Mar 7, 2026
• ਡੇਰੇਦਾਰਾਂ, ਪੁਲਿਸ ਤੇ ਰਾਜਨੀਤਿਕ ਆਗੂਆਂ ਦੀਆਂ ਆਪਸੀ ਸਾਂਝਾਂ ਸਮਾਜ ਲਈ ਘਾਤਕ- • ਰਾਮ ਰਹੀਮ, ਰਾਮਪਾਲ, ਆਸਾ ਰਾਮ ਤੇ ਸਵਾਮੀ ਦੇ ਭੋਰਿਆਂ ਦੀਆਂ ਗੁਫਾਵਾਂ ਵਿਚਲਾ ਸੱਚ –
ਗੁਰਪ੍ਰੀਤ ਸਿੰਘ ਤਲਵੰਡੀ
7789809196
ਭਾਰਤ ਦੇਸ਼ ਗੁਰੂਆਂ, ਪੀਰਾਂ, ਪੈਗੰਬਰਾਂ ਤੇ ਦੇਵੀ ਦੇਵਤਿਆਂ ਦੀ ਧਰਤੀ ਹੈ। ਏੱਥੇ ਹਰ ਧਰਮ, ਫਿਰਕੇ ਤੇ ਮਜਹਬ ਦੇ ਲੋਕ ਵਸਦੇ ਹਨ। ਲੋਕਾਂ ਦੀ ਆਪੋ ਆਪਣੇ ਧਰਮ ਅੰਦਰ ਪੂਰੀ ਆਸਥਾ ਹੈ। ਲੇਕਿਨ ਇਹਨਾਂ ਧਰਮਾਂ ਦੀ ਆੜ ਵਿੱਚ ਦੇਸ਼ ਵਿੱਚ ਸ਼ਾਤਰ ਦਿਮਾਗ ਲੋਕਾਂ ਵਲੋਂ ਵੱਖ ਵੱਖ ਧਰਮਾਂ ਨਾਲ ਸੰਬੰਧਿਤ ਡੇਰੇ ਬਣਾਂ ਕੇ ਭੋਲੇ ਭਾਲੇ ਲੋਕਾਂ ਦੀ ਅੰਨੀ ਸ਼ਰਧਾ ਨੂੰ ਧਨ ਕਮਾਉਣ ਅਤੇ ਐਯਾਸ਼ੀਆਂ ਕਰਨ ਦਾ ਜਰੀਆ ਬਣਾਇਆ ਗਿਆ ਹੈ। ਟੈਲੀਵਿਜਨ ਚਲਾ ਕੇ ਦੇਖੋ ਕਿੰਨੇ ਵਿਹਨੜਾਂ ਦੀ ਫੋਜ ਵੱਖ ਵੱਖ ਧਰਮਾਂ ਦੇ ਮਖੌਟੇ ਪਾ ਕੇ ਲੋਕਾਂ ਨੂੰ ਪ੍ਰਵਚਨ ਸੁਣਾਂ ਕੇ ਆਪਣੇ ਮਗਰ ਲਗਾਈ ਬੈਠੀ ਹੈ। ਕੁੱਝ ਸਮਾਂ ਪਹਿਲਾਂ ਬਾਲੀਵੁੱਡ ਅਦਾਕਾਰ ਪਰੇਸ਼ ਰਾਵਲ ਦੀ ਫਿਲਮ ‘ਓ ਮਈ ਗੌਡ’ ਨੇ ਇਹਨਾਂ ਪਾਖੰਡੀ ਲੋਕਾਂ ਦੇ ਚੰਗੇ ਬਖੀਏ ਉਧੇੜੇ। ਜੇਕਰ ਗੱਲ ਕਰੀਏ ਇਹਨਾਂ ਡੇਰੇਦਾਰਾਂ ਦੇ ਆਚਰਣ ਦੀ ਤਾਂ ਬਹੁਤੇ ਡੇਰੇਦਾਰ ਆਪਣੇ ਡੇਰਿਆਂ ਨੂੰ ਅਯਾਸ਼ੀ ਦੇ ਅੱਡੇ ਬਣਾ ਚੁੱਕੇ ਹਨ। ਇਸ ਦੀਆਂ ਉਦਾਹਰਨਾਂ ਵੀ ਸਾਹਮਣੇ ਹਨ।
