ਲੁਧਿਆਣਾ-ਪਰਵਾਸੀ ਸਾਹਿਤ ਅਧਿਐਨ ਕੇਂਦਰ, ਗੁਜਰਾਂਵਾਲਾ ਗੁਰੂ ਨਾਨਕ ਖ਼ਾਲਸਾ ਕਾਲਜ ਲੁਧਿਆਣਾ ਵੱਲੋਂ ਤ੍ਰੈ-ਮਾਸਿਕ ਪੱਤ੍ਰਿਕਾ ਪਰਵਾਸ ਦਾ 44ਵਾਂ ਜੁਲਾਈ-ਸਤੰਬਰ 2025 ਅੰਕ ਲੋਕ ਅਰਪਨ ਕੀਤਾ ਗਿਆ। ਜਿਸ ਵਿਚ ਅਮਰੀਕਾ ਵੱਸਦੇ ਪੰਜਾਬੀ ਲੇਖਕ ਨਕਸ਼ਦੀਪ ਪੰਜਕੋਹਾ ਨੇ ਵਿਸ਼ੇਸ਼ ਮਹਿਮਾਨ ਵਜੋਂ ਸ਼ਿਰਕਤ ਕੀਤੀ। ਪ੍ਰੋਗਰਾਮ ਦੇ ਆਰੰਭ ਵਿਚ ਡਾ. ਸ. ਪ. ਸਿੰਘ ਪ੍ਰਧਾਨ ਗੁਜਰਾਂਵਾਲਾ ਖ਼ਾਲਸਾ ਐਜੂਕੇਸ਼ਨਲ ਕੌਂਸਲ ਤੇ ਸਾਬਕਾ ਵਾਈਸ ਚਾਂਸਲਰ ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ ਨੇ ਸਭ ਨੂੰ ਜੀ ਆਇਆਂ ਕਿਹਾ ਅਤੇ ਲੇਖਕ ਨਕਸ਼ਦੀਪ ਪੰਜਕੋਹਾ ਦੇ ਸਿਰਜਣਾ ਸਫ਼ਰ ਬਾਰੇ ਪਾਠਕਾਂ ਨੂੰ ਜਾਣੂ ਕਰਵਾਇਆ। ਨਕਸ਼ਦੀਪ ਪੰਜਕੋਹਾ ਨੇ ਇਸ ਸਮੇਂ ਸਰੋਤਿਆਂ ਦੇ ਰੂ ਬ ਰੂ ਹੁੰਦਿਆਂ ਪੰਜਾਬ ਰਹਿੰਦਿਆਂ ਆਪਣੇ ਸੰਘਰਸ਼ ਭਰੇ ਦਿਨਾਂ ਬਾਰੇ ਦੱਸਿਆ। ਉਨ੍ਹਾਂ ਨੇ ਇਹ ਵੀ ਕਿਹਾ ਕਿ ਉਹ ਪਹਿਲਾਂ ਅੰਗਰੇਜ਼ੀ ਵਿਚ ਸਾਹਿਤ ਲਿਖਦੇ ਸਨ ਪਰ ਫਿਰ ਲੇਖਕ ਤੇ ਫਿਲਮੀ ਅਦਾਕਾਰ ਬਲਰਾਜ ਸਾਹਨੀ ਦੀ ਪ੍ਰੇਰਨਾ ਨਾਲ ਉਨ੍ਹਾਂ ਨੇ ਮਾਂ ਬੋਲੀ ਵਿਚ ਲਿਖਣਾ ਸ਼ੁਰੂ ਕੀਤਾ। ਉਨ੍ਹਾਂ ਨੇ ਦੱਸਿਆ ਕਿ ਡਾ. ਸ. ਪ. ਸਿੰਘ ਨੇ ਉਨ੍ਹਾਂ ਦੇ ਨਾਵਲ ‘ਗਿਰਵੀ ਹੋਏ ਮਨ’ ਨੂੰ ਪੜ੍ਹਨ ਉਪਰੰਤ ਪਾਠਕਾਂ ਤੇ ਯੂਨੀਵਰਸਿਟੀਆਂ ਦੇ ਪਾਠਕ੍ਰਮ ਦਾ ਹਿੱਸਾ ਬਣਾਇਆ। ਇਸ ਨਾਵਲ ਸਦਕਾ ਹੀ ਉਹ ਸਾਹਿਤਕ ਜਗਤ ਵਿਚ ਨਕਸ਼ਦੀਪ ਪੰਜਕੋਹਾ ਵਜੋਂ ਜਾਣੇ ਜਾਣ ਲੱਗੇ।
