Mar 7, 2026

ਬੀਸੀ ਦੇ ਪ੍ਰੀਮੀਅਰ ਤੇ ਸਰੀ ਮੇਅਰ ਵਲੋਂ ਉਠਾਈ ਮੰਗ ਦੁਹਰਾਈ-ਕਿਹਾ ਗੈਂਗਸਟਰ ਗਰੁੱਪ ਨੂੰ ਅਤਵਾਦੀ ਗਰੁੱਪ ਐੈਲਾਨਿਆ ਜਾਵੇ-

ਕੈਲਗਰੀ ( ਦਲਵੀਰ ਜੱਲੋਵਾਲੀਆ)- ਬ੍ਰਿਟਿਸ਼ ਕੋਲੰਬੀਆ ਦੇ ਪ੍ਰੀਮੀਅਰ ਉਪਰੰਤ ਹੁਣ ਅਲਬਰਟਾ ਦੀ  ਪ੍ਰੀਮੀਅਰ ਡੈਨੀਅਲ ਸਮਿਥ ਨੇ ਵੀ ਫੈਡਰਲ ਸਰਕਾਰ ਤੋਂ ਭਾਰਤੀ ਗੈਂਗਸਟਰ ਲਾਰੈਂਸ ਬਿਸ਼ਨੋਈ ਗਰੁੱਪ ਨੂੰ ਅਤਵਾਦੀ ਗਰੁੱਪ ਐਲਾਨੇ ਜਾਣ ਦੀ ਮੰਗ ਕੀਤੀ ਹੈ। ਉਹਨਾਂ ਇਥੇ ਕਿਹਾ ਹੈ ਕਿ “ਕੈਨੇਡੀਅਨਾਂ ਨੂੰ ਸੁਰੱਖਿਅਤ ਰੱਖਣ ਲਈ” ਲਾਰੈਂਸ ਬਿਸ਼ਨੋਈ ਗੈਂਗ ਨੂੰ ਖਤਮ ਕਰਨ ਦੀ ਲੋੜ ਹੈ।
ਪ੍ਰੀਮੀਅਰ ਡੈਨੀਅਲ ਸਮਿਥ ਅਤੇ ਜਨਤਕ ਸੁਰੱਖਿਆ ਮੰਤਰੀ ਮਾਈਕ ਐਲਿਸ ਨੇ ਇਕ ਸਾਂਝੇ  ਬਿਆਨ, ਬੀਸੀ ਦੇ ਪ੍ਰੀਮੀਅਰ ਡੇਵਿਡ ਈਬੀ ਅਤੇ ਸਰੀ ਦੇ ਮੇਅਰ ਬਰੈਂਡਾ ਲੌਕ ਦੁਆਰਾ ਪ੍ਰਧਾਨ ਮੰਤਰੀ ਮਾਰਕ ਕਾਰਨੀ ਤੋਂ ਬਿਸ਼ਨੋਈ ਗੈਂਗ ਨੂੰ ਅਤਵਾਦੀ ਗਰੁੱਪ ਨਾਮਜ਼ਦ ਕੀਤੇ ਜਾਣ ਦੀ ਮੰਗ ਤੋਂ ਲਗਪਗ ਇੱਕ ਮਹੀਨੇ ਬਾਅਦ ਉਕਤ ਮੰਗ ਦੁਹਰਾਈ ਹੈ। ਜ਼ਿਕਰਯੋਗ ਹੈ ਕਿ ਆਰਸੀਐਮਪੀ ਨੇ ਲਾਰੈਂਸ ਬਿਸ਼ਨੋਈ ਗੈਂਗ ਨੂੰ ਅਲਬਰਟਾ, ਓਨਟਾਰੀਓ ਅਤੇ ਸਰੀ ਵਿੱਚ ਸਾਊਥ ਏਸ਼ੀਆਈ ਭਾਈਚਾਰੇ ਦੇ ਕਾਰੋਬਾਰੀਆਂ ਤੋਂ ਜਬਰੀ ਵਸੂਲੀ ਅਤੇ ਹੋਰ ਅਪਰਾਧਾਂ ਨਾਲ ਜੋੜਿਆ  ਹੈ। ਉਹਨਾਂ ਆਪਣੇ ਬਿਆਨ ਵਿਚ ਕਿਹਾ ਹੈ ਕਿ ਕਿਸੇ ਅਪਰਾਧੀ ਗਰੁੱਪ ਨੂੰ ਇੱਕ ਅੱਤਵਾਦੀ ਵਜੋਂ ਸੂਚੀਬੱਧ ਕਰਨ ਨਾਲ ਪੁਲਿਸ ਨੂੰ ਸੰਗਠਿਤ ਅਪਰਾਧ ਨੈਟਵਰਕਾਂ ਖਿਲਾਫ ਲੜਨਾ ਸੌਖਾਲਾ ਹੋ ਜਾਂਦਾ ਹੈ ।
ਇੱਕ ਵਾਰ ਜਦੋਂ ਕਿਸੇ ਸਮੂਹ ਨੂੰ ਕੈਨੇਡਾ ਵਿੱਚ ਇੱਕ ਅੱਤਵਾਦੀ ਸੰਸਥਾ ਵਜੋਂ ਸੂਚੀਬੱਧ ਕੀਤਾ ਜਾਂਦਾ ਹੈ ਤਾਂ ਉਸ  ਸਮੂਹ ਦੀ ਮਲਕੀਅਤ ਵਾਲੀ ਕੋਈ ਵੀ ਜਾਇਦਾਦ ਸਰਕਾਰ ਦੁਆਰਾ ਫ੍ਰੀਜ਼ ਕੀਤੀ ਜਾ ਸਕਦੀ ਹੈ, ਅਤੇ ਕਾਨੂੰਨ ਲਾਗੂ ਕਰਨ ਲਈ ਫੰਡਿੰਗ, ਯਾਤਰਾ ਅਤੇ ਭਰਤੀ ਨਾਲ ਜੁੜੇ ਅਪਰਾਧਾਂ ਦੀ ਜਾਂਚ ਲਈ ਵਾਧੂ ਸਰੋਤ ਤਾਇਨਾਤ ਕੀਤੇ ਜਾ ਸਕਦੇ ਹਨ।