ਡੇਰਾ ਸਰਸਾ ਦਾ ਮੁਖੀ ਗੁਰਮੀਤ ਰਾਮ ਰਹੀਮ ਐਯਾਸ਼ੀਆਂ ਨੂੰ ਲੈ ਕੇ ਸਭ ਤੋਂ ਵੱਧ ਚਰਚਿਤ ਰਿਹਾ। ਆਪਣੇ ਡੇਰੇ ਦੇ ਸ਼ਰਧਾਲੂਆਂ ਨੂੰ ਪ੍ਰਮਾਤਮਾਂ ਨਾਲ ਮਿਲਾਪ ਦੇ ਸਬਜਬਾਗ ਦਿਖਾ ਕੇ ਪੁਰਸ਼ਾਂ ਨੂੰ ਉਪਰੇਸ਼ਨ ਕਰਕੇ ਨਿਪੁੰਸਕ ਕਰ ਦੇਣ ਤੋਂ ਬਾਅਦ ਉਨ੍ਹਾਂ ਦੀਆਂ ਮਹਿਲਾਵਾਂ ਨਾਲ ਸਰੀਰਕ ਸੰਬੰਧ ਸਥਾਪਿਤ ਕਰਨੇ ਉਸਦਾ ਨਿੱਤਾਪ੍ਰਤੀ ਦਾ ਕੰਮ ਸੀ। ਇੱਕ ਮਹਿਲਾ ਨੂੰ ਆਪਣੀ ਮੂੰਹਬੋਲੀ ਧੀ ਬਣਾਂ ਕੇ ਉਸ ਨਾਲ ਸੰਬੰਧ ਸ਼ਥਾਪਿਤ ਕਰਨ ਬਾਰੇ ਮਹਿਲਾ ਦਾ ਪਤੀ ਮੀਡੀਆ ਵਿੱਚ ਦੋਸ਼ ਲਗਾ ਚੁੱਕਾ ਹੈ। ਸਿੱਖਾਂ ਦੇ ਦਸਮ ਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਸਵਾਂਗ ਰਚ ਕੇ ਸਿੱਖਾਂ ਦੀਆਂ ਭਾਵਨਾਵਾਂ ਭੜਕਾਈਆਂ ਅਤੇ ਹੁਣ ਉਕਤ ਬਾਬਾ ਜੇਲ ਦੀਆਂ ਸਲਾਖਾਂ ਪਿੱਛੇ ਹੈ। ਇਸ ਦੁਆਰਾ ਕੀਤੇ ਜਾਣ ਵਾਲੇ ਮਾੜੇ ਕੰਮਾਂ ਨੂੰ ਜੱਗ ਜਾਹਿਰ ਕਰਨ ਵਾਲੇ ਮੀਡੀਆ ਕਰਮੀਆਂ ਨੂੰ ਧਮਕੀਆਂ, ਕਨੂੰਨੀ ਕਾਰਵਾਈਆਂ ਦੇ ਡਰਾਵੇ ਜਾਂ ਫਿਰ ਪੱਤਰਕਾਰ ਛੱਤਰਪਤੀ ਨੂੰ ਮੌਤ ਦੇ ਘਾਟ ਉਤਾਰਨਾਂ ਵੀ ਇਸ ਦੇ ਕਾਲੇ ਕਾਰਨਾਮਿਆਂ ਨੂੰ ਜੱਗ ਜਾਹਿਰ ਕਰਦਾ ਹੈ। ਪੰਜਾਬ ਤੇ ਹਰਿਆਣਾਂ ਦੀਆਂ ਰਾਜਸੀ ਪਾਰਟੀਆਂ ਦੇ ਸ਼ਾਇਦ ਹੀ ਕੋਈ ਆਗੂ ਹੋਣਗੇ ਜੋ ਡੇਰਾ ਸਿਰਸਾ ਵਿਖੇ ਨਾਂ ਜਾ ਕੇ ਆਏ ਹੋਣ। ਆਪਣੇ ਆਪਨੂੰ ਵੱਡੇ ਪੰਥਕ ਅਖਵਉਣ ਵਾਲੇ ਆਗੂਆਂ ਨੇ ਤਾਂ ਇਸ ਬਾਬੇ ਨੂੰ ਸਭ ਤੋਂ ਵੱਧ ਮਾਨਤਾ ਦਿੱਤੀ, ਜਿਸ ਬਾਰੇ ਆਏ ਦਿਨ ਨਵੇਂ ਤੋਂ ਨਵੇਂ ਖੁਲਾਸੇ ਹੋ ਰਹੇ ਹਨ। ਇਹਨਾਂ ਲੋਕਾਂ ਵਲੋਂ ਰਾਮ ਰਹੀਮ ਨੂੰ ਉਸਦੇ ਕੀਤੇ ਪਾਪਾ ਤੋਂ ਬਚਾਉਣ ਲਈ ਸਿੱਖਾਂ ਦੇ ਸਿਰਮੌਰ ਸਲ਼੍ਰੀ ਅਕਾਲ ਤਖਤ ਸਾਹਿਬ ਨੂੰ ਵੀ ਵਰਤਿਆ ਗਿਆ। ਇਸ ਤੋਂ ਬਿਨ੍ਹਾਂ ਹਰਿਆਣਾਂ ਦੇ ਜਿਲ੍ਹਾ ਸੋਨੀਪਤ ਵਿੱਚ ਸੱਤਲੋਕ ਆਸ਼ਰਮ ਬਣਾਂ ਕੇ ਬੈਠੇ ਸੰਤ ਰਾਮਪਾਲ ਨੂੰ ਵੀ ਸਰਕਾਰਾਂ ਨੇ ਪੂਰੇ ਭੁਹੇ ਚੜਾਇਆ। ਜਦ ਬਾਬਾ ਸਰਕਾਰਾਂ ਨੂੰ ਅੱਖਾਂ ਦਿਖਾਉਣ ਲੱਗ ਗਿਆ ਤਾਂ ਮਾਨਯੋਗ ਅਦਾਲਤ ਵਲੋਂ ਵੱਡੀ ਨਫਰੀ ਪੈਰਾ ਮਿਲਟਰੀ ਫੋਰਸਾਂ ਤਾਇਨਾਤ ਕਰਕੇ ਇਸ ਢੌਂਗੀ ਬਾਬੇ ਨੂੰ ਨੱਥ ਪਾਈ। ਇਹ ਬਾਬਾ ਵੀ ਨਜਾਇਜ ਅਸਲੇ ਨਾਲ ਸਰਕਾਰੀ ਅਮਲੇ ਨਾਲ ਦੋ-ਦੋ ਹੱਥ ਕਰਨ ਦੀ ਤਿਆਰੀ ਕਰੀ ਬੈਠਾ ਸੀ। ਹੁਣ ਰਾਮਪਾਲ ਵੀ ਜੇਲ ਦੀ ਹਵਾ ਵਿੱਚ ਸਾਹ ਲੈ ਰਿਹਾ ਹੈ। ਰਾਮਪਾਲ ਹਰਿਆਣਾਂ ਦੇ ਜਿਲ੍ਹਾ ਸੋਨੀਪੱਤ ਵਿੱਚ ਆਪਣਾਂ ਸੱਤਲੋਕ ਆਸ਼ਰਮ ਨਾਂ ਦਾ ਡੇਰਾ ਬਣਾਈ ਬੈਠਾ ਸੀ ਅਤੇ ਆਪਣੇ ਆਪਨੂੰ ਕਬੀਰਪੰਥੀ ਫਿਰਕੇ ਨਾਲ ਸੰਬੰਧਿਤ ਦੱਸ ਰਿਹਾ ਸੀ। ਇਸ ਸਭ ਕੁੱਝ ਲਈ ਰਾਜਸੀ ਜਮਾਤਾਂ ਤੇ ਪੁਲਿਸ ਤੰਤਰ ਪੂਰੀ ਤਰ੍ਹਾਂ ਜਿੰਮੇਵਾਰ ਹੈ, ਜੋ ਅਜਿਹੇ ਗੁੰਡਾਤੰਤਰ ਤੇ ਐਯਾਸ਼ੀਆਂ ਦੇ ਅੱਡਿਆਂ ਨੂੰ ਵਧਣ ਫੁੱਲਣ ਦਾ ਮੌਕਾ ਦਿੰਦਾ ਹੈ।
