Mar 7, 2026

Screenshot

ਯੁਧ ਤੇ ਸਾਂਤੀ ਦੋਵਾਂ ਲਈ ਸ਼ਕਤੀਸ਼ਾਲੀ ਫੌਜ ਦਾ ਹੋਣਾ ਜ਼ਰੂਰੀ-

ਏਲੀਅਟ ਪੈਂਸ-

ਕੈਨੇਡਾ ਦੇ ਪ੍ਰਧਾਨ ਮੰਤਰੀ ਮਾਰਕ ਕਾਰਨੀ ਨੇ ਬੁੱਧਵਾਰ ਨੂੰ ਹੁਣ ਤੱਕ ਦੇ ਸਭ ਤੋਂ ਵੱਡੇ ਰੱਖਿਆ-ਖਰਚ ਵਾਧੇ ਲਈ ਵਚਨਬੱਧਤਾ ਦਾ ਪ੍ਰਗਟਾਵਾ ਕਰਦਿਆਂ  2035 ਤੱਕ ਕੁਲ ਘਰੇਲੂ ਉਤਪਾਦਨ ਦਾ  5 ਪ੍ਰਤੀਸ਼ਤ ਰੱਖਿਆ ਬਜ਼ਟ ਕਰਨ ਦਾ ਵਾਅਦਾ ਕੀਤਾ ਹੈ। ਇਹ ਦੂਸਰੇ ਵਿਸ਼ਵ ਯੁਧ ਤੋਂ ਬਾਦ ਸਭ ਤੋਂ ਵੱਡਾ ਰੱਖਿਆ ਖਰਚ ਵਿਚ ਵਾਧਾ ਹੈ।

ਕੈਨੇਡਾ ਨੂੰ ਰੱਖਿਆ ਉਪਰ ਇਸ ਵੱਡੇ ਖਰਚ ਵਾਧੇ ਨੂੰ ਕਿਵੇਂ ਲੈਣਾ ਚਾਹੀਦਾ ਹੈ ? ਇਸਦਾ ਸਬਕ ਸਾਨੂੰ  ਇਜ਼ਰਾਈਲ ਅਤੇ ਈਰਾਨ ਵਿਚਾਲੇ ਜੰਗ ਤੋਂ ਲੈਣ ਦੀ ਲੋੜ ਹੈ। ਇਸ ਹਫ਼ਤੇ ਇਜ਼ਰਾਈਲ ਤੇ ਈਰਾਨ ਵਿਚਾਲੇ ਜੰਗ ਅਤੇ ਜੰਗਬੰਦੀ ਮੱਧ ਪੂਰਬੀ ਇਤਿਹਾਸ ਦੀ ਸਭ ਤੋਂ ਵੱਡੀ ਖਬਰ ਹੈ। ਇਜ਼ਰਾਈਲ ਨੇ ਈਰਾਨ ‘ਤੇ ਹਮਲਾ ਕਰਨ ਤੋਂ ਬਾਅਦ, ਸਿਰਫ 10 ਦਿਨਾਂ ਦੇ ਵਕਫੇ ਵਿੱਚ ਈਰਾਨ ਨੇ ਇਜ਼ਰਾਈਲ ਉਪਰ ਲਗਭਗ 1,000 ਡਰੋਨ ਅਤੇ 550 ਤੋਂ ਵੱਧ ਬੈਲਿਸਟਿਕ ਮਿਜ਼ਾਈਲਾਂ ਦਾਗੀਆਂ – ਜੋ ਕਿ ਤਹਿਰਾਨ ਦੁਆਰਾ ਹੁਣ ਤੱਕ ਦਾ ਸਭ ਤੋਂ ਵੱਡਾ ਸਿੱਧਾ ਹਮਲਾ ਹੈ।

