ਟੋਰਾਂਟੋ ( ਸੇਖਾ)- ਕੈਨੇਡਾ ਦੇ ਆਬਾਦੀ ਪੱਖੋ ਸਭ ਤੋਂ ਵੱਡੇ ਸੂਬੇ ਓਂਟਾਰੀਓ ਦੀ ਲਿਬਰਲ ਪਾਰਟੀ ਦੀ ਕਮਾਨ ਸਾਬਕਾ ਕੇਂਦਰੀ ਮੰਤਰੀ ਨਵਦੀਪ ਸਿੰਘ ਬੈਂਸ ਦੇ ਹੱਥ ਆ ਗਈ ਹੈ। ਬੀਤੇ ਦਿਨ ਪਾਰਟੀ ਦੇ ਆਗੂ ਦੀ ਚੋਣ ਲਈ ਤਿੰਨ ਪੜਾਵਾਂ ਵਿੱਚ ਹੋਈ ਚੋਣ ਵਿੱਚ ਨਵਦੀਪ ਬੈਂਸ ਨੇ ਬਹੁਮਤ ਹਾਸਲ ਕਰਕੇ ਚੋਣ ਮੈਦਾਨ ਵਿੱਚ ਕੁੱਦੀ ਲੀ ਫੇਅਰਕਲੌ ਨੂੰ ਪਛਾੜ ਦਿੱਤਾ।
ਪੰਜਾਬ ਦੇ ਜ਼ਿਲ੍ਹਾ ਹੁਸ਼ਿਆਰਪੁਰ ਦੇ ਪਿੰਡ ਤਾਜੇਵਾਲ ਦੇ ਪਿਛੋਕੜ ਵਾਲੇ ਨਵਦੀਪ ਬੈਂਸ ਦੇ ਪਿਤਾ ਬਲਵਿੰਦਰ ਸਿੰਘ ਬੈਂਸ 55 ਕੁ ਸਾਲ ਪਹਿਲਾਂ ਕੈਨੇਡਾ ਆ ਵੱਸੇ ਸਨ। ਨਵਦੀਪ ਬੈਂਸ ਦਾ ਜਨਮ ਟਰਾਂਟੋ ’ਚ ਹੋਇਆ ਤੇ ਬਾਅਦ ਵਿੱਚ ਪਰਿਵਾਰ ਬਰੈਂਪਟਨ ਜਾ ਵੱਸਿਆ। ਐਮ.ਬੀ.ਏ. ਤੱਕ ਪੜ੍ਹਾਈ ਕਰਨ ਤੋਂ ਬਾਅਦ ਨਵਦੀਪ ਬੈਂਸ ਨੇ 2004 ‘ਚ ਸਿਆਸਤ ਵਿੱਚ ਕੁੱਦ ਕੇ ਪਾਰਲੀਮੈਂਟ ਮੈਂਬਰ ਲਈ ਪਹਿਲੀ ਚੋਣ ਲੜੀ ਤੇ ਜਿੱਤ ਕੇ ਪਾਰਟੀ ਦੀ ਝੋਲੀ ਪਾਈ। ਲਗਾਤਾਰ ਪੰਜਵੀਂ ਤੇ ਛੇਵੀਂ ਵਾਰ ਜਿੱਤ ਕੇ ਉਸ ਨੇ ਜਸਟਿਨ ਟਰੂਡੋ ਵਜ਼ਾਰਤਾਂ ਵਿੱਚ ਦੋ ਵਾਰ ਕੇਂਦਰੀ ਮੰਤਰੀ ਬਣ ਕੇ ਸੇਵਾਵਾਂ ਨਿਭਾਈਆਂ। 2021 ਵਿੱਚ ਉਸ ਨੇ ਸਿਆਸਤ ਤੋਂ ਪਾਸਾ ਵੱਟ ਲਿਆ ਤੇ ਕਾਰੋਬਾਰੀ ਦੁਨੀਆ ਨਾਲ ਹੱਥ ਵਟਾ ਲਿਆ। ਪਹਿਲਾਂ ਇੱਕ ਨਿੱਜੀ ਬੈਂਕ ਦੇ ਉੱਚ ਅਹੁਦੇ ‘ਤੇ ਕੰਮ ਕੀਤਾ ਤੇ ਤਿੰਨ ਸਾਲਾਂ ਤੋਂ ਉਹ ਕੈਨੇਡਾ ਦੀ ਸੰਚਾਰ ਪ੍ਰਣਾਲੀ ਵਿੱਚ ਪਹਿਲੇ ਨੰਬਰ ਵਾਲੀ ਕੰਪਨੀ ‘ਚ ਕਾਰਪੋਰੇਟ ਮਾਮਲਿਆਂ ਦੇ ਮੁਖੀ ਵਜੋਂ ਸੇਵਾ ਨਿਭਾ ਰਹੇ ਸਨ।
