Nov 28, 2026

1 ਜੁਲਾਈ 1919 ਨੂੰ ਹੋਇਆ ਸੀ ਪਹਿਲੇ ਗੁਰਦੁਆਰੇ ਦਾ ਰਸਮੀ ਉਦਘਾਟਨ, ਅਜਾਇਬ ਘਰ ਸੰਭਾਲ ਰਿਹੈ ਮਿੱਲ ਬਸਤੀ ਦੀ ਵਿਰਾਸਤ-

ਪਾਲਦੀ (ਵੈਨਕੂਵਰ ਆਇਲੈਂਡ), 27 ਨਵੰਬਰ (ਮਹੇਸ਼ਇੰਦਰ ਸਿੰਘ ਮਾਂਗਟ) — ਡੰਕਨ ਤੋਂ ਕਰੀਬ 11 ਕਿਲੋਮੀਟਰ ਉੱਤਰ-ਪੱਛਮ ਵੱਲ ਕੌਵਿਚਨ ਵੈਲੀ ਵਿੱਚ ਸਥਿਤ ਪਾਲਦੀ ਦਾ ਇਤਿਹਾਸਕ ਗੁਰਦੁਆਰਾ ਸਾਹਿਬ ਇੱਕ ਸਦੀ ਤੋਂ ਵੱਧ ਸਮੇਂ ਤੋਂ ਸਿੱਖ ਸੰਗਤ ਨੂੰ ਇਸ ਪਿੰਡ ਨਾਲ ਜੋੜ ਰਿਹਾ ਹੈ। ਪੰਜਾਬ ਤੋਂ ਆਏ ਕਾਮਿਆਂ ਵੱਲੋਂ ਲੱਕੜ ਦੀ ਮਿੱਲ ਦੁਆਲੇ ਵਸਾਏ ਇਸ ਪਿੰਡ  ਵਿੱਚ ਪਹਿਲੇ ਗੁਰਦੁਆਰੇ ਦਾ ਰਸਮੀ ਉਦਘਾਟਨ 1 ਜੁਲਾਈ 1919 ਨੂੰ ਹੋਇਆ ਸੀ। “ਪਿਛਲੇ ਹਫ਼ਤੇ ਗੁਰਦੁਆਰਾ ਸਾਹਿਬ ਦੇ ਦਰਸ਼ਨਾਂ ਮੌਕੇ ਉੱਥੇ ਸੇਵਾਦਾਰਾਂ ਨਾਲ ਗੱਲਬਾਤ ਕਰਨ ਦਾ ਮੌਕਾ ਵੀ ਮਿਲਿਆ|

ਪੰਜਾਬ ਦੇ ਜੱਦੀ ਪਿੰਡ ਤੋਂ ਪਿਆ ‘ਪਾਲਦੀ’ ਨਾਂ

ਮੀਓ ਸਿੰਘ ਮਿਨਹਾਸ ਅਤੇ ਉਨ੍ਹਾਂ ਦੇ ਸਾਥੀਆਂ ਨੇ 1917 ਵਿੱਚ ਮੇਓ ਲੰਬਰ ਕੰਪਨੀ ਕਾਇਮ ਕੀਤੀ। ਮਿੱਲ ਦੁਆਲੇ ਵਸੇ ਪਿੰਡ ਵਿੱਚ ਪਹਿਲਾਂ ‘ਮੀਓ ਸਾਈਡਿੰਗ’ ਦੇ ਨਾਂ ਨਾਲ ਜਾਣੀ ਜਾਂਦੀ ਸੀ। ਪਰ 1936 ਵਿੱਚ ਡਾਕ ਅਧਿਕਾਰੀਆਂ ਨੇ ਜਿੱਥੇ ਪੱਤਰ ਲਈ ਪਿੰਡ ਲਈ ‘ਪਾਲਦੀ’ ਨਾਂ ਮਨਜ਼ੂਰ ਕੀਤਾ, ਜੋ ਮੀਓ ਸਿੰਘ ਦੇ ਪੰਜਾਬ ਵਿਚਲੇ ਜੱਦੀ ਪਿੰਡ ਤੋਂ ਲਿਆ ਗਿਆ ਸੀ। ਮਿੱਲ ਵਿੱਚ ਪੰਜਾਬੀ, ਚੀਨੀ, ਜਪਾਨੀ ਅਤੇ ਯੂਰਪੀ ਮੂਲ ਦੇ ਕਾਮੇ ਕੰਮ ਕਰਦੇ ਸਨ। ਪਿੰਡ ਵਿੱਚ ਸਕੂਲ, ਡਾਕਖਾਨਾ, ਕੰਪਨੀ ਦੀ ਦੁਕਾਨ ਅਤੇ ਜਪਾਨੀ ਬੋਧੀ ਮੰਦਰ ਵੀ ਸਨ।

ਜੋੜ ਮੇਲੇ ’ਤੇ ਦੂਰੋਂ ਪਹੁੰਚਦੀ ਰਹੀ ਸੰਗਤ-

ਕੌਵਿਚਨ ਵੈਲੀ ਰੀਜਨਲ ਡਿਸਟ੍ਰਿਕਟ ਦੇ ਰਿਕਾਰਡ ਵਿੱਚ ਪਹਿਲੇ ਗੁਰਦੁਆਰੇ ਦੀ ਸਥਾਪਨਾ ਦਾ ਸਾਲ 1917 ਦਰਜ ਹੈ। ਸਥਾਨਕ ਇਤਿਹਾਸਕਾਰ ਜੋਨ ਮੇਓ ਮੁਤਾਬਕ ਪਹਿਲੀ ਇਮਾਰਤ ਦਾ ਰਸਮੀ ਉਦਘਾਟਨ 1 ਜੁਲਾਈ 1919 ਨੂੰ ਡੋਮੀਨੀਅਨ ਡੇਅ ਮੌਕੇ ਹੋਇਆ। ਇਸ ਦਿਹਾੜੇ ਨਾਲ ਸਾਲਾਨਾ ਜੋੜ ਮੇਲੇ ਦੀ ਰਵਾਇਤ ਜੁੜੀ ਹੋਈ ਹੈ। ਅਖੰਡ ਪਾਠ, ਲੰਗਰ ਅਤੇ ਖੇਡਾਂ ਵਾਲੇ ਇਸ ਮੇਲੇ ਵਿੱਚ ਵਿਕਟੋਰੀਆ, ਵੈਨਕੂਵਰ ਅਤੇ ਲੇਕ ਕੌਵਿਚਨ ਤੋਂ ਵੀ ਸੰਗਤ ਪਹੁੰਚਦੀ ਸੀ।

ਕੈਨੇਡੀਅਨ ਵਿਰਾਸਤੀ ਰਜਿਸਟਰ ਮੁਤਾਬਕ ਗੁਰਦੁਆਰਾ ਸਾਹਿਬ ਦੀ ਮੌਜੂਦਾ ਇਮਾਰਤ 1959 ਵਿੱਚ ਪਹਿਲੀ ਇਮਾਰਤ ਵਾਲੀ ਥਾਂ ’ਤੇ ਉਸਾਰੀ ਗਈ। 1965 ਵਿੱਚ ਨਨੈਮੋ ਵਿੱਚ ਕੰਪਨੀ ਦੀ ਨਵੀਂ ਮਿੱਲ ਬਣਨ ਮਗਰੋਂ ਕਈ ਪਰਿਵਾਰ ਕੰਮ ਦੇ ਨੇੜੇ ਜਾ ਵਸੇ ਅਤੇ 1969 ਵਿੱਚ ਪਾਲਦੀ ਦਾ ਸਕੂਲ ਵੀ ਬੰਦ ਹੋ ਗਿਆ। ਬਸਤੀ ਦੀ ਆਬਾਦੀ ਘਟਣ ਦੇ ਬਾਵਜੂਦ ਗੁਰਦੁਆਰਾ ਸਾਹਿਬ ਵਿੱਚ ਸੰਗਤ ਦੀ ਆਮਦ ਜਾਰੀ ਰਹੀ। 2019 ਵਿੱਚ ਇੱਥੇ ਗੁਰਦੁਆਰਾ ਸਾਹਿਬ ਦੀ ਸ਼ਤਾਬਦੀ ਮਨਾਈ ਗਈ। ਪਾਲਦੀ ਨੂੰ 2020 ਵਿੱਚ ਸੂਬਾਈ ਵਿਰਾਸਤੀ ਮਾਨਤਾ ਮਿਲੀ ਅਤੇ 2021 ਵਿੱਚ ਇਸ ਨੂੰ ਕੈਨੇਡੀਅਨ ਵਿਰਾਸਤੀ ਰਜਿਸਟਰ ਵਿੱਚ ਦਰਜ ਕੀਤਾ ਗਿਆ।

ਗੁਰਦੁਆਰਾ ਸਾਹਿਬ ਦੀ ਹੇਠਲੀ ਮੰਜ਼ਿਲ ’ਤੇ ਬਣਿਆ ਅਜਾਇਬਘਰ

ਪਾਲਦੀ ਖ਼ਾਲਸਾ ਦੀਵਾਨ ਸੋਸਾਇਟੀ ਨੇ 1 ਜੁਲਾਈ 2023 ਨੂੰ ਸਾਲਾਨਾ ਜੋੜ ਮੇਲੇ ਮੌਕੇ ਗੁਰਦੁਆਰਾ ਸਾਹਿਬ ਦੀ ਹੇਠਲੀ ਮੰਜ਼ਿਲ ’ਤੇ ਪਾਲਦੀ ਇਤਿਹਾਸਕ ਅਜਾਇਬਘਰ ਖੋਲ੍ਹਿਆ। ਜਿਸ ਵਿੱਚ ਉਨਾਂ ਦੇ ਮਿਲ ਸਮੇਂ ਪਿੰਡ ਵਿੱਚ ਚਲਦੇ ਸਕੂਲ, ਗਰੋਸਰੀ ਦੁਕਾਨਾਂ, ਅਖਾੜੇ ਵਿੱਚ ਘੁਲਦੇ ਪਹਿਲਵਾਨ, ਉਨਾਂ ਦੇ ਪੁਰਾਤਨ ਪਾਸਪੋਰਟ ਤੇ ਹੋਰ ਬਹੁਤ ਸਾਰੀਆਂ ਉਹਨਾਂ ਦੀ ਜ਼ਿੰਦਗੀ ਨਾਲ ਸੰਬੰਧਿਤ ਯਾਦਾਂ ਦੀਆਂ ਤਸਵੀਰ ਤੁਹਾਨੂੰ ਦੇਖਣ ਨੂੰ ਮਿਲਣਗੀਆਂ |  ਅਪ੍ਰੈਲ 2026 ਵਿੱਚ ਸਿੱਖ ਹੈਰੀਟੇਜ ਸੋਸਾਇਟੀ ਬੀ.ਸੀ. ਨੇ ਇੱਥੋਂ ਦੇ ਇਤਿਹਾਸ ਅਤੇ ਵਿਰਾਸਤ ਦੀ ਸੰਭਾਲ ਬਾਰੇ ਗੱਲਬਾਤ ਅਤੇ ਦੌਰੇ ਦਾ ਪ੍ਰੋਗਰਾਮ ਵੀ ਰੱਖਿਆ ਗਿਆ ਸੀ|

ਪਾਲਦੀ ਗੁਰਦੁਆਰਾ ਸਾਹਿਬ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਦੀ ਪੁਰਾਣੇ ਸਰੂਪ ਵੀ ਮੌਜੂਦ ਹਨ

