Mar 7, 2026

ਸਰੀ (ਰੁਪਿੰਦਰ ਖਹਿਰਾ ਰੂਪੀ )-ਬੀਤੇ ਦਿਨੀਂ ਕੇਂਦਰੀ ਪੰਜਾਬੀ ਲੇਖਕ ਸਭਾ ਉੱਤਰੀ ਅਮਰੀਕਾ ਦੀ ਮਾਸਿਕ ਬੈਠਕ ਸੀਨੀਅਰ ਸਿਟੀਜਨ ਸੈਂਟਰ ਵਿਖੇ ਹੋਈ । ਜਿਸ ਵਿੱਚ ਉੱਘੇ ਲੇਖਕ ਨਰਿੰਦਰ ਪੰਨੂੰ ਦਾ ਨਾਵਲ “ ਦੀਪ ਦਾ ਮੀਤ” ਲੋਕ ਅਰਪਣ ਕੀਤਾ ਗਿਆ । ਸਮਾਗਮ ਦੀ ਪ੍ਰਧਾਨਗੀ ਪ੍ਰਧਾਨ ਪ੍ਰਿਤਪਾਲ ਗਿੱਲ ਅਤੇ ਸਟੇਜ ਦਾ ਸੰਚਾਲਨ ਸਕਤੱਰ ਪਲਵਿੰਦਰ ਸਿੰਘ ਰੰਧਾਵਾ ਵੱਲੋਂ ਬਾਖੂਬੀ ਨਿਭਾਇਆ ਗਿਆ । ਪ੍ਰਧਾਨਗੀ ਮੰਡਲ ਵਿੱਚ ਪ੍ਰਧਾਨ ਪ੍ਰਿਤਪਾਲ ਗਿੱਲ, ਸਕੱਤਰ ਪਲਵਿੰਦਰ ਸਿੰਘ ਰੰਧਾਵਾ, ਸੁਖਦੇਵ ਸਿੰਘ ਧੂਰੀ, ਨਰਿੰਦਰ ਸਿੰਘ ਪੰਨੂ, ਐਮ .ਐਲ. ਏ .ਜੈਸੀ ਸੂਨੜ (ਮਨਿਸਟਰ ਔਫ ਪੋਸਟ ਸੈਕੰਡਰੀ ਐਜੂਕੇਸ਼ਨ ਐਂਡ ਫਊਚਰ ਸਕਿਲਜ਼ ), ਹੈਰੀ ਬੈਂਸ ਸਾਬਕਾ ਮਨਿਸਟਰ  ਸਟੇਜ ਤੇ ਸੁਸ਼ੋਭਿਤ ਹੋਏ । 

ਸ਼ੋਕ ਮਤੇ ਵਿੱਚ  ਗੀਤਕਾਰ ਖੁਸ਼ਹਾਲ ਸਿੰਘ ਘਲੋਟੀ ਸੰਧੂ ਜੋ ਕਿ ਪਿਛਲੇ ਦਿਨੀਂ ਅਚਾਨਕ ਸਦੀਵੀ ਵਿਛੋੜਾ ਦੇ ਗਏ  ਹਨ ਸਭਾ ਵੱਲੋਂ   ਸ਼ਰਧਾਂਜਲੀ ਭੇਂਟ ਕੀਤੀ ਗਈ । ਉਹ ਲੰਮੇ ਸਮੇਂ ਤੋਂ ਸਭਾ ਦੇ ਮੈਂਬਰ ਸਨ ।  

ਉਪਰੰਤ ਪ੍ਰਿਤਪਾਲ ਗਿੱਲ, ਡਾ: ਗੁਰਮਿੰਦਰ ਕੌਰ ਸਿੱਧੂ, ਹਰਸ਼ਰਨ ਕੌਰ ਵੱਲੋਂ ਲੇਖਕ ਦੀ ਪੁਸਤਕ ਬਾਰੇ ਸੰਖੇਪ ਸਹਿਤ ਪਰਚੇ ਪੜ੍ਹੇ ਗਏ ।  ਪ੍ਰਧਾਨਗੀ ਮੰਡਲ, ਬੋਰਡ ਮੈਂਬਰ ਅਤੇ ਖਚਾ ਖਚ ਭਰੇ ਹਾਲ ਵਿੱਚ ਤਾੜੀਆਂ ਦੀ ਗੁੰਜ ਨਾਲ ਲੇਖਕ ਨਰਿੰਦਰ ਪੰਨੂ  ਦਾ ਨਾਵਲ “ ਦੀਪ ਦਾ  ਮੀਤ” ਲੋਕ ਅਰਪਣ ਕੀਤਾ ਗਿਆ । ਲੇਖਕ ਵੱਲੋਂ ਪੁਸਤਕ ਬਾਰੇ ਆਪਣੇ ਵਿਚਾਰ ਪੇਸ਼ ਕੀਤੇ ਗਏ ।ਸਭਾ ਵੱਲੋਂ ਲੇਖਕ ਨੂੰ ਸਨਮਾਨਿਤ ਕੀਤਾ ਗਿਆ, ਪ੍ਰੋ: ਕਸ਼ਮੀਰਾ ਸਿੰਘ , ਅਮਰੀਕ ਪਲਾਹੀ, ਇੰਦਰਜੀਤ ਧਾਮੀ ਅਤੇ ਜਿਨ੍ਹਾਂ ਨੇ ਪਰਚੇ ਪੜ੍ਹੇ ਹਨ ਖਾਸ ਤੌਰ ਤੇ ਸ਼ਾਮਿਲ ਹੋਏ । ਲੇਖਕ ਗੁਰਪ੍ਰੀਤ ਸਿੰਘ ਕਾਲਸਾ ਦੀ ਪੁਸਤਕ “.ਤੇਰੇ ਤੇ ਕੁਰਬਾਨ” ਵੀ ਰਿਲੀਜ਼ ਕੀਤੀ ਗਈ । ਇਸ ਪੁਸਤਕ ਬਾਰੇ ਪ੍ਰੋ: ਹਰਿੰਦਰ ਕੌਰ ਸੋਹੀ ਅਤੇ ਡਾ: ਪ੍ਰਿਥੀਪਾਲ ਸੋਹੀ ਵੱਲੋਂ ਵਿਸਥਾਰ ਸਹਿਤ ਪਰਚੇ ਪੜ੍ਹੇ ਗਏ । ਇਸ ਮੌਕੇ ਬੁਲਾਰਿਆਂ ਵੱਲੋਂ ਵਿਚਾਰ ਅਤੇ ਕਵੀ ਦਰਬਾਰ ਵਿੱਚ ਸਭਾ ਦੇ ਲੇਖਕ , ਸਥਾਨਕ ਕਵੀਆਂ ਤੇ ਆਏ ਮਹਿਮਾਨਾਂ ਵੱਲੋਂ ਆਪਣੀਆਂ ਰਚਨਾਵਾਂ ਸਾਂਝੀਆਂ ਕੀਤੀਆਂ ਗਈਆਂ । ਅੰਤ ਵਿੱਚ ਆਪਣੇ ਪ੍ਰਭਾਵਸ਼ਾਲੀ  ਪ੍ਰਧਾਨਗੀ ਭਾਸ਼ਨ ਨਾਲ ਪ੍ਰਧਾਨ ਪ੍ਰਿਤਪਾਲ ਗਿੱਲ ਵੱਲੋਂ ਸਮਾਗਮ ਨੂੰ ਸਮੇਟਿਆ ਗਿਆ ।