Mar 7, 2026

ਐਡਮਿੰਟਨ ( ਸਚਦੇਵਾ, ਦੀਪਤੀ, ਗੁਰਪ੍ਰੀਤ ਸਿੰਘ)- ਐਡਮਿੰਟਨ ਵਿਚ ਕੈਨੇਡਾ ਦਿਵਸ ਮੌਕੇ ਵੱਖ ਵੱਖ ਸੰਸਥਾਵਾਂ ਵਲੋਂ ਆਯੋਜਿਤ ਸਮਾਗਮਾਂ ਵਿਚ ਵੱਡੀ ਗਿਣਤੀ ਵਿਚ ਲੋਕਾਂ ਨੇ ਸ਼ਮੂਲੀਅਤ ਕੀਤੀ ਤੇ ਕੈਨੇਡਾ ਦਿਵਸ ਦੇ ਜਸ਼ਨ ਮਨਾਏ। ਇਸੇ ਦੌਰਾਨ ਮਿਲਵੁੱਡਜ ਕਲਚਰਲ ਸੀਨੀਅਰ ਸੁਸਾਇਟੀ ਵਲੋਂ ਸੰਸਥਾ ਦੇ ਦਫਤਰ 1560–48 ਸਟਰੀਟ, ਐਡਮਿੰਟਨ ਵਿਖੇ ਕੈਨੇਡਾ ਦਿਵਸ ਧੂਮਧਾਮ ਨਾਲ ਮਨਾਇਆ ਗਿਆ। ਇਸ ਪ੍ਰੋਗਰਾਮ ਵਿੱਚ ਸਥਾਨਕ ਐਮ ਐਲ ਏ ਜਸਬੀਰ ਦਿਓਲ, ਐਮ ਐਲ ਏ ਸ਼੍ਰੀ ਗੁਰਤੇਜ ਸਿੰਘ ਬਰਾੜ, ਐਮ ਐਲ ਏ ਕਰਿਸਟੀਨਾ ਗਰੇਅ,ਸਾਬਕਾ ਐਮ ਐਲ ਏ ਨਰੇਸ਼ ਭਾਰਦਵਾਜ ਨੇ ਵੀ ਸ਼ਿਰਕਤ ਕੀਤੀ।
ਸਮਾਗਮ ਦੀ ਪ੍ਰਧਾਨਗੀ ਕੰਸਰਵੇਟਿਵ ਐਮ ਪੀ ਸ਼੍ਰੀ ਜਗਸ਼ਰਨ ਸਿੰਘ ਮਾਹਲ ਵੱਲੋਂ ਕੀਤੀ ਗਈ। ਉਹਨਾਂ ਦੇ ਨਾਲ ਸੰਸਥਾ ਦੇ ਮੁਖੀ ਬਲਵੀਰ ਸਿੰਘ ਪ੍ਰਧਾਨ, ਪ੍ਰਧਾਨਗੀ ਮੰਡਲ ਵਿੱਚ ਬੈਠੇ ਹੋਏ ।
ਸਮਾਗਮ ਦੀ ਸ਼ੁਰੂਆਤ ਕੈਨੇਡਾ ਡੇ ਦੇ ਗੀਤ ਨਾਲ ਹੋਈ। ਰੰਗਾਰੰਗ ਪ੍ਰੋਗਰਾਮਾਂ ‘ਚ ਕਵਿਤਾਵਾਂ, ਗੀਤ, ਭਾਸ਼ਣ ਅਤੇ ਸਮਾਜਿਕ ਸੰਦੇਸ਼ਾਂ ਦੀ ਪ੍ਰਸਤੁਤੀ ਰੱਖੀ ਗਈ।