ਪੰਜਾਬੀ ਵਿਭਾਗ ਦੇ ਮੁਖੀ ਪ੍ਰੋ. ਸ਼ਰਨਜੀਤ ਕੌਰ ਨੇ ਪਰਵਾਸ ਦੇ 44ਵੇਂ ਅੰਕ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਪੰਜਾਬੀ ਸਾਹਿਤ ਦੀ ਲੇਖਿਕਾ ਬਲਬੀਰ ਕੌਰ ਸੰਘੇੜਾ ਨੂੰ ਇਸ ਅੰਕ ਵਿਚ ਵਿਸ਼ੇਸ਼ ਲੇਖਿਕਾ ਵਜੋਂ ਪ੍ਰਕਾਸ਼ਿਤ ਕੀਤਾ ਹੈ। ਲੇਖਿਕਾ ਦੇ ਜੀਵਨ ਤੇ ਰਚਨਾ ਦੇ ਵਿਭਿੰਨ ਪੱਖਾਂ ਨੂੰ ਡਾ. ਅਕਾਲ ਅੰਮ੍ਰਿਤ ਕੌਰ ਨੇ ਮੁਲਾਕਾਤ ਰਾਹੀਂ, ਮੇਜਰ ਮਾਂਗਟ ਨੇ ਆਪਣੇ ਲੇਖ ਰਾਹੀਂ ਤੇ ਨੀਰੂ ਗੁਪਤਾ ਨੇ ਉਨ੍ਹਾਂ ਦੀ ਸਵੈ ਜੀਵਨੀ ਆਧਾਰ ਬਣਾ ਕੇ ਬਾਖ਼ੂਬੀ ਉਜਾਗਰ ਕੀਤਾ ਹੈ। ਰਾਜ ਲਾਲੀ ਬਟਾਲਾ (ਅਮਰੀਕਾ), ਜ਼ਫ਼ਰ ਅਵਾਨ (ਡੈਨਮਾਰਕ), ਮਲਵਿੰਦਰ, ਸੁਖਿੰਦਰ, ਪ੍ਰਤੀਕ ਸਿੰਘ, ਸੁਖਪ੍ਰੀਤ ਬੱਡੋਂ (ਕੈਨੇਡਾ), ਪ੍ਰੇਮ ਪਾਲ ਸਿੰਘ (ਇਟਲੀ) ਦੀਆਂ ਕਵਿਤਾਵਾਂ, ਲੇਖ ਡਾ. ਰਣਜੀਤ ਸਿੰਘ ਅਤੇ ਰਾਜਪਾਲ ਬੋਪਾਰਾਏ, ਕਹਾਣੀ ਪਵਿੱਤਰ ਕੌਰ ਮਾਟੀ ਦੀ ਤੋਂ ਇਲਾਵਾ ਡਾ. ਬਲਜੀਤ ਕੌਰ ਰਿਆੜ ਨੇ ਮਲਵਿੰਦਰ ਰਚਿਤ ‘ਬਹਿਰ’: ਰਚਨਾਤਮਕ ਪਾਸਾਰ, ਤ੍ਰੈਲੋਚਨ ਲੋਚੀ ਨੇ ਹਸਤੀ ਵਿਚਲਾ ਚੀਰ: ਬਲਰਾਜ ਧਾਲੀਵਾਲ ਤੇ ਬਲਵਿੰਦਰ ਸਿੰਘ ਚਾਹਲ ਨੇ ਰੂਪ ਦਵਿੰਦਰ ਦਾ ਕਾਵਿ ਸੰਗ੍ਰਹਿ ‘ਮੌਨ ਦਾ ਅਨੁਵਾਦ’ ਪੁਸਤਕ ਦੀ ਆਲੋਚਨਾਤਮਕ ਪੱਖੋਂ ਨਿਰਖ ਪਰਖ ਕੀਤੀ ਹੈ। ਇੰਗਲੈਂਡ ਵੱਸਦੇ ਲੇਖਕ ਪ੍ਰੋ. ਰਣਜੀਤ ਧੀਰ ਨੇ ਲੇਖਕ ਸ਼ੇਰ ਜੰਗ ਜਾਂਗਲੀ ਦੀ ਵਿਅੰਗਕਾਰੀ ਬਾਰੇ ਲਿਖ ਕੇ ਉਨ੍ਹਾਂ ਨੂੰ ਸ਼ਰਧਾਂਜਲੀ ਭੇਂਟ ਕੀਤੀ ਹੈ।
