ਨਿਊਯਾਰਗ- ਅਮਰੀਕਾ ਦੀ ਫੈਡਰਲ ਜਾਂਚ ਏਜੰਸੀ ਐਫ.ਬੀ.ਆਈ. ਨੇ ਸਤਿਇੰਦਰਜੀਤ ਸਿੰਘ ਉਰਫ਼ ਗੋਲਡੀ ਬਰਾੜ ਨੂੰ ਆਪਣੀ ’10 ਮੋਸਟ ਵਾਂਟੇਡ ਭਗੋੜਿਆਂ ਦੀ ਸੂਚੀ ਵਿੱਚ ਸ਼ਾਮਲ ਕੀਤਾ ਹੈ। ਗੋਲਡੀ, ਲਾਰੈਂਸ ਬਿਸ਼ਨੋਈ ਆਰਗੇਨਾਈਜ਼ਡ ਕ੍ਰਾਈਮ ਗਰੁੱਪ ਦਾ ਉੱਤਰੀ ਅਮਰੀਕਾ ਵਿਚ ਮੁੱਖ ਆਗੂ ਹੈ, ਜੋ ਕਿ ਇੱਕ ਅੰਤਰਰਾਸ਼ਟਰੀ ਅਪਰਾਧਿਕ ਸਿੰਡੀਕੇਟ ਹੈ ਅਤੇ ਕਥਿਤ ਤੌਰ ‘ਤੇ ਅਮਰੀਕਾ ਅਤੇ ਕੈਨੇਡਾ ਭਰ ਵਿੱਚ ਹਿੰਸਕ ਅਪਰਾਧਾਂ ਵਿੱਚ ਸ਼ਾਮਲ ਹੈ। ਇਸਤੋਂ ਪਹਿਲਾਂ ਕੈਨੇਡਾ ਪੁਲਿਸ ਵਲੋਂ ਉਸਨੂੰ 25 ਅਤਿ ਲੋੜੀਂਦੇ ਅਪਰਾਧੀਆਂ ਦੀ ਸੂਚੀ ਵਿਚ ਸ਼ਾਮਿਲ ਕਰਦਿਆਂ ਉਸਦੀ ਸੂਹ ਲਈ ਢਾਈ ਲੱਖ ਡਾਲਰ ਦੇ ਇਨਾਮ ਦਾ ਐਲਾਨ ਕੀਤਾ ਗਿਆ ਹੈ।
ਇਨ੍ਹਾਂ ਕਾਰਵਾਈਆਂ ਵਿੱਚ ਸਿਆਸੀ ਅਤੇ ਧਾਰਮਿਕ ਸ਼ਖ਼ਸੀਅਤਾਂ ਦੀਆਂ ਹੱਤਿਆਵਾਂ, ਗੋਲੀਬਾਰੀ, ਕਤਲ, ਅਗਵਾ, ਫਿਰੌਤੀ, ਹਮਲੇ, ਮਨੁੱਖੀ ਤਸਕਰੀ, ਅਤੇ ਨਸ਼ੀਲੇ ਪਦਾਰਥਾਂ ਤੇ ਹਥਿਆਰਾਂ ਦੀ ਤਸਕਰੀ ਸ਼ਾਮਲ ਹੈ। ਵੇਰਵਿਆਂ ਅਨੁਸਾਰ 1 ਜੁਲਾਈ ਨੂੰ ਲਾਸ ਏਂਜਲਸ ਦੀ ਯੂ.ਐਸ. ਜ਼ਿਲ੍ਹਾ ਅਦਾਲਤ ਵਿੱਚ ਸਰਿੰਦਰਜੀਤ ਸਿੰਘ ਦੇ ਖ਼ਿਲਾਫ਼ ਇੱਕ ਸੰਘੀ ਗ੍ਰਿਫ਼ਤਾਰੀ ਵਾਰੰਟ ਜਾਰੀ ਕੀਤਾ ਗਿਆ ਸੀ, ਜਦੋਂ ਉਸ ‘ਤੇ ਰੀਕੋ ਸਾਜ਼ਿਸ਼, ਫਿਰੌਤੀ ਰਾਹੀਂ ਵਪਾਰ ਵਿੱਚ ਦਖ਼ਲਅੰਦਾਜ਼ੀ ਕਰਨ ਅਤੇ ਦਖ਼ਲਅੰਦਾਜ਼ੀ ਦੀ ਕੋਸ਼ਿਸ਼ ਕਰਨ ਦੀ ਸਾਜ਼ਿਸ਼, ਅਤੇ ਨਸ਼ੀਲੇ ਪਦਾਰਥਾਂ (ਨਿਯੰਤਰਿਤ ਪਦਾਰਥਾਂ) ਨੂੰ ਵੰਡਣ ਅਤੇ ਵੰਡਣ ਦੇ ਇਰਾਦੇ ਨਾਲ ਰੱਖਣ ਦੀ ਸਾਜ਼ਿਸ਼ ਦੇ ਦੋਸ਼ ਲਗਾਏ ਗਏ ਸਨ। ਇਸ ਸਬੰਧੀ ਐੱਫ.