Mar 7, 2026

ਸਰੀ ਕੈਨੇਡਾ ਡੇਅ ਜਸ਼ਨਾਂ ਵਿੱਚ 75,000 ਤੋਂ ਵੱਧ ਲੋਕਾਂ ਨੇ ਸ਼ਿਰਕਤ ਕੀਤੀ-ਐਬਸਫੋਰਡ ਵਿਚ ਸ਼ਾਨਦਾਰ ਕੈਨੇਡਾ ਪਰੇਡ ਦਾ ਆਯੋਜਨ

ਸਰੀ ( ਕਾਹਲੋਂ)-– ਪਹਿਲੀ ਜੁਲਾਈ ਨੂੰ ਕੈਨੇਡਾ ਭਰ ਵਿਚ ਕੈਨੇਡਾ ਦਿਵਸ ਧੂਮਧਾਮ ਤੇ ਉਤਸ਼ਾਹ ਨਾਲ ਮਨਾਇਆ ਗਿਆ। ਇਸ ਮੌਕੇ ਪ੍ਰਧਾਨ ਮੰਤਰੀ ਮਾਰਕ ਕਾਰਨੀ, ਕੈਬਨਿਟ ਮੰਤਰੀਆਂ , ਐਮ ਪੀਜ਼, ਬੀਸੀ ਪ੍ਰੀਮੀਅਰ, ਮੰਤਰੀਆਂ, ਵਿਧਾਇਕਾਂ ਤੋਂ ਇਲਾਵਾ ਦੇਸ਼ ਭਰ ਦੇ ਆਗੂਆਂ ਨੇ ਲੋਕਾਂ ਨੇ ਕੈਨੇਡਾ ਦਿਵਸ ਦੀਆਂ ਵਧਾਈਆਂ ਦਿੱਤੀਆਂ ਤੇ ਕੈਨੇਡਾ ਜਸ਼ਨਾਂ ਵਿਚ ਸ਼ਾਮਿਲ ਹੋਕੇ ਲੋਕਾਂ ਨਾਲ ਖੁਸ਼ੀਆਂ ਸਾਂਝੀਆਂ ਕੀਤੀਆਂ। ਕੈਨੇਡਾ ਦੇ ਸ਼ਾਨਦਾਰ ਸ਼ਹਿਰ ਸਰੀ ਵਿੱਚ ਆਪਣੇ ਦੇਸ਼ ਪ੍ਰਤੀ ਪਿਆਰ ਤੇ ਜਜ਼ਬੇ ਦਾ ਜਸ਼ਨ ਮਨਾਉਣ ਲਈ 75,000 ਤੋਂ ਵੱਧ ਲੋਕ ਬਿੱਲ ਰੀਡ ਮਿਲੇਨੀਅਮ ਐਂਫੀਥੀਏਟਰ ਵੱਲ ਖਿੱਚੇ ਚਲੇ ਆਏ। ਪ੍ਰੌਸਪੇਰਾ ਕ੍ਰੈਡਿਟ ਯੂਨੀਅਨ ਵੱਲੋਂ ਪੇਸ਼ ਕੀਤੇ ਗਏ ਇਸ ਮੁਫ਼ਤ ਸਾਲਾਨਾ ਸਮਾਗਮ ਵਿੱਚ ਕੈਨੇਡੀਅਨ ਹੈੱਡਲਾਈਨਰਜ਼ ਗੋਲਡੀ ਬੁਟੀਲੀਅਰ ਅਤੇ ਗੈਰੇਟ ਟੀ. ਵਿਲੀ  ਦੇ ਨਾਲ ਦਾ ਰੇਕਲਾਅਜ਼ (The Reklaws) ਦੀਆਂ ਪੇਸ਼ਕਾਰੀਆਂ ਸ਼ਾਮਲ ਸਨ। ਉੱਥੇ ਮੌਜੂਦ ਦਰਸ਼ਕਾਂ ਨੇ ਚਾਰ ਵੱਖ-ਵੱਖ ਸਟੇਜਾਂ ‘ਤੋਂ ਮੌਕੇ ‘ਤੇ ਚੱਲ ਰਹੇ ਗੀਤ-ਸੰਗੀਤ, ਮਨੋਰੰਜਨ, ਮੂਲ ਨਿਵਾਸੀਆਂ ਦੇ ਇੱਕ ਪਿੰਡ ਤੇ ਬਾਜ਼ਾਰ, 30 ਤੋਂ ਵੱਧ ਫੂਡ ਟਰੱਕਾਂ, ਝੂਲਿਆਂ ਅਤੇ ਅੰਤ ਵਿੱਚ ਸ਼ਾਨਦਾਰ ਆਤਿਸ਼ਬਾਜ਼ੀ ਦਾ ਅਨੰਦ ਮਾਣਿਆ।

ਇਸ ਮੌਕੇ ਮੇਅਰ ਬਰੈਂਡਾ ਲੌਕ ਨੇ ਕਿਹਾ, “ਸਰੀ ਦਾ ਇਸ ਸਾਲ ਦਾ ਕੈਨੇਡਾ ਡੇਅ ਸਾਡੇ ਸ਼ਹਿਰ ਨੂੰ ਪਰਿਭਾਸ਼ਿਤ ਕਰਨ ਵਾਲੀ ਮਜ਼ਬੂਤੀ, ਜਜ਼ਬੇ ਅਤੇ ਵਿਭਿੰਨਤਾ ਦੀ ਖ਼ੂਬ ਯਾਦ ਦਿਵਾਉਂਦਾ ਹੈ। ਦਾ ਰੇਕਲਾਅਜ਼ (The Reklaws) ਵਰਗੇ ਚੋਟੀ ਦੇ ਕੈਨੇਡੀਅਨ ਸੰਗੀਤਕਾਰਾਂ ਦੀਆਂ ਪ੍ਰਸਤੁਤੀਆਂ ਤੋਂ ਸ਼ੁਰੂ ਹੋ ਕੇ ਮੂਲ-ਵਾਸੀਆਂ ਦੇ ਪਿੰਡ ਵਿੱਚ ਪ੍ਰਦਾਨ ਕੀਤੀ ਗਈ ਸੱਭਿਆਚਾਰਕ ਸਾਂਝੇਦਾਰੀ ਤੱਕ, ਪੂਰਾ ਦਿਨ ਕੈਨੇਡੀਅਨ ਏਕਤਾ ਅਤੇ ਮਾਣ ਦਾ ਰੌਣਕ-ਭਰਪੂਰ ਪ੍ਰਦਰਸ਼ਨ ਸੀ। ਉਨ੍ਹਾਂ ਸਾਰੇ ਲੋਕਾਂ ਦਾ ਧੰਨਵਾਦ, ਜਿਨ੍ਹਾਂ ਨੇ ਇਸ ਵਿੱਚ ਸ਼ਿਰਕਤ ਕੀਤੀ ਅਤੇ ਸਾਡੇ ਸਪਾਂਸਰਾਂ, ਭਾਈਵਾਲਾਂ ਅਤੇ ਕਲਾਕਾਰਾਂ ਦਾ ਤਹਿ ਦਿਲੋਂ ਧੰਨਵਾਦ ਹੈ, ਜਿਹੜੇ ਸਾਲ ਦਰ ਸਾਲ ਇਸ ਦਿਨ ਨੂੰ ਸਫਲ ਬਣਾਉਣ ਵਿੱਚ ਮਦਦ ਕਰਦੇ ਹਨ।” ਇਸ ਮੌਕੇ ਉਹਨਾਂ ਨਾਲ ਸਰੀ ਸੈਂਟਰ ਤੋਂ  ਲਿਬਰਲ ਐਮ ਪੀ ਰਣਦੀਪ ਸਿੰਘ ਸਰਾਏ, ਐਮ ਪੀ ਸੁੱਖ ਧਾਲੀਵਾਲ, ਐਮ ਪੀ ਗੁਰਬਖਸ਼ ਸੈਣੀ, ਕੰਸਰਵੇਟਿਵ ਐਮ ਪੀ ਸੁਖਮਨ ਗਿੱਲ, ਨੇ ਵੀ ਲੋਕਾਂ ਨੂੰ ਕੈਨੇਡਾ ਡੇਅ ਦੀਆਂ  ਵਧਾਈਆਂ ਦਿੱਤੀਆਂ। ਕੈਲਗਰੀ ਤੋਂ ਕੰਸਰਵੇਟਿਵ ਐਮ ਪੀ ਜਸਰਾਜ ਸਿੰਘ ਹੱਲਣ, ਐਮ ਪੀ ਅਮਨਪ੍ਰੀਤ ਸਿੰਘ ਗਿੱਲ, ਐਮ ਪੀ ਦਲਵਿੰਦਰ ਸਿੰਘ ਗਿੱਲ, ਐਮ ਐਲ ਏ ਗੁਰਿੰਦਰ ਸਿੰਘ ਬਰਾੜ ਤੇ ਐਮ ਐਲ ਏ ਪਰਮੀਤ ਸਿੰਘ ਬੋਪਾਰਾਏ ਨੇ ਕੈਲਗਰੀ ਤੇ ਦੇਸ ਵਾਸੀਆਂ ਨੂੰ ਕੈਨੇਡਾ ਡੇਅ ਦੀਆਂ ਵਧਾਈਆ ਦਿੱਤੀਆਂ ਤੇ ਵੱਖ-ਵੱਖ  ਸਮਾਗਮਾਂ ਵਿਚ ਸ਼ਾਮਿਲ ਹੋਕੇ ਖੁਸ਼ੀਆਂ ਸਾਂਝੀਆਂ ਕੀਤੀਆਂ।

ਸਰੀ ਦੇ 2025 ਕੈਨੇਡਾ ਦਿਵਸ ਨੇ ਭਾਈਚਾਰੇ ਲਈ ਜਸ਼ਨ ਮਨਾਉਣ ਅਤੇ ਆਪਸੀ ਸੰਪਰਕ ਬਣਾਉਣ ਲਈ ਮਾਹੌਲ ਸਿਰਜਿਆ। ਭਾਵੇਂ ਇਹ ਬਾਈਕ ਸਮੂਦੀਆਂ (Bike Smoothies) ਬਣਾਉਣ ਅਤੇ ਕਮਿਊਨਿਟੀ ਹੱਬ (Community Hub) ਵਿੱਚ ਡਾਂਸ ਮੁਕਾਬਲੇ ਅਤੇ ਡੀਜੇ ਦੇਖਣ ਦੀ ਜਾਂ ਮਨੋਰੰਜਕ ਝੂਲਿਆਂ ਦਾ ਆਨੰਦ ਮਾਣਨ ਦੀ ਅਤੇ ਫੈਮਲੀ ਜ਼ੋਨ ਦਾ ਦੌਰਾ ਕਰਨ ਦੀ ਗੱਲ ਸੀ, ਹਰ ਕਿਸੇ ਲਈ ਦੇਸ਼ ਦਾ ਜਸ਼ਨ ਮਨਾਉਣ ਲਈ ਕੁੱਝ ਨਾ ਕੁੱਝ ਸੀ। ਮੂਲ-ਨਿਵਾਸੀਆਂ ਦੇ ਪਿੰਡ (Indigenous Village) ਅਤੇ ਬਾਜ਼ਾਰ ਨੇ ਸੱਭਿਆਚਾਰਿਕ ਸਾਂਝ ਅਤੇ ਸਿੱਖਿਆ ਦੇ ਨਾਲ-ਨਾਲ ਬੈਨੋਕ (Bannock) ਅਤੇ ਬਾਈਸਨ (bison) ਵਰਗੀਆਂ ਖਾਣ-ਪੀਣ ਦੀਆਂ ਚੀਜ਼ਾਂ ਵੀ ਪ੍ਰਦਾਨ ਕੀਤੀਆਂ। ਉੱਥੇ ਮੌਜੂਦ ਲੋਕਾਂ ਨੇ ਦਿਨ ਭਰ, ਮਨੋਰੰਜਕ ਝੂਲਿਆਂ, ਫੂਡ ਟਰੱਕਾਂ ਅਤੇ ਇੱਕ ਬੀਅਰ ਗਾਰਡਨ ਦਾ ਵੀ ਆਨੰਦ ਮਾਣਿਆ।

ਪ੍ਰੋਸਪੇਰਾ ਦੇ ਮੁੱਖ ਉਤਪਾਦ ਅਤੇ ਰਣਨੀਤੀ ਅਧਿਕਾਰੀ ਕਿਰਸਟਨ ਮੈਕਐਲਗਨ ਨੇ ਕਿਹਾ, “ਕੈਨੇਡਾ ਡੇਅ ਸਾਡੇ ਸਥਾਨਕ ਭਾਈਚਾਰਿਆਂ ਦੀ ਤਾਕਤ ਅਤੇ ਜਜ਼ਬੇ ਦੀ ਇੱਕ ਸ਼ਾਨਦਾਰ ਯਾਦ ਦਿਵਾਉਂਦਾ ਸੀ। ਸਰੀ ਸ਼ਹਿਰ ਅਤੇ ਸਾਡੇ ਆਂਢ-ਗੁਆਂਢ ਨਾਲ ਮਿਲ ਕੇ ਇਹ ਜਸ਼ਨ ਮਨਾਉਣਾ ਕਿ ਮਾਣਮੱਤੇ ਕੈਨੇਡੀਅਨ ਹੋਣ ਦਾ ਕੀ ਅਰਥ ਹੈ, ਬਹੁਤ ਖ਼ੁਸ਼ੀ ਵਾਲੀ ਗੱਲ ਸੀ। ਸਾਡੇ ਵਲੰਟੀਅਰਾਂ ਨੇ ਹਾਜ਼ਰ ਹੋਏ ਲੋਕਾਂ ਨਾਲ ਜੁੜਨ, ਹਜ਼ਾਰਾਂ ਕੁਲਫ਼ੀਆਂ ਵੰਡਣ ਅਤੇ ਕੈਨੇਡਾ ਤੇ ਸਾਡੇ ਭਾਈਚਾਰਿਆਂ ਦੀ ਵਿਭਿੰਨਤਾ ਅਤੇ ਰੰਗੀਨਗੀ ਪੇਸ਼ ਕਰਦੇ ਜਸ਼ਨਾਂ ਦਾ ਆਨੰਦ ਮਾਣਦਿਆਂ ਬਹੁਤ ਵਧੀਆ ਸਮਾਂ ਬਿਤਾਇਆ। ਸਾਨੂੰ ਸਭ ਨੂੰ ਇੱਕਜੁੱਟ ਕਰਦੇ ਇਸ ਸ਼ਾਨਦਾਰ ਮੌਕੇ ਦਾ ਹਿੱਸਾ ਬਣਨ ਦਾ ਪ੍ਰੋਸਪੇਰਾ ਨੂੰ ਮਾਣ ਸੀ।”

ਸਰੀ ਵਲੋਂ ਆਯੋਜਿਤ ਕੀਤੇ ਜਾਂਦਾ ਕੈਨੇਡਾ ਡੇਅ, ਪੱਛਮੀ ਕੈਨੇਡਾ ਵਿੱਚ ਸਭ ਤੋਂ ਵੱਡਾ ਕੈਨੇਡਾ ਡੇਅ ਜਸ਼ਨ ਹੈ, ਜਿਸ ਵਿੱਚ ਮੁਫ਼ਤ ਦਾਖਲਾ, ਭਾਂਤ-ਭਾਂਤ ਦੇ ਮਨੋਰੰਜਨ ਅਤੇ ਹਰ ਉਮਰ ਦੇ ਲੋਕਾਂ ਲਈ ਗਤੀਵਿਧੀਆਂ ਹੁੰਦੀਆਂ ਹਨ।

