ਬਿਸ਼ਨੋਈ ਗੈਂਗਸਟਰ ਗਰੁੱਪ ਨੇ ਜਿੰਮੇਵਾਰੀ ਲਈ-
ਅਬੋਹਰ, 7 ਜੁਲਾਈ-ਅਬੋਹਰ ਵਿਚ ਨਿਊ ਵੀਅਰ ਵੈਲ ਸ਼ੋਅਰੂਮ ਦੇ ਮਾਲਕ ਤੇ ਉੱਘੇ ਕਾਰੋਬਾਰੀ ਸੰਜੈ ਵਰਮਾ ਦਾ ਸ਼ਹੀਦ ਭਗਤ ਸਿੰਘ ਚੌਕ ਵਿਚ ਦਿਨ ਦਿਹਾੜੇ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਹੈ। ਪੁਲੀਸ ਤੇ ਚਸ਼ਮਦੀਦਾਂ ਮੁਤਾਬਕ ਇਹ ਪੂਰੀ ਵਾਰਦਾਤ ਵਰਮਾ ਦੀ ਮਾਲਕੀ ਵਾਲੇ ਸ਼ੋਅਰੂਮ ਦੇ ਬਿਲਕੁਲ ਬਾਹਰ ਵਾਪਰੀ।
ਜਾਣਕਾਰੀ ਅਨੁਸਾਰ ਮੋਟਰਸਾਈਕਲ ਸਵਾਰ ਤਿੰਨ ਅਣਪਛਾਤੇ ਹਮਲਾਵਰਾਂ ਨੇ ਵਰਮਾ ’ਤੇ 10 ਦੇ ਕਰੀਬ ਗੋਲੀਆਂ ਚਲਾਈਆਂ। ਇਨ੍ਹਾਂ ਵਿਚੋਂ ਚਾਰ ਗੋਲੀਆਂ ਵਰਮਾ ਦੀ ਆਈ 20 ਕਾਰ ਵਿਚ ਲੱਗੀਆਂ। ਕੌਮਾਂਤਰੀ ਫੇਮ ਪਹਿਲਵਾਨ ਗ੍ਰੇਟ ਖਲੀ ਨੇ ਬਹੁਤ ਪਹਿਲਾਂ ਸ਼ੋਅਰੂਮ ਦਾ ਉਦਘਾਟਨ ਕੀਤਾ ਸੀ। ਪੌਲੀਵੁੱਡ ਦੇ ਕਲਾਕਾਰ, ਖਿਡਾਰੀ, ਸੀਨੀਅਰ ਨਿਆਂਇਕ ਅਧਿਕਾਰੀਆਂ ਤੇ ਸਿਆਸਤਦਾਨਾਂ ਦਾ ਸ਼ੋਅਰੂਮ ਵਿਚ ਆਉਣ ਜਾਣ ਸੀ। ਸੰਜੈ ਵਰਮਾ (58) ਫੈਸ਼ਨ ਡਿਜ਼ਾਈਨਰ ਜਗਤ ਵਰਮਾ, ਜਿਸ ਨੂੰ ਆਲਮੀ ਪੱਧਰ ’ਤੇ ਬਹੁਤ ਮਾਣ ਸਨਮਾਨ ਮਿਲਿਆ ਹੈ, ਦਾ ਛੋਟਾ ਭਰਾ ਸੀ।
ਪੁਲੀਸ ਵੱਲੋਂ ਹਮਲਾਵਰਾਂ ਦੀ ਸ਼ਨਾਖ਼ਤ ਤੇ ਉਨ੍ਹਾਂ ਦੀ ਪੈੜ ਨੱਪਣ ਲਈ ਇਲਾਕੇ ਦੇ ਸੀਸੀਟੀਵੀ ਕੈਮਰੇ ਖੰਗਾਲੇ ਜਾ ਰਹੇ ਹਨ। ਇਸ ਘਟਨਾ ਤੋਂ ਫੌਰੀ ਮਗਰੋਂ ਸੀਨੀਅਰ ਪੁਲੀਸ ਅਧਿਕਾਰੀ ਮੌਕੇ ’ਤੇ ਪੁੱਜ ਗਏ। ਸੰਜੈ ਵਰਮਾ ਦੀ ਹੱਤਿਆ ਨਾਲ ਸਥਾਨਕ ਭਾਈਚਾਰਾ ਸਦਮੇ ਵਿੱਚ ਹੈ। ਬਾਦ ਵਿਚ ਮਿਲੀ ਜਾਣਕਾਰੀ ਮੁਤਾਬਿਕ ਵਰਮਾ ਦੇ ਕਤਲ ਦੀ ਜਿੰਮੇਵਾਰੀ ਬਿਸ਼ਨੋਈ ਗਰੁੱਪ ਵਲੋਂ ਲਈ ਗਈ ਹੈ।
