Mar 7, 2026

ਉਘੇ ਕਵੀ ਨਵਤੇਜ ਭਾਰਤੀ ਦਾ ਵਿਸ਼ੇਸ਼ ਸਨਮਾਨ-ਮੀਟ ਐਂਡ ਗਰੀਟ ਪ੍ਰੋਗਰਾਮ ਦੌਰਾਨ ਪੰਜ ਸਾਹਿਤਕ ਤੇ ਇਤਿਹਾਸਕ ਪੁਸਤਕਾਂ ਰੀਲੀਜ਼-

ਵਿਰਸਾ ਫਾਉਂਡੇਸ਼ਨ ਵਲੋਂ ਨੌਵਾਂ ਸਾਲਾਨਾ ਮੇਲਾ 9 ਅਗਸਤ ਨੂੁੰ-

ਐਬਸਫੋਰਡ ( ਦੇ ਪ੍ਰ ਬਿ)- ਬੀਤੇ ਦਿਨ ਵਿਰਸਾ ਫਾਊਂਡੇਸ਼ਨ ਐਬਸਫੋਰਡ ਦੀ ਆਗੂ ਧਰਮਵੀਰ ਧਾਲੀਵਾਲ, ਦਵਿੰਦਰ ਬਚਰਾ, ਬਲਜਿੰਦਰ ਸੰਧੂ ਦੀ ਅਗਵਾਈ ਹੇਠ ਟੀਮ ਵਲੋਂ ਮੀਟ ਐਂਡ ਗਰੀਟ ਪ੍ਰੋਗਰਾਮ ਐਬਸਫੋਰਡ ਦੇ ਪਹਾੜਾਂ ਦੀ ਗੋਦ ਵਿਚ 4582 ਬੈਲ ਰੋਡ ਤੇ ਸਥਿਤ ਸੁਹਾਵਣੇ ਫਾਰਮ ਹਾਊਸ ਤੇ ਬਹੁਤ ਹੀ ਸ਼ਾਨਦਾਰ ਢੰਗ ਨਾਲ ਕਰਵਾਇਆ ਗਿਆ। ਇਹ ਪ੍ਰੋਗਰਾਮ ਜੋ ਪ੍ਰਸਿੱਧ ਆਰਟਿਸਟ ਸ ਜਰਨੈਲ ਸਿੰਘ ਦੀ ਯਾਦ ਨੂੰ ਸਮਰਪਿਤ ਸੀ ਦੌਰਾਨ ਲੇਖਕਾਂ, ਪੱਤਰਕਾਰਾਂ, ਕਲਾਕਾਰਾਂ ਤੇ ਸਪਾਂਸਰਾਂ ਦਾ ਮਾਣ ਸਨਮਾਨ ਕੀਤਾ ਗਿਆ ਤੇ ਉਹਨਾਂ ਨੂੰ ਦਰਸ਼ਕਾਂ ਸਰੋਤਿਆਂ ਦੇ ਰੂਬਰੂ ਕਰਵਾਇਆ ਗਿਆ।