ਜਵਾਬ ਵਿੱਚ, ਇਜ਼ਰਾਈਲ ਨੇ ਲਾਂਚ ਤੋਂ ਪਹਿਲਾਂ ਲਗਭਗ 950 ਡਰੋਨਾਂ ਨੂੰ ਪਹਿਲਾਂ ਹੀ ਨਸ਼ਟ ਕਰ ਦਿੱਤਾ ਤੇ 120 ਤੋਂ ਵੱਧ ਮਿਜ਼ਾਈਲ ਲਾਂਚਰਾਂ ਨੂੰ ਤਬਾਹ ਕੀਤਾ। ਕਿਹਾ ਜਾਂਦਾ ਹੈ ਕਿ ਇਜ਼ਰਾਈਲ ਨੇ ਈਰਾਨ ਦੀਆਂ 90 ਪ੍ਰਤੀਸ਼ਤ ਮਿਜਾਇਲਾਂ ਨੂੰ ਰੋਕਣ ਵਿਚ ਸਫਲਤਾ ਹਾਸਲ ਕੀਤੀ। ਭਾਵੇਂਕਿ ਦੋਵਾਂ ਮੁਲਕਾਂ ਵਿਚਾਲੇ ਪ੍ਰਸਪਰ ਹਮਲੇ ਇਕ ਵਿਸ਼ਾਲ ਖੇਤਰੀ ਯੁਧ  ਵਿਚ ਤਬਦੀਲ ਨਹੀ ਹੋਏ ਪਰ ਅਜਿਹਾ ਸੰਭਵ ਸੀ। ਇਸ ਤੋਂ ਵੀ ਮਹੱਤਵਪੂਰਨ ਗੱਲ ਇਹ ਹੈ ਕਿ ਇਹ ਆਧੁਨਿਕ ਟਕਰਾਅ ਦੇ ਦੋ ਸਮਾਨਾਂਤਰ  ਅਤੇ ਵਧਦੇ ਹੋਏ ਵੱਖੋ-ਵੱਖਰੇ ਢੰਗਾਂ ਨੂੰ ਉਜਾਗਰ ਕਰਦੀ ਹੈ।

ਈਰਾਨ-ਇਜ਼ਰਾਈਲ ਵਲੋਂ ਪ੍ਰਸਪਰ ਹਮਲੇ ਇੱਕ “ਫਲੈਸ਼ ਯੁੱਧ” ਵਾਂਗ ਸਨ। ਬਚਾਅ ਲਈ ਸਿਰਫ਼ ਉੱਨਤ ਯੁਧ ਪ੍ਰਣਾਲੀਆਂ ਤੋਂ ਵੀ ਵੱਧ ਦੀ ਲੋੜ ਸੀ। ਇਜ਼ਰਾਈਲ ਦੀ ਬਾਹਰੀ ਹਮਲਿਆਂ ਤੋਂ ਰੱਖਿਆ ਪ੍ਰਣਾਲੀ ਜਿਸ ਵਿਚ ਇਸਦੇ ਆਇਰਨ ਡੋਮ ਅਤੇ ਡੇਵਿਡ ਜ ਸਲਿੰਗ ਪ੍ਰਣਾਲੀਆਂ ਤੋਂ ਲੈ ਕੇ ਇਸਦੇ ਐਰੋ-3 ਐਂਟੀ-ਬੈਲਿਸਟਿਕ ਮਿਜ਼ਾਈਲਾਂ ਤੱਕ, ਨੇ ਪ੍ਰਭਾਵਸ਼ਾਲੀ ਢੰਗ ਨਾਲ ਪ੍ਰਦਰਸ਼ਨ ਕੀਤਾ। ਪਰ ਇਸ ਲਈ ਵਧੇਰੇ ਭੰਡਾਰਾਂ ਅਤੇ ਉਦਯੋਗਿਕ ਲਚਕੀਲੇਪਣ ਦੀ ਵੀ ਲੋੜ ਸੀ। ਰੁਕਾਵਟਾਂ ਦੀ ਗਤੀ ਅਤੇ ਪੈਮਾਨੇ ਨੇ ਕਈ ਸਵਾਲ ਵੀ ਖੜ੍ਹੇ ਕੀਤੇ। ਜੇਕਰ ਈਰਾਨੀ ਹਮਲੇ ਇੱਕ ਹੋਰ ਹਫ਼ਤੇ ਲਈ ਜਾਰੀ ਰਹਿੰਦੇ ਤਾਂ ਅਜਿਹੀ ਰੱਖਿਆ ਕਿੰਨੀ ਦੇਰ ਤੱਕ ਬਣਾਈ ਰੱਖੀ ਜਾ ਸਕਦੀ ਸੀ? ਵੱਧ ਤੋਂ ਵੱਧ ਇੱਕ ਮਹੀਨਾ ?

