Nov 18, 2026

ਢਾਹਾਂ ਸਾਹਿਤ ਪੁਰਸਕਾਰ ਦੀ ਫਾਇਨਲਿਸਟ ਨਾਲ ਯੂਥ ਵਰਕਸ਼ਾਪ ਦਾ ਆਯੋਜਨ-

ਐਬਸਫੋਰਡ ( ਦੇ ਪ੍ਰ ਬਿ)- ਬੀਤੇ ਦਿਨ ਢਾਹਾਂ ਸਾਹਿਤ ਪੁਰਸਕਾਰ ਦੇ ਤਿੰਨ ਫਾਇਨਲਿਸਟਾਂ ਚੋਂ ਉਘੀ ਕਹਾਣੀਕਾਰਾ ਰਾਜਪ੍ਰੀਤ ਕੌਰ ਬੈਨੀਪਾਲ ਜਿਹਨਾਂ ਦੀ ਪੁਸਤਕ ਕਬਰਾਂ ਵਿਚ ਉੱਗੇ ਫੁੱਲ ਪੁਰਸਕਾਰ ਲਈ ਚੁਣੀ ਗਈ ਹੈ, ਨਾਲ ਇਕ ਰੂਬਰੂ ਪ੍ਰੋਗਰਾਮ ਅਤੇ ਯੂਥ ਵਰਕਸ਼ਾਪ ਦਾ ਆਯੋਜਨ ਦਸਮੇਸ਼ ਪੰਜਾਬੀ ਸਕੂਲ ਦੇ ਵਿਦਿਆਰਥੀਆਂ ਨਾਲ ਕੀਤਾ ਗਿਆ। ਇਸ ਮੌਕੇ ਸਕੂਲ ਦੇ ਪ੍ਰਿੰਸੀਪਲ ਜਸਪਾਲ ਸਿੰਘ ਧਾਲੀਵਾਲ ਵਲੋਂ ਆਏ ਮਹਿਮਾਨਾਂ ਦਾ ਸਵਾਗਤ ਕੀਤਾ ਤੇ ਉਹਨਾਂ ਨੂੰ ਵਿਦਿਆਰਥੀਆਂ ਦੇ ਰੂਬਰੂ ਕਰਵਾਇਆ। ਲੇਖਕਾ ਰਾਜਪ੍ਰੀਤ ਕੌਰ ਬੈਨੀਪਾਲ ਨਾਲ ਮੰਚ ਤੇ ਢਾਹਾਂ ਪੁਰਸਕਾਰ ਦੇ ਮੁਖੀ ਬਰਜ ਢਾਹਾਂ ਤੇ ਉਹਨਾਂ ਦੇ ਵੱਡੇ ਭੈਣਜੀ ਹਰਿੰਦਰ ਕੌਰ ਢਾਹਾਂ ਸੁਸ਼ੋਭਿਤ ਹੋਏ। ਰੂਬਰੂ ਅਤੇ ਵਰਕਸ਼ਾਪ ਦੀ ਸ਼ੁਰੂਆਤ ਕਰਦਿਆਂ ਬਰਜ ਢਾਹਾਂ ਨੇ ਲੇਖਕਾ ਰਾਜਪ੍ਰੀਤ ਕੌਰ ਬੈਨੀਪਾਲ ਅਤੇ ਇਨਾਮ ਲਈ ਚੁਣੀ ਗਈ ਉਹਨਾਂ ਦੀ ਪੁਸਤਕ ਕਬਰਾਂ ਵਿਚ ਉਗੇ ਫੁਲ ਦੀ ਜਾਣਕਾਰੀ ਦਿੰਦਿਆਂ ਉਹਨਾਂ ਨੂੰ ਵਿਦਿਆਰਥੀਆਂ ਨੂੰ ਮੁਖਾਤਿਬ ਹੋਣ ਦਾ ਸੱਦਾ ਦਿੱਤਾ। ਲੇਖਕਾ ਰਾਜਪ੍ਰੀਤ ਕੌਰ ਬੈਨੀਪਾਲ ਨੇ ਆਪਣੇ ਪਿਛੋਕੜ, ਜੀਵਨ ਅਤੇ ਸਾਹਿਤ ਰਚਨਾ ਬਾਰੇ ਵਿਸਥਾਰਤ ਗੱਲਬਾਤ ਕੀਤੀ। ਉਹਨਾਂ ਵਿਦਿਆਰਥੀਆਂ ਵਲੋਂ ਉਹਨਾਂ ਦੇ ਜੀਵਨ ਅਤੇ ਸਾਹਿਤ ਰਚਨਾ ਬਾਰੇ ਪੁੱਛੇ ਗਏ ਵੱਖ-ਵੱਖ ਸਵਾਲਾਂ ਦੇ ਭਾਵਪੂਰਤ ਅਤੇ ਬੱਚਿਆਂ ਦੀ ਜਗਿਆਸਾ ਪੂਰਤੀ ਵਾਲੇ ਜਵਾਬ ਦਿੱਤੇ। ਉਹਨਾਂ ਨੇ ਆਪਣੀ ਕਹਾਣੀ ਪੁਸਤਕ ਕਬਰਾਂ ਵਿਚ ਉਗੇ ਫੁੱਲ ਨੂੰ ਢਾਹਾਂ ਸਾਹਿਤ ਪੁਰਸਕਾਰ ਲਈ ਚੁਣੇ ਜਾਣ ਲਈ ਬਹੁਤ ਵੱਡਾ ਮਾਣ ਦੱਸਦਿਆਂ ਕਿਹਾ ਕਿ ਇਸ ਪੁਰਸਕਾਰ ਦੀ ਖਬਰ ਸੁਣਕੇ ਉਹਨਾਂ ਨੂੰ ਲੱਗਾ ਕਿ ਉਹਨਾਂ ਦੀ ਸਾਹਿਤ ਰਚਨਾ ਦੇ ਯਤਨ ਜਾਂ ਮਿਹਨਤ ਸਾਰਥਿਕ ਹੋ ਗਈ ਹੈ। ਉਹਨਾਂ ਆਪਣੀ ਕਹਾਣੀ ਦੀ ਪ੍ਰੇਰਨਾ ਅਤੇ ਗਾਜ਼ਾ ਪੱਟੀ ਵਿਚ ਰਹਿ ਰਹੇ ਲੋਕਾਂ ਦੇ ਦਰਦ ਅਤੇ ਬੱਚਿਆਂ ਦੀ ਮਾਨਸਿਕਤਾ ਉਪਰ ਪੈ ਰਹੇ ਇਸਦੇ ਅਸਰ ਬਾਰੇ ਗੱਲ ਕਰਦਿਆਂ ਕਹਾਣੀ ਦੀ ਬਣਤਰ, ਪਾਤਰ ਉਸਾਰੀ ਅਤੇ ਇਸਦੇ ਸਮਾਜ ਅਤੇ ਮਨੁੱਖੀ ਮਨ ਉਪਰ ਪ੍ਰਭਾਵਾਂ ਬਾਰੇ ਗੱਲਾਂ ਕੀਤੀਆਂ। ਇਸ ਉਪਰੰਤ ਸਕੂਲ ਦੀ ਤਰਫੋ ਪ੍ਰਿੰਸੀਪਲ ਜਸਪਾਲ ਸਿੰਘ ਧਾਲੀਵਾਲ, ਵਾਈਸ ਪ੍ਰਿੰਸੀਪਲ ਹਰਭਜਨ ਕੌਰ ਅਟਵਾਲ ਸਕੂਲ ਮੈਨਜਮੈਂਟ ਦੇ ਪ੍ਰੈਜੀਡੈਂਟ ਗੁਰਪਿਆਰ ਸਿੰਘ ਰੋਮਾਣਾ, ਸਕੂਲ ਮੈਨੇਜਰ ਲਵਰਾਜ ਸਿੰਘ ਗਰੇਵਾਲ ਤੇ ਹੋਰ ਸੀਨੀਅਰ ਸਟਾਫ ਮੈਂਬਰਾਂ ਵਲੋਂ ਲੇਖਕਾ ਰਾਜਪ੍ਰੀਤ ਕੌਰ ਬੈਨੀਪਾਲ ਦਾ ਸਨਮਾਨ ਕੀਤਾ ਗਿਆ। ਲੇਖਕਾ ਬੈਨੀਪਾਲ ਵਲੋਂ ਆਪਣੀ ਪੁਸਤਕ ਦੀ ਇਕ ਕਾਪੀ ਪ੍ਰਿੰਸੀਪਲ ਜਸਪਾਲ ਸਿੰਘ ਧਾਲੀਵਾਲ ਨੂੰ ਭੇਟ ਕੀਤੀ ਗਈ। ਲੇਖਕਾ ਵਲੋਂ ਇਸ ਮੌਕੇ ਦੇਸ਼ ਪ੍ਰਦੇਸ ਟਾਈਮਜ਼ ਦੇ ਸੰਪਾਦਕ ਸੁਖਵਿੰਦਰ ਸਿੰਘ ਚੋਹਲਾ ਨੂੰ ਵੀ ਪੁਸਤਕ ਦੀ ਕਾਪੀ ਪ੍ਰੇਮ ਸਾਹਿਤ ਭੇਟ ਕੀਤੀ ਗਈ।

ਦਸਮੇਸ਼ ਪੰਜਾਬੀ ਸਕੂਲ ਦੇ ਵਿਦਿਆਰਥੀਆਂ ਨੂੰ ਢਾਹਾਂ ਸਾਹਿਤ ਪੁਰਸਕਾਰ ਜੇਤੂ ਲੇਖਕ ਨਾਲ ਮੁਲਾਕਾਤ ਅਤੇ ਸਾਹਿਤ ਰਚਨਾ ਬਾਰੇ ਗੱਲਬਾਤ ਸਕੂਲੀ ਵਿਦਿਆਰਥੀਆਂ ਨੂੰ ਪੰਜਾਬੀ ਸਾਹਿਤ ਪ੍ਰਤੀ ਪ੍ਰੇਰਿਤ ਤੇ ਉਤਸ਼ਾਹਿਤ ਕਰਨ ਲਈ ਇਹ ਨਿਵੇਕਲਾ ਯਤਨ ਕਾਫੀ ਸ਼ਲਾਘਾਯੋਗ ਰਿਹਾ।

ਜਿ਼ਕਰਯੋਗ ਹੈ ਕਿ ਢਾਹਾਂ ਸਾਹਿਤ ਪੁਰਸਕਾਰ ਕਮੇਟੀ ਵਲੋਂ ਇਸ ਸਾਲ ਪਾਕਿਸਤਾਨੀ ਪੰਜਾਬੀ ਲੇਖਕ ਅਕਮਲ ਸ਼ਹਿਜ਼ਾਦ ਘੁੰਮਣ ਦੇ ਨਾਵਲ ਪਰਛਾਵਾਂ, ਐਂਬਰ ਹੁਸੈਨੀ ਦੇ ਨਾਵਲ ਨਵਾਂ ਪਿੰਡ ਅਤੇ ਰਾਜਪ੍ਰੀਤ ਕੌਰ ਬੈਨੀਪਾਲ ਦੇ ਕਹਾਣੀ ਸੰਗ੍ਰਹਿ ਕਬਰਾਂ ਵਿਚ ਉਗੇ ਫੁਲ ਨੂੰ  ਚੁਣਿਆ ਗਿਆ ਹੈ। ਇਹਨਾਂ ਤਿੰਨਾਂ ਵਿਚੋਂ ਪਹਿਲਾ ਇਨਾਮ 25 ਹਜ਼ਾਰ ਡਾਲਰ ਅਤੇ ਦੂਸਰੇ ਦੋ ਇਨਾਮ 10-10 ਹਜ਼ਾਰ ਡਾਲਰ ਦੇ ਹੋਣਗੇ ਜਿਹਨਾਂ ਦਾ ਐਲਾਨ 18 ਨਵੰਬਰ ਨੂੰ ਇਕ ਸਮਾਗਮ ਦੌਰਾਨ ਕੀਤਾ ਜਾਵੇਗਾ ਅਤੇ ਜੇਤੂ ਲੇਖਕਾਂ ਨੂੰ ਸਨਮਾਨਿਤ ਕੀਤਾ ਜਾਵੇਗਾ।

 

 

Leave a Reply

Your email address will not be published. Required fields are marked *