Mar 7, 2026
ਨਵੀ ਦਿੱਲੀ ( ਦਿਓਲ)- ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਰਾਜ ਸਭਾ ਵਿੱਚ ਪਹਿਲਗਾਮ ਹਮਲੇ ’ਤੇ ਚੱਲ ਰਹੀ ਬਹਿਸ ਦੌਰਾਨ ਦਾਅਵਾ ਕੀਤਾ ਹੈ ਕਿ ਪਹਿਲਗਾਮ ਵਿੱਚ 26 ਬੇਕਸੂਰਾਂ ਦੀ ਜਾਨ ਲੈਣ ਵਾਲੇ ਤਿੰਨ ਅਤਿਵਾਦੀ ‘ਅਪਰੇਸ਼ਨ ਮਹਾਦੇਵ’ ਤਹਿਤ ਮੁਕਾਬਲੇ ਵਿੱਚ ਮਾਰੇ ਗਏ ਹਨ ਅਤੇ ਇਸ ਹਮਲੇ ਵਿੱਚ ਉਨ੍ਹਾਂ ਦੀ ਸ਼ਮੂਲੀਅਤ ਵਿਗਿਆਨਕ ਤੌਰ ’ਤੇ ਸਾਬਤ ਹੋ ਚੁੱਕੀ ਹੈ। ਸ਼ਾਹ ਨੇ ਰਾਜ ਸਭਾ ਵਿੱਚ ‘ਅਪਰੇਸ਼ਨ ਸਿੰਧੂਰ’ ’ਤੇ ਹੋ ਰਹੀ ਵਿਸ਼ੇਸ਼ ਚਰਚਾ ਵਿੱਚ ਹਿੱਸਾ ਲੈਂਦਿਆਂ ਕਿਹਾ ਕਿ ਪਹਿਲਗਾਮ ਵਿੱਚ ਅਤਿਵਾਦੀ ਹਮਲੇ ਦੇ ਜਵਾਬ ਲਈ ਭਾਰਤ ਮਜ਼ਬੂਤ, ਸਫ਼ਲ ਅਤੇ ਫੈਸਲਾਕੁੰਨ ਸੀ। ਗ੍ਰਹਿ ਮੰਤਰੀ ਨੇ ਕਾਂਗਰਸ ’ਤੇ ਦੋਸ਼ ਲਗਾਉਂਦਿਆ ਕਿਹਾ, ‘‘ਕਾਂਗਰਸ ਆਪਣਾ ਵੋਟ ਬੈਂਕ ਕਾਰਨ ਪਾਕਿਸਤਾਨ ਅਤੇ ਅਤਿਵਾਦੀਆਂ ਨੂੰ ਬਚਾਉਣ ਦੀ ਕੋਸ਼ਿਸ਼ ਕਰ ਰਹੀ ਹੈ। ਸੁਲੇਮਾਨ ਲਸ਼ਕਰ-ਏ-ਤਾਇਬਾ ਦਾ ਏ ਸ਼੍ਰੇਣੀ ਦਾ ਕਮਾਂਡਰ ਸੀ। ਸਾਡੀਆਂ ਏਜੰਸੀਆਂ ਕੋਲ ਬਹੁਤ ਸਾਰੇ ਸਬੂਤ ਹਨ ਕਿ ਉਹ ਪਹਿਲਗਾਮ ਅਤੇ ਗਗਨਗੀਰ ਅਤਿਵਾਦੀ ਹਮਲਿਆਂ ਵਿੱਚ ਸ਼ਾਮਲ ਸੀ। ਅਫਗਾਨ ਅਤੇ ਜਿਬਰਾਨ ਵੀ ਏ ਸ਼੍ਰੇਣੀ ਦੇ ਅਤਿਵਾਦੀ ਸਨ।’’ਅਮਿਤ ਸ਼ਾਹ ਨੇ ਕਿਹਾ, ‘‘ਇਹ ਤਿੰਨੋਂ ਉਹ ਅਤਿਵਾਦੀ ਸਨ ਜਿਨ੍ਹਾਂ ਨੇ ਪਹਿਲਗਾਮ ਦੀ ਬੈਸਰਨ ਘਾਟੀ ਵਿੱਚ ਸਾਡੇ ਮਾਸੂਮ ਨਾਗਰਿਕਾਂ ਨੂੰ ਮਾਰਿਆ ਸੀ ਅਤੇ ਤਿੰਨੋਂ ਕੱਲ੍ਹ ਮਾਰੇ ਗਏ ਹਨ। ਮੈਂ ਸਦਨ ਅਤੇ ਪੂਰੇ ਦੇਸ਼ ਵੱਲੋਂ ਫ਼ੌਜ ਦੇ ਪੈਰਾ 4, ਸੀਆਰਪੀਐੱਫ ਅਤੇ ਜੰਮੂ-ਕਸ਼ਮੀਰ ਪੁਲੀਸ ਦੇ ਸਾਰੇ ਜਵਾਨਾਂ ਨੂੰ ਵਧਾਈ ਦਿੰਦੇ ਹਨ। ਗ੍ਰਹਿ ਮੰਤਰੀ ਮੁਤਾਬਕ ਹਮਲਾ 22 ਅਪਰੈਲ ਨੂੰ ਦੁਪਹਿਰ 1 ਵਜੇ ਪਹਿਲਗਾਮ ਦੀ ਬੈਸਰਨ ਘਾਟੀ ਵਿੱਚ ਹੋਇਆ ਸੀ ਅਤੇ ਉਹ ਸ਼ਾਮ 5.30 ਵਜੇ ਸ਼੍ਰੀਨਗਰ ਪਹੁੰਚੇ ਸਨ ਅਤੇ 23 ਅਪ੍ਰੈਲ ਨੂੰ ਇੱਕ ਸੁਰੱਖਿਆ ਮੀਟਿੰਗ ਕੀਤੀ ਗਈ ਸੀ ਅਤੇ ਇਹ ਯਕੀਨੀ ਬਣਾਉਣ ਲਈ ਸਖ਼ਤ ਪ੍ਰਬੰਧ ਕੀਤੇ ਗਏ ਸਨ ਤਾਂ ਕਿ ਬੇਰਹਿਮੀ ਨਾਲ ਕਤਲ ਕਰਨ ਵਾਲੇ ਕਾਤਲ ਦੇਸ਼ ਤੋਂ ਭੱਜ ਨਾ ਸਕਣ। ਪੂਰੀ ਜਾਂਚ ਅਤੇ ਵਿਗਿਆਨਕ ਤਰੀਕਿਆਂ ਤੋਂ ਬਾਅਦ ਇਹ ਪੁਸ਼ਟੀ ਹੋਈ ਹੈ ਕਿ ਇਨ੍ਹਾਂ ਤਿੰਨਾਂ ਅੱਤਵਾਦੀਆਂ ਨੇ 22 ਅਪ੍ਰੈਲ ਨੂੰ ਪਹਿਲਗਾਮ ਦੀ ਬੈਸਰਨ ਘਾਟੀ ਵਿੱਚ 26 ਨਿਰਦੋਸ਼ ਲੋਕਾਂ ਦੀ ਹੱਤਿਆ ਕੀਤੀ ਸੀ।

ਉਨ੍ਹਾਂ ਦੋ ਦਿਨ ਪਹਿਲਾਂ ਕਾਂਗਰਸ ਨੇਤਾ ਅਤੇ ਸਾਬਕਾ ਗ੍ਰਹਿ ਮੰਤਰੀ ਪੀ ਚਿਦੰਬਰਮ ਦੇ ਇੱਕ ਬਿਆਨ ਦਾ ਹਵਾਲਾ ਦਿੰਦਿਆ ਕਿਹਾ ਕਿ ਕਾਂਗਰਸ ਨੇਤਾ ਨੇ ਉਨ੍ਹਾਂ ਤੋਂ ਅਸਤੀਫ਼ਾ ਮੰਗਿਆ ਸੀ ਅਤੇ ਸਵਾਲ ਕੀਤਾ ਸੀ ਕਿ ਸਰਕਾਰ ਕੋਲ ਕੀ ਸਬੂਤ ਹਨ ਕਿ ਪਹਿਲਗਾਮ ਹਮਲੇ ਦੇ ਦੋਸ਼ੀ ਪਾਕਿਸਤਾਨੀ ਅਤਿਵਾਦੀ ਸਨ?

ਅਮਿਤ ਸ਼ਾਹ ਨੇ ਕਿਹਾ, ‘‘ਮੇੈਂ ਸਦਨ ਰਾਹੀਂ ਚਿਦੰਬਰਮ ਤੋਂ ਪੁੱਛਣਾ ਚਾਹੁੰਦਾ ਹਾਂ ਕਿ ਉਹ ਕਿਸ ਨੂੰ ਬਚਾਉਣਾ ਚਾਹੁੰਦੇ ਹਨ, ਪਾਕਿਸਤਾਨ, ਲਸ਼ਕਰ-ਏ-ਤਾਇਬਾ ਜਾਂ ਅਤਿਵਾਦੀਆਂ ਨੂੰ। ਦੇਖੋ ਮਹਾਦੇਵ ਕੀ ਕਰਦਾ ਹੈ? ਜਿਸ ਦਿਨ ਇਹ ਸਵਾਲ ਪੁੱਛਿਆ ਗਿਆ ਉਸੇ ਦਿਨ ਤਿੰਨੋਂ ਅਤਿਵਾਦੀ ਮਾਰੇ ਗਏ।’’