ਇਹ ਦੂਜੀ ਕਿਸਮ ਦੀ ਉਹ ਜੰਗ ਹੈ ਜਿਸ ‘ਤੇ ਈਰਾਨ ਦਹਾਕਿਆਂ ਤੋਂ ਨਿਰਭਰ ਕਰਦਾ ਆ ਰਿਹਾ ਹੈ। ਯਮਨ ਤੋਂ ਲਾਲ ਸਾਗਰ ਵਿੱਚ ਜਹਾਜ਼ਾਂ ‘ਤੇ ਹੂਤੀ ਡਰੋਨ ਹਮਲੇ, ਲੇਬਨਾਨ ਵਿੱਚ ਹਿਜ਼ਬੁੱਲਾ ਤੋਂ ਰਾਕੇਟ ਫਾਇਰ ਅਤੇ ਸੀਰੀਆ ਅਤੇ ਇਰਾਕ ਵਿੱਚ ਸਾਲਾਂ ਤੋਂ ਗੁਰੀਲਾ ਗਤੀਵਿਧੀਆਂ, ਇਹ ਸਾਰੇ ਸੰਘਰਸ਼ ਦੇ ਇਸ ਹੌਲੀ-ਹੌਲੀ ਬਲਦੇ ਰੂਪ ਨੂੰ ਦਰਸਾਉਂਦੇ ਹਨ। ਇਹ ਤੇਜ਼ੀ ਨਾਲ ਵਾਧਾ ਨਹੀਂ ਚਾਹੁੰਦਾ ਸਗੋਂ ਲਗਾਤਾਰ ਦਬਾਅ ਪੈਦਾ ਕਰਦਾ ਹੈ – ਲੜਾਈ ਨੂੰ ਖਿੱਚਣਾ, ਰਾਜਨੀਤਿਕ ਸਥਿਰਤਾ ਨੂੰ ਵਿਗਾੜਨਾ ਅਤੇ ਦਿਨਾਂ ਦੀ ਬਜਾਏ ਸਾਲਾਂ ਬੱਧੀ ਮਹਿੰਗੀਆਂ ਤਾਇਨਾਤੀਆਂ ਨੂੰ ਮਜਬੂਰ ਕਰਨਾ। ਆਧੁਨਿਕ ਫੌਜਾਂ ਨੂੰ ਹੁਣ ਦੋਵੇਂ ਤਰਾਂ  ਲੜਨਾ ਪਵੇਗਾ।

ਕੈਨੇਡਾ ਬੁੱਧਵਾਰ ਨੂੰ ਉੱਤਰੀ ਅਟਲਾਂਟਿਕ ਸੰਧੀ ਸੰਗਠਨ ( ਨਾਟੋ) ਦੇ 31 ਹੋਰ ਦੇਸ਼ਾਂ ਦੀ ਮੀਟਿੰਗ ਵਿਚ ਸ਼ਾਮਲ ਸੀ ਜਿਸ ਵਿੱਚ ਨਵੇਂ ਟੀਚਿਆਂ ਪ੍ਰਤੀ ਵਚਨਬੱਧਤਾ ਸ਼ਾਮਲ ਹੈ।  ਕੁੱਲ ਘਰੇਲੂ ਉਤਪਾਦ ਦਾ 3.5 ਪ੍ਰਤੀਸ਼ਤ ਮੁੱਖ ਫੌਜੀ ਖਰਚ ਅਤੇ ਰੱਖਿਆ ਨਾਲ ਸਬੰਧਤ ਬੁਨਿਆਦੀ ਢਾਂਚੇ ਲਈ ਜੀਡੀਪੀ ਦਾ 1.5 ਪ੍ਰਤੀਸ਼ਤ ਖਰਚਾ ਕਰਨ ਦੀ ਪ੍ਰਤੀਬੱਧਤਾ । ਜਿਵੇਂ ਕਿ ਪ੍ਰਧਾਨ ਮੰਤਰੀ ਕਾਰਨੀ ਕੈਨੇਡਾ ਦੀਆਂ ਹਥਿਆਰਬੰਦ ਸੈਨਾਵਾਂ ਨੂੰ ਅਪਗ੍ਰੇਡ ਕਰਨ ਦੀ ਕੋਸ਼ਿਸ਼ ਕਰ ਰਹੇ ਹਨ ਪਰ ਆਧੁਨਿਕ ਯੁੱਧ ਦੇ ਤੌਰ ਤਰੀਕੇ ਜੋ ਅਸੀਂ ਹਾਲ ਹੀ ਵਿੱਚ ਮੱਧ ਪੂਰਬ ਵਿੱਚ ਦੇਖੇ ਹਨ ਤੋਂ ਸਿੱਖਿਆ ਲੈਣ ਦੀ ਲੋੜ ਹੈ।