ਕਾਲਜ ਦੇ ਪ੍ਰਿੰਸੀਪਲ ਡਾ. ਅਰਵਿੰਦਰ ਸਿੰਘ ਨੇ ਰਸਮੀ ਤੌਰ ’ਤੇ ਸਭ ਦਾ ਧੰਨਵਾਦ ਕਰਦੇ ਹੋਏ ਪੰਜਾਬੀ ਵਿਭਾਗ ਅਤੇ ਪਰਵਾਸੀ ਸਾਹਿਤ ਅਧਿਐਨ ਕੇਂਦਰ ਨੂੰ ਇਸ ਅੰਕ ਦੇ ਲੋਕ ਅਰਪਨ ਦੀ ਵਧਾਈ ਦਿੱਤੀ ਅਤੇ ਦੱਸਿਆ ਕਿ ਅਗਲੇ ਅੰਕ ਦੇ ਲੇਖਕ ਇੰਗਲੈਂਡ ਦੇ ਵਾਰਤਕਕਾਰ ਹਰੀਸ਼ ਮਲਹੋਤਰਾ ਹੋਣਗੇ।
ਇਸ ਮੌਕੇ ਸ. ਹਰਸ਼ਰਨ ਸਿੰਘ ਨਰੂਲਾ ਆਨਰੇਰੀ ਜਨਰਲ ਸਕੱਤਰ, ਗੁਜਰਾਂਵਾਲਾ ਖ਼ਾਲਸਾ ਐਜੂਕੇਸ਼ਨਲ ਕੌਂਸਲ, ਸ. ਹਰਦੀਪ ਸਿੰਘ ਮੈਂਬਰ ਗੁਜਰਾਂਵਾਲਾ ਖ਼ਾਲਸਾ ਐਜੂਕੇਸ਼ਨਲ ਕੌਂਸਲ, ਪ੍ਰੋ. ਮਨਜੀਤ ਸਿੰਘ ਛਾਬੜਾ ਡਾਇਰੈਕਟਰ ਜੀ.ਜੀ.ਐਨ.ਆਈ.ਐਮ.ਟੀ., ਡਾ. ਹਰਪ੍ਰੀਤ ਸਿੰਘ ਪ੍ਰਿੰਸੀਪਲ ਜੀ.ਜੀ.ਐਨ.ਆਈ.ਐਮ.ਟੀ., ਸ਼ਾਇਰ ਤ੍ਰੈਲੋਚਨ ਲੋਚੀ, ਡਾ. ਗੁਰਚਰਨ ਕੌਰ ਕੌਚਰ, ਹਿੰਦੀ ਵਿਭਾਗ ਦੇ ਮੁਖੀ ਪ੍ਰੋ. ਰਜਿੰਦਰ ਕੌਰ ਮਲਹੋਤਰਾ, ਡਾ. ਦਲੀਪ ਸਿੰਘ, ਅੰਗਰੇਜ਼ੀ ਵਿਭਾਗ ਦੇ ਮੁਖੀ ਡਾ. ਸੁਸ਼ਮਿੰਦਰਜੀਤ ਕੌਰ, ਡਾ. ਅਰਵਿੰਦਰ ਕੌਰ, ਪ੍ਰੋ. ਜਸਪ੍ਰੀਤ ਕੌਰ, ਪ੍ਰੋ. ਅਮਨਪ੍ਰੀਤ ਕੌਰ, ਡਾ. ਹਰਗੁਣਜੋਤ ਕੌਰ, ਡਾ. ਭੁਪਿੰਦਰਜੀਤ ਕੌਰ, ਡਾ. ਮਨਦੀਪ ਕੌਰ, ਪ੍ਰੋ. ਮਨਜੀਤ ਸਿੰਘ ਬਟਾਲਵੀ ਤੇ ਰਾਜਿੰਦਰ ਸਿੰਘ ਸੰਧੂ ਹਾਜ਼ਰ ਰਹੇ। ਪ੍ਰੋਗਰਾਮ ਦਾ ਸੰਚਾਲਨ ਡਾ. ਤੇਜਿੰਦਰ ਕੌਰ ਕੋਆਰਡੀਨੇਟਰ ਪਰਵਾਸੀ ਸਾਹਿਤ ਅਧਿਐਨ ਕੇਂਦਰ ਵਲੋਂ ਕੀਤਾ ਗਿਆ।
