ ਨੇ ਭਾਗ ਲਿਆ । ਇਸਤੋਂ ਇਲਾਵਾ ਗੈਰੀ ਬਟਲਾਲਵੀ, ਕਾਮਰੇਡ ਲਾਲ ਸਿੰਘ ਬੈਂਸ, ਕਿਰਪਾਲ ਸਿੰਘ ਪੰਨੂੰ, ਕਿਰਪਾਲ ਕੰਵਲ, ਪਰਮਜੀਤ ਦਿਓਲ ਅਤੇ ਹਰਦਿਆਲ ਸਿੰਘ ਝੀਤਾ ਵੀ ਹਾਜ਼ਰ ਸਨ।