ਯੂਕਰੇਨ ਵਿੱਚ ਜੰਗ ਨੇ ਇਹ ਸਾਬਿਤ ਕੀਤਾ ਹੈ ਕਿ ਹਥਿਆਰਾਂ, ਕੁਆਡਕਾਪਟਰ ਅਤੇ ਆਫ-ਦੀ-ਸ਼ੈਲਫ ਇਲੈਕਟ੍ਰਾਨਿਕ-ਯੁੱਧ ਕਿੱਟਾਂ ਤੇ ਹੋਰ ਨੁਕਸਾਨਦੇਹ ਪ੍ਰਣਾਲੀਆਂ ਜਿਆਦਾ ਸਹਾਇਕ ਨਹੀਂ ਹਨ ਪਰ ਇਹ ਜ਼ਰੂਰੀ ਹਨ।  ਈਰਾਨ-ਇਜ਼ਰਾਈਲ ਟਕਰਾਅ ਨੇ ਹੁਣ ਇਹਨਾਂ ਯੁਧ ਤਕਨੀਕਾਂ ਨੂੰ ਹੋਰ ਮਜ਼ਬੂਤੀ ਦਿੱਤੀ ਹੈ। ਤਕਨੀਕੀ ਤੌਰ ‘ਤੇ ਉੱਨਤ ਦੇਸ਼ ਵੀ ਹਥਿਆਰਾਂ ਦੇ ਉਤਪਾਦਨ ਅਤੇ ਉਹਨਾਂ ਦੀ ਪੂਰਤੀ ਦੀ ਯੋਗਤਾ ਵਿਚ ਕਿਸੇ ਹੱਦ ਤੱਕ ਸੀਮਤ ਹਨ ।

ਇਸਦਾ ਮਤਲਬ ਹੈ ਕਿ ਹਥਿਆਰਾਂ ਦੀ ਖਰੀਦ ਅਤੇ ਉਤਪਾਦਨ ‘ਤੇ ਮੁੜ ਵਿਚਾਰ ਕਰਨ ਦੀ ਲੋੜ ਹੈ । F-35  ਲੜਾਕੂ ਜਹਾਜ਼ ਜਾਂ ਪਣਡੁੱਬੀਆਂ ਵਰਗੀਆਂ ਸ਼ਾਨਦਾਰ ਪ੍ਰਣਾਲੀਆਂ ਨੂੰ ਤਿਆਰ ਕਰਨ ਲਈ ਕਈ ਸਾਲ ਅਤੇ ਅਰਬਾਂ ਡਾਲਰ ਲੱਗਦੇ ਹਨ ਪਰ ਇਕ ਕਾਬਲ ਯੁਧ ਪ੍ਰਣਾਲੀ ਲਈ ਗਤੀ, ਦੁਹਰਾਓ ਅਤੇ ਵਪਾਰਕ ਅਨੁਕੂਲਤਾ ਦੀ ਲੋੜ ਹੁੰਦੀ ਹੈ।

