10-10 ਹਜ਼ਾਰ ਡਾਲਰ ਦੇ ਇਨਾਮ ਅੰਬਰ ਹੁਸੈਨੀ ਤੇ ਰਾਜਪ੍ਰੀਤ ਕੌਰ ਬੈਨੀਪਾਲ ਨੂੰ-
ਸਰੀ ( ਦੇ ਪ੍ਰ ਬਿ)– ਪੰਜਾਬੀ ਗਲਪ ਲਈ ਵਿਸ਼ਵ ਦੇ ਸਭ ਤੋਂ ਵੱਡੀ ਇਨਾਮੀ ਰਾਸ਼ੀ (51 ਹਜ਼ਾਰ ਡਾਲਰ ) ਵਾਲੇ ਢਾਹਾਂ ਸਾਹਿਤ ਪੁਰਸਕਾਰਾਂ ਲਈ ਅੱਜ 25 ਹਜ਼ਾਰ ਡਾਲਰ ਦੇ ਪਹਿਲੇ ਇਨਾਮ ਲਈ ਪਾਕਿਸਤਾਨੀ ਲੇਖਕ ਅਕਮਲ ਸ਼ਹਿਜ਼ਾਦ ਘੁੰਮਣ ਦੇ ਨਾਵਲ ”ਪਰਛਾਵਾਂ” ਨੂੰ ਚੁਣਿਆ ਗਿਆ। 10-10 ਹਜ਼ਾਰ ਦੇ ਦੂਸਰੇ ਦੋ ਇਨਾਮ ਸਰਗੋਧਾ, ਪਾਕਿਸਤਾਨ ਦੀ ਲੇਖਕਾ ਅੰਬਰ ਹੂਸੈਨੀ ਦੇ ਨਾਵਲ ”ਨਵਾਂ ਪਿੰਡ” ਅਤੇ ਖੰਨਾ, ਪੰਜਾਬ ਤੋਂ ਕਹਾਣੀਕਾਰਾ ਰਾਜਪ੍ਰੀਤ ਕੌਰ ਬੈਨੀਪਾਲ ਦੇ ਕਹਾਣੀ ਸੰਗ੍ਰਹਿ ”ਕਬਰਾਂ ਵਿਚ ਉਗੇ ਫੁਲ” ਨੂੰ ਦਿੱਤੇ ਗਏ। ਅੱਜ ਸਰੀ ਦੇ ਨਾਰਥਵਿਊ ਗੋਲਫ ਕੋਰਸ ਵਿਚ ਹੋਏ 13ਵੇਂ ਸ਼ਾਨਦਾਰ ਸਮਾਗਮ ਦੌਰਾਨ ਉਕਤ ਇਨਾਮਾਂ ਦੀ ਵੰਡ ਕੀਤੀ ਗਈ।
ਇਸ ਤੋਂ ਇਲਾਵਾ, ਤਿੰਨਾਂ ਕਿਤਾਬਾਂ ਨੂੰ ਗੁਰਮੁਖੀ ਜਾਂ ਸ਼ਾਹਮੁਖੀ ਵਿੱਚ ਲਿਪੀਅੰਤਰਿਤ ਕਰਨ ਲਈ 6,000 ਕੈਨੇਡੀਅਨ ਡਾਲਰ ਦੇ ਇਨਾਮ ਵੀ ਦਿੱਤੇ ਗਏ। ਪਾਕਿਸਤਾਨੀ ਲੇਖਕ ਸ਼ਹਿਜ਼ਾਦ ਘੁੰਮਣ ਅਤੇ ਅੰਬਰ ਹੁਸੈਨੀ ਸਮਾਗਮ ਵਿੱਚ ਸ਼ਾਮਲ ਨਹੀਂ ਹੋ ਸਕੇ, ਜਿਸ ਕਾਰਨ ਉਨ੍ਹਾਂ ਵੱਲੋਂ ਭੇਜੇ ਗਏ ਸੰਖੇਪ ਵੀਡੀਓ ਸੰਦੇਸ਼ ਦਰਸ਼ਕਾਂ ਨੂੰ ਦਿਖਾਏ ਗਏ। ਖੰਨਾ, ਪੰਜਾਬ ਤੋਂ ਆਈ ਲੇਖਕਾ ਰਾਜਪ੍ਰੀਤ ਕੌਰ ਬੈਨੀਪਾਲ ਨੇ ਇਹ ਪੁਰਸਕਾਰ ਖੁਦ ਪ੍ਰਾਪਤ ਕੀਤਾ। ਇਸ ਮੌਕੇ ਸਮਾਗਮ ਦੇ ਮੁੱਖ ਮਹਿਮਾਨ ਵਜੋਂ ਸੈਨੇਟਰ ਬਲਤੇਜ ਸਿੰਘ ਢਿੱਲੋ ਨੇ ਸ਼ਮੂਲੀਅਤ ਕੀਤੀ। ਕੁੰਜੀਵਤ ਭਾਸ਼ਨ ਕੈਨੇਡੀਅਨ ਜੰਮਪਲ ਪ੍ਰਸਿਧ ਕਵਿਤਰੀ ਹਰਮਨ ਕੌਰ ਨੇ ਦਿੱਤਾ ਜਦੋਂਕਿ ਕੈਲਗਰੀ ਆਧਾਰਿਤ ਪੰਜਾਬੀ ਫਨਕਾਰ ਜਮਾਲ ਰਾਜਾ ਨੇ ਸੰਗੀਤਕ ਪੇਸ਼ਕਾਰੀ ਦਿੱਤੀ। ਢਾਹਾਂ ਪੁਰਸਕਾਰ ਦੇ ਬਾਨੀ ਬਰਜ ਢਾਹਾਂ ਨੇ ਪੁਰਸਕਾਰ ਪ੍ਰਾਪਤ ਲੇਖਕਾਂ ਨੂੰ ਵਧਾਈ ਦਿੰਦਿਆਂ ਸਮਾਗਮ ਵਿਚ ਪੁੱਜੇ ਮਹਿਮਾਨਾਂ ਦਾ ਧੰਨਵਾਦ ਕੀਤਾ। ਮਹਿਮਾਨਾਂ ਨੂੰ ਸ਼ਾਨਦਾਰ ਰਾਤਰੀ ਭੋਜ ਦਿੱਤਾ ਗਿਆ।