ਇਸ ਮੌਕੇ ਪ੍ਰਸਿਧ ਪਾਕਿਸਤਾਨੀ ਲੇਖਕਾ ਡਾ ਆਸਮਾ ਕਾਦਰੀ ਦੀ ਪੁਸਤਕ ਜਿਮੀਂ ਪੁੱਛੇ ਅਸਮਾਨ, ਮਨਜੀਤ ਕੌਰ ਗਿੱਲ ਦੀ ਪੁਸਤਕ ਵਿਰਸੇ ਦਾ ਸੰਦੂਕ, ਹਰਪ੍ਰੀਤ ਧਾਲੀਵਾਲ ਦੀ ਪੁਸਤਕ ਸੈਲਫ ਇਪਾਰਵਮੈਂਟ, ਤੇ ਡਾ ਸੁਦਰਸ਼ਨ ਭਗਤ ਤੇ ਡਾ ਨਿਸ਼ਾ ਡੋਗਰਾ ਦੀ ਪੁਸਤਕ ਸਿਹਤ ਵੇਲਾ ਤੋਂ ਇਲਾਵਾ ਡਾ ਰਿਸ਼ੀ ਸਿੰਘ ਤੇ ਸੰਦੀਪ ਸ਼ੰਕਰ ਦੀ ਇਤਿਹਾਸਕ ਪੁਸਤਕ ਸਿੱਖ ਹੈਰੀਟੇਜ ਰੀਲੀਜ ਕੀਤੀ ਗਈ। ਫਾਊਂਡੇਸ਼ਨ ਵਲੋਂ ਪ੍ਰਸਿੱਧ ਕਵੀ ਨਵਤੇਜ ਭਾਰਤੀ, ਅਜਮੇਰ ਰੋਡੇ, ਸੁਰਜੀਤ ਕਲਸੀ, ਡਾ ਗੁਰਮਿੰਦਰ ਸਿੱਧੂ, ਹਰਕੀਰਤ ਕੌਰ ਚਾਹਲ, ਪ੍ਰੋ ਹਰਿੰਦਰ ਕੌਰ ਸੋਹੀ, ਮਨਜੀਤ ਗਿੱਲ, ਬਿੰਦੂ ਮਠਾੜੂ, ਬਲਵੀਰ ਢਿੱਲੋਂ, ਜੱਸ ਮਲਕੀਤ, ਜੈਜ ਗਿੱਲ, ਹਰਸ਼ਰਨ ਕੌਰ, ਗੁਰਨੂਰ ਸਿੱਧੂ, ਪੱਤਰਕਾਰ ਹਰਕੀਰਤ ਸਿੰਘ ਪੰਜਾਬ ਗਾਰਡੀਅਨ, ਗੁਰਸੇਵਕ ਸਿੰਘ ਪੰਧੇਰ, ਡਾ ਗੁਰਵਿੰਦਰ ਸਿੰਘ ਧਾਲੀਵਾਲ, ਸੁਖਵਿੰਦਰ ਸਿੰਘ ਚੋਹਲਾ ਐਡੀਟਰ ਦੇਸ਼ ਪ੍ਰਦੇਸ਼ ਟਾਈਮਜ਼, ਜਰਨੈਲ ਸਿੰਘ ਖੰਡੋਲੀ ਜੀਕੇਐਮ ਟੀਵੀ ਤੇ ਹੋਰ ਸ਼ਖਸੀਅਤਾਂ ਦਾ ਯਾਦਗਾਰੀ ਚਿੰਨਾਂ ਨਾਲ ਸਨਮਾਨ ਕੀਤਾ ਗਿਆ। ਸਭਿਆਚਾਰਕ ਵਸਤਾਂ ਨਾਲ ਸਜਾਏ ਖੂਬਸੂਰਤ ਮੰਚ ਉਪਰ ਸਭਿਆਚਾਰਕ ਪੌਸ਼ਾਕਾਂ ਵਿਚ ਸੱਜੀਆਂਂ ਬੀਬੀਆਂ ਨੇ ਲੋਕ ਬੋਲੀਆਂ ਤੇ ਗਿੱਧੇ ਨਾਲ ਖੂਬ ਰੰਗ ਬੰਨੇ ਤੇ ਪੰਜਾਬੀ ਵਿਰਸੇ ਤੇ ਸਭਿਆਚਾਰ ਦੀ ਅਮੀਰੀ ਨੂੰ ਜੀਵੰਤ ਕੀਤਾ।

ਪ੍ਰਬੰਧਕਾਂ ਵਲੋਂ ਸਵਾਦਿਸ਼ਟ ਖਾਣੇ, ਸਨੈਕਸ, ਚਾਹ-ਕੌਫੀ ਦਾ ਖਾਸ ਪ੍ਰਬੰਧ ਕੀਤਾ ਗਿਆ ਸੀ ਜਿਸਦਾ ਮਹਿਮਾਨਾਂ ਨੇ ਭਰਪੂਰ ਆਨੰਦ ਮਾਣਿਆ।

ਵਿਰਸਾ ਫਾਊਂਡੇਸ਼ਨ ਵਲੋਂ ਇਸੇ ਥਾਂ ਤੇ 9 ਅਗਸਤ ਦਿਨ ਸ਼ਨੀਵਾਰ ਨੂੰ 9ਵਾਂ ਸਾਲਾਨਾ ਮੇਲਾ ਕਰਵਾਇਆ ਜਾ ਰਿਹਾ ਹੈ ਜਿਸ ਵਿਚ ਉਘੀ ਮਹਿਲਾ ਵਿਦਵਾਨ ਡਾ ਬਲਵਿੰਦਰ ਕੌਰ ਬਰਾੜ,  ਬਚਿੰਤ ਕੌਰ ਬਰਾੜ ਤੇ ਸਰਬਜੀਤ ਮਾਂਗਟ ਵਿਸ਼ੇਸ਼ ਮਹਿਮਾਨ ਵਜੋਂ ਅਤੇ ਕਈ ਹੋਰ ਪ੍ਰਸਿਧ ਕਲਾਕਾਰ ਪੁੱਜ ਰਹੇ ਹਨ।

ਤਸਵੀਰਾਂ-ਸ਼ਰਮਾ ਫੋਟੋਗ੍ਰਾਫਰ।