ਆਪੇ ਬਣੇ ਬਾਪੂ ਆਸਾ ਰਾਮ ਦੇ ਕਾਰਨਾਮਿਆਂ ਤੋਂ ਕੌਣ ਜਾਣੂੰ ਨਹੀਂ ਹੈ। ਆਸਾ ਰਾਮ ਨੇ ਦੇਸ਼ ਦੇ ਵੱਖ ਵੱਖ ਸੂਬਿਆਂ ਵਿੱਚ ਗੁਰੂ ਕੁੱਲ ਆਸ਼ਰਮ ਬਣਾਂ ਕੇ ਆਪਣੇ ਸ਼ਰਧਾਲੂਆਂ ਦੀ ਗਿਣਤੀ ਵਿੱਚ ਚੋਖਾ ਵਾਧਾ ਕੀਤਾ। ਆਪਣੇ ਸਮਾਗਮਾਂ ਵਿੱਚ ਬੀਬੀਆਂ ਨਾਲ ਨ੍ਰਿਤ ਕਰਨਾਂ ਵੀ ਇਸ ਬਾਬੇ ਦਾ ਸੌਂਕ ਸੀ। ਇਹ ਵੀ ਰਾਮ ਰਹੀਮ ਵਾਂਗ ਵਡੇਰੀ ਉਮਰ ਵਿੱਚ ਐਯਾਸ਼ੀਆਂ ਦਾ ਸ਼ੋਕੀਨ ਸੀ। ਜਦ ਆਸਾ ਰਾਮ ਤੇ ਇਸਦੇ ਪੁੱਤਰ ਨਰਾਇਣ ਸਾਂਈ ਦੇ ਕੁਕਰਮਾਂ ਦੀ ਸੂਚੀ ਲੰਬੀ ਹੋ ਗਈ ਤਾਂ ਇਸ ਬਾਰੇ ਮਾਨਯੋਗ ਅਦਾਲਤਾਂ ਤੱਕ ਵੀ ਮਾਮਲਾ ਅੱਪੜਿਆ ਤਾਂ ਪੁਲਿਸ ਦੁਆਰਾ ਇਸ ਨੂੰ ਵੀ ਕਾਬੂ ਕਰਕੇ ਜੇਲ ਭੇਜਿਆਂ ਗਿਆ। ਇਸਦਾ ਸਪੁੱਤਰ ਨਰਾਇਣ ਸਾਂਈਂ ਤਾਂ ਆਪਣੇ ਲੁਧਿਆਣਾਂ ਵਿਖੇ ਸਿੱਧਵਾਂ ਬ੍ਰਾਂਚ ਨਹਿਰ ਦੇ ਕੰਢੇ ਰਮਣੀਕ ਜਗ੍ਹਾ ਤੇ ਬਣੇ ਡੇਰੇ ਵਿੱਚੋਂ ਲੁਕਿਆ ਹੋਇਆ ਫੜਿਆ ਗਿਆ।
ਏੱਥੇ ਹੀ ਬੱਸ ਨਹੀਂ ਤੀਜੀ ਅੱਖ ਵਾਲੇ ਨਿਰਮਲ ਬਾਬੇ ਦਾ ਵੀ ਹਸ਼ਰ ਏਹੀ ਹੋਇਆ। ਉਸਨੂੰ ਇਨਕਮ ਟੈਕਸ ਵਿਭਾਗ ਸਮੇਤ ਬਹੁਤੇ ਵਿਭਾਗਾਂ ਨੇ ਕੁੱਝ ਕੁ ਸਾਲਾਂ ਵਿੱਚ ਹੀ ਹੱਦੋਂ ਵੱਧ ਜਾਇਦਾਦ ਬਨਾਉਣ ਲਈ ਲਪੇਟੇ ਵਿੱਚ ਲਿਆ। ਸ਼ਾਇਦ ਹੁਣ ਤੱਕ ਉਕਤ ਬਾਬਾ ਵੀ ਜੇਲ੍ਹ ਵਿੱਚ ਹੀ ਹੈ। ਇਹ ਬਾਬਾ ਨਿਰਮਲਜੀਤ ਸਿੰਘ ਨਰੂਲਾ, ਲੁਧਿਆਣਾਂ ਨਾਲ ਸੰਬੰਧਿਤ ਸੀ ਅਤੇ ਇਹ ਆਪਣਾ ਆਨਲਾਈਨ ਕਾਰੋਬਾਰ ਕਰਦਾ ਸੀ। ਟੈਲੀਵਿਜਨ ਉੱਪਰ ਪ੍ਰਵਚਨ ਕਰਨ ਤੋਂ ਬਾਅਦ ਲੋਕਾਂ ਨੰ ਆਨਲਾਈਨ ਭੇਟਾ ਦੇਣ ਲਈ ਪ੍ਰੇਰਤ ਕਰਦਾ ਦੀ। ਇਸ ਤਰਾਂ ਇਸਨੇ ਬੇਅੰਤ ਧਨ ਦੌਲਤ ਇਕੱਠੀ ਕੀਤੀ।