ਇਸ ਲਈ ਕੈਨੇਡਾ ਦੀ ਰੱਖਿਆ ਸਥਿਤੀ ਯੁਧ ਪ੍ਰਣਾਲੀ ਨੂੰ  ਅਨੁਕੂਲ ਬਣਾਉਣ ਲਈ ਵਿਕਸਤ ਹੋਣੀ ਚਾਹੀਦੀ ਹੈ। ਸਾਨੂੰ ਇੱਕ ਅਜਿਹੀ ਫੋਰਸ ਦੀ ਲੋੜ ਹੈ ਜੋ ਕੌਮਾਂਤਰੀ ਖਤਰਿਆਂ ਨੂੰ ਰੋਕ ਸਕੇ ਅਤੇ ਪ੍ਰੌਕਸੀ ਹਮਲਿਆਂ  ਦਾ ਵੀ ਜਵਾਬ ਦੇ ਸਕੇ। ਇਸ ਲਈ 5 ਹਜਾਰ ਡਾਲਰ ਦੇ ਡਰੋਨ ਤੋਂ ਲੈਕੇ 50 ਮਿਲੀਅਨ ਡਾਲਰ ਦੇ ਜੈਟ ਲੜਾਕੂ ਦੀ ਤਾਇਨਾਤੀ ਦੀ ਯੋਜਨਾ ਬਣਾਉਣ ਦੀ ਲੋੜ ਹੈ।

ਇਸਦਾ ਮਤਲਬ ਹੈ ਛੋਟੇ ਨਿਰਮਾਤਾਵਾਂ ਨੂੰ ਵੱਡੇ ਰਵਾਇਤੀ ਰੱਖਿਆ ਠੇਕੇਦਾਰਾਂ ਦੇ ਬਰਾਬਰ ਸ਼ਕਤੀ ਪ੍ਰਦਾਨ ਕਰਨਾ, ਪੰਜ-ਹਫ਼ਤੇ ਦੇ ਇੰਜੀਨੀਅਰਿੰਗ ਅਤੇ ਡਿਜ਼ਾਈਨਾਂ ਨੂੰ ਪੰਜ-ਸਾਲਾ ਪ੍ਰਾਪਤੀ ਪ੍ਰੋਗਰਾਮਾਂ ਦੇ ਨਾਲ-ਨਾਲ ਫੰਡ ਮੁਹੱਈਆ ਕਰਵਾਉਣੇ ਹੋਣਗੇ।

ਜੇਕਰ ਅਸੀਂ ਆਧੁਨਿਕ ਜੰਗੀ ਲੋੜਾਂ ਦੇ ਅਨੁਕੂਲ ਹੋਣ ਵਿੱਚ ਅਸਫਲ ਰਹਿੰਦੇ ਹਾਂ, ਤਾਂ ਅਸੀਂ ਵਿਚਾਲੇ ਫਸਣ ਦਾ ਜੋਖਮ ਲੈ ਰਹੇ ਹੋਵਾਂਗੇ। ਪਰ ਜੇਕਰ ਅਸੀਂ ਸਫਲ ਹੁੰਦੇ ਹਾਂ, ਤਾਂ ਅਸੀਂ ਆਪਣੀ ਗਤੀ ਨੂੰ ਸ਼ੁੱਧਤਾ ਤੇ  ਲਚਕੀਲੇਪਣ ਦੀ ਸੂਝ-ਬੂਝ ਨਾਲ ਜੋੜਦੇ ਹੋਏ  ਇੱਕ ਕਾਬਲ ਫੋਰਸ ਤਿਆਰ ਕਰ ਸਕਦੇ ਹਾਂ ਜੋ  ਇੱਕ ਕਿਸਮ ਦੇ ਯੁੱਧ ਦੇ ਨਾਲ ਸਾਂਤੀ ਲਈ ਵੀ ਲੋੜੀਂਦੀ ਹੈ।

– ਧੰਨਵਾਦ ਸਹਿਤ-ਏਲੀਅਟ ਪੈਂਸ ( ਦਾ ਗਲੋਬ ਐਂਡ ਮੇਲ ਦੇ ਕਾਲਮਨਵੀਸ)