ਕਵਿਤਾ ਪੇਸ਼ਕਾਰੀ ਵਿੱਚ ਜਰਨੈਲ ਸਿੰਘ ਬਸੋਤਾ, ਲਾਡੀ ਸੂਸਾਂਵਾਲਾ, ਬਖ਼ਸ਼ ਸੰਘਾ, ਕੁਲਮੀਤ ਸੰਘਾ (ਪੱਤਰਕਾਰ) ਅਤੇ ਹੋਰਾਂ ਨੇ ਪ੍ਰਵਾਸੀ ਜੀਵਨ ਦੀ ਭਾਵਨਾ ਨੂੰ ਸ਼ਬਦਾਂ ਰਾਹੀਂ ਪੇਸ਼ ਕੀਤਾ।
ਸਾਬਕਾ ਪ੍ਰਧਾਨ ਸ. ਸੁਦਾਗਰ ਸਿੰਘ ਨੇ ਨਾਗਰਿਕ ਮੁੱਦਿਆਂ ਜਿਵੇਂ ਟਰੈਫਿਕ, ਗੁੰਡਾਗਰਦੀ ਅਤੇ ਸਮਾਜਕ ਵਿਗਾੜਾਂ ਬਾਰੇ ਚਿੰਤਾ ਜਤਾਈ।
ਇਸ ਮੌਕੇ ਤਾਸ਼ ਮੁਕਾਬਲੇ ਅਤੇ ਪੂਲ ਟੇਬਲ ਖੇਡਾਂ ਦੇ ਜੇਤੂ ਸੀਨੀਅਰ ਨਾਗਰਿਕਾਂ ਨੂੰ ਸਨਮਾਨਿਤ ਕੀਤਾ ਗਿਆ।
ਸਤੀਸ਼ ਸਚਦੇਵਾ (ਸਾਬਕਾ ਸਟੇਟ ਮੀਡੀਆ ਤੇ ਐਜੂਕੇਸ਼ਨ ਅਫ਼ਸਰ) ਵੱਲੋਂ ਐਮ.ਪੀ. ਮਾਹਲ ਦੇ ਧਿਆਨ ਵਿੱਚ ਪੁਰਾਣਾ ਵਾਅਦਾ ਲਿਆਂਦਾ ਗਿਆ ਕਿ 70 ਸਾਲ ਦੀ ਉਮਰ ਅਤੇ 5 ਸਾਲ ਪੀ.ਆਰ. ਹੋਣ ’ਤੇ ਵਿਅਕਤੀਆਂ ਨੂੰ ਪੈਨਸ਼ਨ ਮਿਲੇ ਅਤੇ 75 ਸਾਲ ਤੋਂ ਉਪਰ ਦੇ ਹਰ ਪੀ.ਆਰ. ਵਿਅਕਤੀ ਲਈ ਵੀ ਇਹ ਯੋਜਨਾ ਲਾਗੂ ਕੀਤੀ ਜਾਵੇ।
ਸਟੇਜ ਦੀ ਕਾਰਵਾਈ ਸੰਸਥਾ ਦੇ ਸਕੱਤਰ ਸ਼੍ਰੀ ਗੁਰਬਖ਼ਸ਼ ਸਿੰਘ ਬੈਂਸ ਨੇ ਚਲਾਈ। ਸ਼੍ਰੀ ਅਮਰਜੀਤ ਸਿੰਘ (ਵਿੱਤ ਲੇਖਾਕਾਰ) ਵੱਲੋਂ ਬਾਬਾ ਨਜ੍ਹਮੀ ਦੀ ਕਵਿਤਾ ਸੁਣਾਈ ਗਈ। ਸਮਾਪਤੀ ’ਤੇ ਸੰਸਥਾ ਦੇ ਪ੍ਰਧਾਨ ਬਲਵੀਰ ਸਿੰਘ ਨੇ ਸਾਰੇ ਸਤਿਕਾਰਯੋਗ ਮਹਿਮਾਨਾਂ ਅਤੇ ਭਾਈਚਾਰੇ ਦਾ ਧੰਨਵਾਦ ਕੀਤਾ।