ਪੰਥਕ ਆਗੂ ਸਵਰਗੀ ਜਥੇਦਾਰ ਮੋਹਣ ਸਿੰਘ ਤੁੜ ਦੀ ਬਰਸੀ ਹਰ ਸਾਲ 30 ਜੁਲਾਈ ਨੂੰ ਮਨਾਈ ਜਾਂਦੀ ਹੈ। ਉਹਨਾਂ ਨੂੰ ਮਾਝੇ ਦਾ ਮਾਣ ਅਤੇ ਪੰਥਕ ਰਾਜਨੀਤੀ ਦੇ ਸ਼ਾਹ ਸਵਾਰ ਵਜੋਂ ਜਾਣਿਆ ਜਾਂਦਾ ਹੈ । ਸ੍ਰੀ ਅਕਾਲ ਤਖ਼ਤ ਸਾਹਿਬ ਦੇ ਸਾਬਕਾ ਜਥੇਦਾਰ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਤਤਕਾਲੀ ਪ੍ਰਧਾਨ ਜਥੇਦਾਰ ਮੋਹਨ ਸਿੰਘ ਤੁੜ ਦਾ ਜਨਮ 1916 ਈ.ਨੂੰ ਸ.ਜਗਤ ਸਿੰਘ ਦੇ ਘਰ ਮਾਝੇ ਦੇ ਪਿੰਡ ਤੁੜ ਵਿਖੇ ਹੋਇਆ।ਇਹ ਪਿੰਡ ਉਸ ਸਮੇਂ ਜ਼ਿਲ੍ਹਾ ਅੰਮ੍ਰਿਤਸਰ ਦੀ ਹੱਦਬਸਤ ਵਿਚ ਪੈਂਦਾ ਸੀ,ਅਜੋਕੇ ਸਮੇਂ ਇਹ ਜ਼ਿਲ੍ਹਾ ਤਰਨ ਤਾਰਨ ਵਿਚ ਹੈ।ਉਨ੍ਹਾਂ ਦੇ ਸਤਿਕਾਰਯੋਗ ਪਿਤਾ ਸ.ਜਗਤ ਸਿੰਘ ਨੇ ਜੈਤੋਂ ਦੇ ਮੋਰਚੇ ਵਿਚ ਜਾਣ ਵਾਲੇ ਦੂਸਰੇ ਜਥੇ ਦੀ ਅਗਵਾਈ ਕੀਤੀ ਸੀ ਅਤੇ ਗੋਲੀ ਲੱਗਣ ਕਰਕੇ ਸ਼ਹੀਦ ਹੋਏ ਸਨ। ਜਥੇਦਾਰ ਮੋਹਨ ਸਿੰਘ ਤੁੜ ਜੋਬਨ ਰੁੱਤ ਵਿਚ ਹੀ ਸ਼੍ਰੋਮਣੀ ਅਕਾਲੀ ਦਲ ਦੀਆਂ ਗਤੀਵਿਧੀਆਂ ਵਿਚ ਭਾਗ ਲੈਣ ਲੱਗ ਪਏ ਸਨ।ਇਸ ਭਾਗੀਦਾਰੀ ਕਰਕੇ ਹੀ ਉਨ੍ਹਾਂ ਨੂੰ 1945 ਈ. ਵਿਚ ਸਰਕਲ ਸਰਹਾਲੀ ਕਲਾਂ ਦੀ ਜਥੇਦਾਰੀ ਸੌਂਪ ਦਿੱਤੀ ਗਈ। ਪੰਜਾਬੀ ਸੂਬੇ ਦੇ ਮੋਰਚੇ ਦੌਰਾਨ ਜਥੇਦਾਰ ਮੋਹਨ ਸਿੰਘ ਨੂੰ ਦਰਬਾਰ ਸਾਹਿਬ ਦੀ ਪਰਿਕਰਮਾ ਵਿਚੋਂ ਗ੍ਰਿਫ਼ਤਾਰ ਕਰ ਲਿਆ ਗਿਆ ਅਤੇ ਜੇਲ੍ਹ ਭੇਜ ਦਿੱਤਾ ਗਿਆ।