Mar 7, 2026

ਵੈਨਕੂਵਰ-ਰੂਸ ਦੇ ਪੂਰਬ ਵਿੱਚ ਬੁੱਧਵਾਰ ਤੜਕੇ ਕਾਮਚਟਕਾ ਆਈਲੈਂਡ ਨੇੜੇ 8.8 ਤੀਬਰਤਾ ਦੇ ਭੂਚਾਲ ਕਾਰਨ ਨਾਰਥ ਪੈਸੀਫਿਕ ਵਿੱਚ ਚਾਰ ਚਾਰ ਫੁੱਟ ਉੱਚੀਆਂ ਸੁਨਾਮੀ ਦੀਆਂ ਲਹਿਰਾਂ ਆਈਆਂ, ਜਿਸ ਮਗਰੋਂ ਅਮਰੀਕਾ ਦੇ ਅਲਾਸਕਾ ਅਤੇ ਹਵਾਈ, ਜਾਪਾਨ, ਨਿਊਜ਼ੀਲੈਂਡ ਦੇ ਦੱਖਣ ਵਿੱਚ ਅਤੇ ਬੀਸੀ ਦੇ ਪੱਛਮੀ ਤੱਟ ਤੇ ਚੇਤਾਵਨੀ ਜਾਰੀ ਕੀਤੀ ਗਈ ਹੈ। ਜਪਾਨ ਨੇ ਇਹਤਿਆਤ ਵਜੋਂ ਫੁਕੂਸ਼ੀਮਾ ਵਿਚਲੇ ਪਰਮਾਣੂ ਰਿਐਕਟਰ ਨੂੰ ਖਾਲੀ ਕਰਵਾ ਲਿਆ ਹੈ। ਭੂਚਾਲ ਭਾਰਤੀ ਸਮੇਂ ਅਨੁਸਾਰ ਸਵੇਰੇ ਪੰਜ ਵਜੇ ਦੇ ਕਰੀਬ ਆਇਆ ਤੇ ਭੂਚਾਲ ਦਾ ਕੇਂਦਰ ਸਮੁੰਦਰ ਵਿਚ 19 ਕਿਲੋਮੀਟਰ ਦੀ ਡੂੰਘਾਈ ਵਿਚ ਸੀ। ਇਹ ਭੂਚਾਲ ਮਾਰਚ 2011 ਦੇ ਭੂਚਾਲ ਤੋਂ ਬਾਅਦ ਦੁਨੀਆ ਵਿੱਚ ਆਇਆ ਸਭ ਤੋਂ ਸ਼ਕਤੀਸ਼ਾਲੀ ਭੂਚਾਲ ਜਾਪਦਾ ਹੈ। ਮਾਰਚ 2011 ਵਿੱਚ ਉੱਤਰ-ਪੂਰਬੀ ਜਾਪਾਨ ਵਿੱਚ ਆਏ ਭੂਚਾਲ ਦੀ ਤੀਬਰਤਾ 9.0 ਸੀ ਅਤੇ ਇਸ ਨਾਲ ਇੱਕ ਵੱਡੀ ਸੁਨਾਮੀ ਆਈ ਜਿਸ ਨੇ ਫੁਕੂਸ਼ੀਮਾ ਦਾਇਚੀ ਪਰਮਾਣੂ ਊਰਜਾ ਪਲਾਂਟ ਦੇ ਕੂਲਿੰਗ ਸਿਸਟਮ ਨੂੰ ਤਬਾਹ ਕਰ ਦਿੱਤਾ ਸੀ।

