ਵੈਨਕੂਵਰ ( ਜੋਗਿੰਦਰ ਸਿੰਘ ਸੁੰਨੜ)- ਉਘੇ ਵਾਤਾਵਰਣ ਪ੍ਰੇਮੀ ਤੇ ਰਾਜ ਸਭਾ ਮੈਂਬਰ ਸੰਤ ਬਾਬਾ ਬਲਵੀਰ ਸਿੰਘ ਸੀਚੇਵਾਲ ਜੋ ਕਿ ਅੱਜਕੱਲ ਕੈਨੇਡਾ ਦੌਰੇ ਤੇ ਹਨ, ਇਸ ਐਤਵਾਰ ਨੂੰ ਖਾਲਸਾ ਦੀਵਾਨ ਸੁਸਾਇਟੀ ਵੈਨਕੂਵਰ ਵਿਖੇ ਨਤਮਸਤਕ ਹੋਏ। ਇਸ ਮੌਕੇ ਉਹਨਾਂ ਸੰਗਤਾਂ ਦੇ ਰੂਬਰੂ ਹੁੰਦਿਆਂ ਗੁਰਮਤਿ ਦੀ ਰੌਸ਼ਨੀ ਵਿਚ ਵਾਤਾਵਰਣ ਨੂੰ ਸਾਫ ਸੁਥਰਾ ਰੱਖਣ ਬਾਰੇ ਵਿਚਾਰਾਂ ਕੀਤੀਆਂ। ਜ਼ਿਕਰਯੋਗ ਹੈ ਕਿ ਬਾਬਾ ਸੀਚੇਵਾਲ ਨੇ ਪਹਿਲੀ ਪਾਤਸ਼ਾਹੀ ਸ੍ਰੀ ਗੁਰੂ ਨਾਨਕ ਦੇਵ ਜੀ ਪਵਿੱਤਰ ਛੋਹ ਪ੍ਰਾਪਤ ਕਾਲੀ ਵੇਂਈਂ ਨੂੰ ਪ੍ਰਦੂਸ਼ਿਤ ਮੁਕਤ ਕਰਦਿਆਂ ਸਵੱਛ ਜਲ ਵਾਲੀ ਨਦੀ ਵਿਚ ਤਬਦੀਲ ਕੀਤਾ ਹੈ। ਉਹਨਾਂ ਵਲੋਂ ਕਾਲੀ ਵੇਈਂ ਤੇ ਪਿੰਡਾਂ ਦੀ ਸਾਫ ਸਫਾਈ ਲਈ ਕੀਤੇ ਗਏ ਕੰਮਾਂ ਲਈ ਤਤਕਾਲੀ ਰਾਸ਼ਟਰਪਤੀ ਡਾ ਅਬਦਲ ਕਲਾਮ ਉਚੇਚੇ ਤੌਰ ਤੇ ਵੇਖਣ ਆਏ ਸਨ ਤੇ ਉਹਨਾਂ ਨੂੰ ਰਾਸ਼ਟਰਪਤੀ ਐਵਾਰਡ ਨਾਲ ਸਨਮਾਨਿਤ ਕੀਤਾ ਗਿਆ ਸੀ। ਉਹਨਾਂ ਨੇ ਪਿੰਡਾਂ ਦੇ ਕੱਚੇ ਰਸਤਿਆਂ ਨੂੰ ਪੱਕਾ ਕੀਤਾ ਤੇ ਇੰਟਰਲੌਕ ਟਾਈਲਾਂ ਲਗਾਕੇ ਖੂਬਸੂਰਤ ਬਣਾਇਆ। ਸਰਕਾਰ ਦੁਆਰਾ ਜਿਹੜਾ ਕੰਮ 7 ਕਰੋੜ ਲਗਾਕੇ ਕੀਤਾ ਗਿਆ, ਉਹੀ ਕੰਮ ਉਹਨਾਂ ਦੀ ਅਗਵਾਈ ਵਿਚ 4 ਕਰੋੜ ਵਿਚ ਕੀਤਾ ਗਿਆ। ਉਹਨਾਂ ਵਲੋਂ ਕੀਤੇ ਜਾ ਰਹੇ ਸੇਵਾ ਕਾਰਜਾਂ ਵਿਚ ਐਨ ਆਰ ਆਈ ਵੀਰਾਂ ਵਲੋਂ ਵੀ ਭਰਵਾਂ ਸਹਿਯੋਗ ਦਿੱਤਾ ਜਾ ਰਿਹਾ ਹੈ। ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵਲੋਂ ਉਹਨਾਂ ਦੀ ਸੇਵਾ ਨੂੰ ਧਿਆਨ ਵਿਚ ਰੱਖਦਿਆਂ ਰਾਜ ਸਭਾ ਵਿਚ ਭੇਜਿਆ ਗਿਆ ਹੈ। ਸੰਗਤਾਂ ਨਾਲ ਵਿਚਾਰਾਂ ਕਰਦਿਆਂ ਉਹਨਾਂ ਦੱਸਿਆ ਕਿ ਰਾਜ ਸਭਾ ਮੈਂਬਰ ਹੋਣ ਕਰਕੇ ਉਹ ਕਈ ਹੋਰ ਕੰਮ ਕਰਵਾਉਣ ਵਿਚ ਸਫਲ ਹੋਏ ਹਨ। ਪਿੰਡਾਂ ਦੇ ਛੱਪੜਾਂ ਦੀ ਨੁਹਾਰ ਬਦਲਣ ਲਈ ਸਰਕਾਰ ਨੇ ਸੀਚੇਵਾਲ ਮਾਡਲ ਨੂੰ ਅਪਣਾਉਂਦਿਆਂ ਕਈ ਪਿੰਡਾਂ ਨੂੰ ਇਸ ਸਕੀਮ ਲਈ ਚੁਣਿਆ ਹੈ।
ਖਾਲਸਾ ਦੀਵਾਨ ਸੁਸਾਇਟੀ ਵਿਖੇ ਪੁੱਜਣ ਤੇ ਸੰਤ ਸੀਚੇਵਾਲ ਦਾ ਪ੍ਰਬੰਧਕ ਕਮੇਟੀ ਵਲੋਂ ਭਰਵਾਂ ਸਵਾਗਤ ਕੀਤਾ ਗਿਆ। ਉਹ ਕਾਮਾਗਾਟਾਮਾਰੂ ਮਿਊਜ਼ਮ ਵੇਖਕੇ ਬਹੁਤ ਪ੍ਰਭਾਵਿਤ ਹੋਏ। ਗੁਰਦੁਆਰਾ ਸਾਹਿਬ ਦੇ ਹੈਡ ਗਰੰਥੀ ਗਿਆਨੀ ਹਰਮਿੰਦਰਪਾਲ ਸਿੰਘ ਵਲੋਂ ਉਹਨਾਂ ਦਾ ਸਿਰੋਪਾ ਪਾਕੇ ਸਨਮਾਨ ਕੀਤਾ। ਗੁਰਦੁਆਰਾ ਕਮੇਟੀ ਵਲੋਂ ਪਲੇਕ ਦੇਕੇ ਸਨਮਾਨਿਤ ਕੀਤਾ ਗਿਆ ਤੇ ਯਾਦਗਾਰੀ ਤਸਵੀਰਾਂ ਕਰਵਾਈਆਂ ਗਈਆਂ। ਇਸਤੋਂ ਪਹਿਲਾਂ ਵੀ ਸੰਤ ਸੀਚੇਵਾਲ ਜੀ ਖਾਲਸਾ ਦੀਵਾਨ ਸੁਸਾਇਟੀ ਵਲੋਂ ਆਯੋਜਿਤ ਨਗਰ ਕੀਰਤਨ ਵਿਚ ਹਾਜ਼ਰੀ ਲਗਵਾ ਚੁੱਕੇ ਹਨ।