ਸਮਿਥ ਨੇ ਹੋਰ ਕਿਹਾ ਕਿ “ਅਸੀਂ ਅੱਤਵਾਦੀ ਸੰਗਠਨਾਂ, ਗੈਂਗਾਂ ਅਤੇ ਹਿੰਸਕ ਅਪਰਾਧੀਆਂ ਨੂੰ ਅਲਬਰਟਾ ਦੇ ਲੋਕਾਂ ਨੂੰ ਨਿਸ਼ਾਨਾ ਬਣਾਉਣ ਅਤੇ ਸ਼ੋਸ਼ਣ ਕਰਨ ਤੋਂ ਰੋਕਣ ਲਈ ਸਖਤ ਕਾਰਵਾਈ ਕਰਨ ਲਈ ਵਚਨਬੱਧ ਹਾਂ। ਅਲਬਰਟਾ ਅਤੇ ਪੂਰੇ ਕੈਨੇਡਾ ਵਿੱਚ ਸਾਊਥ ਏਸ਼ੀਆਈ ਭਾਈਚਾਰਿਆਂ ਨੂੰ ਇਸ ਖ਼ਤਰੇ ਤੋਂ ਬਹੁਤ ਜ਼ਿਆਦਾ ਨਿਸ਼ਾਨਾ ਬਣਾਇਆ ਗਿਆ ਹੈ ਅਤੇ ਪ੍ਰਭਾਵਿਤ ਕੀਤਾ ਗਿਆ ਹੈ। ਹੁਣ ਇਹਨਾਂ ਖਿਲਾਫ ਕਾਰਵਾਈ ਦਾ ਸਮਾਂ  ਹੈ। ਅਲਬਰਟਾ ਦੀ ਸਰਕਾਰ ਸੰਘੀ ਸਰਕਾਰ ਅਤੇ ਪ੍ਰਧਾਨ ਮੰਤਰੀ ਮਾਰਕ ਕਾਰਨੀ ਨੂੰ ਅਲਬਰਟਾ ਵਾਸੀਆਂ ਅਤੇ ਸਾਰੇ ਕੈਨੇਡੀਅਨਾਂ ਦੀ ਰੱਖਿਆ ਲਈ ਇੱਕ ਸਟੈਂਡ ਲੈਣ ਅਤੇ ਕਾਰਵਾਈ ਕਰਨ ਵਿੱਚ ਉਨ੍ਹਾਂ ਨਾਲ ਜੁੜਨ ਲਈ ਕਹਿ ਰਹੀ ਹੈ। ਉਧਰ ਓਨਟਾਰੀਓ ਵਿਚ ਬਰੈਂਪਟਨ ਦੇ ਮੇਅਰ ਨੇ ਵੀ ਅਜਿਹੀ ਹੀ ਮੰਗ ਕੀਤੀ ਸੀ। ਮੇਅਰ ਪੈਟਰਿਕ ਬਰਾਉ ਨੇ ਕਿਹਾ ਹੈ ਕਿ ਬਰੈਂਪਟਨ ਵਿੱਚ ਇਹ ਗੈਂਗ ਬੇਸ਼ਰਮੀ ਨਾਲ ਸਰਗਰਮ  ਹੈ, ਪੁਲਿਸ ਓਨਟਾਰੀਓ ਸ਼ਹਿਰ ਵਿੱਚ ਬਿਸ਼ਨੋਈ ਨਾਲ ਸਬੰਧਤ ਡੈਕਲਾਂ ਵਾਲੀਆਂ ਗੱਡੀਆਂ ਨੂੰ ਦੇਖ ਰਹੀ ਹੈ।

ਜ਼ਿਕਰਯੋਗ ਹੈ ਕਿ ਲਾਰੈਂਸ ਬਿਸ਼ਨੋਈ 2015 ਤੋਂ ਇੱਕ ਭਾਰਤੀ ਜੇਲ੍ਹ ਵਿੱਚ ਹੈ ਅਤੇ ਉਸਦੇ ਵਿਰੁੱਧ ਦੋ ਦਰਜਨ ਤੋਂ ਵੱਧ ਅਪਰਾਧਿਕ ਮਾਮਲੇ ਵਿਚਾਰ ਅਧੀਨ ਹਨ। ਉਸ ‘ਤੇ ਕੈਦ ਦੌਰਾਨ ਸੈਲਫੋਨ ਦੀ ਵਰਤੋਂ ਕਰਕੇ ਜਬਰੀ ਫਿਰੌਤੀ ਅਤੇ ਹੋਰ ਹਿੰਸਕ ਕਾਰਵਾਈਆਂ ਦੇ ਦੋਸ਼ ਹਨ।