ਮੰਗਲਵਾਰ ਨੂੰ ਹਵਾਈ ਦੀ ਰਾਜਧਾਨੀ ਹੋਨੋਲੂਲੂ ਵਿੱਚ ਸੁਨਾਮੀ ਦੀ ਚੇਤਾਵਨੀ ਦੇਣ ਵਾਲੇ ਸਾਇਰਨ ਵੱਜੇ ਅਤੇ ਲੋਕਾਂ ਨੂੰ ਉੱਚੀਆਂ ਥਾਵਾਂ ’ਤੇ ਜਾਣ ਦੀ ਹਦਾਇਤ ਕੀਤੀ ਗਈ। ਜਾਪਾਨ ਦੀ ਮੌਸਮ ਵਿਗਿਆਨ ਏਜੰਸੀ ਨੇ ਕਿਹਾ ਕਿ ਪਹਿਲੀ ਸੁਨਾਮੀ ਲਹਿਰ, ਕਰੀਬ 30 ਸੈਂਟੀਮੀਟਰ ਉੱਚੀ, ਹੋਕਾਈਡੋ ਦੇ ਪੂਰਬੀ ਤੱਟ ’ਤੇ ਨੇਮੂਰੋ ਤੱਕ ਪਹੁੰਚ ਗਈ ਸੀ। ਕਾਮਚਟਕਾ ਪ੍ਰਾਇਦੀਪ ਨੇੜੇ ਰੂਸੀ ਖੇਤਰ ਵਿੱਚ ਨੁਕਸਾਨ ਅਤੇ ਨਿਕਾਸੀ ਦੀਆਂ ਰਿਪੋਰਟਾਂ ਹਨ, ਜਿੱਥੇ ਭੂਚਾਲ ਦਾ ਕੇਂਦਰ ਸੀ। ਸਥਾਨਕ ਗਵਰਨਰ ਵੈਲੇਰੀ ਲਿਮਾਰੈਂਕੋ ਨੇ ਕਿਹਾ ਕਿ ਪਹਿਲੀ ਸੁਨਾਮੀ ਲਹਿਰ ਪ੍ਰਸ਼ਾਂਤ ਮਹਾਸਾਗਰ ਵਿੱਚ ਰੂਸ ਦੇ ਕੁਰਿਲ ਟਾਪੂਆਂ ’ਤੇ ਮੁੱਖ ਬਸਤੀ, ਸੇਵੇਰੋ-ਕੁਰਿਲਸਕ ਦੇ ਸਾਹਿਲੀ ਖੇਤਰ ਤੱਕ ਪਹੁੰਚੀ। ਉਨ੍ਹਾਂ ਕਿਹਾ ਕਿ ਸਥਾਨਕ ਲੋਕ ਸੁਰੱਖਿਅਤ ਹਨ ਅਤੇ ਲਹਿਰਾਂ ਦਾ ਖ਼ਤਰਾ ਟਲ ਜਾਣ ਤੱਕ ਉਹ ਉੱਚੀਆਂ ਥਾਵਾਂ ’ਤੇ ਰਹਿਣਗੇ। ਪ੍ਰਸ਼ਾਂਤ ਸੁਨਾਮੀ ਚੇਤਾਵਨੀ ਕੇਂਦਰ ਨੇ ਕਿਹਾ ਕਿ ਹਵਾਈ, ਚਿਲੀ, ਜਾਪਾਨ ਅਤੇ ਸੋਲੋਮਨ ਟਾਪੂਆਂ ਦੇ ਕੁਝ ਸਾਹਿਲੀ ਖੇਤਰਾਂ ਵਿੱਚ ਲਹਿਰਾਂ ਦੇ ਪੱਧਰ ਤੋਂ ਇੱਕ ਤੋਂ ਤਿੰਨ ਮੀਟਰ ਉੱਚੀਆਂ ਲਹਿਰਾਂ ਉੱਠਣ ਦੀ ਸੰਭਾਵਨਾ ਹੈ। ਰੂਸ ਅਤੇ ਇਕੁਆਡੋਰ ਦੇ ਕੁਝ ਸਾਹਿਲੀ ਖੇਤਰਾਂ ਵਿੱਚ ਤਿੰਨ ਮੀਟਰ ਤੋਂ ਉੱਚੀਆਂ ਲਹਿਰਾਂ ਉੱਠਣ ਦੀ ਉਮੀਦ ਹੈ।