ਸਰੀ, 15 ਜੁੁਲਾਈ ( ਸੰਦੀਪ ਸਿੰਘ ਧੰਜੂ)- ਦੁਨੀਆਂ ਭਰ ਵਿੱਚ ਵੱਸਦੇ ਸਿੱਖ ਜਗਤ ਲਈ ਵੱਕਾਰੀ ਸਿੱਖ ਐਵਾਰਡ ਸਮਾਰੋਹ ਇਸ ਵਾਰ ਵੈਨਕੂਵਰ ਵਿੱਚ ਕਰਵਾਇਆ ਜਾ ਰਿਹਾ ਹੈ। ਬੀਤੀ ਸ਼ਾਮ ਸਰੀ ਦੇ ਪੁਰਾਣੀ ਦਿੱਲੀ ਰੈਸਟੋਰੈਂਟ ਵਿਖੇ ਕੀਤੀ ਗਈ ਇਕ ਪ੍ਰੈੱਸ ਕਾਨਫਰੰਸ ਦੌਰਾਨ ਇਸ ਐਵਾਰਡ ਨੂੰ ਸ਼ੁਰੂ ਕਰਨ ਵਾਲੇ ਯੂ.ਕੇ. ਨਿਵਾਸੀ ਡਾ.ਨਵਦੀਪ ਸਿੰਘ ਬਾਂਸਲ ਨੇ ਦੱਸਿਆ ਕਿ ਹਰ ਸਾਲ ਦਿੱਤੇ ਜਾਂਦੇ ਇਹ ਐਵਾਰਡ ਦੁਨੀਆਂ ਭਰ ਵਿੱਚੋਂ ਪ੍ਰਭਾਵਸ਼ਾਲੀ ਸਿੱਖ ਸਖਸ਼ੀਅਤਾਂ ਨੂੰ ਪ੍ਰਦਾਨ ਕੀਤੇ ਜਾਂਦੇ ਹਨ ਜਿਨਾਂ ਲਈ 12 ਕੈਟਾਗਰੀਆਂ ਨਿਰਧਾਰਿਤ ਹਨ। ਇਸ ਤੋਂ ਇਲਾਵਾ ਇਕ ਹੋਰ ਐਵਾਰਡ ਲਈ ਕਿਸੇ ਗੈਰ ਸਿੱਖ ਸਖਸ਼ੀਅਤ ਦੀ ਚੋਣ ਕੀਤੀ ਜਾਂਦੀ ਹੈ ਜਿਸ ਨੇ ਸਿੱਖ ਜਗਤ ਲਈ ਕੋਈ ਬਹੁਤ ਅਹਿਮ ਯੋਗਦਾਨ ਪਾਇਆ ਹੋਵੇ। ਡਾ. ਬਾਂਸਲ ਦੱਸਿਆ ਕਿ ਇਹ ਐਵਾਰਡ ਸਮਾਰੋਹ ਹਰ ਸਾਲ ਦੁਨੀਆਂ ਦੇ ਵੱਖ-ਵੱਖ ਦੇਸ਼ ਵਿੱਚ ਕਰਵਾਇਆ ਜਾਂਦਾ ਹੈ ਅਤੇ ਇਸ ਸਾਲ ਲਈ ਵੈਨਕੂਵਰ ਸ਼ਹਿਰ ਦੀ ਚੋਣ ਕੀਤੀ ਗਈ ਹੈ । ਪੈਨ ਪੈਸੇਫਿਕ ਹੋਟਲ ਵਿੱਚ ਹੋਣ ਵਾਲੇ ਇਸ ਸਮਾਗਮ ਵਿੱਚ ਦੁਨੀਆਂ ਭਰ ਤੋਂ 500 ਅਹਿਮ ਸਿੱਖ ਸਖਸ਼ੀਅਤਾਂ ਸ਼ਾਮਿਲ ਹੋਣਗੀਆਂ । ਦੱਸਣਯੋਗ ਹੈ ਕਿ ਇਸ ਐਵਾਰਡ ਤੋਂ ਇਲਾਵਾ ਡਾ.ਬਾਂਸਲ ਦੀ ਸੰਸਥਾ ਵੱਲੋਂ ਵੱਖ-ਵੱਖ ਪੈਮਾਨਿਆਂ ਤੇ ਆਧਾਰਿਤ ਹਰ ਸਾਲ ਦੁਨੀਆਂ ਭਰ ਦੇ 100 ਸਭ ਤੋਂ ਪ੍ਰਭਾਵਸ਼ਾਲੀ ਸਿੱਖਾਂ ਦੀ ਸੂਚੀ ਵੀ ਜਾਰੀ ਕੀਤੀ ਜਾਂਦੀ ਹੈ।
ਅੰਗੇਰਜ਼ੀ ਮੈਗਜ਼ੀਨ ਕੈਨੇਡਾ ਟੈਬਲੌਇਡ ਦੇ ਪਬਲਿਸ਼ਰ ਤੇ ਪ੍ਰੈਸ ਮਿਲਣੀ ਦੇ ਆਯੋਜਕ ਡਾ ਜਸਵਿੰਦਰ ਦਿਲਾਵਰੀ ਡਾ ਨਵਦੀਪ ਬਾਂਸਲ ਦੀ ਜਾਣ ਪਹਿਚਾਣ ਕਰਵਾਉਂਦੇ ਹੋਏ।



