ਛੇਹਰਟਾ – (ਰਾਜ-ਤਾਜ) ਬਾਬਾ ਬੁੱਢਾ ਸਾਹਿਬ ਜੀ ਦੀ ਅੰਸ਼ ਬੰਸ਼ ਪ੍ਰੋਫੈਸਰ ਬਾਬਾ ਨਿਰਮਲ ਸਿੰਘ ਰੰਧਾਵਾ ਸਪੁੱਤਰ ਸੰਤ ਅਮਰੀਕ ਸਿੰਘ ਰੰਧਾਵਾ ਮੁੱਖੀ ਸੰਪਰਦਾ ‘ਬਾਬਾ ਸਹਾਰੀ ਗੁਰੂ ਕਾ ਹਾਲੀ ਰੰਧਾਵਾ’, ਗੁਰੂ ਕੀ ਵਡਾਲੀ-ਛੇਹਰਟਾ ਵਲੋਂ ਗਾਗਰੀ ਜਥੇ ਅਤੇ ਸੰਗਤਾਂ ਸਮੇਤ ਅੰਮ੍ਰਿਤਸਰ ਦੇ ਪੰਜ ਸਰੋਵਰਾਂ (ਸ੍ਰੀ ਸੰਤੋਖਸਰ ਸਾਹਿਬ, ਸ੍ਰੀ ਰਾਮਸਰ ਸਾਹਿਬ, ਸ੍ਰੀ ਬਿਬੇਕਸਰ ਸਾਹਿਬ, ਸ੍ਰੀ ਕੌਲਸਰ ਸਾਹਿਬ ਅਤੇ ਸ੍ਰੀ ਅੰਮ੍ਰਿਤਸਰ ਸਾਹਿਬ) ਦੇ ਪਵਿੱਤਰ ਜਲ ਦੀ ਲਿਜਾਈ ਗਈ ਗਾਗਰ ਤਖ਼ਤ ਸੱਚਖੰਡ ਸ੍ਰੀ ਹਜ਼ੂਰ ਸਾਹਿਬ ਨਾਂਦੇੜ ਦੇ ਸਾਲਾਨਾ ਤਖ਼ਤ ਇਸ਼ਨਾਨ ਵਿਚ ਮਰਿਆਦਾ ਨਾਲ ਪ੍ਰਵਾਨ ਹੋਈ ਹੈ । ਗੁ: ਨਗੀਨਾ ਘਾਟ ਸਾਹਿਬ ਨਾਂਦੇੜ ਦੇ ਹੈੱਡ ਗ੍ਰੰਥੀ ਭਾਈ ਪਰਮਜੀਤ ਸਿੰਘ ਵਲੋਂ ਅਰਦਾਸ ਕਰਕੇ ਪ੍ਰੋ: ਬਾਬਾ ਰੰਧਾਵਾ ਅਤੇ ਗਾਗਰੀ ਜਥੇ ਨੂੰ ਸਿਰੋਪਾਓ ਪਾਕੇ ਤਖ਼ਤ ਸ੍ਰੀ ਹਜ਼ੂਰ ਸਾਹਿਬ ਦੇ ਇਸ਼ਨਾਨ ਲਈ ਰਵਾਨਾ ਕੀਤਾ ਗਿਆ । ਗਾਗਰੀ ਜਥਾ ਅਤੇ ਬੇਅੰਤ ਸੰਗਤਾਂ ਨੇ ਸਤਿਨਾਮੁ ਵਾਹਿਗੁਰੂ ਦਾ ਜਾਪ ਕਰਦਿਆਂ ਤਖ਼ਤ ਸੱਚਖੰਡ ਸ੍ਰੀ ਹਜ਼ੂਰ ਸਾਹਿਬ ਵਿਖੇ ਪਹੁੰਚਣਾ ਕੀਤਾ । ਪ੍ਰੋ: ਬਾਬਾ ਰੰਧਾਵਾ ਵਲੋਂ ਤਖ਼ਤ ਇਸ਼ਨਾਨ ਲਈ ਲਿਜਾਈ ਗਈ ਗਾਗਰ ਨੂੰ ਤਖ਼ਤ ਸਾਹਿਬ ਦੇ ਮੁੱਖ ਜਥੇਦਾਰ ਬਾਬਾ ਕੁਲਵੰਤ ਸਿੰਘ ਜੀ ਨੂੰ ਭੇਟ ਕੀਤਾ ਗਿਆ, ਜਿਨ੍ਹਾਂ ਵਲੋਂ ਗਾਗਰ ਦੇ ਜਲ ਨੂੰ ਤਖ਼ਤ ਸਾਹਿਬ ਦੇ ਗਾਗਰੀ ਸਿੰਘ ਵਲੋਂ ਗੋਦਾਵਰੀ ਵਿਚੋਂ ਭਰਕੇ ਲਿਆਂਦੀਆਂ ਗਈਆਂ ਤਿੰਨ ਗਾਗਰਾਂ ਦੇ ਜਲ ਵਿਚ ਰਲਾਕੇ ਅਤੇ ਕੱਚਾ ਦੁੱਧ ਪਾਕੇ ਤਖ਼ਤ ਸਾਹਿਬ ਦਾ ਇਸ਼ਨਾਨ ਕਰਵਾਇਆ ਗਿਆ । ਗਾਗਰ ਦੀ ਸੇਵਾ ਵਿਚ ਪ੍ਰੋ: ਬਾਬਾ ਨਿਰਮਲ ਸਿੰਘ ਰੰਧਾਵਾ ਤੋਂ ਇਲਾਵਾ ਭਾਈ ਅਜਮੇਰ ਸਿੰਘ ਭੈਲ, ਸਿੰਘ, ਭਾਈ ਅਜਮੇਰ ਸਿੰਘ ਭੈਲ, ਬਾਬਾ ਰਘਬੀਰ ਸਿੰਘ ਰੰਧਾਵਾ, ਭਾਈ ਗੁਰਜਿੰਦਰ ਸਿੰਘ ਲੁਧਿਆਣਾ, ਬੀਬੀ ਪਰਮਜੀਤ ਕੌਰ, ਭਾਈ ਯਾਦਵਿੰਦਰ ਸਿੰਘ ਪਟਿਆਲਾ, ਭਾਈ ਹਰਜਿੰਦਰ ਸਿੰਘ ਗੜੀ ਸਾਹਿਬ, ਬਾਬਾ ਸੁਬੇਗ ਸਿੰਘ, ਬਾਬਾ ਗੁਰਪ੍ਰੀਤ ਸਿੰਘ ਜਗਾਧਰੀ, ਬੀਬੀ ਸਤਵਿੰਦਰ ਕੌਰ ਰੰਧਾਵਾ, ਬੀਬੀ ਪਰਮਿੰਦਰ ਕੌਰ, ਬੀਬੀ ਕੁਲਵੰਤ ਕੌਰ ਗੁਰਦਾਸਪੁਰ ਅਤੇ ਹੋਰ ਬੇਅੰਤ ਸੰਗਤਾਂ ਸ਼ਾਮਲ ਸਨ । ਯਾਦ ਰਹੇ ਕਿ ਪ੍ਰੋ: ਬਾਬਾ ਰੰਧਾਵਾ ਤਖ਼ਤ ਸਾਹਿਬ ਦੇ ਸਾਲਾਨਾ ਇਸ਼ਨਾਨ ਲਈ ਲਗਾਤਾਰ 16 ਸਾਲਾਂ ਤੋਂ ਤਖਤ ਸਾਹਿਬ ਦੇ ਇਸ਼ਨਾਨ ਦੀ ਸੇਵਾ ਲਈ ਅੰਮ੍ਰਿਤਸਰ ਦੇ ਪੰਜ ਸਰੋਵਰਾਂ ਦੇ ਜਲ ਦੀ ਗਾਗਰ ਭੇਟ ਕਰਦੇ ਆ ਰਹੇ ਹਨ । ਪ੍ਰੋ: ਬਾਬਾ ਰੰਧਾਵਾ ਅਤੇ ਗਾਗਰੀ ਜਥੇ ਨੂੰ ਤਖ਼ਤ ਸ੍ਰੀ ਹਜ਼ੂਰ ਸਾਹਿਬ ਜੀ ਦੇ ਜਥੇਦਾਰ ਬਾਬਾ ਕੁਲਵੰਤ ਸਿੰਘ ਜੀ, ਤਖ਼ਤ ਸਾਹਿਬ ਬੋਰਡ ਦੇ ਸੈਕਟਰੀ ਅਰਵਿੰਦਰ ਸਿੰਘ ਬੁੰਗਈ, ਰਹਿਰਾਸੀਏ ਭਾਈ ਪਰਮਵੀਰ ਸਿੰਘ ਅਤੇ ਕਾਰ ਸੇਵਾ ਲੰਗਰ ਬਾਬਾ ਨਿਧਾਨ ਸਿੰਘ ਵਾਲੇ ਮਹਾਂਪੁਰਸ਼ ਬਾਬਾ ਬਲਵਿੰਦਰ ਸਿੰਘ ਵਲੋਂ ਗੁਰੂ ਜੀ ਦੀ ਬਖਸ਼ਿਸ਼ ਸਿਰੋਪਾਓ ਪਾਕੇ ਕੇ ਸਨਮਾਨਿਤ ਕੀਤਾ ਗਿਆ ।