ਹੁਣ ਤਾਜਾ ਇੱਕ ਵੀਡੀਓ ਸਵਾਮੀ ਸ਼ੰਕਰਾਨੰਦ ਦੀ ਵਾਇਰਲ ਹੋਈ। ਇਸ ਵਿੱਚ ਵੀ ਬਾਬਾ ਕਿਸੇ ਸ਼ਰਧਾਲੂ ਬੀਬੀ ਨਾਲ ਇਤਰਾਜਯੋਗ ਹਾਲਤ ਵਿੱਚ ਦਿਖਾਈ ਦੇ ਰਿਹਾ ਹੈ। ਇਹ ਡੇਰਾ ਜਿਲ੍ਹਾ ਲੁਧਿਆਣਾਂ ਦੇ ਪਿੰਡ ਤਲਵੰਡੀ ਖੁਰਦ ਵਿੱਚ ਸਥਿੱਤ ਹੈ। ਇਲਾਕਾ ਨਿਵਾਸੀ ਸੰਘਰਸ਼ ਦੇ ਰਾਹ ਪਏ ਹਨ। ਇਸ ਤੋਂ ਬਿਨ੍ਹਾਂ ਬਾਬੇ ਨੂੰ ਗ੍ਰਿਫਤਾਰ ਕਰਵਾਉਣ ਲਈ ਮਾਨਯੋਗ ਅਦਾਲਤਾਂ ਦਾ ਸਹਾਰਾ ਵੀ ਲਿਆ ਜਾ ਰਿਹਾ ਹੈ। ਭੁਰੀ ਵਾਲੇ ਭੇਖ ਦੇ ਧਾਮ ਛੁਡਾਣੀ ਹਰਿਆਣਾਂ ਦੇ ਮੁਖੀ ਸਵਾਮੀ ਦਇਆ ਸਾਗਰ ਇਸ ਬਾਬੇ ਨੂੰ ਆਪਣੇ ਪੰਥ ਵਿੱਚੋਂ ਖਾਰਜ ਕਰ ਚੁੱਕੇ ਹਨ ਅਤੇ ਚੰਡੀਗੜ੍ਹ ਪ੍ਰੈੱਸ ਕਲੱਬ ਵਿੱਚ ਪ੍ਰੈੱਸ ਕਾਨਫਰੰਸ ਕਰਕੇ ਸਵਾਮੀ ਦਇਆ ਸਾਗਰ ਨੇ ਉਕਤ ਸਵਾਮੀ ਵਲੋਂ ਚਲਾਏ ਜਾ ਰਹੇ ਅਨਾਥ ਆਸ਼ਰਮ ਦੇ ਬੱਚਿਆਂ ਉੱੋਪਰ ਵੀ ਸ਼ੋਸ਼ਣ ਹੋਣ ਦੇ ਦੋਸ਼ ਲਗਾਏ ਹਨ। ਪੰਜਾਬ ਸਰਕਾਰ, ਮਾਨਯੋਗ ਅਦਾਲਤਾਂ ਜਾਂ ਬੱਚਿਆਂ ਦੀ ਭਲਾਈ ਲਈ ਕੰਮ ਕਰਦੀਆਂ ਸੰਸਥਾਵਾਂ ਨੂੰ ਵੀ ਇਸ ਮਾਮਲੇ ਨੂੰ ਗੰਭੀਰਤਾ ਨਾਲ ਲੈਣ ਦੀ ਲੋੜ ਹੈ। ਸਵਾਮੀ ਹਾਲੇ ਪੁਲਿਸ ਦੀ ਗ੍ਰਿਫਤ ਤੋਂ ਬਾਹਰ ਹੈ ਜਾਂ ਇਹ ਕਹਿ ਸਕਦੇ ਹਾਂ ਕਿ ਪੁਲਿਸ ਹਾਲੇ ਸਵਾਮੀ ਨੂੰ ਫੜਨ ਦੇ ਰੌਂਅ ਵਿੱਚ ਨਹੀਂ ਹੈ। ਇਸ ਮਾਮਲੇ ਤੇ ਰਾਜਸੀ ਆਗੂ ਵੀ ਹਾਲੇ ਤੱਕ ਚੁੱਪੀ ਸਾਧੀ ਬੈਠੇ ਹਨ। ਸਾਰੀਆਂ ਹੀ ਸਿਆਸੀ ਪਾਰਟੀਆਂ ਦਾ ਸ਼ਾਇਦ ਹੀ ਕੋਈ ਆਗੂ ਹੋਵੇਗਾ ਜੋ ਉਕਤ ਡੇਰੇ ਤੇ ਨਾਂ ਅੱਪੜਿਆ ਹੋਵੇਗਾ। ਪੰਜਾਬ ਦੇ ਮਰਹੂਮ ਮੁੱਖ ਮੰਤਰੀ ਬੇਅੰਤ ਸਿੰਘ ਅਤੇ ਪ੍ਰਕਾਸ਼ ਸਿੰਘ ਬਾਦਲ ਸਮੇਤ ਅਕਾਲ ਤਖਤ ਦੇ ਸਾਬਕਾ ਜੱਥੇਦਾਰ ਜੋਗਿੰਦਰ ਸਿੰਘ ਵੇਂਦਾਤੀ ਵੀ ਉਕਤ ਡੇਰੇ ਵਿੱਚ ਹਾਜਰੀ ਭਰ ਚੁੱਕੇ ਹਨ। ਹੁਣ ਪਿੰਡ ਦੀ ਪੰਚਾਇਤ ਸਮੇਤ ਇਲਾਕਾ ਵਾਸੀ ਉਕਤ ਸਵਾਮੀ ਨੂੰ ਡੇਰਾ ਛੱਡਣ ਲਈ ਦਬਾਅ ਬਣਾ ਰਹੇ ਹਨ। ਰਾਜਸੀ ਆਗੂਆਂ ਦੀ ਚੁੱਪੀ ਵੀ ਕਈ ਤਰ੍ਹਾਂ ਦੇ ਸਵਾਲ ਖੜੇ ਕਰਦੀ ਹੈ। ਪੁਲਿਸ ਪ੍ਰਸ਼ਾਸ਼ਨ ਵੀ ਢਿੱਲਮੱਠ ਦੀ ਨੀਤੀ ਅਪਣਾਅ ਰਿਹਾ ਹੈ। ਪ੍ਰੰਤੂੂ ਸਵਾਮੀ ਤੇ ਲੱਗ ਰਹੇ ਦੋਸ਼ਾਂ ਦੀ ਉੱਚ ਪੱਧਰੀ ਜਾਂਚ ਹੋਣੀ ਚਾਹੀਦੀ ਹੈ।
ਏੱਥੇ ਇਹ ਗੱਲ ਵੀ ਹੈਰਾਨ ਕਰਨ ਵਾਲੀ ਹੈ ਕਿ ਪੰਜਾਬ ਦੇ ਬਹੁਤੇ ਡੇਰੇਦਾਰਾਂ ਨੂੰ ਅੱਧਖੜ ਉਮਰ ਜਾਂ ਬੁਢਾਪੇ ਵਿੱਚ ਹੀ ਕਿਉਂ ਐਯਾਸ਼ੀਆਂ ਕਰਨ ਦਾ ਚੇਤਾ ਆਉਂਦਾ ਹੈ। ਇਹ ਵੀ ਪਤਾ ਲੱਗਾ ਹੈ ਕਿ ਬਹੁਤੇ ਬਾਬੇ ਪੁਰਾਣੇ ਰਾਜੇ ਮਹਾਰਾਜਿਆਂ ਵਾਂਗ ਆਪਣੇ ਕੋਲ ਵੈਦ ਰੱਖਦੇ ਹਨ ਅਤੇ ਸੋਨਾ, ਚਾਂਦੀ, ਹੀਰਾ ਭਸਮਾਂ ਖਾਦੇ ਹਨ, ਜਿਸ ਕਰਕੇ ਸੰਗਤ ਦੇ ਪੈਸੇ ਨਾਲ ਇਹਨਾਂ ਨੂੰ ਐਯਾਸ਼ੀਆਂ ਦੀ ਖੇਡ ਸੁੱਝਦੀ ਹੈ। ਇਸ ਤਰ੍ਹਾਂ ਇਹ ਆਪੇ ਬਣੇ ਬਾਬੇ ਜਾਂ ਮਹਾਤਮਾਂ ਸਮਾਜ ਲਈ ਵੱਡਾ ਨਾਸੂਰ ਬਣ ਰਹੇ ਹਨ। ਇਹ ਬਾਬਾਵਾਦ ਸਮਾਜ ਦੀ ਸੁਰੱਖਿਆ ਲਈ ਘਾਤਕ ਸਾਬਿਤ ਹੋ ਰਿਹਾ ਹੈ।