ਐਬਸਫੋਰਡ ਵਿਚ ਸ਼ਾਨਦਾਰ ਪਰੇਡ- ਕੈਨੇਡਾ ਦਿਵਸ ਮੌਕੇ ਐਬਸਫੋਰਡ ਵਿਖੇ ਸ਼ਾਨਦਾਰ ਪਰੇਡ ਦਾ ਆਯੋਜਨ ਕੀਤਾ ਗਿਆ। ਇਹ ਪਰੇਡ ਬੁਰਕਵਿਨ ਕਰੈਸੈਂਟ, ਨੇੜੇ ਖਾਲਸਾ ਦੀਵਾਨ ਸੁਸਾਇਟੀ ਐਬਸਫੋਰਡ ਤੋਂ ਸ਼ੁਰੂ ਹੋਕੇ ਟਰੈਥਵੇਅ ਸਟਰੀਟ ਤੋਂ ਰੋਟਰੀ ਸਟੇਡੀਅਮ ਜਾਕੇ ਖਤਮ ਹੋਈ ਜਿਥੇ ਵੱਡੀ ਗਿਣਤੀ ਵਿਚ ਇਕੱਠੇ ਹੋਏ ਲੋਕਾਂ ਨੇ ਇਸਦਾ ਆਨੰਦ ਮਾਣਿਆ। ਪਰੇਡ ਵਿਚ ਕਨੱਕਸ ਟੀਮ ਦੇ ਜੇਤੂ ਕੱਪ ਦੇ ਪ੍ਰਦਰਸ਼ਨ ਦੇ ਨਾਲ ਵੱਖ ਵੱਖ ਅਦਾਰਿਆਂ ਤੇ ਸੰਸਥਾਵਾਂ ਵਲੋਂ ਕਈ ਤਰਾਂ ਦੀਆਂ ਸਭਿਆਚਾਰਕ ਤੇ ਸਮਾਜਿਕ ਵੰਨਗੀਆਂ ਪੇਸ਼ ਕਰਦਿਆਂ ਕੈਨੇਡਾ ਜਸ਼ਨਾਂ ਵਿਚ ਭਾਗ ਲਿਆ ਗਿਆ। ਦਸਮੇਸ਼ ਪੰਜਾਬੀ ਸਕੂਲ ਅਤੇ ਸਿੱਖ ਮੋਟਰਸਾਈਕਲ ਕਲੱਬ ਤੋਂ ਇਲਾਵਾ ਹਰੇ ਕ੍ਰਿਸ਼ਨਾ, ਚੀਨੀ  ਤੇ ਹੋਰ ਬਹੁਸਭਿਆਚਾਰਕ ਵੰਨਗੀਆਂ ਵਿਸ਼ੇਸ਼ ਖਿੱਚ ਦਾ ਕੇਂਦਰ ਰਹੀਆਂ। ਵੱਖ-ਵੱਖ ਸੰਸਥਾਵਾਂ ਵਲੋਂ ਲਗਾਏ ਗਏ ਖਾਣ ਪੀਣ ਦੇ ਸਟਾਲਾਂ ਵਿਚ ਖਾਲਸਾ ਦੀਵਾਨ ਸੁਸਾਇਟੀ ਦੇ ਸਟਾਲ ਤੋਂ ਸੁਆਦਲੇ ਖਾਣਿਆਂ ਦਾ ਲੋਕਾਂ ਨੇ ਭਰਪੂਰ ਆਨੰਦ ਮਾਣਿਆ। ਕਮੇਟੀ ਦੇ ਪ੍ਰਧਾਨ ਰਜਿੰਦਰ ਸਿੰਘ ਢਿੱਲੋਂ ਤੇ ਹੋਰ ਅਹੁਦੇਦਾਰਾਂ ਤੇ ਸੇਵਾਦਾਰਾਂ ਨੇ ਵਿਸ਼ੇਸ਼ ਸ਼ਮੂਲੀਅਤ ਕੀਤੀ। ਰੋਟਰੀ ਸਟੇਡੀਅਮ ਵਿਚ ਰਾਤ ਨੂੰ ਆਤਿਸ਼ਬਾਜ਼ੀ ਦੀ ਨਜ਼ਾਰਾ ਵੇਖਣ ਵਾਲਾ ਸੀ।

