Mar 7, 2026

ਪੰਜਾਬੀ ਬੋਲੀ, ਗੁਰਮੁਖੀ ਲਿੱਪੀ ਤੇ ਪੰਜਾਬੀ ਸਾਹਿਤ ਬਾਰੇ ਖੁੱਲਕੇ ਚਰਚਾ ਹੋਈ-

ਲੈਸਟਰ ( ਬਲਵਿੰਦਰ ਸਿੰਘ ਚਾਹਲ )- ਸਿੱਖ ਐਜੂਕੇਸ਼ਨ ਕੌਂਸਲ ਵੱਲੋਂ ਲੈਸਟਰ ਵਿਖੇ ਪੰਜਾਬੀ ਕਾਨਫਰੰਸ ਯੂਕੇ 2025 ਦਾ ਸਫਲ ਆਯੋਜਨ ਕੀਤਾ ਗਿਆ। ਜਿਸ ਵਿੱਚ ਪੰਜਾਬੀ ਬੋਲੀ ਤੇ ਗੁਰਮੁਖੀ ਲਿੱਪੀ, ਪੰਜਾਬੀ ਸਾਹਿਤ, ਦਰਸ਼ਨ, ਵਿਗਿਆਨ ਤੇ ਨੌਜਵਾਨੀ ਖਿੱਚ ਦਾ ਕੇਂਦਰ ਰਹੇ। ਹਰਵਿੰਦਰ ਸਿੰਘ ਵੱਲੋਂ ਜੀ ਆਇਆ ਆਖਿਆ ਗਿਆ ਅਤੇ ਮੁਖਤਿਆਰ ਸਿੰਘ ਵੱਲੋਂ ਸਵਾਗਤੀ ਭਾਸ਼ਨ ਦਿੱਤਾ ਗਿਆ। ਕਾਨਫਰੰਸ ਦੇ ਪਹਿਲੇ ਸੈਸ਼ਨ ਵਿੱਚ “ਪੰਜਾਬੀ ਅਧਿਆਪਕਾਂ ਦੇ ਨਿਰੰਤਰ ਕਿੱਤਾਮੁਖੀ ਵਿਕਾਸ” ਬਾਰੇ ਗੁਰਮੀਤ ਕੌਰ ਕੈਨੇਡਾ ਨੇ ਪਰਚਾ ਪੇਸ਼ ਕੀਤਾ। ਦੂਜੇ ਸੈਸ਼ਨ ਵਿੱਚ ਅਧਿਆਪਨ ਵਿਧੀਆ ਬਾਰੇ ਹਰਜਾਪ ਸਿੰਘ, ਰਬਾਬ ਨਿਸ਼ਠਾ ਸੂਦ, ਹਰਵਿੰਦਰ ਸਿੰਘ ਚੰਡੀਗੜ੍ਹ ਨੇ ਆਪਣੇ ਪਰਚੇ ਪੇਸ਼ ਕੀਤੇ। ਤੀਜੇ ਸੈਸ਼ਨ “ਗੁਰਮੁਖੀ ਵਿੱਚ ਪੰਜਾਬੀ ਭਾਸ਼ਾ ਅਤੇ ਲੋਕ ਸਾਹਿਤ ਦਾ ਵਿਕਾਸ ਤੇ ਪੰਜਾਬੀ ਭਾਸ਼ਾ ਦਾ ਇਤਿਹਾਸ” ਵਿੱਚ ਬਲਵਿੰਦਰ ਸਿੰਘ ਚਾਹਲ ਅਤੇ ਡਾ ਨਰਿੰਦਰ ਸਿੰਘ ਨੇ ਪਰਚੇ ਪੇਸ਼ ਕੀਤੇ। ਕਾਨਫਰੰਸ ਦੇ ਪਹਿਲੇ ਦਿਨ ਦੇ ਆਖਰੀ ਸੈਸ਼ਨ ਵਿੱਚ ਨੌਜਵਾਨਾਂ ਦਾ ਪੈਨਲ “ਪੰਜਾਬੀ ਭਾਸ਼ਾ, ਦਸ਼ਾ ਤੇ ਦਿਸ਼ਾ” ਵਿੱਚ ਵਿਚਾਰ ਚਰਚਾ ਕੀਤੀ ਗਈ। ਜਿਸ ਵਿੱਚ ਹਰਵਿੰਦਰ ਸਿੰਘ ਵੱਲੋਂ ਸੰਚਾਲਨ ਕੀਤਾ ਗਿਆ ਅਤੇ ਹਰਜਾਪ ਸਿੰਘ, ਰਬਾਬ ਨਿਸ਼ਠਾ ਸੂਦ ਅਤੇ ਜਸਮੀਨ ਕੌਰ ਚਾਹਲ ਨੇ ਚਰਚਾ ਕੀਤੀ। ਪਹਿਲੇ ਦਿਨ ਦੇ ਅੰਤਲੇ ਸਮੇਂ ਵਿੱਚ ਦਰਸ਼ਕਾਂ ਦੇ ਨਾਲ ਸਾਂਝਾ ਸੰਵਾਦ ਵੀ ਰਚਾਇਆ ਗਿਆ। ਦੂਸਰੇ ਦਿਨ ਦੇ ਪਹਿਲੇ ਸੈਸ਼ਨ “ਪੰਜਾਬੀ ਭਾਸ਼ਾ ਵਿੱਚ ਸਮਾਜਿਕ, ਰਾਜਨੀਤਕ ਅਤੇ ਅਰਥਸ਼ਾਸਤਰ ਸਾਹਿਤ ਦਾ ਵਿਕਾਸ” ਵਿੱਚ ਡਾ ਸੁਜਿੰਦਰ ਸਿੰਘ ਸੰਘਾ ਦਾ ਪਰਚਾ ਡਾ ਅਵਤਾਰ ਸਿੰਘ ਵੱਲੋਂ ਪੇਸ਼ ਕੀਤਾ ਗਿਆ। ਦੂਸਰਾ ਪਰਚਾ ਡਾ ਜਸਵੀਰ ਸਿੰਘ ਤੇ ਡਾ ਪਰਗਟ ਸਿੰਘ ਨੇ ਸਾਂਝੇ ਤੌਰ ‘ਤੇ ਪਰਚਾ ਪੇਸ਼ ਕੀਤਾ। ਇਸੇ ਸੈਸ਼ਨ ਦਾ ਤੀਜਾ ਪਰਚਾ ਲਖਵਿੰਦਰ ਸਿੰਘ ਜੌਹਲ ਵੱਲੋਂ ਪੇਸ਼ ਕੀਤਾ ਗਿਆ। ਇਸਦੇ ਬਾਅਦ ਮੱਧ ਵਿੱਚ ਨਾਹਰ ਸਿੰਘ ਗਿੱਲ ਵੱਲੋਂ ਪੰਜਾਬੀ ਨਾਟਕ ਦਾ ਆਯੋਜਨ ਅਤੇ ਨੁਜ਼ਹਤ ਅੱਬਾਸ ਤੇ ਸੰਦੀਪ ਮਨਨ ਵੱਲੋਂ ਸਾਂਝੇ ਪੰਜਾਬ ਨੂੰ ਲੈ ਕੇ ਪੇਸ਼ਕਾਰੀ ਕੀਤੀ ਗਈ। ਦੂਜੇ ਦਿਨ ਦੇ ਆਖਰੀ ਸੈਸ਼ਨ “ਪੰਜਾਬੀ ਭਾਸ਼ਾ ਵਿੱਚ ਵਿਗਿਆਨਕ ਸਾਹਿਤ ਦਾ ਵਿਕਾਸ” ਵਿੱਚ ਡਾ ਅਜੀਤ ਪਾਲ ਸਿੰਘ ਅਤੇ ਡਾ ਰਾਜਵਿੰਦਰ ਸਿੰਘ ਪੰਜਾਬੀ ਯੂਨੀ: ਪਟਿਆਲਾ ਨੇ ਆਪਣੇ ਪਰਚੇ ਪੇਸ਼ ਕੀਤੇ। ਕਾਨਫਰੰਸ ਦੇ ਆਖਰੀ ਸੈਸ਼ਨ ਸੰਵਾਦ ਵਿੱਚ ਦਰਸ਼ਕਾਂ ਨਾਲ ਸਿੱਧਾ ਰਾਬਤਾ ਬਣਾਉਂਦਿਆਂ ਉਹਨਾਂ ਨੂੰ ਕਾਨਫਰੰਸ ਵਿੱਚ ਸ਼ਾਮਲ ਕੀਤਾ ਗਿਆ। ਕਵੀ ਦਰਬਾਰ ਵਿੱਚ ਕੁਲਵੰਤ ਕੌਰ ਢਿੱਲੋਂ, ਦਲਵੀਰ ਕੌਰ, ਮਨਜੀਤ ਕੌਰ ਪੱਡਾ, ਸੰਦੀਪ ਮਨਨ, ਕਿਹਰ ਸਿੰਘ, ਜਸਮੇਰ ਸਿੰਘ ਲਾਲ, ਕੁਲਵਿੰਦਰ ਕੌਰ ਆਦਿ ਨੇ ਭਾਗ ਲਿਆ। ਹੋਰ ਬੁਲਾਰਿਆਂ ਤੇ ਮਹਿਮਾਨਾਂ ਵਿੱਚ ਬਲਦੇਵ ਸਿੰਘ ਕੰਦੋਲਾ, ਸ਼ਿੰਦਰਪਾਲ ਸਿੰਘ ਮਾਹਲ, ਡਾ ਅਵਤਾਰ ਸਿੰਘ, ਪਰਮਿੰਦਰ ਸਿੰਘ ਬੱਲ ਪ੍ਰਧਾਨ ਸਿੱਖ ਫੈਡਰੇਸ਼ਨ ਯੂਕੇ, ਦੀਪਕ ਸਿੰਘ ਲੈਚਵਰਥ, ਗੁਰਨਾਮ ਸਿੰਘ ਪ੍ਰਧਾਨ ਗੁਰੂ ਤੇਗ ਬਹਾਦਰ ਗੁਰਦਵਾਰਾ ਲੈਸਟਰ, ਅਮਰਜੀਤ ਸਿੰਘ ਮਿਨਹਾਸ ਆਦਿ ਨੇ ਭਾਗ ਲਿਆ। ਅੰਤ ਵਿੱਚ ਡਾ ਪਰਗਟ ਸਿੰਘ ਵੱਲੋਂ ਕਾਨਫਰੰਸ ਵਿੱਚ ਭਾਗ ਲੈਣ ਵਾਲੇ ਬੁਲਾਰੇ, ਸੰਗਤ ਦਾ ਧੰਨਵਾਦ ਕਰਦਿਆਂ ਇਸ ਕਾਨਫਰੰਸ ਲਈ ਆਸ਼ਾਵਾਦੀ ਸੁਨੇਹਾ ਦਿੱਤਾ ਗਿਆ ਅਤੇ ਭਵਿੱਖ ਬਾਰੇ ਵੀ ਜਾਣਕਾਰੀ ਸਾਂਝੀ ਕੀਤੀ ਗਈ। ਇਸ ਕਾਨਫਰੰਸ ਦਾ ਸਮੁੱਚਾ ਸੰਚਾਲਨ ਕੰਵਰ ਸਿੰਘ ਬਰਾੜ, ਹਰਵਿੰਦਰ ਸਿੰਘ, ਤਜਿੰਦਰ ਕੌਰ ਤੇ ਬਲਵਿੰਦਰ ਸਿੰਘ ਚਾਹਲ ਨੇ ਸਾਂਝੇ ਤੌਰ ‘ਤੇ ਕੀਤਾ।