ਇਹ ਮੁਕੱਦਮਾ ਲੰਮਾ ਸਮਾਂ ਚੱਲਦਾ ਰਿਹਾ।ਗ੍ਰਿਫ਼ਤਾਰੀ ਦੇ ਇਸ ਸਮੇਂ ਦੌਰਾਨ ਸਰਕਾਰ ਵੱਲੋਂ ਕਈ ਪ੍ਰਕਾਰ ਦੇ ਲਾਲਚ ਤੇ ਡਰਾਵੇ ਦਿੱਤੇ ਗਏ ਪਰ ਉਨ੍ਹਾਂ ਨੇ ਸਬਰ-ਸੰਤੋਖ ਅਤੇ ਨਿੱਡਰਤਾ ਦਾ ਪੱਲਾ ਨਹੀਂ ਛੱਡਿਆ।ਕੋਈ ਗੱਲ ਨਾ ਬਣਦੀ ਦੇਖ ਕੇ ਸਰਕਾਰੀ ਤੰਤਰ ਵੱਲੋਂ ਉਨ੍ਹਾਂ ਨੂੰ ਰਿਹਾਅ ਕਰਨਾ ਪਿਆ। ਰਿਹਾਈ ਤੋਂ ਬਾਅਦ ਜਦੋਂ ਜਥੇਦਾਰ ਮੋਹਨ ਸਿੰਘ ਤੁੜ ਬਾਹਰ ਆਏ ਤਾਂ ਉਨ੍ਹਾਂ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਦਾ ਜਥੇਦਾਰ ਥਾਪ ਦਿੱਤਾ ਗਿਆ।ਇਸ ਵਡੇਰੀ ਜ਼ਿੰਮੇਵਾਰੀ ਨੂੰ ਉਨ੍ਹਾਂ ਨੇ ਬੜੀ ਸੁਚੱਜਤਾ ਅਤੇ ਜੱਚਤਾ ਨਾਲ ਨਿਭਾਇਆ। ਪੰਥ ਪ੍ਰਤੀ ਉਨ੍ਹਾਂ ਦੀਆਂ ਸੇਵਾਵਾਂ ਅਤੇ ਲਗਨ ਨੂੰ ਸਤਿਕਾਰ ਦਿੰਦਿਆਂ ਹੋਇਆਂ ਸੰਤ ਫ਼ਤਿਹ ਸਿੰਘ ਵੱਲੋਂ ਪਹਿਲਾਂ ਉਨ੍ਹਾਂ ਨੂੰ ਸ਼੍ਰੋਮਣੀ ਅਕਾਲੀ ਦਲ ਦਾ ਮੀਤ ਪ੍ਰਧਾਨ ਅਤੇ ਬਾਅਦ (1972 ਈ.) ਵਿਚ ਪ੍ਰਧਾਨ ਬਣਾ ਦਿੱਤਾ ਗਿਆ। 1973 ਈ. ਵਿਚ ਕਰਨਾਲ ਦਾ ਸ਼ਹਿਰੀ ਆਜ਼ਾਦੀ ਮੋਰਚਾ ਜਥੇਦਾਰ ਮੋਹਨ ਸਿੰਘ ਤੁੜ ਦੀ ਅਗਵਾਈ ਹੇਠ ਫ਼ਤਿਹ ਕੀਤਾ ਗਿਆ।ਇਸ ਫ਼ਤਿਹ ਨੇ ਸ਼੍ਰੋਮਣੀ ਅਕਾਲੀ ਦਲ ਦਾ ਕੱਦ ਬਹੁਤ ਉੱਚਾ ਕਰ ਦਿੱਤਾ।ਇਸ ਮੋਰਚੇ ਤੋਂ ਬਾਅਦ 9 ਜੁਲਾਈ 1975 ਈ. ਨੂੰ ਸ਼੍ਰੋਮਣੀ ਅਕਾਲੀ ਦਲ ਵੱਲੋਂ ਦੇਸ਼ ਵਿਚ ਲਗਾਈ ਗਈ ਐਮਰਜੈਂਸੀ ਦੇ ਵਿਰੁੱਧ ਵੱਡਾ ਮੋਰਚਾ ਲਗਾਇਆ ਗਿਆ ਜਿਸ ਦੀ ਅਗਵਾਈ ਜਥੇਦਾਰ ਮੋਹਨ ਸਿੰਘ ਤੁੜ ਵੱਲੋਂ ਕੀਤੀ ਗਈ। 