ਖਾਲਸਾ ਦੀਵਾਨ ਸੁਸਾਇਟੀ ਵੈਨਕੂਵਰ ਨੇ ਲੰਗਰ ਲਗਾਇਆ- ( ਜੋਗਿੰਦਰ ਸਿੰਘ ਸੁੰਨੜ)-ਕੈਨੇਡਾ ਡੇ ਮੌਕੇ ਖਾਲਸਾ ਦੀਵਾਨ ਸੁਸਾਇਟੀ ਵੈਨਕੂਵਰ ਵਲੋਂ ਸਨਸੈਟ ਸੀਨੀਅਰ ਸੈਂਟਰ ਮੇਨ ਸਟਰੀਟ ਵੈਨਕੂਵਰ ਵਿਖੇ ਲੰਗਰ ਲਗਾਏ ਗਏ। ਕੜੀ ਚਾਵਲ ਦੇ ਵਿਸ਼ੇਸ਼ ਲੰਗਰ ਦੀ ਸੇਵਾ ਸੁਖਵਿੰਦਰ ਸਿੰਘ ਗਿੱਲ ਰਾਣਾ, ਕਸ਼ਮੀਰ ਸਿੰਘ ਧਾਲੀਵਾਲ, ਕੁਲਬੀਰ ਸਿੰਘ ਸ਼ੋਕਰ, ਮਨਪ੍ਰੀਤ ਢਿੱਲੋਂ, ਹਰਪ੍ਰੀਤ ਲਾਲੀ ਤੇ ਸਮੁੱਚੀ ਟੀਮ ਨੇ ਨਿਭਾਈ। ਦੁੱਧ ਸੋਢੇ ਦੀ ਛਬੀਲ ਵੀ ਲਗਾਈ ਗਈ। ਸੈਂਕੜੇ ਲੋਕਾਂ ਨੇ ਲੰਗਰ ਤੇ ਛਬੀਰ ਦਾ ਆਨੰਦ ਮਾਣਿਆ। ਇਸ ਮੌਕੇ ਮੰਚ ਦੀ ਕਾਰਵਾਈ ਕੁਲਵਿੰਦਰ ਸਿੰਘ ਵੜੈਚ ਨੇ ਨਿਭਾਈ। ਬੱਚਿਆਂ ਨੇ ਡਾਂਸ ਆਈਟਮਾਂ ਦਾ ਸ਼ਾਨਦਾਰ ਪ੍ਰਦਰਸ਼ਨ ਕੀਤਾ। ਪੁਲਿਸ, ਫਾਇਰ ਵਿਭਾਗ, ਐਮ ਐਲ ਏ ਤੇ ਹੋਰ ਰਾਜਨੀਤਕ ਪਾਰਟੀਆਂ ਦੇ ਆਗੂਆਂ ਨੇ ਆਪਣੇ ਸਟਾਲ ਲਗਾਏ । ਗਰਮੀ ਦੇ ਬਾਵਜੂਦ ਵੱਡੀ ਗਿਣਤੀ ਵਿਚ ਲੋਕਾਂ ਨੇ ਸਮਾਗਮਾਂ ਵਿਚ ਸ਼ਾਮਿਲ ਹੋਕੇ ਕੈਨੇਡਾ ਦਿਵਸ ਮਨਾਇਆ।

ਕੈਲਗਰੀ ਵਿਚ ਕੈਨੇਡਾ ਡੇਅ ਮੌਕੇ ਉਘੇ ਬਿਜਨਸਮੈਨ  ਕਰਮਪਾਲ ਸਿੱਧੂ ਕੈਲਗਰੀ ਸਟੈਂਪੀਡ ਮੌਕੇ 6 ਜੁਲਾਈ ਨੂੰ ਕਰਵਾਏ ਜਾ ਰਹੇ ਸਟੈਂਪੀਡ ਬਾਰਬੀਕਿਊ ਤੇ ਸੰਗੀਤਕ ਪ੍ਰੋਗਰਾਮ ਬਾਰੇ ਜਾਣਕਾਰੀ ਦਿੰਦੇ ਹੋਏ। ਨਾਲ ਐਮ ਐਲ ਏ ਗੁਰਿੰਦਰ ਬਰਾੜ।