ਬੀ.ਆਈ. ਲਾਸ ਏਂਜਲਸ ਦੇ ਸਹਾਇਕ ਨਿਰਦੇਸ਼ਕ ਇੰਚਾਰਜ ਪੈਟ੍ਰਿਕ ਗ੍ਰੈਂਡੀ ਨੇ ਕਿਹਾ ਹੈ ਕਿ ਸਤਿਇੰਦਰਜੀਤ ਸਿੰਘ ਨੂੰ ਉਸ ਦੀ ਹਿੰਸਾ ਦੀ ਪ੍ਰਵਿਰਤੀ ਅਤੇ ਵੱਖ-ਵੱਖ ਅਪਰਾਧਾਂ ਦੇ ਆਧਾਰ ’ਤੇ ਐਫ.ਬੀ.ਆਈ. ਦੀ ਬਦਨਾਮ ’10 ਮੋਸਟ ਵਾਂਟੇਡ ਭਗੋੜਿਆਂ’ ਦੀ ਸੂਚੀ ਵਿੱਚ ਸ਼ਾਮਲ ਕੀਤਾ ਗਿਆ ਹੈ।
ਪੁਲੀਸ ਵੱਲੋਂ ਸਤਿੰਦਰਜੀਤ ਸਿੰਘ ਉਰਫ਼ ਗੋਲਡੀ ਬਰਾੜ ਦੇ ਕਈ ਸਹਿਯੋਗੀ ਸਾਥੀਆਂ ਨੂੰ ‘ਆਪਰੇਸ਼ਨ ਹਾਰਡ ਬਾਲ’ ਦੌਰਾਨ ਗ੍ਰਿਫ਼ਤਾਰ ਕੀਤਾ ਗਿਆ ਸੀ। ਇਹ ਭਾਰਤੀ ਅਪਰਾਧਿਕ ਗਰੁੱਪਾਂ ਬਾਰੇ ਕਈ ਸਾਲਾਂ ਤੱਕ ਚੱਲੀ ਇੱਕ ਸੰਘੀ (ਫੈਡਰਲ) ਜਾਂਚ ਸੀ, ਜੋ ਗੈਰ-ਕਾਨੂੰਨੀ ਵਸੂਲੀ, ਨਿਸ਼ਾਨਾ ਬਣਾ ਕੇ ਕੀਤੀਆਂ ਹੱਤਿਆਵਾਂ, ਗੋਲੀਬਾਰੀ, ਫਿਰੌਤੀ ਮੰਗਣ, ਅੰਤਰਰਾਸ਼ਟਰੀ ਸਰਹੱਦਾਂ ਦੇ ਪਾਰ ਵੱਡੀ ਮਾਤਰਾ ਵਿੱਚ ਨਸ਼ੀਲੇ ਪਦਾਰਥਾਂ ਦੀ ਤਸਕਰੀ ਅਤੇ ਦੁਨੀਆ ਭਰ ਵਿੱਚ ਹੋਰ ਅਜਿਹੇ ਅਪਰਾਧਾਂ ਵਿੱਚ ਸ਼ਾਮਲ ਸਨ, ਜਿਨ੍ਹਾਂ ਦਾ ਅਸਰ ਖਾਸ ਤੌਰ ‘ਤੇ ਵਿਦੇਸ਼ਾਂ ਵਿੱਚ ਵਸਦੇ ਭਾਰਤੀ ਭਾਈਚਾਰੇ ‘ਤੇ ਪੈਂਦਾ ਹੈ।
ਗੋਲਡੀ ਬਰਾੜ ਬਾਕੀ ਬਚੇ ਭਗੌੜਿਆਂ ਵਿੱਚੋਂ ਇੱਕ ਹੈ। ਬਾਕੀ ਬਚੇ ਹੋਰ ਭਗੌੜੇ ਮੇਜਰ ਸਿੰਘ, ਸੁਖਰਾਜ ਸਿੰਘ ਕੰਗ, ਨੋ ਨੇਮ ਗਿਵਨ (ਬਿਨਾਂ ਨਾਮ ਵਾਲਾ) ਕਮਲ ਅਤੇ ਗੁਰਪ੍ਰੀਤ ਸਿੰਘ ਹਨ।