ਪਾਲਦੀ ਗੁਰਦੁਆਰਾ ਸਾਹਿਬ ਦੇ ਇਤਿਹਾਸ ਨਾਲ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਇੱਕ ਪੁਰਾਤਨ ਸਰੂਪ ਵੀ ਜੁੜਿਆ ਹੋਇਆ ਹੈ। ਸਾਊਥ ਏਸ਼ੀਅਨ ਕੈਨੇਡੀਅਨ ਡਿਜੀਟਲ ਆਰਕਾਈਵ ਵਿੱਚ ਦਰਜ 2015 ਦੀ ਇੰਟਰਵਿਊ ਅਨੁਸਾਰ, ਉਸ ਵੇਲੇ ਦੇ ਗ੍ਰੰਥੀ ਭਾਈ ਮਹਿੰਦਰ ਸਿੰਘ ਸਿੱਧੂ ਨੇ ਇਸ ਸਰੂਪ ਦੀ ਉਮਰ ਉਸ ਸਮੇਂ 104 ਸਾਲ ਦੱਸੀ ਸੀ। ਉਨ੍ਹਾਂ ਮੁਤਾਬਕ ਇਹ ਸਰੂਪ ਅੰਮ੍ਰਿਤਸਰ ਵਿੱਚ ਤਿਆਰ ਹੋਇਆ ਅਤੇ ਇਸ ਦੀ ਸੇਵਾ ਲਾਹੌਰ ਵਿੱਚ ਹੋਈ ਸੀ। ਮੌਜੂਦਾ ਗ੍ਰੰਥੀ ਸਿੰਘ ਇਹਨਾਂ ਪੁਰਾਤਨ ਸਰੂਪਾਂ ਦੇ ਦਰਸ਼ਨ ਆਈਆਂ ਸੰਗਤਾਂ ਨੂੰ ਵੀ ਕਰਾਉਂਦੇ ਹਨ |

ਸੈਲਾਨੀਆਂ ਲਈ ਖਿੱਚ ਦਾ ਕੇਂਦਰ-

ਪਾਲਦੀ ਦਾ ਇਹ ਗੁਰਦੁਆਰਾ ਸਿੱਖ ਸੰਗਤਾਂ ਲਈ ਸੈਲਾਨੀਆਂ ਲਈ ਅੱਜ ਵੀ ਖਿੱਚ ਦਾ ਮੁੱਖ ਕੇਂਦਰ ਹੈ। ਭਾਰਤ ਜਾਂ ਹੋਰ ਮੁਲਕਾਂ ਤੋਂ ਪੰਜਾਬੀ ਜਾਂ ਸਿੱਖ ਮੂਲ ਵਾਲੇ ਸੈਲਾਨੀ ਜਦ ਵੀ ਵੈਨਕੂਵਰ ਆਈਲੈਂਡ ਦੀ ਸੈਰ ਨੂੰ ਆਉਂਦੇ ਹਨ ਤਾਂ ਉਹ ਆਈਲੈਂਡ ਤੇ ਮੁੱਖ ਨਗਰਾਂ ਜਿਹਨਾਂ ਵਿਚ ਵਿਕਟੋਰੀਆ, ਡੰਕਨ ਜਾਂ ਨਾਨੈਮੋ ਨੂੰ ਜਾਂਦੇ ਸਮੇਂ ਪਾਲਦੀ ਇਸ ਗੁਰਦੁਆਰਾ ਸਾਹਿਬ ਦੇ ਦਰਸ਼ਨ ਕਰਨ ਜ਼ਰੂਰ ਜਾਂਦੇ ਹਨ। ਪਾਲਦੀ ਦਾ ਇਹ ਗੁਰਦੁਆਰਾ ਉਹਨਾਂ ਨੂੰ ਆਪਣੀਆਂ ਜੜਾਂ ਨਾਲ ਜੁੜੇ ਅਤੇ ਪੰਜਾਬ ਦਾ ਨਾਮ ਵਿਸ਼ਵ ਪੱਧਰ ਤੇ ਰੌਸ਼ਨ ਕਰਨ ਵਾਲੇ ਮੀਓ ਸਿੰਘ ਦੀ ਯਾਦ ਦਿਵਾਉਂਦਾ ਹੈ। ਆਈਲੈਂਡ ਤੇ ਆਉਣ ਵਾਲੇ ਪੰਜਾਬੀ ਸੈਲਾਨੀਆਂ ਵਿਚ ਰਾਜਸੀ ਅਤੇ ਧਾਰਮਿਕ ਆਗੂ ਵੀ ਪਾਲਦੀ ਦੇ ਗੁਰੂ ਘਰ ਦੇ ਦਰਸ਼ਨਾਂ ਨੂੰ ਆਪਣੀ ਯਾਤਰਾ ਸੂਚੀ ਵਿਚ ਸ਼ਾਮਿਲ ਕਰਨਾ ਨਹੀ ਭੁੱਲਦੇ।

Leave a Reply

Your email address will not be published. Required fields are marked *