1977 ਈ. ਵਿਚ ਜਥੇਦਾਰ ਮੋਹਨ ਸਿੰਘ ਤੁੜ ਦੀ ਜਥੇਦਾਰੀ ਹੇਠ ਲੋਕ ਸਭਾ ਦੀ ਚੋਣਾਂ ਲੜੀਆਂ ਗਈਆਂ ਅਤੇ ਸਾਰੀਆਂ (13) ਸੀਟਾਂ ਉੁਪਰ ਅਕਾਲੀ ਦਲ ਅਤੇ ਉਸ ਦੇ ਸਹਿਯੋਗੀਆਂ ਨੂੰ ਜਿੱਤ ਪ੍ਰਾਪਤ ਹੋਈ।ਉਨ੍ਹਾਂ ਨੇ ਆਪ ਲੋਕ ਸਭਾ ਹਲਕਾ ਤਰਨ ਤਾਰਨ ਦੀ ਸੀਟ ਵੱਡੇ ਫਰਕ ਨਾਲ ਜਿੱਤੀ। ਧੜੇਬੰਦੀ ਦੇ ਸਵਾਲ ‘ਤੇ ਜਥੇਦਾਰ ਤੁੜ ਦਾ ਜਵਾਬ ਸੀ,ਕਿ ਉਨ੍ਹਾਂ ਦਾ ਧੜਾ ਕੇਵਲ ਪੰਥ ਹੈ ਅਤੇ ਉਨ੍ਹਾਂ ਦਾ ਜੀਵਨ-ਮਰਨ ਪੰਥ ਨੂੰ ਪੂਰਨ ਰੂਪ ਵਿਚ ਸਮਰਪਿਤ ਹੈ।ਆਪਣੇ ਕਹੇ ਦੇ ਮੁਤਾਬਿਕ ਜਥੇਦਾਰ ਮੋਹਨ ਸਿੰਘ ਤੁੜ ਸਾਰੀ ਹਯਾਤੀ ਪੰਥ ਨੂੰ ਸਮਰਪਿਤ ਰਹੇ। ਪੰਥਕ ਸਫ਼ਾਂ ਵਿਚ ਦਰਵੇਸ਼ ਸਿਆਸਤਦਾਨ ਕਰਕੇ ਜਾਣਿਆਂ ਜਾਂਦਾ ਜਥੇਦਾਰ ਮੋਹਨ ਸਿੰਘ ਤੁੜ ਅਖੀਰ 30 ਜੁਲਾਈ 1979 ਈ. ਨੂੰ (ਇੱਕ ਬਿਮਾਰੀ ਦੀ ਲਪੇਟ ਵਿਚ ਆਉਣ ਕਾਰਨ) ਇਸ ਫ਼ਾਨੀ ਸੰਸਾਰ ਤੋਂ ਹਮੇਸ਼ਾਂ ਲਈ ਰੁਖ਼ਸਤ ਹੋ ਗਿਆ।ਉਨ੍ਹਾਂ ਦੀ ਸਾਲਾਨਾ ਬਰਸੀ ਹਰ ਸਾਲ ਉਨ੍ਹਾਂ ਦੇ ਜੱਦੀ ਪਿੰਡ ਤੁੜ ਵਿਖੇ ਉਨ੍ਹਾਂ ਪਰਿਵਾਰਕ ਮੈਂਬਰਾਂ ਅਤੇ ਇਲਾਕਾ ਨਿਵਾਸੀਆਂ ਵੱਲੋਂ ਵੱਡੀ ਸ਼ਰਧਾ-ਭਾਵਨਾ ਨਾਲ ਮਨਾਈ ਜਾਂਦੀ ਹੈ।
— -ਰਮੇਸ਼ ਬੱਗਾ ਚੋਹਲਾ (ਲੁਧਿਆਣਾ) ਮੋਬ: 9463132719
